ਬੜਾ ਕਹਿਰ ਵਰਤਿਆ ਓਧਰ ਵੀ ਤੇ ਏਧਰ ਵੀ…

0
668

gulzar-sandhu

ਕੈਪਸ਼ਨ1-ਲੇਖਕ ਦੇ ਤਾਇਆ ਸ਼ਿਵ ਸਿੰਘ ਤੇ ਪਿਤਾ ਹਰੀ ਸਿੰਘ।

ਗੁਲਜ਼ਾਰ ਸਿੰਘ ਸੰਧੂ

ਉਜਾੜੇ ਦੇ ਨਕਸ਼
ਇਸ ਵਰ੍ਹੇ ਹਿੰਦੁਸਤਾਨ ਦੇ ਦੋ ਟੁਕੜੇ ਹੋਇਆਂ ਸੱਤਰ ਸਾਲ ਹੋ ਗਏ ਹਨ। ਦੂਜੇ ਵਿਸ਼ਵ ਯੁੱਧ ਦੇ ਅੰਤ ਸਮੇਂ ਏਸ਼ੀਆ ਦੇ ਕਈ ਦੇਸ਼ ਸੁਤੰਤਰ ਹੋਏ, ਪਰ ਕਿਸੇ ਵਿੱਚ ਵੀ ਏਨੀ ਲੁੱਟ-ਖਸੁੱਟ ਤੇ ਮਾਰ-ਧਾੜ ਨਹੀਂ ਹੋਈ ਜਿੰਨੀ ਬੰਗਾਲ ਤੇ ਪੰਜਾਬ ਵਿੱਚ। ਲਗਪਗ ਪੰਜ ਲੱਖ ਆਦਮੀ ਮਾਰੇ ਗਏ ਤੇ ਚਾਲੀ ਹਜ਼ਾਰ ਮਹਿਲਾਵਾਂ ਉਧਾਲੀਆਂ ਗਈਆਂ। ਤਕਰੀਬਨ ਇੱਕ ਕਰੋੜ ਲੋਕਾਂ ਨੂੰ ਆਪਣੇ ਘਰ-ਬਾਰ, ਦੁਕਾਨਾਂ ਤੇ ਜ਼ਮੀਨਾਂ ਛੱਡ ਕੇ ਬੇਘਰ ਹੋਣਾ ਪਿਆ। 1947 ਦੇ ਸ਼ੁਰੂ ਹੁੰਦੇ ਸਾਰ ਫ਼ਿਰਕੂ ਫਸਾਦ ਬੰਗਾਲ, ਬਿਹਾਰ, ਯੂਪੀ ਹੁੰਦੇ ਹੋਏ ਅਖੰਡ ਪੰਜਾਬ ਵਿੱਚ ਪ੍ਰਵੇਸ਼ ਕਰ ਗਏ। ਰਾਵਲਪਿੰਡੀ, ਅੱਟਕ ਤੇ ਮੁਲਤਾਨ ਰਾਹੀਂ। ਸ਼ਹਿ ਦੇਣ ਵਾਲੀ ਮੁਸਲਿਮ ਲੀਗ ਸੀ ਤੇ ਸ਼ਿਕਾਰ ਹੋਣ ਵਾਲੇ ਹਿੰਦੂ ਸਿੱਖ। ਰਾਵਲਪਿੰਡੀ ਨੂੰ ਉਚੇਚਾ ਨਿਸ਼ਾਨਾ ਬਣਾਇਆ ਗਿਆ। ਬੰਬਾਰੀ ਵਰਗਾ ਹਾਲ ਹੋ ਗਿਆ। ਮੁਸਲਿਮ ਲੀਗ ਦੇ ਇੱਕ ਬੁਲਾਰੇ ਨੇ ਹੋਕਾ ਦਿੱਤਾ ਕਿ ਸਾਰੇ ਸਿੱਖ ਅੱਧੇ ਘੰਟੇ ਵਿੱਚ ਮੁਸਲਮਾਨ ਬਣ ਜਾਣ, ਨਹੀਂ ਤਾਂ ਗੋਲੀਆਂ ਨਾਲ ਉਡਾ ਦਿੱਤੇ ਜਾਣਗੇ।
ਇੱਥੇ ਮੈਂ ਇਹ ਵੀ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਓਧਰਲੇ ਪੰਜਾਬ ਦੇ ਵੇਰਵੇ ਮੇਰੇ ਨਹੀਂ। ਮੈਂ ਕਿਰਪਾਲ ਸਿੰਘ ਇਤਿਹਾਸਕਾਰ ਦੀ ਸਵੈ-ਜੀਵਨੀ ‘ਨਿਰਗੁਣ-ਨਿਸਤਾਰੇ’ ਵਿੱਚੋਂ ਲਏ ਹਨ। ਏਧਰਲੇ ਪੰਜਾਬ ਦਾ ਹਾਲ ਮੈਂ ਆਪਣੇ ਅੱਖੀਂ ਵੇਖਿਆ ਹੈ, ਪਰ ਉਸ ਦੀ ਵਾਰੀ ਓਧਰਲੇ ਪੰਜਾਬ ਤੋਂ ਪਿੱਛੋਂ ਆਵੇਗੀ। ਕਿਰਪਾਲ ਸਿੰਘ ਅਨੁਸਾਰ ਓਧਰਲੇ ਪੰਜਾਬ ਦੇ ਹਿੰਦੂ ਸਿੱਖਾਂ ਨੇ ਮੁਸਲਮਾਨ ਬਣ ਕੇ ਓਧਰ ਵਸਣ ਨਾਲੋਂ ਲੜ ਕੇ ਮਰਨ ਨੂੰ ਤਰਜੀਹ ਦਿੱਤੀ ਤੇ ਓਧਰ ਦੀਆਂ ਮਹਿਲਾਵਾਂ ਨੇ ਖੂਹਾਂ ਵਿੱਚ ਡੁੱਬ ਕੇ ਮਰਨ ਨੂੰ। ਰਾਵਲਪਿੰਡੀ ਦੇ ਇੱਕ ਵੱਡੇ ਸਰਦਾਰ ਦੀ ਹਵੇਲੀ ਵਿੱਚ ਉਸ ਦਾ ਨਿੱਜੀ ਖੂਹ ਸੀ। ਇਸ ਵਿੱਚ ਸੱਤ ਦਰਜਨ ਮਹਿਲਾਵਾਂ, ਮੁਟਿਆਰਾਂ ਤੇ ਬੱਚਿਆਂ ਨੇ ਛਾਲਾਂ ਮਾਰ ਦਿੱਤੀਆਂ।
ਇਹ ਵਾਰਦਾਤ ਇੰਨੀ ਭਿਆਨਕ ਸੀ ਕਿ ਕੁਝ ਕੁ ਬਦਮਾਸ਼ਾਂ ਨੂੰ ਛੱਡ ਕੇ ਬਾਕੀ ਸਾਰੇ ਮੁਸਲਮਾਨ ਮੈਦਾਨ ਛੱਡ ਕੇ ਭੱਜ ਗਏ। ਦੂਜੇ ਦਿਨ ਸਰਕਾਰੀ ਲਾਰੀਆਂ ਪੀੜਤ ਹਿੰਦੂ ਸਿੱਖਾਂ ਨੂੰ ਸੁਰੱਖਿਆ ਕੈਂਪਾਂ ਵਿੱਚ ਲਿਜਾਣ ਵਾਸਤੇ ਆ ਗਈਆਂ। ਪਿੰਡ ਵਾਲਿਆਂ ਨੇ ਪਹਿਲਾਂ ਮਹਿਲਾਵਾਂ ਭੇਜੀਆਂ ਤੇ ਫਿਰ ਮਰਦ।
ਇਸ ਦਹਿਸ਼ਤ ਨੇ ਰਾਵਲਪਿੰਡੀ ਤੇ ਮੁਲਤਾਨ ਦੇ ਹਿੰਦੂ ਸਿੱਖਾਂ ਨੂੰ ਵਖ਼ਤ ਪਾ ਦਿੱਤਾ। ਤਿੰਨ ਜੂਨ 1947 ਨੂੰ ਦੇਸ਼ ਵੰਡ ਦਾ ਐਲਾਨ ਹੁੰਦੇ ਸਾਰ ਸਭਨਾਂ ਨੇ ਨਵੇਂ ਬਣੇ ਮੁਲਕ ਭਾਰਤ ਪਹੁੰਚਣ ਦਾ ਫ਼ੈਸਲਾ ਲਿਆ।
