ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸਿੱਖਿਆਵਾਂ ਨੂੰ ਜੀਵਨ ‘ਚ ਢਾਲਣ ਦੀ ਲੋੜ

0
658

eg-61
ਇਨ੍ਹਾਂ ਦਿਨਾਂ ਵਿੱਚ ਸਮੇਂ ਦੇ ਹਾਕਮ ਔਰੰਗਜ਼ੇਬ ਵੱਲੋਂ ਹਿੰਦੂ ਜਨਤਾ ਉੱਤੇ ਬੇ-ਹਿਸਾਬ ਜ਼ੁਲਮ ਕੀਤੇ ਜਾ ਰਹੇ ਸਨ ਅਤੇ ਹਿੰਦੂਆਂ ਦਾ ਜਬਰੀ ਧਰਮ ਪਰਿਵਰਤਨ ਕਰਕੇ ਉਨ੍ਹਾਂ ਨੂੰ ਇਸਲਾਮ ਵਿੱਚ ਲਿਆਉਣ ਲਈ ਕੋਝੇ ਹਥਕੰਡੇ ਵਰਤੇ ਜਾ ਰਹੇ ਸਨ ਅਤੇ ਤਲਵਾਰ ਦੀ ਖੁੱਲ੍ਹ ਕੇ ਵਰਤੋਂ ਆਰੰਭ ਕਰ ਦਿੱਤੀ ਹੋਈ ਸੀ। ਜਿਸ ਕਰਕੇ ਕਸ਼ਮੀਰੀ ਪੰਡਿਤਾਂ ਦਾ ਇੱਕ ਵਫ਼ਦ ਪੰਡਿਤ ਕ੍ਰਿਪਾ ਰਾਮ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਆ ਫਰਿਆਦੀ ਹੋਇਆ। ਪੰਡਿਤਾਂ ਵੱਲੋਂ ਆਪਣੇ ਧਰਮ ਦੀ ਰੱਖਿਆ ਦੀ ਮੰਗ ਕੀਤੀ ਗਈ ਤਾਂ ਸਤਿਗੁਰੂ ਜੀ ਨੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਦੇ ਮਹਾਂਵਾਕ ਅਨੁਸਾਰ ਉਨ੍ਹਾਂ ਦੀ ਬਾਂਹ ਫੜੀ ਅਤੇ ਦਿੱਲੀ ਦਰਬਾਰ ਦੇ ਵਿਰੋਧ ਵਿੱਚ ਟੱਕਰ ਲੈਣ ਦਾ ਫੈਸਲਾ ਕੀਤਾ। ਆਪ ਨੇ ਐਲਾਨ ਕੀਤਾ ਕਿ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ£ ‘ਨਾ ਕਿਸੇ ਤੋਂ ਡਰੋ ਅਤੇ ਨਾ ਕਿਸੇ ਨੂੰ ਡਰਾਉ’।

ਇਕਵਾਕ ਸਿੰਘ ਪੱਟੀ (ਮੋਬਾਈਲ : 98150-24920)

ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 5 ਵੈਸਾਖ ਸੰਮਤ 1678, ਚੰਦ ਦੇ ਹਿਸਾਬ ਨਾਲ ਵੈਸਾਖ ਸੁਦੀ 5, 1 ਅਪ੍ਰੈਲ 1621 ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁਖੋਂ ਅੰਮ੍ਰਿਤਸਰ, ਜਿਥੇ ਅੱਜ ਗੁਰਦੁਆਰਾ ਗੁਰੂ ਕੇ ਮਹਲ ਸਥਿਤ ਹੈ, ਵਿਖੇ ਹੋਇਆ। ਆਪ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜਵੇਂ ਅਤੇ ਸਭ ਤੋਂ ਛੋਟੇ ਸਪੁੱਤਰ ਸਨ। ਆਪ ਜੀ ਨੇ 9 ਸਾਲ ਦੇ ਕਰੀਬ ਸਮਾਂ ਅੰਮ੍ਰਿਤਸਰ ਵਿਖੇ ਗੁਜ਼ਾਰਿਆ ਅਤੇ ਫਿਰ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਿਖੇ ਚਲੇ ਗਏ।
