ਅਦੁੱਤੀ ਅਤੇ ਅਜ਼ੀਮ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ

0
498

gurugobindsingh
”ਹਾਂ, ਸੁਹਣੇ ਕੇਸਾਂ ਵਾਲਿਆ! ਤੂੰ ਹੀ ਆਪਣੇ ਜਾਏ, ਸਾਡੇ ਪਾਪਾਂ ਦੀ ਜਗਵੇਦੀ ਤੇ ਬਲੀ ਦੇ ਕੇ ਆਖਿਆ ਸੀ ਕਿ ਇਹ ਮੇਰੇ ਚਾਰ ਪੁੱਤਰ ਸ਼ਹੀਦ ਹੋਏ ਹਨ, ਪਰ ਮੇਰੇ ਲੱਖਾਂ ਪੁੱਤਰ ਹੋਰ ਹਨ-ਜੋ ਖਾਲਸਾ ਕਹੀਦੇ ਹਨ ਤੇ ਏਹ ਮੇਰੇ ਖਾਲਸਾ ਜੀ ਇਕ ‘ਪੁੱਤਰ-ਸੋਮਾ’ ਹੈ। ਮੇਰਾ ਇਹ ਪੁੱਤਰ-ਅਮਰ ਪੁੱਤਰ ਹੈ, ਸਦਾ ਜੀਏਗਾ। ‘ਖਾਲਸਾ’ ਅਮਰ ਹੈ। ਹਾਂ, ਤੂੰ ਸਾਨੂੰ ਪੁੱਤਰ ਬਣਾਇਆ ਸੀ, ਤੇ ਅਮਰ ਪੁੱਤਰ ਬਣਾਇਆ ਸੀ। ਫੇਰ ਤੇਰੇ ਇਹ ਅਮਰ ਬੱਚੇ ਕੀਕੂੰ ਨਾ, ਤੇਰੇ ਆਪਣੇ ਜਾਏ ਬੱਚਿਆਂ ਵਾਲੀ ਅਹਿੱਲ, ਅਝੁੱਕ, ਅਬੁਝ ਅੱਗ ਦਾ ਅਲਾਂਬਾ ਹੋਣ।”-ਭਾਈ ਵੀਰ ਸਿੰਘ

ਡਾ. ਜਸਪਾਲ ਸਿੰਘ

ਹਕੀਮ ਅੱਲਾ ਯਾਰ ਖਾਂ ਜੋਗੀ ਨੇ ਆਪਣੀ ਰਚਨਾ ‘ਗੰਜਿ-ਸ਼ਹੀਦਾਂ’ ਵਿਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸ਼ਖ਼ਸੀਅਤ ਦਾ ਬਿਆਨ ਬੜੇ ਖੂਬਸੂਰਤ ਸ਼ਬਦਾਂ ਵਿਚ ਕੀਤਾ ਹੈ। ਉਸ ਦਾ ਕਹਿਣਾ ਹੈ :
ਇਨਸਾਫ਼ ਕਰੇ ਜੀ ਮੇਂ ਜ਼ਮਾਨਾ ਤੋਂ ਯਕੀਂ ਹੈ।
ਕਹਿ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ।
ਯਹ ਪਿਆਰ ਮੁਰੀਦੋਂ ਸੇ ਯੇਹ ਸ਼ਫ਼ਕਤ ਭੀ ਕਹੀਂ ਹੈ ?
ਭਗਤੀ ਮੇਂ ਗੁਰੂ ਅਰਸ਼, ਸੰਸਾਰ ਜ਼ਿਮੀਂ ਹੈ।
ਉਲਫ਼ਤ ਕੇ ਯੇ ਜਜ਼ਬੇ ਨਹੀਂ ਦੇਖੇ ਕਹੀਂ ਹਮ ਨੇ।
ਹੈ ਦੇਖਨਾ ਇਕ ਬਾਤ ਸੁਨੇ ਭੀ ਨਹੀਂ ਹਮ ਨੇ।
ਇਕ ਹੋਰ ਥਾਂ ਪੀਰਾਂ-ਪੈਗੰਬਰਾਂ ਵਿਚ ਗੁਰੂ ਸਾਹਿਬ ਦੇ ਸਿਰਮੌਰ ਰੁਤਬੇ ਬਾਰੇ ਉਸ ਦਾ ਕਥਨ ਹੈ ਕਿ ਯਾਕੂਬ ਨੂੰ ਆਪਣੇ ਪੁੱਤਰ ਯੂਸਫ਼ ਦੀ ਜੁਦਾਈ ਵਿਚ ਉਮਰ ਭਰ ਰੋਣਾ ਪਿਆ ਸੀ ਪਰ ਸਾਰੇ ਰਸੂਲਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਵਰਗਾ ਸਬਰ-ਸਬੂਰੀ ਵਾਲਾ ਕੋਈ ਹੋਰ ਨਹੀਂ ਹੋਇਆ, ਜਿਸ ਨੇ ਚਾਰ ਬੇਟੇ ਕਟਵਾ ਕੇ ਇਕ ਹੰਝੂ ਵੀ ਨਹੀਂ ਕੇਰਿਆ। ਕੋਈ ਸ਼ੱਕ ਨਹੀਂ, ਗੁਰੂ ਜੀ ਨੇ ਰਿਸ਼ੀਆਂ ਦੇ ਮਰਤਬੇ ਨੂੰ ਹੋਰ ਉੱਚਾ ਕਰ ਦਿੱਤਾ ਸੀ।
ਯਾਕੂਬ ਕੋ ਯੂਸਫ਼ ਕੇ ਬਿਛੜਨੇ ਨੇ ਰੁਲਾਯਾ।
ਸਾਬਰ ਕੋਈ ਕਮ ਐਸਾ ਰਸੂਲੋਂ ਮੇਂ ਹੈ ਆਯਾ।
ਕਟਵਾ ਕੇ ਪਿਸਰ ਚਾਰ ਇਕ ਆਂਸੂ ਨਾ ਗਿਰਾਯਾ।
ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀਓਂ ਕਾ ਬੜ੍ਹਾਯਾ।
ਅਦੁੱਤੀ ਸ਼ਖ਼ਸੀਅਤ ਦੇ ਮਾਲਕ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਕਿਸੇ ਵੀ ਪਹਿਲੂ ਦੀ ਗੱਲ ਕਰੀਏ ਤਾਂ ਕਲਮ ਜੁਆਬ ਦੇ ਜਾਂਦੀ ਹੈ। ਇਨਸਾਨੀ ਸਮਰੱਥਾ ਤੋਂ ਪਰ੍ਹੇ ਹੈ ਉਨ੍ਹਾਂ ਦੀ ਸ਼ਖ਼ਸੀਅਤ ਦਾ ਬਿਆਨ। ਇਕ ਧਰਮ-ਗੁਰੂ, ਇਕ ਵਿਚਾਰਕ, ਇਕ ਕ੍ਰਾਂਤੀਕਾਰੀ, ਇਕ ਯੋਧਾ-ਜਰਨੈਲ, ਇਕ ਸਰਬੰਸਦਾਨੀ, ਇਕ ਸ਼ਾਇਰ, ਇਕ ਸਾਹਿਤਕਾਰ ਅਤੇ ਸਾਹਿਤਕਾਰਾਂ ਦੀ ਸਰਪ੍ਰਸਤੀ ਕਰਨ ਵਾਲੇ ਯੁਗਪੁਰਸ਼ ਦੀ ਤਰ੍ਹਾਂ ਉਨ੍ਹਾਂ ਦੀ ਭੂਮਿਕਾ ਅਦੁੱਤੀ ਰਹੀ ਹੈ।