ਭਾਵੇਂ ਗੜਬੜੀ ਕਰਨ ਵਾਲਿਆਂ ਨਾਲ ਸਖ਼ਤੀ ਕਰਨ ਦਾ ਵਚਨ ਦਿੱਤਾ ਗਿਆ ਸੀ, ਪਰ ਸਥਿਤੀ ਉੱਤੇ ਕਾਬੂ ਪਾਉਣਾ ਸੰਭਵ ਨਹੀਂ ਸੀ। ਅੰਗਰੇਜ਼ ਡਿਪਟੀ ਕਮਿਸ਼ਨਰਾਂ ਲਈ ਤਾਂ ਉੱਕਾ ਹੀ ਨਹੀਂ। ਉਹ ਬਰਤਾਨੀਆ ਦੀ ਕੰਜ਼ਰਵੇਟਿਵ ਸਰਕਾਰ ਦੇ ਲਗਾਏ ਹੋਏ ਸਨ। ਉਸ ਸਰਕਾਰ ਦੇ ਜਿਹੜੀ ਇਹ ਸਿੱਧ ਕਰਨਾ ਚਾਹੁੰਦੀ ਸੀ ਕਿ ਹਿੰਦੁਸਤਾਨ ਦਾ ਭਲਾ ਇਸ ਵਿੱਚ ਹੀ ਸੀ ਕਿ ਉਹ ਗੋਰੀ ਸਰਕਾਰ ਅੱਗੇ ਗੋਡੇ ਟੇਕੀ ਰੱਖੇ।
ਕਿਰਪਾਲ ਸਿੰਘ ਦੇ ਲਿਖਣ ਅਨੁਸਾਰ ਅੰਗਰੇਜ਼ ਡਿਪਟੀ ਕਮਿਸ਼ਨਰਾਂ ਵਾਲੇ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਲੁੱਟ-ਖਸੁੱਟ ਤੇ ਮਾਰ-ਧਾੜ ਹੋਈ। ਖ਼ਾਸਕਰ ਲਾਹੌਰ, ਅੰਮ੍ਰਿਤਸਰ, ਰਾਵਲਪਿੰਡੀ ਤੇ ਸ਼ੇਖੂਪੁਰਾ ਵਿੱਚ। ਇਸ ਦੇ ਉਲਟ ਮੀਆਂਵਾਲੀ, ਸ਼ਾਹਪੁਰ ਤੇ ਝੰਗ ਮੁਸਲਿਮ ਬਹੁਗਿਣਤੀ ਵਾਲੇ ਜ਼ਿਲ੍ਹਿਆਂ ਵਿੱਚ, ਜਿੱਥੇ ਮੁਸਲਮਾਨ ਡਿਪਟੀ ਕਮਿਸ਼ਨਰ ਤਾਇਨਾਤ ਸਨ, ਉੱਥੋਂ ਦੇ ਪ੍ਰਬੰਧਕਾਂ ਤੇ ਮੁਸਲਿਮ ਜਨਤਾ ਨੇ ਮਿਲ ਕੇ ਆਪਣੇ ਜ਼ਿਲ੍ਹਿਆਂ ਨੂੰ ਫ਼ਿਰਕੂ ਫਸਾਦਾਂ ਤੋਂ ਬਚਾਈ ਰੱਖਿਆ।
ਇੱਕ ਪੜਾਅ ਉੱਤੇ ਕਿਰਪਾਲ ਸਿੰਘ, ਸਰ ਫਰਾਂਸਿਸ ਮੂਡੀ ਨੂੰ ਵੀ ਮਿਲਿਆ ਜਿਹੜਾ 1947 ਵਿੱਚ ਪੱਛਮੀ ਪੰਜਾਬ ਦਾ ਰਾਜਪਾਲ ਸੀ। ਉਸ ਨੇ ਕਿਰਪਾਲ ਸਿੰਘ ਨੂੰ ਬੜਾ ਕੁਝ ਦੱਸਿਆ। ਜਿਵੇਂ: ਜ਼ਿਲ੍ਹਾ ਸ਼ੇਖੂਪੁਰਾ ਵਿੱਚ ਚੂਹੜਕਾਣਾ ਦੇ ਆਲੇ-ਦੁਆਲੇ, ਘਰਾਂ ਵਿੱਚ, ਛੱਤਾਂ ਉੱਤੇ ਅਤੇ ਹਰ ਜਗ੍ਹਾ ਤਕਰੀਬਨ ਡੇਢ ਲੱਖ ਸਿੱਖ ਇਕੱਠੇ ਹੋਏ। ਜੇ ਇੱਕ ਗੱਡੀ ਵਿੱਚ 4,000 ਵਿਅਕਤੀਆਂ ਨੂੰ ਲਿਜਾਇਆ ਜਾਂਦਾ ਤਾਂ ਵੀ ਇਨ੍ਹਾਂ ਨੂੰ ਲਿਜਾਣ ਲਈ 45 ਗੱਡੀਆਂ ਦੀ ਲੋੜ ਸੀ ਜਾਂ ਉਨ੍ਹਾਂ ਨੂੰ 50 ਟਨ ਆਟਾ ਪ੍ਰਤੀ ਦਿਨ ਦੇਣਾ ਪੈਣਾ ਸੀ। ਉਸੇ ਜ਼ਿਲ੍ਹੇ ਦੇ ਗੋਬਿੰਦਗੜ੍ਹ ਸਥਾਨ ‘ਤੇ 30,000-40,000 ਮਜ਼੍ਹਬੀ ਸਿੱਖ ਇਕੱਠੇ ਹੋ ਗਏ ਸਨ ਜਿਨ੍ਹਾਂ ਪਾਸ ਹਥਿਆਰ ਸਨ। ਉਨ੍ਹਾਂ ਨੇ ਐਂਗਲੋ ਇੰਡੀਅਨ ਡਿਪਟੀ ਕਮਿਸ਼ਨਰ ਨਾਲ, ਜੋ ਸੁਲ੍ਹਾ ਦਾ ਝੰਡਾ ਲੈ ਕੇ ਅੱਗੇ ਵਧਿਆ, ਗੱਲਬਾਤ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਉਸ ‘ਤੇ ਗੋਲੀ ਚਲਾਈ ਜੋ ਉੱਕ ਗਈ। ਅੰਤ ਵਿੱਚ ਇਸ ਇਲਾਕੇ ਨੂੰ ਖਾਲੀ ਕਰਵਾਉਣ ਦੇ ਪ੍ਰਬੰਧ ਕਰਨੇ ਪਏ।
ਕਿਰਪਾਲ ਸਿੰਘ ਨੇ ਉਸ ਸਮੇਂ ਦੀ ਸਥਿਤੀ ਦਾ ਨਿਚੋੜ ਦਿੰਦਿਆਂ ਲਿਖਿਆ ਹੈ ਕਿ ਏਧਰਲੇ ਪੰਜਾਬ ਵਿੱਚ ਗੜਬੜ ਲਈ ਮੁੱਖ ਤੌਰ ‘ਤੇ ਓਧਰਲੇ ਪੰਜਾਬ ਤੋਂ ਆਏ ਇਹ ਸ਼ਰਨਾਰਥੀ ਹੀ ਜ਼ਿੰਮੇਵਾਰ ਸਨ। ਮੁਸਲਮਾਨ ਬਦਮਾਸ਼ਾਂ ਨੇ ਇਕੱਲੇ-ਦੁਕੱਲੇ ਸਿੱਖਾਂ ਨੂੰ ਮਾਰ ਮੁਕਾਇਆ ਸੀ। ਜਿੱਥੇ ਕਿਤੇ ਵੀ ਇਹ ਸ਼ਰਨਾਰਥੀ ਗਏ, ਉੱਥੇ ਉਨ੍ਹਾਂ ਨੇ ਆਪਣੀਆਂ ਮੁਸੀਬਤਾਂ ਤੇ ਦੁੱਖਾਂ ਦੀਆਂ ਕਹਾਣੀਆਂ ਸੁਣਾਈਆਂ, ਜਿਸ ਕਰਕੇ ਏਧਰਲੇ ਪੰਜਾਬ ਵਿੱਚ ਵੀ ਖਿੱਚੋਤਾਣ ਤੇ ਹਫੜਾ-ਦਫੜੀ ਵਧਦੀ ਗਈ।