ਅਠਵੇਂ ਪਤਾਸ਼ਾਹ ਗੁਰੂ ਹਰਿਕ੍ਰਿਸਨ ਸਾਹਿਬ ਜੀ ਦਿੱਲੀ ਵਿਖੇ 3 ਵੈਸਾਖ (ਚੇਤਰ ਸੁਦੀ 14) ਸੰਮਤ 1721 (ਮੁਤਾਬਕ 30 ਮਾਰਚ, ਸੰਨ 1664) ਨੂੰ ਜੋਤੀ ਜੋਤ ਸਮਾਉਣ ਲੱਗਿਆਂ ਸੰਗਤ ਨੂੰ ਹਦਾਇਤ ਕਰ ਗਏ ਕਿ ‘ਬਾਬਾ ਵਸੇ ਗ੍ਰਾਮ ਬਕਾਲੇ’। ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਕਿਹਾ ਗਿਆ ਸੀ। ਉਸ ਸਮੇਂ ਤੱਕ ਗੁਰੂ ਸਾਹਿਬਾਨ ਪ੍ਰਤੀ ਬਾਬਾ ਲਫਜ਼ ਆਮ ਵਰਤਿਆ ਜਾਣ ਲੱਗਾ ਪਿਆ ਸੀ। (ਹਵਾਲਾ ਪ੍ਰੋ. ਸਾਹਿਬ ਸਾਹਿਬ ਸਿੰਘ ਲਿਖਤ ਜੀਵਨ ਬ੍ਰਿਤਾਂਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ’) ਭਾਈ ਗੁਰਦਾਸ ਜੀ ਵੱਲੋਂ ਵੀ ਆਪਣੀਆਂ ਵਾਰਾਂ ਵਿੱਚ ਗੁਰੂ ਨਾਨਕ ਸਾਹਿਬ ਮਾਹਰਾਜ ਲਈ ਸ਼ਬਦ ਬਾਬਾ ਵਰਤਿਆ ਗਿਆ ਸੀ। ਬੇਸ਼ੱਕ ਅੱਜ ਕੁੱਝ ਲੋਕ ਇਤਾਰਜ਼ ਕਰ ਰਹੇ ਹਨ ਕਿ ਗੁਰੂ ਨਾਨਕ ਸਾਹਿਬ ਨੂੰ ਸਿਰਫ ‘ਬਾਬਾ ਨਾਨਕ’ ਸੰਬੋਧਨ ਕਰਕੇ ਗੁਰੂ ਸਾਹਿਬਾਨ ਦੇ ਸਤਿਕਾਰ ਨੂੰ ਠੇਸ ਪਹੁੰਚਾ ਰਹੇ ਹਨ, ਜੋ ਕਿ ਨਿਰਮੂਲ ਹੈ।
ਭਾਈ ਮੱਖਣ ਸ਼ਾਹ ਲੁਭਾਣਾ ਵੱਲੋਂ ਲੱਗੀਆਂ 22 ਨਕਲੀ ਮੰਜੀਆਂ ਵਿਚੋਂ ਆਪਣੇ ਸੱਚੇ ਪ੍ਰੀਤਮ ਨੂੰ ਲੱਭਣਾ ਅਤੇ ‘ਗੁਰੂ ਲਾਧੋ ਰੇ’ ਦਾ ਨਾਅਰਾ ਮਾਰਨ ਵਾਲੀ ਸਾਖੀ ਤੋਂ ਸਾਰਾ ਸਿੱਖ ਜਗਤ ਵਾਕਿਫ ਹੈ, ਉਹ ਗੱਲ ਵੱਖਰੀ ਹੈ ਕਿ ਅੱਜ ਦਾ ਸਿੱਖ ਸ਼ਰਧਾਲੂ ਪ੍ਰਤੱਖ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਵੇਖ ਕੇ ਵੀ ਕੋਲ ਡੱਠੀ ਇੱਕ ਨਕਲੀ ਮੰਜੀ ‘ਤੇ ਰੱਖੇ ਬਚਿੱਤਰ ਨਾਟਕ ਨੂੰ ਵੀ ਬਰਾਬਰ ਮਾਨਤਾ ਦੇਈ ਜਾਣ ਤੇ ਚੁੱਪ ਕਰਕੇ ਬੈਠਾ ”ਮੈਨੂੰ ਕੀ?” ਵਾਲੀ ਵਿਚਾਰਧਾਰਾ ਦਾ ਧਾਰਨੀ ਬਣ ਗਿਆ ਹੈ ਅਤੇ ਪ੍ਰਤੱਖ ਗੁਰੂ ਹੁੰਦਾ ਹੋਇਆ ਵੀ ਦੁੱਚਿਤੀ ਵਿੱਚ ਫਸਿਆ ਪਿਆ ਹੈ। ਖੈਰ! ਆਪਣੇ ਵਿਸ਼ੇ ਵੱਲ ਆਈਏ।
ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਮੁੱਚੀ ਮਾਨਵਤਾ ਨੂੰ ਸਰਬ ਸਾਂਝਾ ਉਪਦੇਸ਼ ਦੇਣ ਲਈ ਅਤੇ ਇਕ ਨਵੀਂ ਨਿਰੋਈ ਜੀਵਣ ਜਾਂਚ ਜਿਸ ਦਾ ਮੁੱਢ ਬਾਬਾ ਨਾਨਕ ਜੀ ਰੱਖ ਕੇ ਗਏ ਸਨ, ਨੂੰ ਅੱਗੇ ਵਧਾਉਣ ਲਈ ਲੰਮੇ-ਲੰਮੇ ਪ੍ਰਚਾਰਕ ਦੌਰੇ ਕੀਤੇ। ਆਪ ਜੀ ਮਾਖੋਵਾਲ ਪਿੰਡ ਦੀ ਜ਼ਮੀਨ ਮੁੱਲ ਲੈ ਕੇ ਮਾਤਾ ਨਾਨਕੀ ਜੀ ਦੇ ਨਾਮ ਤੇ  ‘ਚੱਕ ਨਾਨਕੀ’ ਨਾਮੀ ਨਗਰ ਵਸਾਇਆ ਜਿਸ ਨੂੰ ਹੁਣ ਸ੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਇਨ੍ਹਾਂ ਦਿਨਾਂ ਵਿੱਚ ਸਮੇਂ ਦੇ ਹਾਕਮ ਔਰੰਗਜ਼ੇਬ ਵੱਲੋਂ ਹਿੰਦੂ ਜਨਤਾ ਉੱਤੇ ਬੇ-ਹਿਸਾਬ ਜ਼ੁਲਮ ਕੀਤੇ ਜਾ ਰਹੇ ਸਨ ਅਤੇ ਹਿੰਦੂਆਂ ਦਾ ਜਬਰੀ ਧਰਮ ਪਰਿਵਰਤਨ ਕਰਕੇ ਉਨ੍ਹਾਂ ਨੂੰ ਇਸਲਾਮ ਵਿੱਚ ਲਿਆਉਣ ਲਈ ਕੋਝੇ ਹਥਕੰਡੇ ਵਰਤੇ ਜਾ ਰਹੇ ਸਨ ਅਤੇ ਤਲਵਾਰ ਦੀ ਖੁੱਲ੍ਹ ਕੇ ਵਰਤੋਂ ਆਰੰਭ ਕਰ ਦਿੱਤੀ ਹੋਈ ਸੀ। ਜਿਸ ਕਰਕੇ ਕਸ਼ਮੀਰੀ ਪੰਡਿਤਾਂ ਦਾ ਇੱਕ ਵਫ਼ਦ ਪੰਡਿਤ ਕ੍ਰਿਪਾ ਰਾਮ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਆ ਫਰਿਆਦੀ ਹੋਇਆ। ਪੰਡਿਤਾਂ ਵੱਲੋਂ ਆਪਣੇ ਧਰਮ ਦੀ ਰੱਖਿਆ ਦੀ ਮੰਗ ਕੀਤੀ ਗਈ ਤਾਂ ਸਤਿਗੁਰੂ ਜੀ ਨੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਦੇ ਮਹਾਂਵਾਕ ਅਨੁਸਾਰ ਉਨ੍ਹਾਂ ਦੀ ਬਾਂਹ ਫੜੀ ਅਤੇ ਦਿੱਲੀ ਦਰਬਾਰ ਦੇ ਵਿਰੋਧ ਵਿੱਚ ਟੱਕਰ ਲੈਣ ਦਾ ਫੈਸਲਾ ਕੀਤਾ। ਆਪ ਨੇ ਐਲਾਨ ਕੀਤਾ ਕਿ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ£ ‘ਨਾ ਕਿਸੇ ਤੋਂ ਡਰੋ ਅਤੇ ਨਾ ਕਿਸੇ ਨੂੰ ਡਰਾਉ’।
ਗ੍ਰਿਫਤਾਰੀ ਮੌਕੇ ਗੁਰੂ ਜੀ ਨਾਲ ਤਿੰਨ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਇਆਲਾ ਜੀ ਸਨ। ਇਸ ਮੌਕੇ ਆਪ ਜੀ ਨੂੰ ਮੁਸਲਮਾਨ ਬਣਨ ਲਈ ਕਈ ਤਰ੍ਹਾਂ ਦੇ ਲਾਲਚ ਤੋਂ ਇਲਾਵਾ ਡਰਾਇਆ ਧਮਕਾਇਆ ਗਿਆ ਅਤੇ ਕਤਲ ਤੱਕ ਕਰਨ ਦਾ ਹੁਕਮ ਦਿੱਤਾ ਗਿਆ ਕਿ ਸ਼ਾਇਦ ਮੌਤ ਦੇ ਡਰਾਵੇ ਨਾਲ ਗੁਰੂ ਜੀ ਇਸਲਾਮ ਕਬੂਲ ਕਰ ਲੈਣ। ਜੈਸਾ ਕਿ ਸੈਰੁਲ ਮਤਾਖ਼ਰੀਨ ਦਾ ਲਿਖਾਰੀ ਲਿਖਦਾ ਹੈ ਕਿ ”ਬਾਅਦ ਚੰਦ ਰੋਜ਼ ਹੁਕਮਿ ਦੀਗ ਦਰ ਬਾਰਾਏ ਤੇਗ਼ ਬਹਾਦਰ ਰਸੀਦ ਕਿ ਊ ਰਾ ਕੁਸ਼ਤਹ ਵਜੂਦਸ਼ ਰਾ ਚੰਦ ਹਿੱਸਾ ਨਮੂਦਹ ਅਤਰਾਫ਼ੇ ਸ਼ਹਿਰ ਬਿਆਵੇਗ਼ੰਦ” ਭਾਵ- ਗੁਰੂ ਤੇਗ ਬਹਾਦਰ ਨੂੰ ਕਤਲ ਕੀਤਾ ਜਾਵੇ, ਉਸ ਦੇ ਜਿਸਮ ਦੇ ਟੋਟੇ ਕਰਕੇ ਸ਼ਹਿਰ ਦੇ ਸਭਨੀ ਪਾਸੀਂ ਲਟਕਾ ਦਿੱਤੇ ਜਾਣ। ਇਸ ਤਰ੍ਹਾਂ ਦੇ ਡਾਰਵਿਆਂ ਦੇ ਨਾਲ ਆਪ ਜੀ ਦੀਆਂ ਅੱਖਾਂ ਸਾਹਵੇਂ ਆਪ ਜੀ ਦੇ ਅੰਨਿਨ ਸਿੱਖ ਸ਼ਰਧਾਲੂ ਭਾਈ ਮਤੀ ਦਾਸ ਜੀ ਨੂੰ ਜਿਊਂਦੇ ਜੀਅ ਆਰਿਆਂ ਨਾਲ ਚੀਰ ਕੇ ਦੋਫਾੜ ਕਰ ਦਿੱਤਾ ਗਿਆ, ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕਿ ਜਿਉਂਦਾ ਸਾੜਿਆ ਗਿਆ ਅਤੇ ਭਾਈ ਦਇਆਲਾ ਜੀ ਨੂੰ ਉਬਲਦੇ ਪਾਣੀ ਦੀ ਦੇਗ ਵਿੱਚ ਪਾ ਕੇ ਸ਼ਹੀਦ ਕਰ ਦਿੱਤਾ ਗਿਆ। ਪਰ ਉਨ੍ਹਾਂ ਜ਼ਾਲਮਾਂ ਦੇ ਇਹ ਡਰਾਵੇ ਸਾਹਿਬ ਗੁਰੂ ਤੇਗ ਬਹਾਦੁਰ ਜੀ ਦੇ ਨਿਸਚੇ ਨੂੰ ਨਾ ਡੇਗ ਸਕੇ ਅਤੇ ਅੰਤ 11 ਨਵੰਬਰ ਸੰਨ 1675, ਵੀਰਵਾਰ ਦੇਸੀ ਸੰਮਤ 1732 ਮੱਘਰ ਮਹੀਨੇ ਦੀ 11 ਤਰੀਕ ਨੂੰ ਚਾਂਦਨੀ ਚੌਕ ਵਿਖੇ ਨੌਵੇਂ ਪਤਾਸ਼ਾਹ ਸਤਿਗੁਰੂ ਜੀ ਨੂੰ ਤਲਵਾਰ ਨਾਲ ਸੀਸ ਧੜ ਤੋਂ ਵੱਖ ਕਰਕੇ ਸ਼ਹੀਦ ਕਰ ਦਿੱਤਾ ਗਿਆ। ਜਿੱਥੇ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ ਸਸ਼ੋਭਿਤ ਹੈ।
ਇਸ ਸ਼ਹੀਦੀ ਨੂੰ ਵੇਖ ਕੇ ਲੋਕਾਂ ਵਿੱਚ ਹਾਹਕਾਰ ਮੱਚ ਗਈ ਅਤੇ ਇਸੇ ਭਗਦੜ ਦੌਰਾਨ ਭਾਈ ਜੈਤਾ ਜੀ ਨੇ ਹਿੰਮਤ ਕਰਕੇ ਗੁਰੂ ਸਾਹਿਬ ਦਾ ਸੀਸ ਚੁੱਕ ਦਿੱਲੀ ਤੋਂ 200 ਮੀਲ ਦੀ ਵਿੱਥ ‘ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਾਇਆ ਅਤੇ ਦੂਜੇ ਪਾਸੇ ਭਾਈ ਲੱਖੀ ਸ਼ਾਹ ਵਣਜਾਰਾ ਅਤੇ ਭਾਈ ਊਦਾ ਜੀ ਨੇ ਸਲਾਹ ਕਰਕੇ ਸਮੇਂ ਨੂੰ ਸੰਭਾਲਦਿਆਂ ਗੁਰੂ ਜੀ ਦਾ ਧੜ ਮੁਗਲਾਂ ਦੇ ਘੇਰੇ ਵਿੱਚੋਂ ਚੁੱਕ ਲਿਆਂਦਾ ਅਤੇ ਤਿੰਨ ਮੀਲ ਦੀ ਵਿੱਥ ‘ਤੇ ਰਕਾਬ ਗੰਜ ਵਿਖੇ ਭਾਈ ਲੱਖੀ ਨੇ ਆਪਣੇ ਘਰ ਵਿੱਚ ਗੁਰੂ ਜੀ ਦਾ ਧੜ ਰੱਖ ਸਮੇਤ ਸਾਰੇ ਸਾਮਾਨ ਦੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਆਪਣਾ ਸੱਚਾ ਸੁੱਚਾ ਫਰਜ਼ ਪੂਰਾ ਕਰ ਦਿੱਤਾ। ਉਸ ਸਥਾਨ ਤੇ ਗੁਰਦੁਆਰਾ ਰਕਾਬਗੰਜ ਸਾਹਿਬ, ਦਿੱਲੀ ਸੁਸ਼ੋਭਿਤ ਹੈ। ਭਾਈ ਜੈਤਾ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗਲ ਨਾਲ ਲਗਾ ਕੇ ‘ਰੰਘਰੇਟੇ ਗੁਰੂ ਕੇ ਬੇਟੇ’ ਕਹਿ ਕੇ ਮਾਣ ਦਿੱਤਾ ਅਤੇ 1699 ਦੀ ਵਿਸਾਖੀ ਨੂੰ ਖਾਲਸਾ ਸਜਾਉਣ ਵਕਤ ਜੈਤਾ ਜੀ ਨੂੰ ਜੀਵਣ ਸਿੰਘ ਅਤੇ ਭਾਈ ਊਦਾ ਜੀ ਨੂੰ ‘ਉਦੈ ਸਿੰਘ ਬਣਾ ਦਿੱਤਾ। ਜਿਥੇ ਗੁਰੂ ਜੀ ਦੇ ਸੀਸ ਦਾ ਸਤਿਕਾਰ ਹੋਇਆ, ਉਥੇ ਹੁਣ ਗੁਰਦੁਆਰਾ ਸੀਸ ਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸੁਸ਼ੋਭਿਤ ਹੈ।
ਸਿੱਖਿਆਵਾਂ :
ਆਪ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ 59 ਸ਼ਬਦ ਅਤੇ 57 ਸਲੋਕ ਹਨ। ਆਪ ਜੀ ਨੇ ਜੈਜਾਵੰਤ ਰਾਗ ਵਿੱਚ ਆਪਣੀ ਬਾਣੀ ਉਚਾਰੀ। ਆਪ ਜੀ ਨੇ ਮਨੁੱਖਤਾ ਨੂੰ ਸਰਬਸਾਂਝਾ ਉਪਦੇਸ਼ ਦਿੱਤਾ ਅਤੇ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੋਰ ਮਜ਼ਬੂਤੀ ਨਾਲ ਦ੍ਰਿੜ ਕਰਵਾਇਆ ਕਿ ਇਹ ਰਚਨਾ ਪ੍ਰਮਾਤਮਾ ਦੀ ਬਣਾਈ ਹੋਈ ਹੈ ਅਤੇ ਅਕਾਲ ਪੁਰਖ ਆ ਪਇਸ ਕਾਇਨਾਤ ਵਿੱਚ ਵੱਸ ਰਿਹਾ ਹੈ :
ਕਾਹੇ ਰੇ ਬਨ ਖੋਜਨ ਜਾਹੀ £ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ £
(ਧਨਾਸਾਰੀ ਮਹਲਾ 9, ਪੰਨਾ 684)
ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ £
(ਰਾਗ ਬਸੰਤ ਹਿੰਡੋਲ ਮਹਲਾ 9, ਪੰਨਾ 1186)
ਮਨੁੱਖਾ ਜੀਵਣ ਦਾ ਮਨੋਰਥ ਸਮਝਾਉਂਦਿਆਂ ਮਨੁੱਖ ਨੂੰ ਦੱਸਿਆ ਕਿ,
ਸਾਧੋ ਗੋਬਿੰਦ ਕੇ ਗੁਨ ਗਾਵਉ £
ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ £
(ਗਉੜੀ ਮਹਲਾ 9, ਪੰਨਾ 219)
ਗੁਨ ਗੋਬਿੰਦ ਗਾਇਓ ਨਹੀਂ ਜਨਮੁ ਅਕਾਰਥ ਕੀਨੁ £
(ਸਲੋਕ ਮਹਲਾ 9, ਸਲੋਕ 1, ਪੰਨਾ 1426)
ਇਸ ਜਗਤ ਦੀ ਅਸਥਿਰਤਾ ਬਾਰੇ ਆਪ ਜੀ ਨੇ ਪਾਵਣੁ ਗੁਰਬਾਣੀ ਅੰਦਰ ਫੁਰਮਾਣ ਕੀਤਾ
ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ £
ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ £ (ਸਲੋਕ 49, ਪੰਨਾ 1429)
ਆਪ ਜੀ ਨੇ ਪਾਵਣ ਬਾਣੀ ਵਿੱਚ ਦੱਸਿਆ ਕਿ ਮਨੁੱਖ ਸੁੱਖਾਂ ਦੀ ਪ੍ਰਾਪਤੀ ਅਤੇ ਲਾਲਸਾ ਵਿੱਚ ਹੋਰ ਵੀ ਜ਼ਿਆਦਾ ਦੁਖ ਭੋਗਦਾ ਹੈ, ਸੰਸਾਰ ਵਿੱਚ ਉਹੀ ਹੁੰਦਾ ਹੈ ਜੋ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ :
ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ £
ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ £ (ਸਲੋਕ 39, ਪੰਨਾ 1428)
ਆਪ ਜੀ ਨੇ ਫੁਰਮਿÂਆ ਕੇ ਮਨੁੱਖ ਦਿਨ ਰਾਤ ਮਾਇਆ ਪਿੱਛੇ ਭੱਜਿਆ ਫਿਰਦਾ ਹੈ, ਪਰ ਫਿਰ ਵੀ ਇਸ ਦੇ ਮਨ ਦੀ ਮੈਲ ਦੂਰ ਨਹੀਂ ਹੁੰਦੀ:
ਮਗਨ ਰਹਿਓ ਮਾਇਆ ਮੈ ਨਿਸ ਦਿਨਿ ਛੁਟੀ ਨ ਮਨ ਕੀ ਕਾਈ (ਟੋਡੀ ਮਹਲਾ 9, ਪੰਨਾ 718)
ਬੇਸ਼ੱਕ ਅੱਜ ਕੱਲ੍ਹ ਦੇ ਅਖੌਤੀ ਬਾਬੇ ਆਪਣੇ ਨਾਲ ਗੰਨਮੈਨ, ਆਕਸੀਜਨਾਂ, ਜੈੱਡ ਸੁਰੱਖਿਆ ਨਾਲ ਨਾਲ ਲਈ ਫਿਰਦੇ ਹਨ ਅਤੇ ਦੂਜੇ ਪਾਸੇ ਆਪਣੇ ਰੱਬ ਹੋਣ ਦਾ ਦਾਅਵਾ ਵੀ ਕਰਦੇ ਹਨ ਪਰ ਸਗਿਤੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਪਸ਼ਟ ਕਰ ਦਿੱਤਾ ਕਿ ਮਾਇਆ ਵਿੱਚ ਖੱਚਤ ਜੀਵ ਨੂੰ ਹੀ ਮੌਤ ਦਾ ਡਰ ਹੁੰਦਾ ਹੈ ਤੇ ਇਸ ਡਰ ਤੋਂ ਛੁਟਕਾਰਾ ਸਿਰਫ ਅਕਾਲਪੁਰਖ ਨਾਲ ਪਿਆਰ ਪਾਉਣ ਉਪਰੰਤ ਹੀ ਮਿਲ ਸਕਦਾ ਹੈ ਅਤੇ ਜੋ ਨਾਮ ਸਿਮਰਨ ਨਹੀਂ ਕਰਦੇ ਉਹੀ ਜਨਮ ਮਰਨ ਦੇ ਗੇੜ ਵਿੱਚ ਫਸੇ ਰਹਿੰਦੇ ਹਨ :
ਪ੍ਰਾਨੀ ਰਾਮੁ ਨ ਚੇਤਈ ਮਦਿ ਮਾਇਆ ਕੈ ਅੰਧੁ £
ਕਹੁ ਨਾਨਕ ਹਰਿ ਭਜਨ ਬਿਨੁ ਪਰਤ ਤਾਹਿ ਜਮ ਫੰਧ £ (ਸਲੋਕ 31, ਪੰਨਾ 1428)
ਅਖੌਤੀ ਤੀਰਥਾਂ ਬਾਰੇ ਸਪਸ਼ਟ ਕਰਦਿਆਂ ਆਪ ਜੀ ਨੇ ਫੁਰਮਾਇਆ:
ਕਹਾ ਭਇਓ ਤੀਰਥ ਬ੍ਰਤ ਕੀਏ ਰਾਮ ਸਰਨਿ ਨਹੀਂ ਆਵੈ £
ਜੋਗ ਜਗ ਨਿਹਫਲ ਤਿਹ ਮਾਨਉ ਜੋ ਪ੍ਰਭ ਜਸੁ ਬਿਸਰਾਵੈ £ (ਬਿਲਾਵਲੁ ਮਹਲਾ 9, ਪੰਨਾ 830)
ਇਸ ਤਰਾਂ੍ਹ ਸਾਨੂੰ ਸਤਿਗੁਰੂ ਜੀ ਦੀ ਪਾਵਣ ਬਾਣੀ ਤੋਂ ਹਰ ਤਰ੍ਹਾਂ ਦੀ ਜੀਵਣ ਸਬੰਧੀ ਸੇਧ ਮਿਲਦੀ ਹੈ ਜੋ ਉਨ੍ਹਾਂ ਦੀ ਬਾਣੀ ਨੂੰ ਸਹਿਜ ਨਾਲ ਪੜ੍ਹਿਆਂ ਹੀ ਪਤਾ ਲੱਗ ਸਕਦਾ ਹੈ। ਸੋ ਆਉ! ਉਨ੍ਹਾਂ ਦੀ ਸ਼ਹਾਦਤ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਉਨ੍ਹਾਂ ਦੀਆਂ ਸਿੱਖਿਆਂਵਾਂ ਨੂੰ ਆਪਣੇ ਜੀਵਣ ਵਿੱਚ ਢਾਲੀਏ ਅਤੇ ਗੁਰ ਉਪਦੇਸ਼ਾਂ ਮੁਤਾਬਕ ਜੀਵਣ ਜੀਉਣ ਦਾ ਵੱਲ ਸਿੱਖੀਏ।