ਨਾਇਕਾਂ ਦੇ ਅਕਸ ਨਾਲ ਛੇੜਛਾੜ: ਮਨੋਵਿਗਿਆਨਕ ਪੱਖ

0
262

harshinder-kaur-brain

ਮਰ ਚੁੱਕੇ ਬੰਦੇ ਦੀ ਆਲੋਚਨਾ ਕਰਨੀ ਸੌਖੀ ਹੈ ਕਿਉਂਕਿ ਉਸ ਨੇ ਆਪ ਕੋਈ ਸਪਸ਼ਟੀਕਰਨ ਨਹੀਂ ਦੇਣਾ। ਨਿਰਵਿਰੋਧ ਆਲੋਚਨਾ ਇਨਸਾਨੀ ਦਿਮਾਗ਼ ਲਈ ਆਨੰਦਮਈ ਅਹਿਸਾਸ ਹੁੰਦੀ ਹੈ। ਕਿਸੇ ਉੱਚ ਪੱਧਰੀ ਸ਼ਖ਼ਸੀਅਤ ਨੂੰ ਢਾਹ ਲਾਉਣ ਨਾਲ ਦਿਮਾਗ਼ ਅੰਦਰਲਾ ਰਿਵਾਰਡ ਸਿਸਟਮ ਰਵਾਂ ਹੋ ਜਾਂਦਾ ਹੈ।

ਡਾ. ਹਰਸ਼ਿੰਦਰ ਕੌਰ
(ਮੋਬਾਈਲ: 0175-2216783)

ਇਤਿਹਾਸਕ ਨਾਇਕ-ਨਾਇਕਾਵਾਂ ਦਾ ਚਰਿੱਤਰਘਾਣ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਬਿਲਕੁਲ ਇੰਜ ਹੀ ਖ਼ਲਨਾਇਕਾਂ ਦਾ ਕੋਈ ਇੱਕ ਚੰਗਾ ਪੱਖ ਉਘਾੜ ਕੇ, ਉਸ ਉੱਤੇ ਬਹਿਸ ਛੇੜ ਕੇ, ਹੌਲੀ-ਹੌਲੀ ਸਭ ਦਾ ਧਿਆਨ ਖਿੱਚ ਕੇ ਉਸ ਨੂੰ ਨਾਇਕ ਬਣਾਉਣ ਦੀ ਵੀ ਕੋਸ਼ਿਸ਼ ਅਨੇਕ ਵਾਰ ਕੀਤੀ ਜਾ ਚੁੱਕੀ ਹੈ। ਜੇ ਇਤਿਹਾਸਿਕ ਘਟਨਾਵਾਂ ਦਾ ਜ਼ਿਕਰ ਕਰੀਏ ਤਾਂ ਦੋਹਾਂ ਪੱਖਾਂ ਵੱਲੋਂ ਆਪਣੇ ਹਿਸਾਬ ਨਾਲ ਉਸ ਬਾਰੇ ਲਿਖਿਆ ਜਾਂਦਾ ਹੈ। ਇਤਿਹਾਸ ਲਿਖਣ ਵਾਲਾ ਉਸ ਨੂੰ ਕਿਸੇ ਇੱਕ ਪਾਸੇ ਤੋਂ ਪ੍ਰਭਾਵਿਤ ਹੋ ਕੇ ਲਿਖ ਸਕਦਾ ਹੈ, ਜਿਸ ਵਿੱਚ ਕੋਈ ਇੱਕ ਮਾੜਾ ਪੱਖ ਰਤਾ ਵਧਾ ਕੇ ਲਿਖ ਕੇ ਦੂਜੇ ਪਾਸੇ ਵੱਲ ਝੁਕਾਓ ਰੱਖਦਾ ਹੋਇਆ ਉਸੇ ਦਾ ਪੱਖ ਪੂਰਦਾ ਹੈ।
ਮਿਸਾਲ ਵਜੋਂ ਬੰਦਾ ਬਹਾਦਰ ਦੇ ਕੈਦ ਕਰ ਕੇ ਲਿਆਉਣ ਵਾਲੇ ਸਮੇਂ ਨੂੰ ਕੋਈ ਮੁਗ਼ਲਾਂ ਦਾ ਪੱਖ ਪੂਰਦਾ ਹੋਇਆ ਇੰਜ ਲਿਖ ਸਕਦਾ ਹੈ, ‘ਸਿੰਘਾਂ ਦੇ ਝੁਕੇ ਹੋਏ ਅਫ਼ਸੋਸ ਨਾਲ ਨੀਵੇਂ ਹੋਏ ਸਿਰਾਂ ਨੂੰ ਵੇਖ ਕੇ ਸਪੱਸ਼ਟ ਹੋ ਰਿਹਾ ਸੀ ਕਿ ਉਹ ਸਾਰੇ ਮੁਗ਼ਲਾਂ ਦੀ ਈਨ ਮੰਨ ਚੁੱਕੇ ਸਨ ਤੇ ਆਪਣੇ ਕੀਤੇ ਉੱਤੇ ਸ਼ਰਮਿੰਦਾ ਸਨ।’ ਕੋਈ ਦੂਜਾ ਬੰਦਾ ਬਹਾਦਰ ਵੱਲ ਦਾ ਹੋ ਕੇ, ਮੁਗ਼ਲਾਂ ਵੱਲੋਂ ਮਨਾਏ ਜਾਂਦੇ ਜ਼ਸਨਾਂ ਵੱਲੋਂ ਅੱਖਾਂ ਮੀਟ ਕੇ ਸਿਰਫ਼ ਆਉਣ ਵਾਲੀਆਂ ਪੁਸ਼ਤਾਂ ਤਾਈਂ ਮਾਣਮੱਤਾ ਇਤਿਹਾਸ ਪਹੁੰਚਾਉਣ ਲਈ ਬੰਦਾ ਬਹਾਦਰ ਸਿੰਘ ਦੀ ਚੜ੍ਹਦੀ ਕਲਾ ਦਾ ਦ੍ਰਿਸ਼ ਚਿੱਤਰ ਕੇ ਮੁਗ਼ਲਾਂ ਦੀ ਜਿੱਤ ਨੂੰ ਫਿੱਕਾ ਪਾ ਦਿੰਦਾ ਹੈ:- ਜੰਗ ਦੇ ਦੋਵੇਂ ਪਾਸਿਆਂ ਵਾਲਿਆਂ ਨੇ ਆਪੋ ਆਪਣਾ ਇਤਿਹਾਸ ਲਿਖਣਾ ਹੁੰਦਾ ਹੈ। ਕੋਈ ਤੀਜਾ ਜਦੋਂ ਇਨ੍ਹਾਂ ਦੋਵਾਂ ਵੱਲੋਂ ਲਿਖੇ ਨੂੰ ਪੜ੍ਹਦਾ ਹੈ ਤਾਂ ਆਪਣਾ ਨਿਚੋੜ ਕੱਢ ਕੇ, ਕਿਸੇ ਵੀ ਪਾਸੇ ਨੂੰ ਵੱਧ ਉਜਾਗਰ ਕਰ ਕੇ, ਦੂਜੇ ਨੂੰ ਰਤਾ ਹੇਠਾਂ ਰੱਖ ਕੇ ਰਲਿਆ-ਮਿਲਿਆ ਪੱਖ ਸਾਹਮਣੇ ਲਿਆਉਂਦਾ ਹੈ।
ਮਨੋਵਿਗਿਆਨੀ ਮੰਨਦੇ ਹਨ ਕਿ ਕਿਸੇ ਅਸਲ ਘਟਨਾ ਨੂੰ ਉਸੇ ਸਮੇਂ ਲਿਖੇ ਜਾਣ ਉੱਤੇ ਅਤੇ ਸਮਾਂ ਲੰਘਣ ਬਾਅਦ ਦੁਬਾਰਾ ਉਘਾੜਨ ਵਿੱਚ ਉਸ ਸਮੇਂ ਦੇ ਲੇਖਕ ਦਾ ਆਪਣਾ ਗਿਆਨ, ਮਾਨਸਿਕ ਹਾਲਾਤ, ਹਓਮੈ, ਦਿਮਾਗ਼ ਵਿੱਚ ਚਲਦੀ ਉਥਲ-ਪੁਥਲ, ਘਰੇਲੂ ਚਿੰਤਾ, ਸਮਾਜਿਕ ਝੁਕਾਓ, ਸਰਕਾਰੇ ਦਰਬਾਰੇ ਪੁੱਛ-ਪ੍ਰਤੀਤ, ਲੇਖਕ ਦੀ ਆਪਣੀ ਲੋਕਪ੍ਰਿਯਤਾ, ਪ੍ਰਕਾਸ਼ਕ ਦਾ ਮਾਲੀ ਫ਼ਾਇਦਾ ਆਦਿ ਅਨੇਕ ਗੱਲਾਂ ਅਸਰ ਪਾਉਂਦੀਆਂ ਹਨ। ਕਿਸੇ ਨਾਇਕ ਬਾਰੇ ਗੱਲਾਂ ਚੰਗੀਆਂ ਵੀ ਹੁੰਦੀਆਂ ਹਨ ਤੇ ਮਾੜੀਆਂ ਵੀ। ਪਰ ਉਨ੍ਹਾਂ ਵਿੱਚੋਂ ਚੰਗਾ ਜਾਂ ਮਾੜਾ ਪਲੜਾ ਰਤਾ ਕੁ ਉਤਾਂਹ ਰੱਖਣ ਨਾਲ ਹੀ ਕਿਸੇ ਵੀ ਇਤਿਹਾਸਕ ਨਾਇਕ ਨੂੰ ਖ਼ਲਨਾਇਕ ਤੇ ਖ਼ਲਨਾਇਕ ਨੂੰ ਨਾਇਕ ਬਣਾਇਆ ਜਾ ਸਕਦਾ ਹੈ। ਅਜਿਹੀ ਗੱਲ ਕਿਸੇ ਵੀ ਲੇਖਕ ਲਈ ਭਾਵੇਂ ਪੈੱਨ ਦਾ ਹਲਕਾ ਘੁਮਾਓ ਹੋਵੇ, ਪਰ ਸਦੀਆਂ ਇਸ ਨੂੰ ਭੁਗਤਦੀਆਂ ਹਨ। ਜਿਸ ਕੌਮ ਦੇ ਨਾਇਕ ਨੂੰ ਖ਼ਲਨਾਇਕ ਬਣਾ ਦਿੱਤਾ ਜਾਵੇ, ਉਸ ਕੌਮ ਦਾ ਮਾਣਮੱਤਾ ਇਤਿਹਾਸ ਤਾਂ ਤਹਿਸ-ਨਹਿਸ ਹੋ ਜਾਂਦਾ ਹੈ।
ਅਜਿਹਾ ਲੇਖਕ ਭਾਵੇਂ ਸੌ ਫ਼ੀਸਦੀ ਸੱਚ ਵੀ ਲਿਖ ਰਿਹਾ ਹੋਵੇ, ਲੋਕਾਂ ਦੀਆਂ ਅੱਖਾਂ ਵਿੱਚ ਰੜਕ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। ਜਿਸ ਕੌਮ ਦੇ ਨਾਇਕ ਨੂੰ ‘ਢਹਿ-ਢੇਰੀ’ ਕੀਤਾ ਜਾ ਰਿਹਾ ਹੋਵੇ, ਉਸ ਕੌਮ ਵਿਚਲੇ ਮੌਜੂਦਾ ਚਲਦੇ ਸੰਘਰਸ਼, ਵਰਤਮਾਨ ਸਾਹਿਤਕ ਝੁਕਾਓ, ਸਿਆਸੀ ਸਰਗਰਮੀਆਂ ਅਨੁਸਾਰ ਲੇਖਕ ਵਿਰੁੱਧ ਥੋੜ੍ਹੀ-ਬਹੁਤ ਕਿੰਤੂ-ਪ੍ਰੰਤੂ ਵੀ ਹੋ ਸਕਦੀ ਹੈ ਅਤੇ ਵੱਡੀ ਪੱਧਰ ਉੱਤੇ ਭੜਾਸ ਵੀ ਨਿਕਲ ਸਕਦੀ ਹੈ।
ਤਕਰੀਬਨ ਸਾਰੇ ਹੀ ਮੁਲਕਾਂ ਵਿੱਚ ਸਿਆਸੀ ਤਖ਼ਤਾ ਪਲਟਦੇ ਸਾਰ ਇਤਿਹਾਸ ਨਾਲ ਛੇੜਛਾੜ ਕੀਤੀ ਜਾਂਦੀ ਰਹੀ ਹੈ ਤੇ ਅੱਗੋਂ ਵੀ ਜਾਰੀ ਰਹਿਣ ਵਾਲੀ ਹੈ ਕਿਉਂਕਿ ਹਰ ਜਣਾ ਆਪਣੇ ਸਿਆਸੀ ਲਾਭ ਨੂੰ ਵੇਖਦੇ ਹੋਏ ਇਤਿਹਾਸਿਕ ਨਾਇਕਾਂ ਨਾਲ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਪਿਛੋਕੜ ਨੂੰ ਜੋੜ ਲੈਂਦਾ ਹੈ। ਇਸ ਦੀ ਇੱਕ ਮਿਸਾਲ ਹੈ ਆਪੋ ਆਪਣੀ ਲੋੜ ਅਨੁਸਾਰ ਸ਼ਹੀਦ ਭਗਤ ਸਿੰਘ ਦੀ ਟੋਪੀ ਜਾਂ ਦਸਤਾਰ ਵਾਲੀ ਤਸਵੀਰ ਵਰਤਣੀ। ਮਰ ਚੁੱਕੇ ਬੰਦੇ ਦੀ ਆਲੋਚਨਾ ਕਰਨੀ ਸੌਖੀ ਹੈ ਕਿਉਂਕਿ ਉਸ ਨੇ ਆਪ ਕੋਈ ਸਪਸ਼ਟੀਕਰਨ ਨਹੀਂ ਦੇਣਾ। ਨਿਰਵਿਰੋਧ ਆਲੋਚਨਾ ਇਨਸਾਨੀ ਦਿਮਾਗ਼ ਲਈ ਆਨੰਦਮਈ ਅਹਿਸਾਸ ਹੁੰਦੀ ਹੈ। ਕਿਸੇ ਉੱਚ ਪੱਧਰੀ ਸ਼ਖ਼ਸੀਅਤ ਨੂੰ ਢਾਹ ਲਾਉਣ ਨਾਲ ਦਿਮਾਗ਼ ਅੰਦਰਲਾ ਰਿਵਾਰਡ ਸਿਸਟਮ ਰਵਾਂ ਹੋ ਜਾਂਦਾ ਹੈ।
ਕੁਝ ਇਤਿਹਾਸਕਾਰ ਕਿਸੇ ਸ਼ਖ਼ਸੀਅਤ ਬਾਰੇ ਲਿਖਣ ਤੋਂ ਪਹਿਲਾਂ ਉਸ ਦੀਆਂ ਮਾੜੀਆਂ-ਚੰਗੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਕਰਨ ਬਾਅਦ ਸੰਤੁਲਿਤ ਰਾਇ ਬਣਾ ਲੈਂਦੇ ਹਨ। ਕੁਝ ਮਾੜੀਆਂ ਗੱਲਾਂ ਵੱਧ ਉਜਾਗਰ ਕਰਦੇ ਹਨ। ਕਈ ਚੰਗਾ ਪੱਖ ਵੱਧ ਉਘਾੜਦੇ ਹਨ। ਇਹ ਤਾਂ ਸਪੱਸ਼ਟ ਹੈ ਕਿ ਕੋਈ ਇਨਸਾਨ ਸੰਪੂਰਨ ਨਹੀਂ ਹੁੰਦਾ। ਹਰ ਕਿਸੇ ਵਿੱਚ ਖ਼ਾਮੀਆਂ ਵੀ ਹੁੰਦੀਆਂ ਹਨ ਤੇ ਖ਼ੂਬੀਆਂ ਵੀ। ਇਤਿਹਾਸਕਾਰ ਜੇ ਸਾਕਾਰਾਤਮਕ ਸੋਚ ਵਾਲਾ ਹੋਵੇ ਤਾਂ ਉਸ ਦੀ ਕਲਮ ਵਿੱਚੋਂ ਉਸਾਰੂ ਊਰਜਾ ਨਿਕਲਦੀ ਹੈ। ਜੇ ਇਤਿਹਾਸਕਾਰ ਦੀ ਸੋਚ ਨਾਕਾਰਾਤਮਕ ਹੋਵੇ ਤਾਂ ਉਹ ਨਾਇਕਾਂ ਦੀਆਂ ਕੰਨੀਆਂ ਕੁਤਰਨ ਵੱਲ ਵੱਧ ਧਿਆਨ ਦਿੰਦਾ ਹੈ। ਜਦੋਂ ਕਿਸੇ ਇਤਿਹਾਸਿਕ ਖਲਨਾਇਕ ਬਾਰੇ ਪਕਿਆਈ ਫੜ ਚੁੱਕੀਆਂ ਗੱਲਾਂ ਵਿੱਚ ਛੇੜਛਾੜ ਕਰਨੀ ਹੋਏ (ਭਾਵੇਂ ਸਿਆਸੀ ਕਾਰਨ ਹੋਵੇ ਜਾਂ ਕੋਈ ਹੋਰ) ਤਾਂ ਉਸ ਦੀ ਕੋਈ ਇੱਕ ਚੰਗਿਆਈ ਨੂੰ ਫੜ ਕੇ ਵਾਰ-ਵਾਰ ਦੁਹਰਾਇਆ ਜਾਂਦਾ ਹੈ। ਕਿਤਾਬਾਂ ਵਿੱਚ ਬੱਚਿਆਂ ਲਈ ਵੀ ਨਵੇਂ ਸਿਰਿਓਂ ਲੇਖ ਸ਼ਾਮਲ ਕਰ ਦਿੱਤਾ ਜਾਂਦਾ ਹੈ। ਟੀ.ਵੀ. ਸੀਰੀਅਲ ਜਾਂ ਅਖ਼ਬਾਰਾਂ ਰਾਹੀਂ ਚਰਚਾ ਛੇੜੀ ਜਾਂਦੀ ਹੈ। ਵਿਵਾਦ ਸ਼ੁਰੂ ਕਰ ਕੇ ਸਭ ਦੇ ਮਨਾਂ ਵਿੱਚ ਬਦੋਬਦੀ ਨਵਾਂ ਪੱਖ ਵਾੜ ਦਿੱਤਾ ਜਾਂਦਾ ਹੈ। ਯਾਨੀ ਪਿਛਲੀ ਮਾੜੀ ਯਾਦ ਨੂੰ ਨਕਾਰਨ ਨਾਲੋਂ ਨਵੇਂ ਵਧੀਆ ਤੱਥ ਜੋੜ ਕੇ ਖ਼ਲਨਾਇਕ ਨੂੰ ਨਾਇਕ ਵਜੋਂ ਉਭਾਰ ਦਿੱਤਾ ਜਾਂਦਾ ਹੈ। ਹਿਟਲਰ ਤੇ ਰਾਵਣ ਬਾਰੇ ਅਜਿਹਾ ਕੁਝ ਕੀਤਾ ਜਾ ਚੁੱਕਿਆ ਹੈ।
ਦਿਮਾਗ਼ ਅੰਦਰ ਪੁਰਾਣੀ ਛਪੀ ਹੋਈ ਯਾਦ ਨੂੰ ਤਬਦੀਲ ਕਰਨ ਦੀ ਕਿਰਿਆ ਤੱਥਾਂ ਨਾਲ ਛੇੜਛਾੜ ਕਰਨ ਨਾਲ ਹੀ ਸੰਭਵ ਹੋ ਸਕਦੀ ਹੈ। ਇਸ ਬਾਰੇ ਕੁਝ ਖੋਜਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਜਰਮਨ ਮਨੋਵਿਗਿਆਨੀ ਜੌਨ ਬਰਗਸਟੌਰਮ ਨੇ ਅਜਿਹੀ ਪਹਿਲੀ ਖੋਜ 1892 ਵਿੱਚ ਕੀਤੀ ਸੀ। ਉਸ ਨੇ 10 ਬੰਦਿਆਂ ਤੋਂ ਮੇਜ਼ ਦੇ ਇੱਕ ਕੋਨੇ ਉੱਤੋਂ ਕਾਗਜ਼ਾਂ ਦੇ ਢੇਰ ਇਕਸਾਰ ਕਰ ਕੇ ਰਖਵਾਏ। ਫੇਰ ਕੁਝ ਦਿਨ ਉੱਥੋਂ ਕਾਗਜ਼ ਕਢਵਾਉਂਦਾ ਰਿਹਾ। ਦਸਵੇਂ ਦਿਨ ਕਾਗਜ਼ ਕੱਢਣੇ ਹਰ ਕਿਸੇ ਲਈ ਸੌਖੇ ਹੋ ਗਏ ਸਨ ਕਿਉਂਕਿ ਮਨ ਵਿੱਚ ਇਹ ਗੱਲ ਪਕਿਆਈ ਫੜ ਗਈ ਸੀ। ਫਿਰ ਕਾਗਜ਼ ਦੂਜੇ ਕੋਨੇ ਉੱਤੇ ਧਰਾ ਦਿੱਤੇ ਗਏ ਤੇ ਦੋਨੋਂ ਢੇਰੀਆਂ ਅੱਗੜ ਪਿੱਛੜ ਰੱਖ ਦਿੱਤੀਆਂ। ਇਨ੍ਹਾਂ ਦਸਾਂ ਵਿੱਚੋਂ 8 ਬੰਦਿਆਂ ਤੋਂ ਉਨ੍ਹਾਂ ਢੇਰੀਆਂ ਨੂੰ ਦੁਬਾਰਾ ਇਕਸਾਰ ਕਰਵਾਇਆ। ਇੱਕ ਸਾਲ ਬਾਅਦ ਉਨ੍ਹਾਂ ਦਸਾਂ ਨੂੰ ਦੁਬਾਰਾ ਉੱਥੇ ਸੱਦਿਆ ਗਿਆ ਤੇ ਯਾਦ ਤਾਜ਼ਾ ਕਰਵਾਈ ਗਈ। ਇਹ ਵੇਖਣ ਵਿੱਚ ਆਇਆ ਕਿ ਉਹ ਦੋ ਬੰਦੇ ਜੋ ਪਹਿਲੇ ਕੋਨੇ ਤਕ ਹੀ ਜੁੜੇ ਰਹੇ ਸਨ, ਨੂੰ ਝਟਪਟ ਸਭ ਕੁਝ ਉਸੇ ਤਰ੍ਹਾਂ ਯਾਦ ਆ ਗਿਆ ਤੇ ਉਨ੍ਹਾਂ ਨੇ ਕੋਨਾ ਵੀ ਝਟਪਟ ਪਛਾਣ ਲਿਆ। ਪਰ, ਬਾਕੀ ਦੇ ਅੱਠ ਬੰਦਿਆਂ ਵਿੱਚੋਂ ਸਿਰਫ਼ ਦੋ ਬੰਦੇ ਹੀ ਸਭ ਕੁਝ ਯਾਦ ਰੱਖ ਸਕੇ। ਬਾਕੀ ਛੇ ਜਣਿਆਂ ਨੂੰ ਇਹ ਯਾਦ ਹੀ ਨਹੀਂ ਸੀ ਕਿ ਕਿਹੜਾ ਕੋਨਾ ਸੀ। ਯਾਨੀ ਸਾਰੀ ਯਾਦ ਗੜਬੜ ਹੋ ਚੁੱਕੀ ਸੀ।
1915 ਵਿੱਚ ਅਮਰੀਕਨ ਮਨੋਵਿਗਿਆਨੀ ਬੈਨਟਨ ਨੇ ਇੱਕ ਹੋਰ ਖੋਜ ਕੀਤੀ ਜਿਸ ਦਾ ਨਿਚੋੜ ਇਹ ਸੀ ਕਿ ਜੇ ਇੱਕੋ ਸਮੇਂ ਕੰਮਾਂ ਦੀ ਲਿਸਟ ਵਧਾ ਦਿੱਤੀ ਜਾਏ, ਪਰ ਕੀਤੀ ਰੋਜ਼ ਜਾਏ ਤਾਂ ਅਖੀਰੀ ਕੁਝ ਚੀਜ਼ਾਂ 24 ਘੰਟਿਆਂ ਦੇ ਅੰਦਰ ਅੰਦਰ ਹੀ ਭੁੱਲ ਜਾਂਦੀਆਂ ਹਨ। ਮਸਲਨ, ਪਹਿਲਾਂ ਮੇਜ਼ ਦੀਆਂ ਫਾਈਲਾਂ ਚੁੱਕ ਕੇ ਠੀਕ ਕਰੋ, ਫਿਰ ਕੱਪੜਾ ਵਿਛਾਓ, ਅਲਮਾਰੀ ਵਿੱਚ ਪੈੱਨ ਰੱਖੋ, ਖਿੜਕੀ ਖੋਲ੍ਹੋ, ਆਦਿ ਗਿਆਰਾਂ ਚੀਜ਼ਾਂ ਕਰਨ ਨੂੰ ਕਿਹਾ ਜਾਏ ਤਾਂ ਪਹਿਲੀਆਂ ਪੰਜ ਕੁ ਚੀਜ਼ਾਂ ਉਸੇ ਤਰਤੀਬ ਵਿੱਚ ਹੋ ਜਾਂਦੀਆਂ ਹਨ, ਪਰ ਅੱਗੋਂ ਤਰਤੀਬ ਵੀ ਵਿਗੜ ਜਾਂਦੀ ਹੈ ਤੇ ਕੁਝ ਚੀਜ਼ਾਂ ਉੱਕਾ ਹੀ ਭੁੱਲ ਜਾਂਦੀਆਂ ਹਨ।
