ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ-ਮਹੱਲਾ

0
695

holla
ਚੰਦ ਦੇ ਕਲੰਡਰ ਵਿਚ ਇਕ ਹੋਰ ਵੀ ਉਲਝਣ ਹੈ। ਚੰਦ ਦੇ ਮਹੀਨੇ ਵਿਚ ਦੋ ਪੱਖ ਹੁੰਦੇ ਹਨ ਇਕ ਹਨੇਰਾ ਪੱਖ ਭਾਵ ਵਦੀ ਪੱਖ ਅਤੇ ਦੂਜਾ ਚਾਨਣਾ ਪੱਖ ਭਾਵ ਸੁਦੀ ਪੱਖ। ਵਦੀ ਪੱਖ ਦਾ ਅਰੰਭ ਪੁੰਨਿਆ ਤੋਂ ਅਗਲੇ ਦਿਨ ਹੁੰਦਾ ਹੈ ਅਤੇ ਸੁਦੀ ਪੱਖ ਦਾ ਅਰੰਭ ਮੱਸਿਆ ਤੋਂ ਅਗਲੇ ਦਿਨ। ਚੰਦ ਦੇ ਮਹੀਨੇ ਨੂੰ ਪੁੰਨਿਆ ਤੋਂ ਪੁੰਨਿਆ, ਜਿਸ ਨੂੰ ਪੂਰਨਮੰਤਾ ਕਹਿੰਦੇ ਹਨ ਅਤੇ ਮੱਸਿਆ ਤੋਂ ਮੱਸਿਆ, ਜਿਸ ਨੂੰ ਅਮੰਤਾ ਕਹਿੰਦੇ ਹਨ, ਦੋਵੇਂ ਤਰ੍ਹਾਂ ਹੀ ਗਿਣੇ ਜਾਂਦੇ ਹਨ। ਉਤਰੀ ਭਾਰਤ ਵਿਚ ਮਹੀਨਾ ਪੂਰਨਮੰਤਾ ਹੁੰਦਾ ਹੈ ਅਤੇ ਦੱਖਣ ਭਾਰਤ ਵਿਚ ਅਮੰਤਾ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਤਰੀ ਭਾਰਤ ਵਿਚ ਮਹੀਨਾ ਤਾਂ ਪੁੰਨਿਆ ਤੋਂ ਅਗਲੇ ਦਿਨ ਭਾਵ ਵਦੀ ਏਕਮ ਤੋਂ ਅਰੰਭ ਹੁੰਦਾ ਹੈ ਪਰ ਸਾਲ ਦਾ ਅਰੰਭ ਮੱਸਿਆ ਤੋਂ ਅਗਲੇ ਦਿਨ, ਭਾਵ ਚੇਤ ਸੁਦੀ ਇਕ ਤੋਂ ਹੁੰਦਾ ਹੈ।

ਸਰਵਜੀਤ ਸਿੰਘ ਸੈਕਰਾਮੈਂਟੋ

ਭਾਰਤੀ ਸਮਾਜ ਵਿਚ ਮਨਾਏ ਜਾਂਦੇ ਬਹੁਤ ਸਾਰੇ ਦਿਨ-ਤਿਉਹਾਰਾਂ ਵਿਚ ਹੋਲੀ, ਚੰਦ ਦੇ ਕਲੰਡਰ ਮੁਤਾਬਕ ਸਾਲ ਦੇ ਆਖ਼ਰੀ ਦਿਨ, ਭਾਵ ਫੱਗਣ ਦੀ ਪੁੰਨਿਆ ਨੂੰ ਮਨਾਈ ਜਾਣ ਦਾ ਵਿਧਾਨ ਹੈ। ਹਿੰਦੂ ਮਿਥਿਹਾਸ ਨਾਲ ਸਬੰਧਤ ਕਈ ਕਥਾ ਕਹਾਣੀਆਂ ਵੀ, ਇਸ ਦਿਨ ਨਾਲ ਜੁੜੀਆਂ ਹੋਈਆਂ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਵਰਣ ਵੰਡ ਮੁਤਾਬਕ ਕਦੇ ਇਹ ਦਿਨ ਸ਼ੂਦਰਾਂ ਲਈ ਰਾਖਵਾਂ ਹੁੰਦਾ ਸੀ। ਹੋਲੀ ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ ਹੈ। ਹੋਰ ਇਨਕਲਾਬੀ ਫ਼ੈਸਲਿਆਂ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਿਉਹਾਰ ਵਿਚ ਵੀ ਇਨਕਲਾਬੀ ਤਬਦੀਲੀ ਲਿਆਂਦੀ ਅਤੇ ਹੋਲੀ ਦਾ ਬਦਲ, ‘ਹੋਲਾ ਮਹੱਲਾ’ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਸੰਗਤਾਂ ਨੂੰ ਕਰਮ ਕਾਂਡਾਂ ਵਿਚੋਂ ਕੱਢ ਕੇ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਲਈ, ਜੰਗਾਂ ਯੁੱਧਾਂ ਵੱਲ ਉਤਸ਼ਾਹਿਤ ਕਰਨ ਲਈ ਇਸ ਤਿਉਹਾਰ ਦਾ ਨਾਮ ਵੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ-ਮਹੱਲਾ ਰੱਖਿਆ।
ਹੋਲਾ ਮਹੱਲਾ :- ਸੰਗਯਾ-ਹਮਲਾ ਅਤੇ ਜਾਯ ਹਮਲਾ। ਹੱਲਾ ਅਤੇ ਹੱਲੇ ਦੀ ਥਾਂ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖ਼ਾਲਸੇ ਨੂੰ ਸ਼ਸਤਰ ਅਤੇ ਯੁੱਧ ਵਿਦਿਆ ਵਿਚ ਨਿਪੁੰਨ ਕਰਨ ਲਈ ਇਹ ਰੀਤ ਚਲਾਈ ਸੀ ਕਿ ਦੋ ਦਲ ਬਣਾ ਕੇ ਪ੍ਰਧਾਨ ਸਿੰਘਾਂ ਦੇ ਹੇਠ ਖ਼ਾਸ ਥਾਂ ‘ਤੇ ਕਬਜ਼ਾ ਕਰਨ ਲਈ ਹਮਲਾ ਕਰਨਾ। ਕਲਗ਼ੀਧਰ ਆਪ ਇਸ ਮਸਨੂਈ ਜੰਗ ਦਾ ਕਰਤਬ (Man oeuvre) ਦੇਖਦੇ ਅਤੇ ਦੋਹਾਂ ਦਲਾਂ ਨੂੰ ਸ਼ੁੱਭ ਸਿਖਿਆ ਦਿੰਦੇ ਸਨ। ਅਤੇ ਜੋ ਦਲ ਕਾਮਯਾਬ ਹੁੰਦਾ ਉਸ ਨੂੰ ਦੀਵਾਨ ਵਿਚ ਸਿਰੋਪਾ ਬਖ਼ਸ਼ਦੇ ਸਨ। (ਮਹਾਨ ਕੋਸ਼) ਵਿਦਵਾਨਾਂ ਦਾ ਮੱਤ ਹੈ ਕਿ ਹੋਲਾ ਮਹੱਲਾ ਦਾ ਮੁੱਢ ਗੁਰੂ ਗੋਬਿੰਦ ਸਿੰਘ ਨੇ ਆਨੰਦ ਪੁਰ ਸਾਹਿਬ ਵਿਖੇ, ਚੇਤ ਵਦੀ ਏਕਮ/17 ਚੇਤ ਸੰਮਤ 1757 ਬਿਕਰਮੀ ਨੂੰ (14 ਮਾਰਚ 1701 ਈ. ਜੂਲੀਅਨ) ਨੂੰ ਬੰਨ੍ਹਿਆ। ਹੋਲੀ ਦੀ ਥਾਂ ਨਵਾਂ ਤਿਉਹਾਰ, ਹੋਲਾ ਮਹੱਲਾ ਮਨਾਉਣ ਦਾ ਮਨੋਰਥ ਸਿੱਖਾਂ ਨੂੰ ਅਨਿਆਂ ਵਿਰੁੱਧ ਸੰਘਰਸ਼, ਜ਼ੁਲਮ ਉੱਤੇ ਸੱਚ ਦੀ ਜਿੱਤ ਦਾ ਸੰਕਲਪ ਦ੍ਰਿੜ੍ਹ ਕਰਵਾਉਣਾ ਸੀ। ਹੋਲਾ ਮਹੱਲਾ ਆਜ਼ਾਦੀ, ਬਹਾਦਰੀ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਖ਼ਾਲਸਾ ਬਣਾ, ਸ਼ਕਤੀਸ਼ਾਲੀ ਕੌਮ ਦੀ ਸਿਰਜਣਾ ਕੀਤੀ। ਗੁਰੂ ਜੀ ਨੇ ਸਮੇਂ ਦੀ ਮੰਗ ਅਨੁਸਾਰ ਮਨੁੱਖਤਾ ਦਾ ਮਨੋਬਲ ਉੱਚਿਆਂ ਚੁੱਕਣ ਦੇ ਨਾਲ-ਨਾਲ ਸਰੀਰਕ ਤੌਰ ‘ਤੇ ਬਲਵਾਨ ਕਰਨ ਅਤੇ ਸ਼ਸਤਰਾਂ ਦੇ ਸਹੀ ਉਪਯੋਗ ਉੱਪਰ ਬਲ ਦਿੱਤਾ। ਮਹੱਲਾ ਇਕ ਪ੍ਰਕਾਰ ਦੀ ਮਸਨੂਈ ਲੜਾਈ ਹੈ। ਗੁਰੂ ਜੀ ਸਿੰਘਾਂ ਦੇ ਦੋ ਗਰੁੱਪ ਬਣਾ ਕੇ ਮਸਨੂਈ ਯੁੱਧ ਕਰਵਾਉਂਦੇ ਅਤੇ ਲੋੜ ਮੁਤਾਬਕ ਦਿਸ਼ਾ ਨਿਰਦੇਸ਼ ਪ੍ਰਦਾਨ ਕਰਦੇ ਸਨ।
ਹੋਲੀ ਚੰਦ ਦੇ ਕਲੰਡਰ ਮੁਤਾਬਕ ਮਨਾਈ ਜਾਂਦੀ ਹੈ। ਚੰਦ ਦੇ ਸਾਲ ਦੇ 12 ਮਹੀਨੇ (ਚੇਤ ਤੋਂ ਫੱਗਣ) ਹੁੰਦੇ ਹਨ। ਇਹ ਤਿਉਹਾਰ ਸਾਲ ਦੇ ਆਖ਼ਰੀ ਮਹੀਨੇ ਦੇ ਆਖ਼ਰੀ ਦਿਨ ਮਨਾਇਆ ਜਾਂਦਾ ਹੈ। ਗੁਰੂ ਸਾਹਿਬ ਨੇ ਇਸ ਤੋਂ ਅਗਲੇ ਦਿਨ ਭਾਵ ਚੇਤ ਮਹੀਨੇ ਦੇ ਪਹਿਲੇ ਦਿਨ ਹੋਲਾ ਮਹੱਲਾ ਅਰੰਭ ਕੀਤਾ ਸੀ। ਫੱਗਣ ਦੀ ਪੁੰਨਿਆ, ਇਹ ਦਿਨ ਚੰਦ ਦੇ ਸਾਲ ਦਾ ਆਖ਼ਰੀ ਦਿਨ ਹੁੰਦਾ ਹੈ। ਇਸ ਦਿਨ ਚੰਦ ਆਧਾਰਤ ਕਲੰਡਰ ਦਾ ਸਾਲ ਖ਼ਤਮ ਹੁੰਦਾ ਹੈ। ਗੁਰੂ ਜੀ ਨੇ ਇਸ ਤੋਂ ਅਗਲੇ ਦਿਨ ਭਾਵ ਨਵੇਂ ਸਾਲ ਦੇ ਅਰੰਭ ਵਾਲੇ ਦਿਨ, ਚੇਤ ਵਦੀ ਏਕਮ ਨੂੰ ਚੜ੍ਹਦੀ ਕਲਾ ਦਾ ਪ੍ਰਤੀਕ ‘ਹੋਲਾ ਮਹੱਲਾ’ ਮਨਾਉਣਾ ਅਰੰਭ ਕੀਤਾ ਸੀ। ਗੁਰੂ ਕਾਲ ਵਿਚ ਚੰਦਰ-ਸੂਰਜੀ ਬਿਕਰਮੀ (Lunisolar) ਅਤੇ ਸੂਰਜੀ ਬਿਕਰਮੀ (solar) ਪ੍ਰਚਲਤ ਸਨ। ਦੋਵਾਂ ਕਲੰਡਰਾਂ ਦੇ 12 ਮਹੀਨੇ ਹੀ, ਚੇਤ ਤੋਂ ਫੱਗਣ ਹੀ ਹਨ ਪਰ ਸਾਲ ਦੀ ਲੰਬਾਈ ਵਿਚ ਫ਼ਰਕ ਹੈ। ਇਨ੍ਹਾਂ ਦੋ ਕਲੰਡਰਾਂ ਦੇ ਫ਼ਰਕ ਨੂੰ ਸਮਝਣਾ ਬਹੁਤ ਜ਼ਰੂਰੀ ਹੈ।
ਸੂਰਜੀ ਬਿਕਰਮੀ, ਇਹ ਸਾਲ 1 ਚੇਤ ਤੋਂ ਅਰੰਭ ਹੁੰਦਾ ਹੈ। ਇਸ ਸਾਲ ਦੀ ਲੰਬਾਈ 1964 ਈ. ਤੋਂ ਪਹਿਲਾਂ ਸੂਰਜੀ ਸਿਧਾਂਤ ਮੁਤਾਬਕ 365.2587 ਦਿਨ ਹੁੰਦੀ ਸੀ ਪਰ 1964 ਈ. ਤੋਂ ਪਿੱਛੋਂ ਦ੍ਰਿਕ ਗਣਿਤ ਸਿਧਾਂਤ ਮੁਤਾਬਕ ਇਸ ਸਾਲ ਦੀ ਲੰਬਾਈ 365.2563 ਦਿਨ ਮੰਨੀ ਗਈ ਹੈ। ਫੱਗਣ, ਇਸ ਸਾਲ ਦਾ ਆਖ਼ਰੀ ਮਹੀਨਾ ਹੁੰਦਾ ਹੈ। ਚੰਦਰ-ਸੂਰਜੀ ਬਿਕਰਮੀ ਚੇਤ ਵਦੀ 1 ਤੋਂ ਅਰੰਭ ਹੋ ਕੇ ਫੱਗਣ ਸੁਦੀ 15 ਭਾਵ ਫੱਗਣ ਦੀ ਪੁੰਨਿਆ ਨੂੰ ਖ਼ਤਮ ਹੋ ਜਾਂਦਾ ਹੈ। ਇਸ ਸਾਲ ਦੀ ਲੰਬਾਈ 354.37 ਦਿਨ ਹੁੰਦੀ ਹੈ। ਚੰਦ ਦਾ ਸਾਲ ਸੂਰਜੀ ਸਾਲ ਤੋਂ ਲਗਭਗ 11 ਦਿਨ ਛੋਟਾ ਹੁੰਦਾ ਹੈ। ਦੋ ਸਾਲਾਂ ਵਿਚ ਇਹ ਫ਼ਰਕ 22 ਦਿਨ ਦਾ ਹੋ ਜਾਂਦਾ ਹੈ ਤਾਂ ਚੰਦ ਦੇ ਸਾਲ ਨੂੰ ਖਿੱਚ ਧੂਹ ਕੇ ਸੂਰਜੀ ਸਾਲ ਦੇ ਨੇੜੇ ਤੇੜੇ ਕਰਨ ਲਈ ਤੀਜੇ ਸਾਲ ਇਸ ਵਿਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਂਦਾ ਹੈ। ਉਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਹੋ ਜਾਂਦੇ ਹਨ ਅਤੇ ਸਾਲ ਦੇ ਦਿਨ 383/384 ਹੋ ਜਾਂਦੇ ਹਨ। ਸੰਮਤ 2072 ਬਿਕਰਮੀ (2015-16ਈ:) ਵਿਚ ਚੰਦ ਦੇ ਸਾਲ ਦੇ 13 ਮਹੀਨੇ ਸਨ, ਹਾੜ ਦੇ ਦੋ ਮਹੀਨੇ ਸਨ। ਸੰਮਤ 2075 ਬਿਕਰਮੀ (2018-19 ਈ:) ਵਿਚ ਵੀ ਚੰਦ ਦੇ ਸਾਲ ਦੇ 13 ਮਹੀਨੇ ਹੀ ਹੋਣਗੇ, ਜੇਠ ਦੇ ਦੋ ਮਹੀਨੇ ਹੋਣਗੇ। ਇਸ ਕਾਰਨ ਹੀ ਹੋਲਾ ਮਹੱਲਾ ਹਰ ਸਾਲ ਬਦਲਵੀਂ ਤਾਰੀਖ਼ ਨੂੰ ਆਉਂਦਾ ਹੈ। ਮਿਸਾਲ ਵਜੋਂ 2015 ਈ: ਵਿਚ ਇਹ ਦਿਹਾੜਾ 22 ਫੱਗਣ/6 ਮਾਰਚ, 2016 ਈ: ਵਿਚ 11 ਚੇਤ/24 ਮਾਰਚ ਨੂੰ ਸੀ। ਇਸ ਸਾਲ ਇਹ 30 ਫੱਗਣ/13 ਮਾਰਚ ਨੂੰ ਅਤੇ 2018 ਈ: ਵਿਚ ਇਹ ਦਿਹਾੜਾ 19 ਫੱਗਣ/2 ਮਾਰਚ ਨੂੰ ਅਤੇ 2019 ਵਿਚ 8 ਚੇਤ/21 ਮਾਰਚ ਆਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਨਾਨਕ ਸ਼ਾਹੀ 548 ਕਲੰਡਰ ਦੇ ਨਾਮ ਹੇਠ ਜਾਰੀ ਕੀਤੇ ਗਏ ਬਿਕਰਮੀ ਕਲੰਡਰ ਮੁਤਾਬਕ ਹੋਲਾ ਦੋ ਵਾਰੀ, 11 ਚੇਤ/24 ਮਾਰਚ ਅਤੇ 30 ਫੱਗਣ/13 ਮਾਰਚ ਨੂੰ ਦਰਜ ਹੈ।
ਇੱਥੇ ਹੀ ਬੱਸ ਨਹੀਂ, ਚੰਦ ਦੇ ਕਲੰਡਰ ਵਿਚ ਇਕ ਹੋਰ ਵੀ ਉਲਝਣ ਹੈ। ਚੰਦ ਦੇ ਮਹੀਨੇ ਵਿਚ ਦੋ ਪੱਖ ਹੁੰਦੇ ਹਨ ਇਕ ਹਨੇਰਾ ਪੱਖ ਭਾਵ ਵਦੀ ਪੱਖ ਅਤੇ ਦੂਜਾ ਚਾਨਣਾ ਪੱਖ ਭਾਵ ਸੁਦੀ ਪੱਖ। ਵਦੀ ਪੱਖ ਦਾ ਅਰੰਭ ਪੁੰਨਿਆ ਤੋਂ ਅਗਲੇ ਦਿਨ ਹੁੰਦਾ ਹੈ ਅਤੇ ਸੁਦੀ ਪੱਖ ਦਾ ਅਰੰਭ ਮੱਸਿਆ ਤੋਂ ਅਗਲੇ ਦਿਨ। ਚੰਦ ਦੇ ਮਹੀਨੇ ਨੂੰ ਪੁੰਨਿਆ ਤੋਂ ਪੁੰਨਿਆ, ਜਿਸ ਨੂੰ ਪੂਰਨਮੰਤਾ ਕਹਿੰਦੇ ਹਨ ਅਤੇ ਮੱਸਿਆ ਤੋਂ ਮੱਸਿਆ, ਜਿਸ ਨੂੰ ਅਮੰਤਾ ਕਹਿੰਦੇ ਹਨ, ਦੋਵੇਂ ਤਰ੍ਹਾਂ ਹੀ ਗਿਣੇ ਜਾਂਦੇ ਹਨ। ਉਤਰੀ ਭਾਰਤ ਵਿਚ ਮਹੀਨਾ ਪੂਰਨਮੰਤਾ ਹੁੰਦਾ ਹੈ ਅਤੇ ਦੱਖਣ ਭਾਰਤ ਵਿਚ ਅਮੰਤਾ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਤਰੀ ਭਾਰਤ ਵਿਚ ਮਹੀਨਾ ਤਾਂ ਪੁੰਨਿਆ ਤੋਂ ਅਗਲੇ ਦਿਨ ਭਾਵ ਵਦੀ ਏਕਮ ਤੋਂ ਅਰੰਭ ਹੁੰਦਾ ਹੈ ਪਰ ਸਾਲ ਦਾ ਅਰੰਭ ਮੱਸਿਆ ਤੋਂ ਅਗਲੇ ਦਿਨ, ਭਾਵ ਚੇਤ ਸੁਦੀ ਇਕ ਤੋਂ ਹੁੰਦਾ ਹੈ। ਸੰਮਤ 2072 ਬਿਕਰਮੀ ਦੇ ਆਖ਼ਰੀ ਮਹੀਨੇ ਭਾਵ ਫੱਗਣ ਦੀ ਪੁੰਨਿਆ ਤਾਂ 23 ਮਾਰਚ ਨੂੰ ਹੈ, ਉਸ ਦਿਨ ਹੀ ਹੋਲੀ ਹੈ। ਚੇਤ ਦਾ ਅਰੰਭ, ਚੇਤ ਵਦੀ ਏਕਮ/24 ਮਾਰਚ ਤੋਂ ਹੁੰਦਾ ਹੈ ਪਰ ਸੰਮਤ 2074 ਬਿਕਰਮੀ ਦਾ ਅਰੰਭ ਚੇਤ ਸੁਦੀ ਏਕਮ/28 ਮਾਰਚ ਤੋਂ ਹੋਵੇਗਾ। ਚੇਤ ਮਹੀਨੇ ਦੇ ਦੋਵੇਂ ਪੱਖ, ਦੋ ਵੱਖ-ਵੱਖ ਸਾਲਾਂ ਵਿਚ ਗਿਣੇ ਜਾਂਦੇ ਹਨ। ਚੇਤ ਦਾ ਪਹਿਲਾ ਅੱਧ, ਖ਼ਤਮ ਹੋ ਰਹੇ ਸਾਲ ਵਿਚ ਅਤੇ ਦੂਜਾ ਅੱਧ, ਅਰੰਭ ਹੋ ਰਹੇ ਸਾਲ ਵਿਚ ਗਿਣਿਆ ਜਾਂਦਾ ਹੈ। ਸੁਦੀ ਪੱਖ ਦੋਵੇਂ ਪਾਸੇ ਭਾਵ ਉਤਰੀ ਅਤੇ ਦੱਖਣੀ ਭਾਰਤ, ਇਕ ਹੁੰਦਾ ਹੈ ਪਰ ਵਦੀ ਪੱਖ ਵਿਚ ਇਕ ਮਹੀਨੇ ਦਾ ਫ਼ਰਕ ਪੈ ਜਾਂਦਾ ਹੈ। ਪਾਠਕ ਨੋਟ ਕਰਨ ਕਿ, ਬਿਪਰ ਵੱਲੋਂ ਬੁਣੇ ਗਏ ਇਸ ਮੱਕੜ ਜਾਲ ਨੂੰ ਬਿਪਰਵਾਦ ਕਿਹਾ ਜਾਂਦਾ ਹੈ ਨਾ ਕਿ ਚੰਦ ਨੂੰ। ਆਓ ਇਸ ਮੱਕੜ ਜਾਲ ਤੋਂ ਮੁਕਤ ਹੋਈਏ!