ਇਹ ਕੁਝ ਸੁਣ ਕੇ ਤੇ ਜਾਣ ਕੇ ਏਧਰਲੇ ਹਿੰਦੂਆਂ ਤੇ ਸਿੱਖਾਂ ਨੇ ਬਦਲਾ ਲੈਣ ਦਾ ਨਿਸ਼ਚਾ ਕੀਤਾ। ਅੰਮ੍ਰਿਤਸਰ ਤੇ ਹੁਸ਼ਿਆਰਪੁਰ ਦੇ ਫਸਾਦਾਂ ਤੋਂ ਬਾਅਦ ਹੋਰ ਜ਼ਿਲ੍ਹਿਆਂ ਵਿੱਚ ਵੀ ਲੁੱਟ-ਮਾਰ, ਸਾੜ-ਫੂਕ ਅਤੇ ਕਤਲ ਦੀਆਂ ਵਾਰਦਾਤਾਂ ਹੋਣ ਲੱਗ ਪਈਆਂ। ਜਿਉਂ-ਜਿਉਂ ਹਿੰਦੂ ਤੇ ਸਿੱਖ ਸ਼ਰਨਾਰਥੀ ਪੂਰਬ ਵੱਲ ਵਧ ਗਏ, ਤਿਉਂ-ਤਿਉਂ ਫ਼ਿਰਕੂ ਫਸਾਦ ਫੈਲਦੇ ਗਏ ਜਿਸ ਦੇ ਸਿੱਟੇ ਵਜੋਂ ਮੁਸਲਮਾਨਾਂ ਨੂੰ ਏਧਰਲੇ ਪੰਜਾਬ ਤੋਂ ਨਿਕਲਣਾ ਪਿਆ। ਜੋ ਕੁਝ ਓਧਰਲੇ ਪੰਜਾਬ ਵਿੱਚ ਮਾਰਚ 1947 ਵਿੱਚ ਵਾਪਰਿਆ ਸੀ, ਉਸ ਨੂੰ ਅਗਸਤ ਤੇ ਸਤੰਬਰ ਵਿੱਚ ਏਧਰ ਦੇ ਪੰਜਾਬ ਵਿੱਚ ਦੁਹਰਾਇਆ ਗਿਆ। ਮੈਂ ਇਸ ਵਹਿਸ਼ਤ ਦਾ ਚਸ਼ਮਦੀਦ ਗਵਾਹ ਹਾਂ। ਮੇਰਾ ਜੱਦੀ ਪਿੰਡ ਸੂਨੀ, ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਮਾਹਿਲਪੁਰ ਵਿੱਚ ਪੈਂਦਾ ਹੈ। ਮੇਰੇ ਇਸ ਨਿੱਕੇ ਜਿਹੇ ਪਿੰਡ ਦੇ ਆਲੇ-ਦੁਆਲੇ ਮਜਾਰਾ ਡੀਂਗਰੀਆਂ, ਪੋਸੀ ਤੇ ਬਿੰਝੋ ਨਾਵਾਂ ਦੇ ਵੱਡੇ ਪਿੰਡ ਹਨ। ਪਰ ਉਨ੍ਹਾਂ ਪਿੰਡਾਂ ਕੋਲ ਦੇਸ਼ ਵੰਡ ਦੀ ਬਾਤ ਪਾਉਣ ਲਈ ਉਹ ਕੁਝ ਨਹੀਂ, ਜੋ ਮੇਰੇ ਪਿੰਡ ਸੂਨੀ ਕੋਲ ਹੈ।
ਮੇਰੇ ਪਿੰਡ ਵਿੱਚ ਦੇਸ਼ ਵੰਡ ਤੋਂ ਪਹਿਲਾਂ ਵੱਡੀ ਗਿਣਤੀ ਮੁਸਲਮਾਨ ਅਰਾਈਆਂ ਦੀ ਸੀ। ਬਾਕੀ ਜੱਟ, ਰਾਜਪੂਤ, ਦਲਿਤ ਮਿਲ ਕੇ ਮੁਸਲਿਮ ਅਰਾਈਆਂ ਤੋਂ ਘੱਟ ਹੀ ਹੋਣਗੇ। ਅਰਾਈਂ ਸਾਰੇ ਪਿੰਡ ਦੇ ਕੰਮ ਆਉਂਦੇ ਸਨ। ਸਾਡੀ ਖੇਤੀ ਸੰਭਾਲਦੇ ਤੇ ਸਕੂਲ ਜਾਂਦੇ ਬੱਚਿਆਂ ਨੂੰ ਦੂਰ ਤਕ ਛੱਡਣ ਜਾਂਦੇ। ਥੋੜ੍ਹੀਆਂ ਜ਼ਮੀਨਾਂ ਦੇ ਮਾਲਕ ਹੋਣ ਕਾਰਨ ਸਾਡੇ ਖੇਤਾਂ ਵਿੱਚ ਸਬਜ਼ੀਆਂ ਬੀਜ ਕੇ ਆਪਣੇ ਹਿੱਸੇ ਆਈ ਸਬਜ਼ੀ ਲੋੜਵੰਦਾਂ ਨੂੰ ਵੇਚ ਦਿੰਦੇ। ਨਕਦ ਜਾਂ ਦਾਣਿਆਂ ਬਦਲੇ।
ਭੋਂਇੰ ਦੀ ਮਾਲਕੀ ਰਾਜਪੂਤਾਂ ਕੋਲ ਸੀ। ਉਨ੍ਹਾਂ ਲਈ ਹਲ ਵਾਹੁਣਾ ਮਿਹਣਾ ਸੀ। ਮੁਸਲਮਾਨ ਅਰਾਈਂ ਹਰ ਕਿਸੇ ਦਾ ਦੁੱਖ ਵੰਡਾਉਂਦੇ। ਸਿੱਖ ਜਗੀਰਦਾਰਾਂ ਦਾ ਬਹੁਤਾ। ਸਿੱਖ ਆਪਣੇ ਆਪ ਨੂੰ ਰਾਜਪੂਤਾਂ ਨਾਲੋਂ ਵੱਡੇ ਤੇ ਸ਼ਕਤੀਸ਼ਾਲੀ ਸਮਝਦੇ ਸਨ। ਲੜਾਕੇ ਤੇ ਸੂਰਮੇ ਵੀ।
ਇਸ ਨਾਤੇ ਸੰਧੂ ਜੱਟ ਆਪਣੇ ਆਪ ਨੂੰ ਮਾਲਕ ਜਤਾਉਣ ਵਾਲੇ ਰਾਜਪੂਤਾਂ ਦੇ ਸਾਨੀ ਸਨ। ਸਰੀਰਕ ਸ਼ਕਤੀ ਵਿੱਚ ਉਨ੍ਹਾਂ ਤੋਂ ਉੱਤੇ। ਇੱਕ ਸੰਧੂ ਮਲਾਇਆ ਜਾ ਵੱਸਿਆ ਤੇ ਉਸ ਨੇ ਆਪਣੇ ਪੁੱਤਰ ਕਰਤਾਰ ਸਿੰਘ ਨੂੰ ਬੀਏ, ਐੱਲਐੱਲਬੀ ਤਕ ਵਿੱਦਿਆ ਦਿਵਾਈ। ਜਦੋਂ ਫ਼ੌਜ ਦੀ ਭਰਤੀ ਖੁੱਲ੍ਹੀ ਤਾਂ ਇੱਕ ਸ਼ਿਵ ਸਿੰਘ ਨੇ ਭਰਤੀ ਹੋ ਕੇ ਸੂਬੇਦਾਰੀ ਕਮਾਈ। ਉਹ ਦੇਸ਼ ਵੰਡ ਪਿੱਛੋਂ 15 ਸਾਲ ਪਿੰਡ ਦਾ ਸਰਪੰਚ ਰਿਹਾ। ਇਹ ਸੇਵਾ ਉਸ ਤੋਂ ਪਿੱਛੋਂ ਇੰਨਾ ਹੀ ਸਮਾਂ ਮੇਰੇ ਪਿਤਾ ਨੇ ਨਿਭਾਈ।