1924 ਵਿੱਚ ਜੇਮਜ਼ ਜੈਨਕਿਨਜ਼ ਨੇ ਪਹਿਲੀ ਵਾਰ ਇਤਿਹਾਸਕ ਤੱਥਾਂ ਨਾਲ ਛੇੜਛਾੜ ਕਰ ਕੇ ਅਜ਼ਮਾ ਕੇ ਵਿਖਾਇਆ ਕਿ ਕੁਝ ਤੱਥ ਤੇ ਕੁਝ ਮਨਘੜਤ ਗੱਲਾਂ ਜੋੜ ਕੇ ਅੱਧਾ ਅਸਲ ਇਤਿਹਾਸ ਤੇ ਕੁਝ ਉਸ ਵਿਚਲੀ ਮਰ ਚੁੱਕੇ ਬੰਦੇ ਦੀ ਸੋਚ ਨੂੰ ਆਪੇ ਹੀ ਮੌਜੂਦਾ ਸਮੇਂ ਨਾਲ ਜੋੜ ਕੇ ਬਦਲਣ ਉੱਤੇ ਇਤਿਹਾਸਕ ਤਬਦੀਲੀਆਂ ਲਿਆਈਆਂ ਜਾ ਸਕਦੀਆਂ ਹਨ। ਮਿਸਾਲ ਵਜੋਂ ਇਹ ਕਿਹਾ ਜਾਣਾ, ‘ਹਿਟਲਰ ਨੇ ਯਹੂਦੀਆਂ ਦਾ ਬੇਦਰਦੀ ਨਾਲ ਕਤਲੇਆਮ ਕੀਤਾ, ਪਰ ਜੇ ਤੁਸੀਂ ਆਪਣੇ ਆਪ ਨੂੰ ਉਸ ਦੀ ਥਾਂ ਰੱਖ ਕੇ ਸੋਚ ਕੇ ਵੇਖੋ ਕਿ ਉਸ ਨੇ ਆਪਣੇ ਰਾਜ ਦੇ ਪਹਿਲੇ ਛੇ ਸਾਲਾਂ ਦੌਰਾਨ ਆਰਥਿਕ ਪੱਖੋਂ ਜਰਮਨੀ ਦੇ ਹਾਲਾਤ ਬਿਹਤਰ ਕਰ ਦਿੱਤੇ ਤੇ ਪੂਰੀ ਦੁਨੀਆਂ ਵਿੱਚ ਜਰਮਨਾਂ ਦੇ ਨਾਂ ਦਾ ਡੰਕਾ ਵਜਾ ਦਿੱਤਾ। ਜੇ ਅਜਿਹਾ ਕਰਨਾ ਸੀ ਤਾਂ ਕੁਝ ਕੁ ਜਣਿਆਂ ਨੂੰ ਦੱਬ ਕੇ ਹੀ ਕੀਤਾ ਜਾਣਾ ਸੀ। ਜਰਮਨਾਂ ਨੂੰ ਫਖ਼ਰ ਹੋਣਾ ਚਾਹੀਦਾ ਹੈ ਕਿਉਂਕਿ ਨਾ ਉਸ ਵਰਗਾ ਮਹਾਨ ਤੇ ਤਾਕਤਵਰ ਬੰਦਾ ਪਹਿਲਾਂ ਆਇਆ ਤੇ ਨਾ ਹੀ ਆਉਣਾ ਹੈ।’ ਕੁਝ ਇਸ ਤਰ੍ਹਾਂ ਦੀ ਸੋਚ ਲੋਕਾਂ ਨੂੰ ਦੱਸ ਕੇ ਜਦੋਂ ਮਹੀਨੇ ਬਾਅਦ ਦੁਬਾਰਾ ਪੁੱਛਿਆ ਗਿਆ ਤਾਂ ਸਾਰਿਆਂ ਦੀ ਹਿਟਲਰ ਪ੍ਰਤੀ ਮਾੜੀ ਸੋਚ ਰਤਾ ਕੁ ਤਬਦੀਲ ਹੋਈ ਲੱਭੀ।
1932 ਵਿੱਚ ਅਮਰੀਕਾ ਵਿੱਚ ਜੌਨ ਮੈਕਗੋਸ਼ ਨੇ ਇਸੇ ਖੋਜ ਨੂੰ ਹੋਰ ਅਗਾਂਹ ਲਿਜਾਉਂਦੇ ਹੋਏ ਇਹ ਸਾਬਤ ਕਰ ਦਿੱਤਾ ਕਿ ਇਤਿਹਾਸਿਕ ਤੱਥ ਬਦਲਣ ਲਈ ਜੇ ਪੁਰਾਣੇ ਲਿਖੇ ਤੱਥਾਂ ਵਿੱਚੋਂ ਕਿਸੇ ਇੱਕ ਨੁਕਤੇ ਉੱਤੇ ਕਿੰਤੂ ਪਰੰਤੂ ਸ਼ੁਰੂ ਕਰ ਦਿਓ ਅਤੇ ਫਿਰ ਉਸ ਗੱਲ ਨੂੰ ਪੂਰੀ ਹਵਾ ਦਿਓ। ਜਦੋਂ ਚੁਫ਼ੇਰੇ ਸ਼ੋਰ ਸ਼ੁਰੂ ਹੋ ਜਾਏ ਤਾਂ ਉਸ ਨੁਕਤੇ ਉੱਤੇ ਵੱਖੋ-ਵੱਖ ਕਮੇਟੀਆਂ ਹੱਕ ਤੇ ਵਿਰੋਧ ਵਿੱਚ ਬਿਠਾ ਦਿਓ। ਬਸ ਇੰਨੇ ਕੁ ਨਾਲ ਹੀ ਪਹਿਲਾਂ ਦੇ ਪਰਿਪੱਕ ਹੋਏ ਇਤਿਹਾਸਿਕ ਤੱਥਾਂ ਵਿੱਚ ਫੇਰ-ਬਦਲ ਕਰ ਕੇ ਨਵਾਂ ਇਤਿਹਾਸ ਸਿਰਜਿਆ ਜਾ ਸਕਦਾ ਹੈ।
ਇਸ ਖੋਜ ਦਾ ਫ਼ਾਇਦਾ ਚੁੱਕਦੇ ਹੋਏ ਅਨੇਕ ਵਾਰ ਇਤਿਹਾਸਿਕ ਤੱਥਾਂ ਵਿੱਚ ਫੇਰ-ਬਦਲ ਕੀਤਾ ਗਿਆ ਹੈ। ਬਹੁਤ ਸਾਰੀਆਂ ਮਰ ਚੁੱਕੀਆਂ ਸ਼ਖ਼ਸੀਅਤਾਂ ਜਿਨ੍ਹਾਂ ਨੂੰ ਚੰਗਾ ਮੰਨਿਆ ਗਿਆ, ਉਨ੍ਹਾਂ ਦੀ ਮਿੱਟੀ ਪਲੀਤ ਕੀਤੀ ਗਈ ਤੇ ਬਹੁਤ ਸਾਰੀਆਂ ਗੁੰਮ ਹੋ ਚੁੱਕੀਆਂ ਸ਼ਖ਼ਸੀਅਤਾਂ ਨੂੰ ਲੋੜ ਅਨੁਸਾਰ ਉੱਭਾਰ ਦਿੱਤਾ। ਅਮਰੀਕਾ ਵੱਲੋਂ ਵੀਅਤਨਾਮ ਨਾਲ ਛੇੜੀ ਜੰਗ 17 ਸਾਲ ਚੱਲੀ ਪਰ ਅਮਰੀਕਾ ਜਿੱਤ ਹਾਸਲ ਨਾ ਕਰ ਸਕਿਆ। ਆਪਣੀ ਇਸ ਹਾਰ ਨੂੰ ਹਰ ਹੀਲੇ ਅਗਲੀ ਪੁਸ਼ਤ ਤੋਂ ਲੁਕਾਉਣ ਲਈ ਲਗਾਤਾਰ ਇੱਕੋ ਰਟ ਲਾਈ ਗਈ ‘ਅਮਰੀਕਾ ਦੁਨੀਆਂ ਦਾ ਅੱਵਲ ਨੰਬਰ ਇੱਕ ਮੁਲਕ ਹੈ।’ ਇਹੋ ਲਾਈਨ ਹਰ ਬੱਚੇ ਨੂੰ ਵੀ ਯਾਦ ਕਰਵਾਈ ਜਾਂਦੀ ਹੈ।
ਦਰਅਸਲ, ਕਿਸੇ ਵੀ ਕੌਮ ਲਈ ਮਾਣਮੱਤੇ ਇਤਿਹਾਸ ਦੀ ਲੋੜ ਹੁੰਦੀ ਹੈ ਤਾਂ ਜੋ ਗੌਰਵਮਈ ਪਿਛੋਕੜ ਸਦਕਾ ਪੁਸ਼ਤ ਦਰ ਪੁਸ਼ਤ ਉਸ ਕੌਮ ਦੀ ਪਛਾਣ ਤੁਰਦੀ ਰਹੇ। ਜੇ ਇਤਿਹਾਸਕ ਮਾਣਮੱਤੀਆਂ ਸ਼ਖ਼ਸੀਅਤਾਂ ਦੇ ਕਿਰਦਾਰਾਂ ਉੱਤੇ ਕਿੰਤੂ-ਪ੍ਰੰਤੂ ਵੱਡੀ ਪੱਧਰ ਉੱਤੇ ਸ਼ੁਰੂ ਹੋ ਜਾਏ ਤਾਂ ਦੋ ਤਰੀਕਿਆਂ ਨਾਲ ਮਸਲਾ ਨਜਿੱਠਿਆ ਜਾਂਦਾ ਹੈ। ਕੌਮ ਦੀ ਮਰਿਆਦਾ ਬਰਕਰਾਰ ਰੱਖਣ ਲਈ ਖ਼ੂਨ ਖ਼ਰਾਬਾ ਜਾਂ ਹੌਲੀ-ਹੌਲੀ ਕਿਸੇ ਹੋਰ ਕੌਮ ਦੀ ਮਰ ਚੁੱਕੀ ਮਾਣਮੱਤੀ ਸ਼ਖ਼ਸੀਅਤ ਵੱਲ ਝੁਕਾਓ ਹੋ ਜਾਣਾ ਤੇ ਦੂਜੀ ਕੌਮ ਦੀ ਅਧੀਨਤਾ ਸਵੀਕਾਰ ਕਰ ਲੈਣੀ। ਅਜਿਹਾ ਕੁਝ ਪੁਰਾਣੀਆਂ ਮਰ ਚੁੱਕੀਆਂ ਸੱਭਿਅਤਾਵਾਂ ਵਿੱਚ ਵਾਪਰ ਚੁੱਕਿਆ ਹੈ।
ਦੂਜੇ ਪਾਸੇ ਜਿਹੜੇ ਜਣੇ ਇਤਿਹਾਸਿਕ ਤੱਥਾਂ ਨਾਲ ਜਾਂ ਨਾਇਕਾਂ ਖ਼ਲਨਾਇਕਾਂ ਨਾਲ ਛੇੜਛਾੜ ਕਰਨ ਵਾਲੇ ਦਾ ਵਿਰੋਧ ਕਰਦੇ ਹਨ, ਉਨ੍ਹਾਂ ਦੀ ਮਨੋਦਸ਼ਾ ਬਾਰੇ ਵੀ ਜ਼ਿਕਰ ਕਰਨਾ ਬਣਦਾ ਹੈ:- ਇੱਕ ਹੁੰਦਾ ਹੈ ਬੁੱਧੀਜੀਵੀ ਵਰਗ ਜੋ ਸਮਤੋਲ ਬਣਾਉਂਦਾ ਹੋਇਆ ਦੱਬੇ- ਘੁੱਟੇ ਅੰਦਾਜ਼ ਨਾਲ ਵਿਦਰੋਹ ਵੀ ਜ਼ਾਹਿਰ ਕਰਦਾ ਹੈ, ਪਰ ਨਵੇਂ ਉਘਾੜੇ ਗਏ ਤੱਥਾਂ ਬਾਰੇ ਲੋਕ-ਰੋਹ ਵੇਖਦੇ ਹੋਏ ਜਾਂ ਲੋਕਾਂ ਵੱਲੋਂ ਸਹਿਮਤੀ ਵੇਖਦੇ ਹੋਏ ਸੱਭਿਅਕ ਸ਼ਬਦਾਂ ਨਾਲ ਆਪਣੀ ਰਾਇ ਜ਼ਾਹਿਰ ਕਰ ਦਿੰਦਾ ਹੈ।
ਦੂਜਾ ਹੁੰਦਾ ਹੈ ਨੌਜਵਾਨ ਵਰਗ ਜੋ ਸੋਚਦਾ ਘੱਟ ਹੈ ਤੇ ਭੜਕਦਾ ਵੱਧ ਹੈ। ਭੱਦੀ ਸ਼ਬਦਾਵਲੀ ਦੀ ਵਰਤੋਂ, ਮਰਨ ਮਾਰਨ ਦੀਆਂ ਧਮਕੀਆਂ ਦੇਣਾ, ਫੇਸਬੁੱਕ ‘ਤੇ ਉਬਾਲ ਕੱਢਣਾ, ਮਨ ਦੀ ਭੜਾਸ ਬੇਰੋਕ-ਟੋਕ ਕੱਢਦੇ ਰਹਿਣਾ। ਤਜਰਬੇ ਦੀ ਕਮੀ ਤੇ ਅਗਾਊਂ ਖ਼ਤਰਿਆਂ ਤੋਂ ਅਣਭਿੱਜ ਹੋਣ ਕਰ ਕੇ ਛੇਤੀ ਭਟਕ ਜਾਣ ਵਾਲੇ ਅਜਿਹੇ ਨੌਜਵਾਨਾਂ ਨੂੰ ਸਿਆਸੀ ਲੋਕ ਆਪਣੇ ਫ਼ਾਇਦੇ ਲਈ ਵੀ ਵਰਤ ਲੈਂਦੇ ਹਨ। ਤੀਜਾ ਵਰਗ ਹੁੰਦਾ ਹੈ ਮੌਕਾਪ੍ਰਸਤਾਂ ਦਾ, ਜੋ ਅਜਿਹੇ ਰੌਲੇ-ਗੌਲੇ ਵਿੱਚੋਂ ਆਪਣਾ ਮਕਸਦ ਪੂਰਾ ਕਰ ਲੈਂਦੇ ਹਨ। ਇਹ ਲੋਕ ਕਿਸੇ ਹੋਰ ਨੂੰ ਭੰਡ ਕੇ ਆਪਣੇ ਆਪ ਨੂੰ ਉਤਾਂਹ ਚੁੱਕਣ ਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਆਉਣ ਲਈ ਪੂਰਾ ਜ਼ੋਰ ਲਾ ਦਿੰਦੇ ਹਨ ਕਿਉਂਕਿ ਇਨ੍ਹਾਂ ਦੀ ਆਪਣੀ ਕੋਈ ਪ੍ਰਾਪਤੀ ਨਹੀਂ ਹੁੰਦੀ। ਇਨ੍ਹਾਂ ਨੇ ਅਸਲ ਮੁੱਦੇ ਤੋਂ ਕੁਝ ਨਹੀਂ ਲੈਣਾ ਹੁੰਦਾ। ਸਿਰਫ਼ ਦੂਜੇ ਦੀ ਲਾਈਨ ਕੱਟਣ ਦਾ ਮਿਲਿਆ ਮੌਕਾ ਖੁੰਝਾਉਣਾ ਨਹੀਂ ਚਾਹੁੰਦੇ।
ਇਨ੍ਹਾਂ ਵਿੱਚੋਂ ਕਿਹੜੀ ਚੋਣ ਸਹੀ ਹੈ, ਇਸ ਦਾ ਫ਼ੈਸਲਾ ਵਰਤਮਾਨ ਬੁੱਧੀਜੀਵੀਆਂ ਤੇ ਕਲਮਕਾਰਾਂ ਨੇ ਲੈਣਾ ਹੁੰਦਾ ਹੈ ਕਿਉਂਕਿ ਇਨ੍ਹਾਂ ਨੇ ਹੀ ਕੱਲ ਨੂੰ ਕੂਚ ਕਰ ਜਾਣ ਬਾਅਦ ਆਉਣ ਵਾਲੀ ਪੁਸ਼ਤ ਲਈ ਇਤਿਹਾਸਕਾਰ ਬਣ ਜਾਣਾ ਹੁੰਦਾ ਹੈ!