ਕਿੱਥੋਂ ਖੁੰਝ ਗਏ ਹਾਂ ਅਸੀਂ, ਕਿੱਥੋਂ ਠੇਡਾ ਖਾਧਾ

0
93

chaar-sahibzaade-5a

ਮਨਜੀਤ ਸਿੰਘ ਟਿਵਾਣਾ

ਅਸੀਂ ਸਿੱਖ ਹਰ ਸਾਲ ਦਸੰਬਰ ਦੇ ਮਹੀਨੇ ਵਿਚ ਸਿੱਖ ਇਤਿਹਾਸ ‘ਚ ਵਾਪਰੀਆਂ ਮਹਾਨ ਘਟਨਾਵਾਂ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ। ਇਨ੍ਹਾਂ ਯਾਦਾਂ ਵਿਚ ਚਮਕੌਰ ਦੀ ਕੱਚੀ ਗੜ੍ਹੀ ਵਿਚ ਵਿਸ਼ਵ ਇਤਿਹਾਸ ‘ਚ ਲੜੀ ਗਈ ਇਕ ਅਸਾਵੀਂ ਜੰਗ ‘ਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਫਤਿਹਗੜ੍ਹ ਸਾਹਿਬ (ਸਰਹਿੰਦ) ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀਆਂ ਘਟਨਾਵਾਂ ਪ੍ਰਮੁੱਖ ਹਨ। ਇਸ ਮਹੀਨੇ ਸਿੱਖਾਂ ਦੇ ਮਹਾਨ ਇਤਿਹਾਸ ਦਾ ਉਹ ਦੌਰ ਸਾਡੀਆਂ ਰੂਹਾਂ ਨਾਲ ਖਹਿ ਕੇ ਗੁਜ਼ਰਦਾ ਹੈ। ਇਨ੍ਹਾਂ ਦਿਨਾਂ ਵਿਚ ਕਦੇ ਇਸ ਧਰਤੀ ਉਤੇ ਸਿੱਖ ਫਲਸਫੇ ਦਾ ਰੂਹਾਨੀ ਰੰਗ ਹਕੀਕਤ ਵਿਚ ਉਤਰਦਾ ਦੇਖਣ ਨੂੰ ਮਿਲਿਆ ਸੀ।
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਵਿਚ ਚਾਰੋਂ ਸਾਹਿਬਜ਼ਾਦਿਆਂ ਅਤੇ ਤਮਾਮ ਸਿੰਘ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜੋੜ ਮੇਲੇ ਲਗਾਏ ਹਨ। ਸਿੱਖਾਂ ਵਿਚ ਰਵਾਇਤ ਚਲੀ ਆ ਰਹੀ ਹੈ ਕਿ ਕੌਮ ਨੇ ਹਰ ਦੁੱਖ ਅਤੇ ਸੁੱਖ ਦੀਆਂ ਘੜੀਆਂ ਵਿਚ ਜੋੜ-ਮੇਲਿਆਂ, ਗੁਰਪੁਰਬਾਂ ਸਮੇਤ ਹੋਰ ਇਤਿਹਾਸਕ ਦਿਹਾੜਿਆਂ ਨੂੰ ਪੰਥਕ ਇਕੱਠਾਂ ਦੇ ਰੂਪ ਵਿਚ ਸਮੇਂ ਮੁਤਾਬਕ ਸਿਆਸੀ, ਧਾਰਮਿਕ ਅਤੇ ਸਮਾਜਕ ਸੇਧਾਂ ਲੈਣ ਲਈ ਇਕ ਮੌਕੇ ਵਜੋਂ ਵਰਤਿਆ ਹੈ। ਇਸ ਵਾਰ ਦੇ ਜੋੜ ਮੇਲਿਆਂ ਨੂੰ ਇਸ ਨਜ਼ਰੀਏ ਤੋਂ ਦੇਖਦਿਆਂ ਕਹਿਣਾ ਮੁਨਾਸਿਬ ਹੋਵੇਗਾ ਕਿ ਜਮਹੂਰੀਅਤ ਦੇ ਇਸ ਯੁੱਗ ਵਿਚ ਇਨ੍ਹਾਂ ਮੌਕਿਆਂ ਉਤੇ ਸਮੁੱਚੀ ਸਿੱਖ ਕੌਮ ਨੂੰ ਇਹ ਸੋਚਣ ਦੀ ਅਤਿ ਲੋੜ ਹੈ ਕਿ ਮੌਜੂਦਾ ਸਿੱਖ ਲੀਡਰਸ਼ਿਪ ਦੇ ਖੇਰੂੰ-ਖੇਰੂੰ ਹੋਣ ਤੋਂ ਬਾਅਦ ਸਮੁੱਚੇ ਪੰਥ ਨੂੰ ਅੱਗੇ ਕੀ ਕਰਨਾ ਚਾਹੀਦਾ ਹੈ? ਆਪਣੇ ਸ਼ਾਨਾਮੱਤੇ ਇਤਿਹਾਸ ਦੀ ਲੋਅ ਵਿਚ ਅਸੀਂ ਕਿਹੜਾ ਰੁਖ ਅਖਤਿਆਰ ਕਰਨਾ ਹੈ ਕਿ ਸਾਡੇ ਉਤੇ ਥੋਪੀ ਗਈ ਝੂਠ ਤੇ ਦੰਭ ਦੀ ਰਾਜਨੀਤੀ ਨੂੰ ਲਾਂਭੇ ਕਰਕੇ ਕੌਮ ਦੀ ਹੋਣੀ ਨੂੰ ਸੰਵਾਰਿਆ ਜਾ ਸਕੇ। ਭਾਵੇਂ ਇਹ ਕਾਫੀ ਔਖਾ ਕਾਰਜ ਹੈ, ਕਿਉਂਕਿ ਬਦੀਆਂ ਅਤੇ ਨੇਕੀਆਂ ਦੇ ਇਸ ਦੌਰ ਵਿਚ ਆਪਣਿਆਂ ਅਤੇ ਪਰਾਇਆਂ ਦੀ ਪਛਾਣ ਕਰਨ ਵਿਚ ਸਮਰੱਥ ਜਾਗਦੀਆਂ ਰੂਹਾਂ ਵਾਲੇ ਇਨਸਾਨਾਂ ਦੀ ਭਾਰੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਸਾਡੇ ਚੇਤਿਆਂ ਵਿਚ ਘਰ ਕਰ ਗਏ ਇਨ੍ਹਾਂ ਉਦਾਸ ਕਰ ਦੇਣ ਵਾਲੇ ਹਨੇਰਿਆਂ ਨੂੰ ਛੰਡਣ ਲਈ ਸਾਨੂੰ ਸਿੱਖ ਇਤਿਹਾਸ ਵਿਚ ਵਿਦਮਾਨ ਰੂਹਾਨੀ ਸੱਚ ਨੂੰ ਆਪਣੇ ਧੁਰ ਅੰਦਰ ਤਕ ਉਤਾਰਨਾ ਹੋਵੇਗਾ।