ਜਿੱਥੋਂ ਤਕ ਧਾਰਮਿਕ ਮਰਿਆਦਾ ਦਾ ਸਬੰਧ ਹੈ, ਅਰਾਈਆਂ ਨੇ ਮਸੀਤ ਉਸਾਰ ਰੱਖੀ ਸੀ ਤੇ ਸੰਧੂ ਸਿੰਘ ਆਪਣੇ ਵੱਡੇ-ਵਡੇਰੇ ਬਾਬਾ ਕਰੋੜਾ ਸਿੰਘ ਤੇ ਉਸ ਦੇ ਪੁੱਤਰਾਂ ਦੀਆਂ ਸਮਾਧੀਆਂ ਨੂੰ ਪੂਜਦੇ ਸਨ ਜਿਨ੍ਹਾਂ ਨੂੰ ਉਹ ਸ਼ਹੀਦ ਕਹਿੰਦੇ ਤੇ ਮੰਨਦੇ ਸਨ। 15 ਅਗਸਤ 1947 ਵਾਲੇ ਦਿਨ ਪਿੰਡ ਦੀ ਸਾਰੀ ਵੱਸੋਂ ਨੇ, ਜਿਸ ਵਿੱਚ ਮੁਸਲਿਮ ਅਰਾਈਂ ਵੀ ਸ਼ਾਮਿਲ ਸਨ, ਧਰਮਸ਼ਾਲਾ ਵਿੱਚ ਇਕੱਠੇ ਹੋ ਕੇ ਪਿੰਡ ਦੇ ਦਰਜੀ ਦਾ ਸਿਲਿਆ ਤਿਰੰਗਾ ਲਹਿਰਾਇਆ ਤੇ ਸ਼ਿਵ ਸਿੰਘ ਦੇ ਸੰਖੇਪ ਭਾਸ਼ਣ ਪਿੱਛੋਂ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ ਸੀ। ਸੁਤੰਤਰਤਾ ਪ੍ਰਾਪਤੀ ਦੇ ਇਸ ਦਿਨ ਨੇ ਦੇਸ਼ ਵੰਡ ਪਿੱਛੋਂ ਏਧਰ ਤੇ ਓਧਰ ਦੇ ਪੰਜਾਬ ਵਿੱਚ ਕੀ ਕਹਿਰ ਵਰਤਾਉਣਾ ਸੀ, ਇਸ ਦਾ ਧਰਤੀ ਦੀ ਧੁੰਨੀ ਵਿੱਚ ਵੱਸਦੇ ਸਾਡੇ ਪਿੰਡ ਦੇ ਵਸਨੀਕਾਂ ਨੂੰ ਕੋਈ ਪਤਾ ਨਹੀਂ ਸੀ। ਮੁਸਲਿਮ ਅਰਾਈਆਂ ਨੂੰ ਵੀ ਨਹੀਂ।
ਮੇਰੇ ਕੋਲ ਉਸ ਦਰਦਨਾਕ ਕਾਂਡ ਦੇ ਕੁਝ ਅੱਖੀ ਦੇਖੇ ਅੰਸ਼ ਹਨ ਜਿਨ੍ਹਾਂ ਦਾ ਰਚਨਾਤਮਿਕ ਵਰਣਨ ਮੇਰੀਆਂ ਕਈ ਕਹਾਣੀਆਂ ਵਿੱਚ ਅੰਕਿਤ ਹੈ, ਖ਼ਾਸਕਰ ‘ਸ਼ਹੀਦ’ ਤੇ ‘ਅਮਰ ਕਥਾ’ ਵਿੱਚ। ਆਪਣੀ ਉਮਰ ਦੇ ਅੱਜ ਵਾਲੇ  ਪੜਾਅ ਉੱਤੇ ਮੈਂ ਆਪਣੇ ਚੇਤੇ ਤੋਂ ਉਸ ਵੇਲੇ ਦਾ ਸੰਖੇਪ ਸੱਚ ਬਿਆਨਣ ਦੀ ਇਜਾਜ਼ਤ ਮੰਗਦਾ ਹਾਂ।
ਸੁਤੰਤਰਤਾ ਦਿਵਸ ਮਨਾਏ ਜਾਣ ਸਮੇਂ ਸੀਮਾ ਦੇ ਉਸ ਪਾਰ ਹਿੰਦੂ ਸਿੱਖਾਂ ਦੀ ਹੱਤਿਆ ਤੇ ਏਧਰ ਵਾਲੇ ਪਾਸੇ ਮੁਸਲਮਾਨਾਂ ਦੇ ਕਤਲੇਆਮ ਦੀਆਂ ਅਫ਼ਵਾਹਾਂ ਧੁਰ ਅੰਦਰ ਤਕ ਕਾਂਬਾ ਛੇੜਨ ਵਾਲੀਆਂ ਸਨ। ਮੂਲ ਮੰਤਵ ਦੋਵੇਂ ਪਾਸੇ ਇੱਕ ਹੀ ਸੀ, ਸਦੀਆਂ ਤੋਂ ਇੱਕ-ਦੂਜੇ ਦੇ ਦੁੱਖ-ਸੁੱਖ ਦੇ ਸਾਂਝੀਆਂ ਦੀ ਹੱਤਿਆ ਕਰਕੇ ਪਾਕਿਸਤਾਨ ਵਿਚੋਂ ਹਿੰਦੂਆਂ ਤੇ ਭਾਰਤ ਵਿੱਚੋਂ ਮੁਸਲਮਾਨਾਂ ਨੂੰ ਕੱਢ ਕੇ ਉਨ੍ਹਾਂ ਦੀ ਜ਼ਮੀਨ-ਜਾਇਦਾਦ ਹਥਿਆਉਣ ਦਾ। ਮੂੰਹ-ਮੁਲਾਹਜ਼ਾ ਪਾਲਣ ਲਈ ਇੰਨਾ ਕੁ ਧਿਆਨ ਜ਼ਰੂਰ ਰੱਖਿਆ ਗਿਆ ਕਿ ਆਪਣੇ ਪਿੰਡ ਵਾਲਿਆਂ ਨੂੰ ਮਾਰਨ ਦੀ ਥਾਂ ਆਲੇ-ਦੁਆਲੇ ਦੇ ਪਿੰਡਾਂ ਉੱਤੇ ਧਾਵੇ ਬੋਲੇ ਗਏ।
ਇੱਕ ਦਿਨ ਇੱਕ ਘੋੜ ਸਵਾਰ ਪਿੰਡ ਵਿੱਚ ਹੋਕਾ ਦੇ ਕੇ ਸਾਡੇ ਪਿੰਡ ਵਾਲਿਆਂ ਨੂੰ ਵਖਤ ਪਾ ਗਿਆ। ਜੇ ਅਸੀਂ ਅਰਾਈਆਂ ਨੂੰ ਪਾਕਿਸਤਾਨ ਜਾਣ ਤੋਂ ਰੋਕਣਾ ਚਾਹੁੰਦੇ ਸਾਂ ਤਾਂ ਉਨ੍ਹਾਂ ਨੂੰ ਕੰਘੇ, ਕੜੇ ਤੇ ਕਛਹਿਰੇ ਪਵਾ ਕੇ ਅੰਮ੍ਰਿਤ ਛਕਾ ਕੇ ਸਿੰਘ ਸਜਾ ਦੇਣ ਦਾ ਫਰਮਾਨ ਸੀ। ਇਹ ਵੀ ਕਿ ਮਰਦਾਂ ਦੇ ਸਿਰਾਂ ਉੱਤੇ ਪੀਲੇ ਪਟਕੇ ਤੇ ਔਰਤਾਂ ਤੇ ਕੁੜੀਆਂ ਦੇ ਸਿਰਾਂ ‘ਤੇ ਪੀਲੀਆਂ ਚੁੰਨੀਆਂ ਸਜਾ ਦੇਈਏ।
ਸੂਬੇਦਾਰ ਤਾਏ ਨੇ ਸਾਰੇ ਮੁਸਲਮਾਨਾਂ ਨੂੰ ਉਸੇ ਸ਼ਾਮ ਧਰਮਸ਼ਾਲਾ ਬੁਲਾ ਕੇ ਉਨ੍ਹਾਂ ਤੋਂ ਸਿੱਖੀ ਪ੍ਰਵਾਨ ਕਰਕੇ ਪਿੰਡ ਰਹਿਣ ਦੀ ਸਹਿਮਤੀ ਲੈ ਲਈ। ਉਹ ਮੰਨ ਗਏ। ਆਪਣੇ ਜੱਦੀ ਪਿੰਡ ਰਹਿਣ ਲਈ ਕੁਝ ਵੀ ਕਰ ਸਕਦੇ ਸਨ। ਇੱਕ-ਦੋ ਦਿਨਾਂ ਵਿੱਚ ਧਰਮਸ਼ਾਲਾ ਦੀ ਉਸੇ ਥਾਂ ਉੱਤੇ ਅੰਮ੍ਰਿਤ ਛਕਾ ਕੇ ਕੰਘੇ, ਕੜੇ, ਪੀਲੇ ਪਟਕੇ ਤੇ ਪੀਲੀਆਂ ਚੁੰਨੀਆਂ ਅਰਾਈਆਂ ਨੂੰ ਪਹਿਨਾ ਦਿੱਤੀਆਂ ਗਈਆਂ।