ਸਤਿਕਾਰ ਯੋਗ ਖ਼ਾਲਸਾ ਜੀ, ਜਿਵੇਂ ਕਿ ਉੱਪਰ ਪੜ੍ਹ ਚੁੱਕੇ ਹੋ ਕਿ ਹੋਲੀ ਸਾਲ ਦੇ ਆਖ਼ਰੀ ਦਿਨ ਮਨਾਈ ਜਾਂਦੀ ਸੀ ਅਤੇ ਗੁਰੂ ਸਾਹਿਬ ਨੇ ਹੋਲਾ ਮਹੱਲਾ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਅਰੰਭ ਕੀਤਾ ਸੀ। ਇਸ ਲਈ ਹੁਣ ਜਦੋਂ ਅਸੀਂ ਚੰਦ ਦਾ ਕਲੰਡਰ ਪੱਕੇ ਤੌਰ ‘ਤੇ ਹੀ ਛੱਡ ਚੁੱਕੇ ਹਾਂ ਅਤੇ ਸੂਰਜੀ ਕਲੰਡਰ ਨੂੰ ਅਪਣਾ ਲਿਆ ਹੈ ਤਾਂ ਹੋਲਾ ਨਵੇਂ ਸਾਲ ਦੇ ਪਹਿਲੇ ਦਿਨ ਭਾਵ 1 ਚੇਤ ਨੂੰ ਹੀ ਮਨਾਉਣਾ ਚਾਹੀਦਾ ਹੈ। ਨਾਨਕਸ਼ਾਹੀ ਕਲੰਡਰ, ਜੋ ਕਿ ਸੂਰਜੀ ਕਲੰਡਰ ਹੈ, ਜਿਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ, ਜਿਸ ਦਾ ਅਰੰਭ 1 ਚੇਤ ਤੋਂ ਹੁੰਦਾ ਹੈ, ਮੁਤਾਬਕ ‘ਹੋਲਾ ਮਹੱਲਾ’ ਹਰ ਸਾਲ 1 ਚੇਤ/14 ਮਾਰਚ ਨੂੰ ਆਵੇਗਾ। ਹੁਣ ਸਾਨੂੰ ਇਹ ਵੇਖਣ ਲਈ ਕਿ ਚੇਤ ਵਦੀ ਏਕਮ ਕਿਸ ਤਾਰੀਖ਼ ਨੂੰ ਆਵੇਗੀ, ਹਿੰਦੂ ਵਿਦਵਾਨਾਂ ਵੱਲੋਂ ਤਿਆਰ ਕੀਤੀ ਗਈ ਜੰਤਰੀ ਦੀ ਉਡੀਕ ਨਹੀਂ ਕਰਨੀ ਪਵੇਗੀ।
ਸਮੂਹ ਸੰਗਤ ਨੂੰ ਨਵੇਂ ਸਾਲ, 1 ਚੇਤ (14 ਮਾਰਚ) ਸੰਮਤ 549 ਨਾਨਕਸ਼ਾਹੀ ਦੀਆਂ ਲੱਖ-ਲੱਖ ਵਧਾਈਆਂ।