ਆਪਣੇ ਜੀਵਨ ਦੇ ਉਦੇਸ਼ ਨੂੰ ਸਪਸ਼ਟ ਕਰਦਿਆਂ ਆਪਣੀ ਆਤਮਕਥਾ ਵਿਚ ਗੁਰੂ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਪਰਮ-ਪੁਰਖ ਪਰਮਾਤਮਾ ਨੇ ਸੰਸਾਰ ‘ਤੇ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਭੇਜਿਆ ਹੈ ਅਤੇ ਨਾਲ ਹੀ ਇਹ ਫ਼ਰਮਾਨ ਵੀ ਦਿੱਤਾ ਹੈ ਕਿ ਜਿਥੇ ਕਿਤੇ ਲੋੜ ਪਵੇ, ਧਰਮ ਦੇ ਪਾਸਾਰ ਵਿਚ ਰੁਕਾਵਟ ਬਣਨ ਵਾਲੇ ਦੋਖੀਆਂ ਤੇ ਦੁਸ਼ਟਾਂ ਨੂੰ ਸਬਕ ਸਿਖਾਵਾਂ। ‘ਸ੍ਰੀ ਗੁਰੂ ਸੋਭਾ’ ਦੇ ਰਚਨਾਕਾਰ ਕਵੀ ਸੈਨਾਪਤੀ ਦਾ ਗੁਰੂ ਸਾਹਿਬ ਦੇ ਜੀਵਨ ਉਦੇਸ਼ ਬਾਰੇ ਕਥਨ ਹੈ-‘ਦੁਸ਼ਟ ਬਿਡਾਰਣ ਸੰਤ ਉਬਾਰਨ, ਸਭ ਜਗ ਤਾਰਣ ਭਵ ਹਰਣ’, ਅਰਥਾਤ ਧਰਮ ਦੇ ਪ੍ਰਚਾਰ ਲਈ, ਸੰਤਾਂ ਦੀ ਰੱਖਿਆ ਕਰਨੀ ਅਤੇ ਧਰਮੀ ਨਿਜਾਮ ਦੀ ਕਾਇਮੀ ਦੀ ਰਾਹ ਵਿਚ ਰੁਕਾਵਟ ਪਾਉਣ ਵਾਲੇ ਦੁਸ਼ਟਾਂ ਦਾ ਨਾਸ਼ ਕਰਨਾ ਗੁਰੂ ਸਾਹਿਬ ਦੇ ਜੀਵਨ ਦਾ ਮੁੱਖ ਉਦੇਸ਼ ਸੀ।
ਪਰ ਇਹ ਵੀ ਜੱਗ ਜ਼ਾਹਰ ਹੈ ਕਿ ਇਸ ਮਹਾਨ-ਪਵਿੱਤਰ ਉਦੇਸ਼ ਦੀ ਪ੍ਰਾਪਤੀ ਲਈ ਗੁਰੂ ਸਾਹਿਬ ਨੂੰ ਸਾਰਾ ਜੀਵਨ ਸੰਘਰਸ਼ ਕਰਨਾ ਪਿਆ। ਅਤਿ ਦੀ ਅਡੋਲਤਾ, ਦ੍ਰਿੜ੍ਹਤਾ ਅਤੇ ਪਰਿਪੱਕਤਾ ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਜ਼ਰੂਰੀ ਸੀ। ਅਕਾਲ-ਪੁਰਖ ਨਾਲ ਕੀਤੇ ਅਹਿਦ ਉੱਪਰ ਕਿਸ ਤਰ੍ਹਾਂ ਪਰਵਾਨ ਚੜ੍ਹੇ ਹਨ ਗੁਰੂ ਗੋਬਿੰਦ ਸਿੰਘ ਜੀ, ਇਸ ਦੀ ਜਿਊਂਦੀ ਜਾਗਦੀ ਮਿਸਾਲ ਪਟਨੇ ਵਿਚ ਪ੍ਰਕਾਸ਼ ਤੋਂ ਲੈ ਕੇ ਅਨੰਦਪੁਰ ਤੱਕ ਅਤੇ ਅਨੰਦਪੁਰ ਤਿਆਗਣ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਦੀ ਉਨ੍ਹਾਂ ਦੀ ਜੀਵਨ ਯਾਤਰਾ ਹੈ।
ਇਤਿਹਾਸ ਗਵਾਹ ਹੈ ਕਿ ਅਨੰਦਪੁਰ ਦਾ ਉਜਾੜਾ, ਪਰਿਵਾਰ ਦਾ ਵਿਛੋੜਾ, ਸਾਹਿਬਜ਼ਾਦਿਆਂ ਦੀ ਸ਼ਹਾਦਤ ਵਰਗੀਆਂ ਘਟਨਾਵਾਂ ਗੁਰੂ ਸਾਹਿਬ ਦੇ ਦ੍ਰਿੜ੍ਹ ਸੰਕਲਪ ਨੂੰ ਡੁਲਾ ਨਹੀਂ ਸਕੀਆਂ। ਚਾਰੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੇਣ ਤੋਂ ਬਾਅਦ ਜ਼ਫ਼ਰਨਾਮੇ ਵਿਚ ਗੁਰੂ ਸਾਹਿਬ ਨੇ ਫ਼ਰਮਾਇਆ ਸੀ ਕਿ ਕੀ ਹੋਇਆ ਜੇ ਮੇਰੇ ਚਾਰ ਬੱਚੇ ਮਾਰ ਦਿੱਤੇ ਗਏ, ਆਖਰ ਵਿਚ ਸ਼ਹਿਨਸ਼ਾਹੀਅਤ ਭੁਜੰਗੀ ਖਾਲਸੇ ਪਾਸੋਂ ਮਾਰ ਖਾਵੇਗੀ। ਔਰੰਗਜ਼ੇਬ ਨੂੰ ਕਹੇ ਤਾੜਨਾ ਭਰੇ ਇਹ ਬਚਨ ਗੁਰੂ ਸਾਹਿਬ ਦੇ ਬੁਲੰਦ ਹੌਸਲਿਆਂ ਦੀ ਗਵਾਹੀ ਭਰਦੇ ਹਨ-‘ਚੰਗਿਆੜੀਆਂ ਨੂੰ ਬੁਝਾਉਣ ਵਿਚ ਤੇਰੀ ਕੀ ਬਹਾਦਰੀ ਹੈ ਜਦਕਿ ਤੂੰ ਇਕ ਪਰਚੰਡ ਜਵਾਲਾ ਨੂੰ ਹੋਰ ਭੜਕਾ ਰਿਹਾ ਹੈ’ :
ਚਿਹਾ ਸ਼ੁਦ ਕਿ ਚੂੰ ਬਚਗਾਂ ਕੁਸ਼ਤ ਚਾਰ।
ਕਿ ਬਾਕੀ ਬਿਮਾਂਦਸਤ ਪੇਚੀਦਾ ਮਾਰ।
ਚਿਹ ਮਰਦੀ ਕਿ ਅਖ਼ਗਰ ਖਮੋਸ਼ਾਂ ਕੁਨੀ।
ਕਿ ਆਤਿਸ਼ ਦਮਾਂ ਰਾ ਫਰੋਜ਼ਾਂ ਕੁਨੀ।
ਸੁਆਮੀ ਵਿਵੇਕਾਨੰਦ ਨੇ ਭਾਰਤ ਦੇ ਇਤਿਹਾਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਵਿਲੱਖਣ ਮੁਕਾਮ ਬਾਰੇ ਟਿੱਪਣੀ ਕਰਦਿਆਂ ਅਤੇ ਆਪਣੀ ਅਕੀਦਤ ਪੇਸ਼ ਕਰਦਿਆਂ ਕਿਹਾ ਸੀ, ‘ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਇਹੋ ਜਿਹੀ ਦੀਖਿਆ (ਅੰਮ੍ਰਿਤ ਦੀ ਦਾਤ) ਦਿੱਤੀ ਸੀ, ਜਿਸ ਨਾਲ ਉਨ੍ਹਾਂ ਵਿਚ ਅਥਾਹ ਸ਼ਕਤੀ ਦਾ ਸੰਚਾਰ ਹੋ ਗਿਆ ਸੀ। ਹਰ ਇਕ ਦੀਖਿਅਤ ਮਨੁੱਖ ਵਿਚ ਸਵਾ ਲੱਖ ਲੋਕਾਂ ਦੀ ਸ਼ਕਤੀ ਸਮਾਹਿਤ ਹੋ ਗਈ ਸੀ। ਭਾਰਤ ਵਿਚ, ਉਸ ਦੇ ਇਤਿਹਾਸ ਵਿਚ ਇਸ ਵਰਗੀ ਕੋਈ ਹੋਰ ਮਿਸਾਲ ਵਿਰਲੀ ਹੀ ਮਿਲੇਗੀ, ਜੋ ਕੁਝ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਦਿਖਾਇਆ ਸੀ।’
ਹਿੰਦੀ ਜਗਤ ਦੇ ਮੰਨੇ-ਪ੍ਰਮੰਨੇ ਸਾਹਿਤਕਾਰ ਹਜਾਰੀ ਪ੍ਰਸਾਦ ਦਿਵੇਦੀ ਮੁਤਾਬਕ ਜੋ ਕੁਝ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਵਿਖਾਇਆ, ਉਹ ਇਕ ਬਹੁਤ ਵੱਡਾ ਇਤਿਹਾਸਕ ਚਮਤਕਾਰ ਸੀ। ਉਨ੍ਹਾਂ ਦੁਆਰਾ ਲਿਖੀ ਇਬਾਰਤ ਇਸ ਤਰ੍ਹਾਂ ਹੈ :
‘ਧੰਨ ਹੈ ਉਹ ਦੇਸ਼, ਜਿਥੇ ਗੁਰੂ ਗੋਬਿੰਦ ਸਿੰਘ ਜੀ ਪੈਦਾ ਹੋਏ ਸਨ। ਉਹ ਮਹਾਨ ਸੰਤ ਅਤੇ ਮਹਾਨ ਯੋਧਾ ਸਨ। ਉਨ੍ਹਾਂ ਨੇ ਇਸ ਦੇਸ਼ ਦੀ ਜਨਤਾ ਦੀ ਅਪਾਰ ਸ਼ਕਤੀ ਦਾ ਉਦਘਾਟਨ ਕੀਤਾ ਸੀ। ਉਨ੍ਹਾਂ ਨੂੰ ਯਾਦ ਕਰਕੇ ਅਸੀਂ ਅੱਜ ਵੀ ਨਵੀਂ ਪ੍ਰੇਰਨਾ ਅਤੇ ਸ਼ਕਤੀ ਹਾਸਲ ਕਰ ਸਕਦੇ ਹਾਂ, ਹਾਸਲ ਕਰ ਵੀ ਰਹੇ ਹਾਂ। ਗੁਰੂ ਜੀ ਮਹਾਨ ਸੰਤ ਸਨ। ਪ੍ਰਸਥਿਤੀਆਂ ਨੇ ਉਨ੍ਹਾਂ ਨੂੰ ਸ਼ਸਤਰ ਧਾਰਨ ਕਰਨ ਦੀ ਚੁਣੌਤੀ ਦਿੱਤੀ ਸੀ। ਉਨ੍ਹਾਂ ਨੇ ਉਸ ਨੂੰ ਸਵੀਕਾਰ ਕੀਤਾ ਸੀ। ਇਤਿਹਾਸ ਦੇ ਪੰਡਿਤਾਂ ਨੇ ਬੜੇ ਅਸਚਰਜ ਨਾਲ ਦੇਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਦਭੁੱਤ ਚਮਤਕਾਰ ਕਰ ਦਿਖਾਇਆ। ਜਨਤਾ ਨਿਰਾਸ਼ ਸੀ, ਉਸ ਵਿਚ ਕਿਸੇ ਕਿਸਮ ਦਾ ਆਤਮ-ਸਨਮਾਨ ਨਹੀਂ ਸੀ ਰਹਿ ਗਿਆ। ਅਤਿਆਚਾਰ ਅਤੇ ਅਨਾਚਾਰ ਨੂੰ ਕਿਸਮਤ ਦਾ ਦੋਸ਼ ਕਹਿ ਕੇ ਸਵੀਕਾਰ ਕਰ ਲਿਆ ਸੀ। ਐਸੇ ਹੀ ਲੋਗਾਂ ਵਿਚ ਉਨ੍ਹਾਂ ਨੇ ਮਹਾਨ ਸੂਰਬੀਰ ਪੈਦਾ ਕਰ ਦਿੱਤੇ। ਮੌਤ ਦੇ ਡਰ ਨੂੰ ਮੰਨੋ, ਮੰਤਰ ਦੀ ਸ਼ਕਤੀ ਨਾਲ ਉੜਾ ਦਿੱਤਾ। ਸਿਰ ਹਥੇਲੀ ਉੱਤੇ ਰੱਖ ਕੇ ਇਨ੍ਹਾਂ ਯੋਧਿਆਂ ਨੇ ਅਨਿਆਂ ਨੂੰ ਲਲਕਾਰਿਆ ਅਤੇ ਦੇਖਦਿਆਂ-ਦੇਖਦਿਆਂ ਇਤਿਹਾਸ ਪਲਟ ਦਿੱਤਾ। ਇਤਿਹਾਸ ਵਿਚ ਇਹੋ ਜਿਹੀ ਕੋਈ ਹੋਰ ਘਟਨਾ ਘੱਟ ਹੀ ਵੇਖੀ ਗਈ ਹੈ। ਕਾਲ ਦੇ ਰਥ-ਚੱਕਰ ਨੂੰ ਇਸ ਤਰ੍ਹਾਂ ਮੋੜ ਦੇਣਾ, ਗੁਰੂ ਜੀ ਦੀ ਹੀ ਕਰਾਮਾਤ ਸੀ।’
ਭਾਈ ਵੀਰ ਸਿੰਘ ਦੀ ਇਕ ਲਿਖਤ ਦਾ ਜ਼ਿਕਰ ਵੀ ਮੈਂ ਇਥੇ ਕਰਨਾ ਚਾਹੁੰਦਾ ਹਾਂ। ਭਾਈ ਸਾਹਿਬ ਨੇ ਬੜੇ ਨਿਵੇਕਲੇ ਅੰਦਾਜ਼ ਵਿਚ ਭਾਰਤੀ ਇਤਿਹਾਸ ਦੀ ਸਚਾਈ ਬਿਆਨ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਨੂੰ ਕਲਮਬੰਦ ਕੀਤਾ ਹੈ। ਉਨ੍ਹਾਂ ਦੀ ਲਿਖਤ ਇਸ ਤਰ੍ਹਾਂ ਹੈ : ‘ਅਸੀਂ ਉਨ੍ਹਾਂ ਵਿਚੋਂ ਹੀ ਨਿਕਲੇ ਹਾਂ, ਜਿਨ੍ਹਾਂ ਦੀਆਂ ਸਦੀਆਂ ਦੀਆਂ ਬੇਵੱਸ ਮੌਤਾਂ ਦੇ ਕਾਰਨ ਇਕ ਪਹਾੜ ਦਾ ਨਾਮ ਹੀ ‘ਹਿੰਦੂ ਕੁਸ਼’ ਰੱਖ ਦਿੱਤਾ ਗਿਆ ਹੈ। ਜਿਥੋਂ ਲੰਘਦੇ ਹਿੰਦੂ ਕੈਦੀ ਸਰਦੀ ਨਾ ਝੁੱਲ ਸਕਣ ਕਰਕੇ ਮਰ ਜਾਂਦੇ ਹਨ ਤੇ ਜਰਵਾਣਿਆਂ ਨੇ ਉਸ ਪਹਾੜ ਦਾ ਨਾਮ ਹਿੰਦੂ ਕੁਸ਼ ਧਰ ਦਿੱਤਾ ਹੈ। ਵਾਹ ਉਇ ਸਾਹਿਬਾ! ਸੁਹਣੇ ਕੁੰਡਿਆਲੇ ਕੇਸਾਂ ਵਾਲੇ ਕਲਗੀਧਰ! ਧੰਨ ਤੇਰੀ ਜਿੰਦ! ਤੇ ਜਿੰਦ ਪਾਣ ਦੀ ਰੱਬੀ ਤਾਕਤ! ਇਨ੍ਹਾਂ ਮਰ ਮਿਟਿਆਂ ਹਿੰਦੀਆਂ ਵਿਚ ਤੂੰ ਕਿਹੜੀ ਅਮਰ, ਅਝੁਕ, ਸਦਾ ਬਲਦੀ ਜ਼ਿੰਦਗੀ ਫੂਕ ਦਿੱਤੀ ਹੈ ਕਿ ਜਿਸ ਦੇ ਬੱਚੇ ਵੀ, ਤੇਰੇ ਆਪਣੇ ਬੱਚਿਆਂ ਵਾਲੀ, ਬੀਰਤਾ ਦਿਖਾਉਂਦੇ ਹਨ। ਹਾਂ, ਸੁਹਣੇ ਕੇਸਾਂ ਵਾਲਿਆ! ਤੂੰ ਹੀ ਆਪਣੇ ਜਾਏ, ਸਾਡੇ ਪਾਪਾਂ ਦੀ ਜਗਵੇਦੀ ਤੇ ਬਲੀ ਦੇ ਕੇ ਆਖਿਆ ਸੀ ਕਿ ਇਹ ਮੇਰੇ ਚਾਰ ਪੁੱਤਰ ਸ਼ਹੀਦ ਹੋਏ ਹਨ, ਪਰ ਮੇਰੇ ਲੱਖਾਂ ਪੁੱਤਰ ਹੋਰ ਹਨ-ਜੋ ਖਾਲਸਾ ਕਹੀਦੇ ਹਨ ਤੇ ਏਹ ਮੇਰੇ ਖਾਲਸਾ ਜੀ ਇਕ ‘ਪੁੱਤਰ-ਸੋਮਾ’ ਹੈ। ਮੇਰਾ ਇਹ ਪੁੱਤਰ-ਅਮਰ ਪੁੱਤਰ ਹੈ, ਸਦਾ ਜੀਏਗਾ। ‘ਖਾਲਸਾ’ ਅਮਰ ਹੈ। ਹਾਂ, ਤੂੰ ਸਾਨੂੰ ਪੁੱਤਰ ਬਣਾਇਆ ਸੀ, ਤੇ ਅਮਰ ਪੁੱਤਰ ਬਣਾਇਆ ਸੀ। ਫੇਰ ਤੇਰੇ ਇਹ ਅਮਰ ਬੱਚੇ ਕੀਕੂੰ ਨਾ, ਤੇਰੇ ਆਪਣੇ ਜਾਏ ਬੱਚਿਆਂ ਵਾਲੀ ਅਹਿੱਲ, ਅਝੁੱਕ, ਅਬੁਝ ਅੱਗ ਦਾ ਅਲਾਂਬਾ ਹੋਣ।’
ਆਖਰ ਵਿਚ ਮਹਾਂਕਵੀ ਸੰਤੋਖ ਸਿੰਘ ਦੀ ਇਕ ਰਚਨਾ ਦਾ ਹਵਾਲਾ ਦੇ ਕੇ ਲੇਖ ਨੂੰ ਸਮਾਪਤ ਕਰਨਾ ਚਾਹੁੰਦਾ ਹਾਂ। ਭਾਰਤ ਦੇਸ਼ ਦੀ ਸਭ ਤੋਂ ਵੱਡੀ ਖੂਬਸੂਰਤੀ ਅਤੇ ਤਾਕਤ ਉਸ ਦੀ ਵਿਭਿੰਨਤਾ, ਉਸ ਦੀ ਵੰਨ-ਸੁਵੰਨਤਾ ਵਿਚ ਹੈ ਪਰ ਭਾਈ ਸਾਹਿਬ ਦਾ ਇਹ ਨਿਰਣਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਓਪਕਾਰ ਨਾ ਕਰਦੇ ਤਾਂ ਉਸ ਦੀ ਅਨੇਕਤਾ ਅਤੇ ਉਸ ਦੀ ਅਨੇਕਤਾ ਵਾਲੀ ਹੋਂਦ ਹੀ ਖਤਮ ਹੋ ਜਾਣੀ ਸੀ :
‘ਛਾਇ ਜਾਤੀ ਏਕਤਾ ਅਨੇਕਤਾ ਬਿਲਾਇ ਜਾਤੀ
ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ।
ਪਾਪ ਹੀ ਪਰਪੁੱਕ ਜਾਤੇ, ਧਰਮ ਧਸੁੱਕ ਜਾਤੇ
ਵਰਨ ਗਰਕ ਜਾਤੇ, ਸਾਹਿਤ ਬਿਧਾਨ ਕੀ।
ਦੇਵੀ ਦੇਵ ਦੇਹੁਰਾ ਸੰਤੋਖ ਸਿੰਘ ਦੂਰ ਹੋ ਤੇ
ਰੀਤਿ ਮਿਟ ਜਾਤੀ ਕਥਾ ਬੇਦਨ ਪੁਰਾਨ ਦੀ।
ਸ੍ਰੀ ਗੁਰੂ ਗੋਬਿੰਦ ਪਾਵਨ ਪਰਮ ਸੁਰ
ਮੂਰਤਿ ਨਾ ਹੋਤੀ ਜਓਮੈ ਕਰੁਣਾ ਨਿਧਾਨ ਕੀ£’

ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ, ਪਟਿਆਲਾ