ਅੰਮ੍ਰਿਤ ਛਕ ਕੇ ਸਿੰਘ ਸਜਣ ਪਿੱਛੋਂ ਅਗਲੇ ਦਿਨ ਇੱਕ ਅਰਾਈਂ ਸਾਡੇ ਘਰ ਕਿਸੇ ਕੰਮ ਆਇਆ। ਮੇਰੀ ਦਾਦੀ ਦੇ ਪੁੱਛਣ ਉੱਤੇ ਕਿ ਉਹ ਅੱਗੇ ਤੋਂ ਮਸੀਤ ਜਾ ਕੇ ਨਮਾਜ਼ ਪੜ੍ਹੇਗਾ ਜਾਂ ਨਹੀਂ ਤਾਂ ਉਸ ਦੇ ਮੂੰਹੋਂ ਅਚਾਨਕ ਹੀ ਤੋਬਾ-ਤੋਬਾ ਨਿਕਲ ਗਈ। ਦਾਦੀ ਨੇ ਫਿਟਕਾਰ ਪਾਉਂਦਿਆਂ ਵਾਹਿਗੁਰੂ-ਵਾਹਿਗੁਰੂ ਚੇਤੇ ਕਰਵਾਇਆ। ਉਸ ਨੇ ਸਤਿਨਾਮ-ਵਾਹਿਗੁਰੂ ਧਿਆਉਣ ਸਮੇਂ ਮੁਆਫ਼ੀ ਮੰਗਣ ਵਜੋਂ ਕੰਨਾਂ ਨੂੰ ਹੱਥ ਲਾ ਕੇ ਮੁੜ ਤੋਬਾ-ਤੋਬਾ ਕਹਿ ਦਿੱਤੀ। ਰਾਤੋ-ਰਾਤ ਸਿੰਘ ਸਜਣ ਕਾਰਨ ਕਿੰਨੇ ਬੇਵੱਸ ਸਨ ਉਹ ਲੋਕ। ਦੋ-ਚਾਰ ਦਿਨ ਮੌਜ ਮੇਲੇ ਵਾਂਗ ਲੰਘੇ। ਚੌਥੇ ਪੰਜਵੇਂ ਦਿਨ ਮੈਂ ਤੇ ਮੇਰਾ ਬਾਪ ਨਿਆਈਂ ਵਾਲੇ ਖੇਤ ਵਿੱਚ ਪਸ਼ੂਆਂ ਲਈ ਚਾਰਾ ਵੱਢ ਰਹੇ ਸਾਂ ਕਿ ਸਾਨੂੰ ਕੰਢੀ ਵਾਲੇ ਪਾਸਿਓਂ ਸਤਿ ਸ੍ਰੀ ਅਕਾਲ ਤੇ ਬੋਲੇ ਸੋ ਨਿਹਾਲ ਅਤੇ ਹਰਿ ਹਰਿ ਮਹਾਂਦੇਵ ਦੇ ਨਾਅਰੇ ਸੁਣਾਈ ਦਿੱਤੇ। ਬਾਪੂ ਨੇ ਮੈਨੂੰ ਤਾਂ ਘਰ ਭਜਾ ਦਿੱਤਾ ਤੇ ਆਪ ਪਿੰਡ ਵਾਲਿਆਂ ਨਾਲ ਰਲ ਕੇ ਨਾਅਰੇ ਲਾਉਣ ਵਾਲਿਆਂ ਨੂੰ ਵਰਜਣ ਤੁਰ ਗਿਆ। ਬਾਹਰੋਂ ਆਏ ਲੁਟੇਰੇ ਬਰਛੇ-ਬਰਛੀਆਂ, ਤਲਵਾਰਾਂ ਤੇ ਗੰਡਾਸਿਆਂ ਨਾਲ ਹੀ ਨਹੀਂ ਸਗੋਂ ਬੰਦੂਕਾਂ ਨਾਲ ਲੈਸ ਸਨ।  ਉਨ੍ਹਾਂ ਨਾਲ ਮੁਕਾਬਲਾ ਕਰਨਾ ਆਪਣੇ ਆਪ ਨੂੰ ਮੌਤ ਦੇ ਮੂੰਹ ਝੋਂਕਣਾ ਸੀ।
ਪਿੰਡ ਵਾਲਿਆਂ ਦੇ ਸਾਹਮਣੇ ਉਨ੍ਹਾਂ ਦੇ ਧਰਮ ਭਰਾ ਬਣੇ ਅਰਾਈਆਂ ਦੀ ਵੱਢ-ਟੁੱਕ ਸ਼ੁਰੂ ਹੋ ਗਈ। ਪੀਲੇ ਪਟਕੇ ਵਾਲਿਆਂ ਦੀਆਂ ਲੱਤਾਂ-ਬਾਹਾਂ ਤੇ ਧੌਣਾਂ ਕੱਟੀਆਂ ਗਈਆਂ। ਉਨ੍ਹਾਂ ਦੀਆਂ ਨੂੰਹਾਂ ਧੀਆਂ ਨੂੰ ਉਨ੍ਹਾਂ ਦੇ ਹੀ ਗੱਡਿਆਂ ‘ਤੇ ਬਿਠਾ ਕੇ ਆਪਣੇ ਨਾਲ ਲੈ ਤੁਰੇ। ਕਤਲਾਂ ਦੀ ਗਿਣਤੀ ਦੋ ਦਰਜਨ ਸੀ ਤੇ ਚੁੱਕੀਆਂ ਗਈਆਂ ਨੂੰਹਾਂ-ਧੀਆਂ ਦੀ ਅੱਧੀ ਦਰਜਨ ਤੋਂ ਵੱਧ। ਮਰਨ ਵਾਲੇ ਸਾਡੇ ਹੋ ਚੁੱਕੇ ਸਨ, ਅਸੀਂ ਉਨ੍ਹਾਂ ਨੂੰ ਬਚਾਅ ਨਹੀਂ ਸਾਂ ਸਕੇ। ਮੇਰੇ ਪਿੰਡ ਵਾਸੀਆਂ ਦੀ ਚਾਰ-ਛੇ ਦਿਨ ਪਹਿਲਾਂ ਵਾਲੀ ਖ਼ੁਸ਼ੀ ਡੂੰਘੇ ਖੂਹ ਵਿੱਚ ਜਾ ਡੁੱਬੀ।
ਲੁਟੇਰੇ ਜਾਣ ਵੇਲੇ ਉਨ੍ਹਾਂ ਦੇ ਗਹਿਣੇ-ਗੱਟੇ ਤੇ ਹੋਰ ਕੀਮਤੀ ਸਾਮਾਨ ਵੀ ਗੱਡਿਆਂ ‘ਤੇ ਲੱਦ ਕੇ ਲੈ ਗਏ। ਪਿੰਡ ਵਾਲਿਆਂ ਨੇ ਮ੍ਰਿਤਕਾਂ ਦੀਆਂ ਦੇਹਾਂ ਮਸੀਤ ਦੇ ਪਿੱਛੇ ਵਾਲੀ ਖਾਲੀ ਥਾਂ ਵਿੱਚ ਅਗਨ ਭੇਟ ਕਰਨ ਦਾ ਫ਼ੈਸਲਾ ਕੀਤਾ ਤੇ ਉਨ੍ਹਾਂ ਦੇ ਘਰਾਂ ਦੇ ਬਾਲੇ ਸ਼ਤੀਰੀਆਂ ਨਾਲ ਉਨ੍ਹਾਂ ਦਾ ਸਮੂਹਿਕ ਸਸਕਾਰ ਕੀਤਾ। ਸਿੱਖ ਮਰਯਾਦਾ ਨਾਲ ਅਰਦਾਸਾ ਸੋਧ ਕੇ। ਉਹ ਸਾਰੇ ਅੰਮ੍ਰਿਤਧਾਰੀ ਸਿੱਖ ਜੋ ਹੋ ਚੁੱਕੇ ਸਨ। ਉਸ ਰਾਤ ਸਾਰਾ ਪਿੰਡ ਜਾਗਦਾ ਰਿਹਾ। ਮੁਸਲਮਾਨਾਂ ਤਾਂ ਜਾਗਣਾ ਹੀ ਸੀ। ਬਾਕੀ ਸਾਰੇ ਵੀ ਜਿਨ੍ਹਾਂ ਦੇ ਸਿਰ ਸੁਆਹ ਪੈ ਚੁੱਕੀ ਸੀ। ਮੇਰੇ ਪਿੰਡ ਵਾਸੀ ਇਸ ਨੂੰ ਮੁਸਲਮਾਨਾਂ ਨਾਲੋਂ ਆਪਣੀ ਹੱਤਕ ਵਧੇਰੇ ਮੰਨਦੇ ਸਨ। ਪਿੰਡ ਵਾਲਿਆਂ ਨੇ ਸਾਰੇ ਜ਼ਖ਼ਮੀਆਂ ਦੀ ਬਣਦੀ ਸਰਦੀ ਮੱਲ੍ਹਮ ਪੱਟੀ ਕੀਤੀ। ਹਲਦੀ ਲਗਾਈ। ਖਾਣ-ਪੀਣ ਲਈ ਦਿੱਤਾ। ਜਿਨ੍ਹਾਂ ਨੂੰ ਆਪਣੇ ਘਰ ਰਹਿਣਾ ਔਖਾ ਲੱਗ ਰਿਹਾ ਸੀ, ਉਨ੍ਹਾਂ ਨੂੰ ਲੋੜੀਂਦੀ ਪਨਾਹ ਦਿੱਤੀ।