ਇਸ ਮੌਕੇ ਪੰਜਾਬ ਦੀ ਧਰਤੀ ਦੇ ਲਹੂ ਰੰਗੇ ਇਤਿਹਾਸ ਦਾ ਇਕ ਸੁਨਹਿਰੀ ਵਰਕਾ ਪੋਹ ਦੀਆਂ ਠੰਢੀਆਂ ਯੱਖ ਰਾਤਾਂ ਵਿਚ ਅਜਬ ਕਿਸਮ ਦੀ ਵਿਸਮਾਦੀ ਉਦਾਸੀ ਦੇ ਰੰਗਾਂ ਵਿਚ ਡੁਬਡੁਬਾਈਆਂ ਘਟਨਾਵਾਂ ਨੂੰ ਬਿਆਨ ਕਰਦਾ ਹੈ। ਇਹ ਘਟਨਾਵਾਂ ਸਾਨੂੰ ਸੈਂਕੜੇ ਸਾਲਾਂ ਤੋਂ ਜ਼ੁਲਮ ਨਾਲ ਟਕਰਾਉਣ ਅਤੇ ਦੇਸ਼-ਕੌਮ ਉਤੇ ਆਪਾ ਵਾਰਨ ਦੀ ਜਾਗ ਲਾਉਂਦੀਆਂ ਆ ਰਹੀਆਂ ਹਨ। ਠੰਡ ਦੇ ਭਰ ਜੋਬਨ ਵਿਚ ਘਰਾਂ ਦੀਆਂ ਨੁੱਕਰਾਂ ਵਿਚ ਛਿਪ ਕੇ ਬੈਠੇ ਸਾਡੇ ਪੁਰਖੇ ਇਨ੍ਹਾਂ ਦਿਨਾਂ ਵਿਚ ਸੰਸਾਰ ਤਵਾਰੀਖ਼ ਨੂੰ ਕੰਬਣੀ ਛੇੜ ਦੇਣ ਵਾਲੀ ਚਮਕੌਰ ਦੀ ਜੰਗ ਅਤੇ ਸਰਹਿੰਦ ਦੀ ਦੀਵਾਰ ਵਿਚ ਸ਼ਹੀਦੀ ਗਾਨੇ ਬੰਨ੍ਹ ਕੇ ਖੜ੍ਹੇ ਨਿੱਕੇ ਬਾਬਿਆਂ ਦੀ ਲਲਕਾਰ ਸੁਣ ਕੇ ਧੁਰ ਅੰਦਰ ਤਕ ਲਰਜ਼ਦੇ ਰਹੇ ਹਨ। ਪਰ ਸ਼ਾਇਦ ਹੁਣ ਇੰਝ ਨਹੀਂ ਹੋ ਰਿਹਾ ਹੈ। ਚਮਕੌਰ ਦੀ ਮਿੱਟੀ ਦੇ ਜ਼ਰ੍ਹੇ-ਜ਼ਰ੍ਹੇ ‘ਚੋਂ ਆ ਰਹੀ ਸ਼ਹੀਦਾਂ ਦੇ ਖੂਨ ਦੀ ਮਹਿਕ ਅਤੇ ਸਰਹਿੰਦ ਦੀ ਦੀਵਾਰ ਵਿਚ ਅਡੋਲ ਖੜ੍ਹੇ ਦੋ ਸੂਰਮਿਆਂ ਦੀ ਲਲਕਾਰ ਸ਼ਾਇਦ ਸਾਡੇ ਚੇਤਿਆਂ ਵਿਚ ਪਸਰੇ ਹਨੇਰਿਆਂ ਵਿਚ ਛੇਕ ਨਹੀਂ ਕਰਦੀ ਹੈ। ਸ਼ਾਇਦ ਅਸੀਂ ਗੁਰੂ ਤੋਂ ਬੇਮੁੱਖ ਹੋ ਗਏ ਹਾਂ ਅਤੇ ਇਹੋ ਸਾਡੀ ਧਰਤੀ, ਸਾਡੀ ਹਵਾ, ਸਾਡੇ ਪਾਣੀ ਅਤੇ ਸਾਡੀਆਂ ਰੂਹਾਂ ਦੇ ਸਰਾਪੇ ਜਾਣ ਦਾ ਕਾਰਨ ਬਣ ਗਿਆ ਹੈ। ਅਜੇ ਕੱਲ੍ਹ ਦੀਆਂ ਹੀ ਤਾਂ ਗੱਲਾਂ ਹਨ, ਜਦੋਂ ਸਾਡੇ ਘਰਾਂ ਵਿਚੋਂ ਸਿੱਖ ਗੱਭਰੂਆਂ, ਬੱਚਿਆਂ, ਤੀਵੀਆਂ ਅਤੇ ਬਜ਼ੁਰਗਾਂ ਦੀਆਂ ਢਾਣੀਆਂ ਇਹਨਾਂ ਮੁਬਾਰਕ ਦਿਹਾੜਿਆਂ ਉਤੇ ਚਮਕੌਰ ਤੇ ਫਤਹਿਗੜ੍ਹ ਸਾਹਿਬ ਦੀ ਧਰਤੀ ਨੂੰ ਨਤਮਸਤਕ ਹੋਣ ਅਤੇ ਜ਼ੁਲਮ ਦੀ ਕੰਧ ਨੂੰ ਲਾਹਨਤਾਂ ਪਾਉਣ ਲਈ ਵਹੀਰਾਂ ਘੱਤ ਕੇ ਆਉਂਦੀਆਂ ਸਨ।  ਢਾਡੀ ਵਾਰਾਂ ਗਾਉਂਦੇ ਸਨ, ਸਿੱਖ ਲੀਡਰਸ਼ਿਪ ਇਨ੍ਹਾਂ ਜੋੜ-ਮੇਲਿਆਂ ਵਿਚੋਂ ਆਪਣਾ ਸਿਆਸੀ ਖਾਸਾ ਢੂੰਡਦੀ ਸੀ। ਪੰਜਾਬ ਦੇ ਲੋਕ ਸੰਸਾਰ ਤਵਾਰੀਖ ‘ਚ ਵਾਪਰੇ ਇਸ ਅਨੂਠੇ ਸਾਕੇ ਦੀ ਯਾਦ ਨੂੰ ਦਿਲਾਂ ਵਿਚ ਸਮੋ ਕੇ ਜੀਵਨ ਪੈਂਡੇ ਦੇ ਬਿਖੜੇ ਰਾਹਾਂ ਵਿਚ ਵੀ ਅਡੋਲ ਤੁਰੇ ਜਾਂਦੇ ਸਨ। ਅੱਜ ਸਾਡੇ ਪੰਜਾਬ ਨੂੰ ਕੇਹੀ ਨਜ਼ਰ ਲੱਗੀ ਹੈ . ..ਕੇਹੀ ‘ਵਾ ਵਗੀ ਹੈ ਕਿ ਜੋੜ ਮੇਲੇ ਤਾਂ ਲੱਗਦੇ ਹਨ ਪਰ ਉਸ ਸ਼ਾਨਾਮੱਤੇ ਇਤਿਹਾਸ ਦੀ ਲੋਅ ਮਾਂਦ ਪੈਂਦੀ ਜਾ ਰਹੀ ਹੈ।
ਅੱਜ ਸਾਡੇ ਗੱਭਰੂਆਂ ਨੂੰ ਨਸ਼ਿਆਂ ਦਾ ਘੁਣ ਖਾ ਰਿਹਾ ਹੈ। ਉਹ ਕਿਰਤ ਦੇ ਸਿਧਾਂਤ ਨੂੰ ਤਿਲਾਂਜਲੀ ਦੇ ਰਹੇ ਹਨ ਤੇ ਪਦਾਰਥਿਕ ਸੁੱਖਾਂ ਦੀ ਵਧ ਰਹੀ ਲਾਲਸਾ ਵਸ ਪੈ ਕੇ ਰੁਲਦੇ ਜਾ ਰਹੇ ਹਨ। ਅੱਜ ਸਾਡੇ ਰਾਜ ਦਾ ਨਾਮ ਕੁੜੀਮਾਰਾਂ ਦੇ ਮਾਮਲੇ ਵਿਚ ਦੂਜੇ ਕਿੰਨੇ ਹੀ ਰਾਜਾਂ ਤੋਂ ਉਤੇ ਆ ਰਿਹਾ ਹੈ। ਇਹ ਸਭ ਅਣਹੋਣੀਆਂ ਉਸ ਧਰਤੀ ਉਤੇ ਵਾਪਰ ਰਹੀਆਂ ਹਨ, ਜਿੱਥੇ ਕਦੇ ਗੁਰੂ ਪਿਤਾ ਨੇ ਕੁੜੀਮਾਰਾਂ ਨਾਲ ਰੋਟੀ-ਬੇਟੀ ਦੀ ਸਾਂਝ ਨਾ ਰੱਖਣ ਲਈ ਖਾਲਸੇ ਨੂੰ ਹੁਕਮਨਾਮਾ ਜਾਰੀ ਕੀਤਾ ਸੀ। ਢਾਡੀ ਅੱਜ ਵੀ ਵਾਰਾਂ ਤਾਂ ਗਾਉਂਦੇ ਹਨ ਪਰ ਉਨ੍ਹਾਂ ਨੂੰ ਸੁਣ ਕੇ ਸਾਡੇ ਗੱਭਰੂਆਂ ਦੇ ਡੌਲੇ ਨਹੀਂ ਫਰਕਦੇ, ਮਾਵਾਂ ਦੀਆਂ ਅੱਖਾਂ ਨਹੀਂ ਭਰ ਆਉਂਦੀਆਂ ਅਤੇ ਬਜ਼ੁਰਗਾਂ ਦੇ ਚਿਹਰਿਆਂ ਉਤੇ ਅਗੰਮੀ ਨੂਰ ਨਹੀਂ ਡਲਕਦਾ। ਹੁਣ ਵੀ ਲੀਡਰਸ਼ਿਪ ਇਨ੍ਹਾਂ ਜੋੜ ਮੇਲਿਆਂ ਉਤੇ ਕਾਨਫਰੰਸਾਂ ਕਰਦੀ ਹੈ ਪਰ ਉਨ੍ਹਾਂ ਦੇ ਬੋਲਾਂ ਵਿਚੋਂ ਸੱਚ ਨਹੀਂ ਝਲਕਦਾ, ਉਨ੍ਹਾਂ ਦੀ ਕੋਈ ਲਲਕਾਰ ਦਿੱਲੀ ਦੀਆਂ ਨੀਂਦਰਾਂ ਵਿਚ ਖਲਲ ਨਹੀਂ ਪਾਉਂਦੀ।  ਉਹ ਸਟੇਜਾਂ ਉਤੇ ਖੜ੍ਹੇ ਪੰਥ ਦੇ ਵਾਰਿਸ ਨਹੀਂ ਲੱਗਦੇ, ਉਨ੍ਹਾਂ ਦੀਆਂ ਕੂੜ ਕਹਾਣੀਆਂ ਵਿਚੋਂ ਪੁੱਤਰ ਮੋਹ, ਸੱਤਾ ਦੀ ਭੁੱਖ ਅਤੇ ਗਦਾਰੀਆਂ ਦੀ ਬੋਅ ਆਉਂਦੀ ਹੈ। ਸਾਡੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਕਰਨ ਵਾਲੇ ਕਥਿਤ ਰਹਿਨੁਮਾ ਨਸ਼ਿਆਂ ਤੇ ਕਤਲਾਂ ਵਰਗੇ ਕੇਸਾਂ ਵਿਚ ਸਜ਼ਾਵਾਂ ਭੁਗਤ ਰਹੇ ਹਨ। ਗੁਰੂ ਘਰਾਂ ਦੇ ਗ੍ਰੰਥੀ ਸ਼ਰਾਬ ਪੀਂਦੇ ਫੜੇ ਜਾਂਦੇ ਹਨ, ਪੰਥ ਦੇ ਲੀਡਰ ਅਖਵਾਉਣ ਵਾਲੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਜੇਲ੍ਹ ਯਾਤਰਾਵਾਂ ਕਰ ਰਹੇ ਹਨ। ਇਸ ਮੌਕੇ ਆਓ ਸਾਰੇ ਰਲ ਕੇ ਗੁਰੂ ਦਸਮੇਸ਼ ਪਿਤਾ ਅੱਗੇ ਅਰਦਾਸ ਕਰੀਏ ਕਿ ਅਸੀਂ ਜੋ ਗੁਰੂ ਤੋਂ ਬੇਮੁੱਖ ਹੋਏ ਹਾਂ, ਮੁੜ ਆਪਣੇ ਘਰ ਪਰਤ ਆਈਏ। ਸ਼ਾਇਦ ਇਤਿਹਾਸ ਇਕ ਵਾਰ ਫਿਰ ਸਾਡੇ ਬੇਦਾਵਿਆਂ ਨੂੰ ਪਾੜ ਸੁੱਟੇ ਤੇ ਕੌਮ ਦੀ ਟੁੱਟੀ ਗੰਢੀ ਜਾਵੇ।