ਜਿਸ ਜ਼ਖ਼ਮੀ ਵਿਅਕਤੀ ਨੂੰ ਸਾਡੀ ਹਵੇਲੀ ਰੱਖਿਆ ਗਿਆ ਸੀ ਉਸ ਦੀ ਸੰਘੀ ਵਿੱਚ ਬਰਛਾ ਖੁੱਭਿਆ ਸੀ। ਕੀ ਪਾਣੀ ਕੀ ਠੰਢਾ ਦੁੱਧ ਜਾਂ ਚਾਹ, ਜ਼ਖ਼ਮ ਵਾਲੀ ਥਾਂ ਤੋਂ ਬਾਹਰ ਨਿਕਲ ਜਾਂਦੀ ਸੀ। ਪੇਟ ਤਕ ਨਹੀਂ ਸੀ ਜਾਂਦੀ। ਉਸ ਦੀ ਉਹ ਹਾਲਤ ਮੈਨੂੰ ਅੱਜ ਵੀ ਚੇਤੇ ਹੈ।
ਮੇਰੇ ਪਿੰਡ ਵਾਲੇ ਜਿਉਂਦੇ ਅਰਾਈਆਂ ਨੂੰ ਅਗਲੇ ਦਿਨ ਬਹਿਰਾਮ ਦੇ ਕੈਂਪ ਵਿੱਚ ਛੱਡ ਆਏ। ਉੱਥੋਂ ਉਨ੍ਹਾਂ ਨੂੰ ਮਿਲਟਰੀ ਵਾਲਿਆਂ ਨੇ ਟਰੱਕਾਂ ਵਿੱਚ ਲੱਦ ਕੇ ਪਾਕਿਸਤਾਨ ਦੀ ਸਰਹੱਦ ਤਕ ਛੱਡ ਆਉਣਾ ਸੀ। ਉਨ੍ਹਾਂ ਨੇ ਨਵੇਂ ਬਣੇ ਪਾਕਿਸਤਾਨ ਦੇ ਕਿਹੜੇ ਪਿੰਡ ਜਾਂ ਕਸਬੇ ਵਿੱਚ ਰਹਿਣਾ ਸੀ ਉਹ ਵੀ ਨਹੀਂ ਸਨ ਜਾਣਦੇ ਤੇ ਅਸੀਂ ਵੀ ਨਹੀਂ। ਸਾਨੂੰ ਦੱਸਿਆ ਗਿਆ ਕਿ ਸੰਘੀ ਵਿੱਚ ਬਰਛੇ ਦੇ ਜ਼ਖ਼ਮ ਵਾਲਾ ਵਿਅਕਤੀ ਉੱਥੇ ਪਹੁੰਚਣ ਤਕ ਕੁਝ ਨਾ ਕੁਝ ਖਾਣ ਲੱਗ ਗਿਆ ਸੀ। ਉਸ ਉਦਾਸੀ ਦੇ ਮਾਹੌਲ ਵਿੱਚ ਵੀ ਮੇਰੇ ਵਰਗੇ ਨੌਜਵਾਨ, ਅਰਾਈਆਂ ਦੇ ਖਾਲੀ ਘਰਾਂ ਵਿੱਚ ਗਏ। ਮੈਨੂੰ ਚੇਤੇ ਹੈ ਕਿ ਇੱਕ ਘਰ ਵਿੱਚ ਮੈਨੂੰ ਸੇਵੀਆਂ ਦੀ ਭਰੀ ਹੋਈ ਗਾਗਰ ਮਿਲੀ। ਇਹ ਸੇਵੀਆਂ ਹਰੇ, ਪੀਲੇ ਤੇ ਲਾਲ ਰੰਗ  ਪਾ ਕੇ ਰੰਗਦਾਰ ਵੱਟੀਆਂ ਗਈਆਂ ਸਨ। ਮੇਰੀ ਮਾਂ ਨੇ ਮੇਰੀ ਜ਼ਿੱਦ ਉੱਤੇ ਮੇਰੀ ਦਾਦੀ ਤੋਂ ਚੋਰੀ ਉਹ ਰੰਗਦਾਰ ਸੇਵੀਆਂ ਮੈਨੂੰ ਖੁਆਈਆਂ। ਬੜੀਆਂ ਸੁਆਦ ਲੱਗੀਆਂ, ਪਰ ਖਾਣ ਸਮੇਂ ਅੱਖਾਂ ਵਿੱਚ ਹੰਝੂ ਵੀ ਆਏ।
ਤਿੰਨ ਕੁ ਮਹੀਨੇ ਪਿੱਛੋਂ ਸਾਡੇ ਪਿੰਡ ਦੇ ਗੇਂਦੇ ਭਰਾਈ ਦੀ ਉਧਾਲੀ ਨੂੰਹ ਤੇ ਧੀ ਉਧਾਲਣ ਵਾਲਿਆਂ ਨੂੰ ਝਕਾਨੀ ਦੇ ਕੇ ਸੂਬੇਦਾਰ ਸ਼ਿਵ ਸਿੰਘ ਦੇ ਘਰ ਆ ਵੜੀਆਂ। ਉਨ੍ਹਾਂ ਦੇ ਚਿਹਰੇ ਉਤਰੇ ਹੋਏ ਸਨ, ਪਰ ਸੂਬੇਦਾਰ ਦੀਆਂ ਚਾਰ ਧੀਆਂ ਨਾਲ ਰਲ ਕੇ ਮੁੜ ਟਹਿਕ ਪਏ।
ਸਾਨੂੰ ਪਤਾ ਸੀ ਕਿ ਉਨ੍ਹਾਂ ਨੂੰ ਉਧਾਲ ਕੇ ਲਿਜਾਣ ਵਾਲੇ ਉਨ੍ਹਾਂ ਨੂੰ ਮੁੜ ਚੁੱਕਣ ਆ ਸਕਦੇ ਹਨ। ਇਸ ਲਈ ਪਿੰਡ ਦੀ ਪੰਚਾਇਤ ਨੇ ਫ਼ੈਸਲਾ ਕੀਤਾ ਕਿ ਇਸ ਵਾਰੀ ਉਨ੍ਹਾਂ ਨੂੰ ਉੱਕਾ ਹੀ ਨਹੀਂ ਬਖ਼ਸ਼ਣਾ। ਉਹ ਕਤਲੇਆਮ ਦੇ ਦਿਨਾਂ ਵਾਲੀ ਗਿਣਤੀ ਵਿੱਚ ਨਹੀਂ ਸਨ ਹੋ ਸਕਦੇ।
ਇੰਜ ਹੀ ਹੋਇਆ। 10-15 ਦਿਨਾਂ ਪਿੱਛੋਂ ਪ੍ਰੀਤਮ ਸਿੰਘ ਜੀਂਦੋਵਾਲ, ਬਲਵੰਤ ਸਿੰਘ ਲੱਲੀਆਂ ਤੇ ਰਤਨ ਸਿੰਘ  ਗੋਬਿੰਦਪੁਰ, ਜਿਹੜੇ ਆਪੋ ਵਿੱਚ ਰਿਸ਼ਤੇਦਾਰ ਵੀ ਸਨ, ਹਥਿਆਰ ਅਤੇ ਘੋੜੀ ਲੈ ਕੇ ਗੇਂਦੇ ਭਰਾਈ ਦੀ ਨੂੰਹ ਤੇ ਧੀ ਨੂੰ ਚੁੱਕਣ ਆ ਗਏ। ਉਨ੍ਹਾਂ ਨੇ ਗੇਂਦੇ ਭਰਾਈ ਦਾ ਘਰ ਪੁੱਛਿਆ ਤਾਂ ਮੇਰੇ ਪਿੰਡ ਦੇ ਨੌਜਵਾਨ ਮੁੰਡੇ ਨੇ ਉਨ੍ਹਾਂ ਨੂੰ ਖਾਲੀ ਘਰ ਦੇ ਅੰਦਰ ਵਾੜ ਕੇ ਬਾਹਰੋਂ ਕੁੰਡਾ ਲਾ ਦਿੱਤਾ ਅਤੇ ਸੂਬੇਦਾਰ ਤਾਏ ਨੂੰ ਆ ਦੱਸਿਆ।
ਪਲਾਂ ਛਿਣਾਂ ਵਿੱਚ ਇਹ ਖ਼ਬਰ ਸਾਰੇ ਪਿੰਡ ਵਿੱਚ ਫੈਲ ਗਈ। ਪਿੰਡ ਵਾਲਿਆਂ ਨੇ ਛਵੀਆਂ, ਤਲਵਾਰਾਂ ਤੇ ਗੰਡਾਸੇ, ਜੋ ਵੀ ਉਨ੍ਹਾਂ ਦੇ ਹੱਥ ਲੱਗਿਆ, ਚੁੱਕ ਕੇ ਗੇਂਦੇ ਭਰਾਈ ਦੇ ਘਰ ਨੂੰ ਜਾ ਕੇ ਘੇਰ ਲਿਆ। ਉਨ੍ਹਾਂ ਵਿੱਚੋਂ ਇੱਕ ਤਾਇਆ ਸ਼ਿਵ ਸਿੰਘ ਦੀ ਗੋਲੀ ਦਾ ਸ਼ਿਕਾਰ ਹੋ ਗਿਆ, ਦੂਜਾ ਛਵੀਆਂ, ਤਲਵਾਰਾਂ ਦਾ ਅਤੇ ਤੀਜਾ ਇੱਟਾਂ-ਵੱਟਿਆਂ ਤੇ ਡਾਂਗਾਂ ਦਾ। ਵਾਰਦਾਤ ਪਿੱਛੋਂ ਦੋ ਗੇਂਦੇ ਭਰਾਈ ਦੇ ਘਰ ਹੀ ਲੁੜ੍ਹਕੇ ਪਏ ਸਨ ਤੇ ਤੀਜਾ ਭੱਜਿਆ ਜਾਂਦਾ ਪਿੰਡ ਦੀਆਂ ਹੱਟੀਆਂ ਕੋਲ ਢਹਿ ਪਿਆ ਸੀ।
ਇਸ ਘਟਨਾ ਪਿੱਛੋਂ ਮੇਰੇ ਪਿੰਡ ਦੇ ਮਰਦਾਂ ਦੇ ਚਿਹਰੇ ਵੇਖਣ ਵਾਲੇ ਸਨ। ਤਾਇਆ ਸ਼ਿਵ ਸਿੰਘ ਤੇ ਮੇਰੇ ਪਿਤਾ ਦੇ ਸਭ ਤੋਂ ਵੱਧ। ਉਨ੍ਹਾਂ ਨੇ ਆਪਣੇ ਪਿੰਡ ਦੀਆਂ ਮੁਸਲਿਮ ਧੀਆਂ ਨੂੰ ਬਚਾ ਕੇ ਤਿੰਨ ਮਹੀਨੇ ਪਹਿਲਾਂ ਦੀ ਹੱਤਕ ਦਾ ਬਦਲਾ ਲੈ ਲਿਆ ਸੀ। ਪਿੰਡ ਦਾ ਬਚਾਅ ਇਸ ਕਾਰਨ ਹੋਇਆ ਕਿ ਜਿਹੜੀ ਬੰਦੂਕ ਉਹ ਲੈ ਕੇ ਆਏ ਸਨ, ਉਹ ਭਾਰਤੀ ਫ਼ੌਜ ਤੋਂ ਚੋਰੀ ਕੀਤੀ ਹੋਈ ਸੀ। ਪਿੰਡ ਲਈ ਉਨ੍ਹਾਂ ਨੂੰ ਚੋਰ, ਡਾਕੂ ਤੇ ਲੁਟੇਰੇ ਸਿੱਧ ਕਰਨਾ ਸੌਖਾ ਹੋ ਗਿਆ ਸੀ।
ਮੇਰੇ ਪਿੰਡ ਦੀ ਇਹ ਦਰਦਨਾਕ ਘਟਨਾ ਕਈ ਰੂਪਾਂ ਵਿੱਚ ਮੇਰੀਆਂ ਲਿਖਤਾਂ ਦਾ ਮਸਾਲਾ ਬਣੀ। ‘ਸ਼ਹੀਦ’ ਨਾਂ ਦੀ ਕਹਾਣੀ ਦੇ ਅੰਗਰੇਜ਼ੀ ਅਨੁਵਾਦ ਨੂੰ ਖੁਸ਼ਵੰਤ ਸਿੰਘ ਨੇ ਆਪਣੀ ਪੁਸਤਕ ‘ਲੈਂਡ ਆਫ ਦਿ ਫਾਈਵ ਰਿਵਰਜ਼’ ਵਿੱਚ ਸ਼ਾਮਲ ਕੀਤਾ ਤਾਂ ਇਹ ਦੁਨੀਆ ਦੀਆਂ ਹੋਰ ਭਾਸ਼ਾਵਾਂ ਵਿੱਚ ਵੀ ਪਹੁੰਚ ਗਈ। ਮੈਂ ਇਸ ਵਾਰਦਾਤ ਨੂੰ 1971 ਵਿੱਚ ਬੰਗਲਾਦੇਸ਼ ਦੇ ਹੋਂਦ ਵਿੱਚ ਆਉਣ ਸਮੇਂ ਦੀਆਂ ਘਟਨਾਵਾਂ ਨਾਲ ਜੋੜ ਕੇ ‘ਅਮਰ ਕਥਾ’ ਦਾ ਨਾਂ ਦਿੱਤਾ। ਉੱਥੇ ਚੱਪਾ ਸਦੀ ਪਿੱਛੋਂ ਓਹੀਓ ਕੁਝ ਹੋਇਆ ਸੀ ਜੋ 1947 ਵਿੱਚ ਮੇਰੇ ਪਿੰਡ। ਮੇਰੇ ਇਸ ਕਹਾਣੀ ਦੇ ਨਾਂ ਵਾਲੇ ਕਹਾਣੀ ਸੰਗ੍ਰਹਿ ਨੂੰ 1982 ਵਿੱਚ ਭਾਰਤੀ ਸਾਹਿਤ ਅਕਾਦਮੀ ਦਾ ਉੱਤਮ ਸਨਮਾਨ ਮਿਲਿਆ।
ਹੁਣ ਜਦੋਂ ਸਾਡੇ ਜੀਵਨ ਦੀਆਂ ਹੋਰ ਲੋੜਾਂ ਪੂਰੀਆਂ ਹੋ ਚੁੱਕੀਆਂ ਹਨ ਤਾਂ ਅਸੀਂ ਦੇਸ਼ ਵੰਡ ਦੇ ਇਸ ਘਟਨਾਕ੍ਰਮ ਦੇ ਪਿਛੋਕੜ ਵਿੱਚ ਨਹਿਰ ਤੋਂ ਆਪਣੇ ਪਿੰਡ ਨੂੰ ਮੁੜਦੀ ਸੜਕ ਉੱਤੇ ਇੱਕ ਦਰਵਾਜ਼ਾ ਬਣਵਾਇਆ ਹੈ ਜਿਸ ਦਾ ਨਾਂ ‘ਦਰਵਾਜ਼ਾ ਅਮਰ ਕਥਾ ਪਿੰਡ ਸੂਨੀ’ ਰੱਖਿਆ ਹੈ। ਇਸ ਦੀ ਸੇਵਾ ਮੇਰੀ ਡਾਕਟਰ ਪਤਨੀ ਸੁਰਜੀਤ ਕੌਰ ਨੇ ਕਰਵਾਈ ਹੈ।
ਮਾਨਵ ਜਾਤੀ ਨੂੰ ਰੱਬ ਦੀਆਂ ਰਚਨਾਵਾਂ ਵਿੱਚੋਂ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਪਰ ਮੇਰਾ ਅਨੁਭਵ ਹੈ ਕਿ ਬੰਦੇ ਦਾ ਇਹ ਪੁੱਤ ਨੇਕ-ਨਾਮੀਆਂ ਵੀ ਖੱਟਦਾ ਹੈ, ਪਰ ਕਈ ਵਾਰ ਇਸ ਦੀ ਮੱਤ ਉੱਤੇ ਅਜਿਹਾ ਪਰਦਾ ਪੈਂਦਾ ਹੈ ਕਿ ਵਹਿਸ਼ੀ ਹੋਣ ਲੱਗਿਆਂ ਵੀ ਫੋਰਾ ਨਹੀਂ ਲਾਉਂਦਾ।
ਮੇਰੇ ਪਿੰਡ ਵਿੱਚ ਅੱਜ ਵੀ ਜੇ ਕੋਈ ਵੰਡ ਤੋਂ ਪਹਿਲਾਂ ਦੀ ਚੀਜ਼ ਕਾਇਮ ਹੈ ਤਾਂ ਸਿਰਫ਼ ਮਸੀਤ ਅਤੇ ਉਸ ਦੇ ਪਿੱਛੇ ਵਾਲੀ ਉਹ ਥਾਂ ਜਿੱਥੇ ਪੰਜ-ਸੱਤ ਦਿਨ ਵਾਸਤੇ ਸਿੰਘ ਸਜੇ ਤੇ ਫਿਰ ਕਤਲ ਹੋਏ ਦੋ ਦਰਜਨ ਮੁਸਲਮਾਨਾਂ ਨੂੰ ਦਫ਼ਨਾਉਣ ਦੀ ਥਾਂ ਅਗਨ ਭੇਟ ਕੀਤਾ ਗਿਆ ਸੀ। ਹੁਣ ਉਸ ਮਸੀਤ  ਨੂੰ ਪਹਾੜਾਂ ਤੋਂ ਆਏ ਗੁੱਜਰ ਲੋਕ ਪੂਜਣ ਲੱਗ ਪਏ ਹਨ। ਉਨ੍ਹਾਂ ਨੇ ਮੁਜ਼ੱਫਰਪੁਰ, ਉੱਤਰ ਪ੍ਰਦੇਸ਼ ਤੋਂ ਕਾਜ਼ੀ ਮੁਹੰਮਦ ਸਾਲਿਕ ਨੂੰ ਇੱਥੇ ਲਿਆ ਕੇ ਇਸ ਮਸੀਤ ਦੀ ਸਾਂਭ-ਸੰਭਾਲ ਸੌਂਪ ਦਿੱਤੀ ਹੈ।
* * *
ਇਹ ਸਤਰਾਂ ਲਿਖਦੇ ਸਮੇਂ ਮੌਨਸੂਨ ਦੀ ਵਰਖਾ ਨੇ ਮੈਨੂੰ 1947 ਦਾ ਸਾਉਣ ਚੇਤੇ ਕਰਵਾ ਦਿੱਤਾ ਹੈ। ਦੋ ਤਿੰਨ ਦਿਨ ਕਹਿਰਾਂ ਦੀ ਵਰਖਾ ਹੋਈ। ਪੱਕੇ ਕੋਠੇ ਵੀ ਚੋਣ ਲੱਗੇ। ਮੇਰੀ ਮਾਂ ਤੇ ਬਾਪ ਕੱਚੇ ਪੱਕੇ ਬਨੇਰਿਆਂ ਉੱਤੇ ਪੁਰਾਣੀਆਂ ਬੋਰੀਆਂ, ਖੇਸ ਤੇ ਚਾਦਰਾਂ ਪਾ ਕੇ ਆਏ। ਤ੍ਰਿਪ ਤ੍ਰਿਪ ਬੰਦ ਹੋਣ ਦਾ ਨਾਂ ਨਾ ਲਵੇ। ਖਾਣਾ ਬਣਾਉਣ ਲਈ ਸੁੱਕਾ ਬਾਲਣ ਨਾ ਲੱਭੇ। ਚੁੱਲ੍ਹੇ ਦੀ ਅੱਗੇ ਸੇਕ ਦੀ ਥਾਂ ਧੂੰਆਂ ਛੱਡਣ ਤੋਂ ਬਾਜ਼ ਨਾ ਆਵੇ। ਕੱਚਾ ਪਿਲਾ ਖਾ ਕੇ ਗੁਜ਼ਾਰਾ ਕੀਤਾ।
ਸਾਡਾ ਪਿੰਡ ਉੱਚੇ ਥੇਹ ਉੱਤੇ ਬਣਿਆ ਹੋਇਆ ਹੈ। ਸਾਡੇ ਪਰਿਵਾਰ ਦੇ ਘਰਾਂ ਦੀਆਂ ਨੀਂਹਾਂ ਆਮ ਘਰਾਂ ਦੀਆਂ ਛੱਤਾਂ ਨਾਲੋਂ ਵੀ ਉੱਚੀਆਂ ਹਨ। ਸਾਡੇ ਘਰ ਤੇ ਚੁਬਾਰੇ ਹੋਰ ਵੀ ਉੱਚੇ। ਵਰਖਾ ਹਟੀ ਤਾਂ ਅਸੀਂ ਚੁਬਾਰੇ ਦੀ ਛੱਤ ਉੱਤੇ ਜਾ ਕੇ ਵੇਖਿਆ। ਪਿੰਡ ਦੇ ਸੱਜੇ ਤੇ ਖੱਬੇ ਵਾਲੀਆਂ ਬੇਈਆਂ (ਚੋਅ) ਪਹਾੜੀ ਨਦੀਆਂ ਦੀ ਰਫ਼ਤਾਰ ਨਾਲ ਵਗ ਰਹੀਆਂ ਸਨ ਜਿਵੇਂ  ਇੱਕ ਦੂਜੀ ਨਾਲ ਬਿਦ ਕੇ ਅੱਗੇ ਲੰਘ ਰਹੀਆਂ ਹੋਣ। ਸਾਡੇ ਪਿੰਡ ਤੋਂ ਸ਼ਿਵਾਲਿਕ ਪਰਬਤ ਮਸਾਂ 12-15 ਮੀਲ ਹੈ। ਪਾਣੀ ਉਪਰੋਂ ਆ ਰਿਹਾ ਸੀ। ਬੇਹਿਸਾਬਾ।
ਸ਼ਾਮ ਤਕ ਪਾਣੀ ਨੀਵਾਂ ਹੋਇਆ ਤਾਂ ਪਤਾ ਲੱਗਿਆ ਕਿ ਕਿਸੇ ਦੀ ਖੁਰਲੀ ਹੜ੍ਹ ਕੇ ਮੀਲ ਭਰ ਦੀ ਦੂਰੀ ਉੱਤੇ ਚਲੀ ਗਈ ਸੀ ਤੇ ਕਿਸੇ ਦੇ ਬਲਦ ਗੱਡੇ ਨਾਲ ਬੰਨ੍ਹੇ ਬੰਨ੍ਹਾਏ ਗੱਡੇ ਸਮੇਤ ਅਗਲੇ ਪਿੰਡ ਦੀ ਜੂਹ ਵਿੱਚ ਪਹੁੰਚ ਚੁੱਕੇ ਸਨ। ਮੁਰਗੇ ਮੁਰਗੀਆਂ ਤੇ ਬੱਕਰੀਆਂ ਤਾਂ ਲੱਭ ਹੀ ਨਹੀਂ ਸਨ ਰਹੇ।
ਜੜ੍ਹਾਂ ਤੋਂ ਪੁੱਟੇ ਗਏ ਰੁੱਖਾਂ ਦਾ ਵੀ ਬੁਰਾ ਹਾਲ ਸੀ। ਇਨ੍ਹਾਂ ਵਿੱਚ ਤਾਏ ਦਾ ਉਹ ਅੰਬ ਵੀ ਸ਼ਾਮਲ ਸੀ ਜਿਸ ਦੀ ਮਿੱਠਤ ਚਹੁੰ ਮੀਲਾਂ ਤਕ ਜਾਣੀ ਜਾਂਦੀ ਸੀ। ਉਹ ਪਿਉਂਦੂ ਬੇਰੀ ਵੀ ਜਿਸ ਦੇ ਬੇਰ ਪਿੰਡ ਦੀਆਂ ਧੀਆਂ ਸਹੁਰੇ ਜਾਣ ਸਮੇਂ ਆਪਣੀਆਂ ਸੱਸਾਂ ਤੇ ਨਨਾਣਾਂ ਲਈ ਲੈ ਕੇ ਜਾਂਦੀਆਂ ਸਨ। ਮੁਸਲਮਾਨਾਂ ਦੇ ਤਕੀਏ ਦਾ ਸੌ ਸਾਲ ਪੁਰਾਣਾ ਉਹ ਬੋਹੜ ਵੀ ਜਿਸ ਦੀ ਛਾਵੇਂ ਬਹਿ ਕੇ ਮਰਦ ਹੁੱਕਾ ਪੀਂਦੇ ਤੇ ਤਾਸ਼ ਖੇਡਦੇ ਸਨ। ਅਸੀਂ ਆਪਣੇ ਬਾਲਪਣ ਵਿੱਚ ਇਸ ਬੋਹੜ ਦੀ ਦਾਹੜੀ ਨਾਲ ਝੂਟੇ ਲੈਂਦੇ ਸਾਂ। ਇਸ ਤਬਾਹੀ ਦੇ ਮਾਹੌਲ ਵਿੱਚ ਅਸੀਂ ਢਠੇ ਬੋਹੜ ਦੀ ਦਾਹੜੀ ਪਲੋਸ ਕੇ ਕਰਤਾਰ ਸਿੰਘ ‘ਚਰਖਾ’ ਨਾਂ ਦੇ ਕਵੀਸ਼ਰ ਦੀਆਂ ਇਹ ਲਾਈਨਾਂ ਗਾ ਕੇ ਆਪਣੇ ਵਿਛੜ ਚੁੱਕੇ ਮੁਸਲਮਾਨ ਹਾਣੀਆਂ ਨੂੰ ਚੇਤੇ ਕੀਤਾ ਤੇ ਉਦਾਸ ਵੀ ਹੋਏ:
ਕੰਧਾਂ ਕੋਠੇ ਸਾਰੇ ਹਿੱਲ ਗਏ
ਲੱਗੀਆਂ ਸਾਉਣ ਦੀਆਂ ਝੜੀਆਂ
ਮੈਨੂੰ ਪੂਰਾ ਗੀਤ ਤਾਂ ਚੇਤੇ ਨਹੀਂ ਕਿਧਰੇ ਇਹ ਸ਼ਬਦ ਵੀ ਆਉਂਦੇ ਸਨ:
ਕੱਠੀਆਂ ਹੋ ਕੇ ਗਵਾਂਢਣਾਂ ਲੜੀਆਂ
ਓਧਰਲੇ ਪੰਜਾਬ ਵਿੱਚ ਵਰਖਾ ਨੇ ਕਿਹੋ ਜਿਹੀ ਤਬਾਹੀ ਲਿਆਂਦੀ, ਇਹ ਕਿਰਪਾਲ ਸਿੰਘ ਨੂੰ ਵੀ ਨਹੀਂ ਪਤਾ ਹੋਣਾ। ਉਹ ਏਧਰ ਆ ਚੁੱਕਿਆ ਸੀ।