ਪੰਥਕ ਨਾਇਕ ਜੱਸਾ ਸਿੰਘ ਰਾਮਗੜ੍ਹੀਆ : ਜੀਵਨ ਅਤੇ ਯੋਗਦਾਨ

0
132

ਜਨਮ ਦਿਵਸ ‘ਤੇ ਵਿਸ਼ੇਸ਼

baba-jassa-singh
ਡਾ. ਗੁਰਮੀਤ ਸਿੰਘ
ਰੀਡਰ, ਧਰਮ ਅਧਿਐਨ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਿੱਖ ਇਤਿਹਾਸ ਦੇ ਨਾਇਕਾਂ ਵਿਚ ਜੱਸਾ ਸਿੰਘ ਰਾਮਗੜੀਆ ਅਜਿਹੇ ਜੋਧੇ ਸਨ ਕਿ ਉਸ ਵਲੋਂ ਕੀਤੇ ਕਾਰਨਾਮਿਆਂ ਦਾ ਜ਼ਿਕਰ ਕਰਦਿਆਂ ਅੱਜ ਹੈਰਾਨੀ ਹੁੰਦੀ ਹੈ ਕਿ ਕਿਵੇਂ ਉਸਨੇ ਮੁੱਠੀ ਭਰ ਸਿੰਘਾਂ ਦੀ ਮੱਦਦ ਨਾਲ ਵੱਖ-ਵੱਖ ਇਲਾਕਿਆਂ ਉੱਤੇ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਸਿੱਖ ਰਾਜ ਦੀ ਸਥਾਪਤੀ ਵਿਚ ਆਪਣਾ ਯੋਗਦਾਨ ਪਾਇਆ ਹੈ। ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੇ ਪਰਿਵਾਰ ਦਾ ਪਿਛੋਕੜ ਪੰਜਾਬ ਦੇ ਇਤਿਹਾਸ ਪਿੰਡ ਸੁਰ ਸਿੰਘ ਨਾਲ ਜੁੜਦਾ ਹੈ। ਅੰਮ੍ਰਿਤਸਰ ਜਿਲ੍ਹੇ ਦੀ ਤਹਿਸੀਲ ਪੱਟੀ ਵਿਚ ਪੈਂਦੇ ਇਸ ਪਿੰਡ ਨੂੰ ਸ਼ਹੀਦਾਂ ਅਤੇ ਫਕੀਰਾਂ ਦਾ ਪਿੰਡ ਕਿਹਾ ਜਾਂਦਾ ਹੈ। ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦਾਦਾ ਭਾਈ ਹਰਦਾਸ ਸਿੰਘ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਮੈਂਬਰ ਸਨ ਅਤੇ ਉਹ ਗੁਰੂ ਜੀ ਦੀ ਫੋਜ ਲਈ ਹੱਥਿਆਰ ਆਦਿ ਬਣਾਉਣ ਦਾ ਕੰਮ ਵੀ ਕਰਦਾ ਸੀ। ਹਰਦਾਸ ਸਿੰਘ ਦੇ ਦੋ ਪੁੱਤਰ ਸਨ ਭਗਵਾਨ ਸਿੰਘ ਤੇ ਸ. ਦਾਨ ਸਿੰਘ। ਜੱਸਾ ਸਿੰਘ, ਭਗਵਾਨ ਸਿੰਘ ਦਾ ਪੁੱਤਰ ਸੀ।
ਬਾਬਾ ਜੱਸਾ ਸਿੰਘ ਦਾ ਜਨਮ 5 ਮਈ 1723 ਉਸ ਸਮੇਂ ਹੋਇਆ ਜਦੋਂ ਪੰਜਾਬ ਵਿਚ ਮੁਗਲ ਹਕੂਮਤ ਨੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ ਲਈ ਤਹੱਈਆ ਕੀਤਾ ਹੋਇਆ ਸੀ। ਉਸਦੇ ਜੀਵਨ ‘ਤੇ ਸੰਖੇਪ ਜਿਹੀ ਝਾਤ ਮਾਰਨ ਤੋਂ ਹੀ ਪਤਾ ਚੱਲ ਜਾਂਦਾ ਹੈ ਕਿ ‘ਪੰਜਾਬ ਦੇ ਜੰਮਿਆ ਨੂੰ ਨਿੱਤ ਮੁਹਿੰਮਾਂ’ ਦੇ ਅਖਾਣ ਨੂੰ ਉਸਨੇ ਆਪਣੀ ਜਿੰਦਗੀ ਦਾ ਅੰਗ ਬਣਾਇਆ ਹੋਇਆ ਸੀ। ਚੜ੍ਹਦੀ ਜਵਾਨੀ ਵਿਚ ਪਹਿਲੀ ਵਾਰ ਉਸਨੇ ਪੰਥਕ ਫੈਸਲੇ ਦੇ ਮੁਤਾਬਕ ਨਾਦਰ ਸ਼ਾਹ ਦੇ ਵਿਰੁੱਧ ਜ਼ਕਰੀਆ ਖਾਨ ਦੀ ਹਮਾਇਤ ਵਿਚ ਬਣੇ ਮੋਰਚੇ ਵਿਚ ਸ਼ਾਮਲ ਹੋ ਕੇ ਜੰਗ ਵਿਚ ਹਿਸਾ ਲਿਆ ਸੀ। ਇਸ ਤੋਂ ਪਿਛੋਂ ਉਹ ਮਰਦੇ ਦਮ ਤੱਕ ਜੰਗ ਦਰ ਜੰਗ ਦੇ ਅਮਲ ਵਿਚੋਂ ਗੁਜ਼ਰਦਾ ਗਿਆ ਅਤੇ ਜਿੱਤਾਂ ਦੇ ਝੰਡੇ ਗੱਡਦਾ ਗਿਆ ਸੀ।
ਬਾਬਾ ਜੱਸਾ ਸਿੰਘ ਦੀ ਜਿੰਦਗੀ ਵਿਚ ਪਹਿਲੀ ਜੰਗ ਜਿਥੇ ਉਸਦੀ ਬਹਾਦਰੀ ਦੀ ਪਰਖ ਸੀ ਉਥੇ ਇਸ ਜੰਗ ਵਿਚ ਉਸਦੇ ਪਿਤਾ ਦੀ ਸ਼ਹਾਦਤ ਵੀ ਹੋ ਗਈ ਸੀ ਜਿਸ ਨੇ ਉਸ ਦੇ ਸਿਦਕ ਨੂੰ ਵੀ ਸਿੱਖੀ ਦੀ ਤਿਖੀ ਧਾਰ ‘ਤੇ ਮੁੱਢ ਵਿਚ ਹੀ ਪਰਖ ਲਿਆ ਸੀ। 1738 ਈਸਵੀ ਵਿਚ ਨਾਦਰ ਸ਼ਾਹ ਅਤੇ ਜ਼ਕਰੀਆ ਖਾਂ ਦੀਆਂ ਫੌਜਾਂ ਵਿਚ ਹੋਈ ਲੜਾਈ ਸਮੇਂ ਜੱਸਾ ਸਿੰਘ ਦੀ ਉਮਰ ਮਸਾਂ ਪੰਦਰਾਂ ਕੁ ਸਾਲਾਂ ਦੀ ਸੀ। ਇਸ ਜੰਗ ਵਿਚ ਵਿਖਾਈ ਬਹਾਦਰੀ ਕਰਕੇ ਛੋਟੀ ਉਮਰ ਵਿਚ ਹੀ ਉਸਨੇ ਵੱਡੇ ਲੀਡਰਾਂ ਵਾਲੇ ਗੁਣ ਗ੍ਰਹਿਣ ਕਰ ਲਏ ਸਨ। ਨਾਦਰ ਸ਼ਾਹ ਨਾਲ ਜ਼ਕਰੀਆ ਖਾਨ ਦੀ ਦੁਸ਼ਮਣੀ ਦਾ ਸਿੱਖਾਂ ਨੇ ਫਾਇਦਾ ਉਠਾਉਣਾ ਚਾਹਿਆ ਸੀ ਅਤੇ ਇਹ ਆਪਣੀ ਖਿੰਡੀ ਤਾਕਤ ਨੂੰ ਇਕੱਠਾ ਕਰਨ ਲੱਗੇ ਹੋਏ ਸਨ। ਜ਼ਕਰੀਆ ਖਾਨ ਦੀ ਸਿੱਖਾਂ ਨਾਲ ਸਾਂਝ ਥੋੜ੍ਹਾ ਚਿਰ ਹੀ ਰਹਿ ਸਕੀ। ਇਸ ਦੇ ਦੋ ਕਾਰਣ ਸਨ ਪਹਿਲਾ ਇਹ ਕਿ ਉਹ ਮਜਬੂਰੀ ਕਰਕੇ ਹੀ ਸਿੱਖਾਂ ਨੂੰ ਨਾਲ ਲੈ ਕੇ ਚੱਲ ਰਿਹਾ ਸੀ ਦੂਸਰਾ ਇਹ ਕਿ ਸਿੱਖਾਂ ਨੇ ਉਸ ਦੀ ਅਧੀਨਗੀ ਨੂੰ ਸਵੀਕਾਰ ਨਹੀਂ ਕੀਤਾ ਸੀ। ਬਲਕਿ ਸਿੱਖ ਆਪਣੇ ਆਪ ਨੂੰ ਮਜਬੂਤ ਕਰਦੇ ਜਾ ਰਹੇ ਸਨ। ਸਿੱਖ ਨਾਦਰ ਸ਼ਾਹ ਨਾਲ ਵੇਲਾ ਪਾ ਕੇ ਦੋ ਹੱਥ ਕਰਦੇ ਰਹਿੰਦੇ ਸਨ। ਬਾਬਾ ਜੱਸਾ ਸਿੰਘ ਨੇ ਇਸ ਸਮੇਂ ਦਾ ਸਭ ਤੋਂ ਵਧੇਰੇ ਲਾਭ ਉਠਾਇਆ ਸੀ। ਨਾਦਰ ਸ਼ਾਹ ਜਦੋਂ ਵੀ ਭਾਰਤ ‘ਤੇ ਹਮਲਾ ਕਰਕੇ ਇਕੱਠੇ ਕੀਤੇ ਲੁੱਟ-ਮਾਰ ਦੇ ਸਮਾਨ ਨੂੰ ਲੈ ਕੇ ਲੰਘਦਾ ਸੀ ਤਾਂ ਸਿੱਖ ਉਸ ‘ਤੇ ਟੁੱਟ ਪੈਂਦੇ ਸਨ। ਸਿੱਖਾਂ ਦੇ ਅਚਾਨਕ ਹਮਲਿਆਂ ਤੋਂ ਉਹ ਬੁਰੀ ਤਰ੍ਹਾਂ ਤੰਗ ਆ ਚੁੱਕਾ ਸੀ। ਦੁੱਖੀ ਹੋਏ ਨਾਦਰ ਸ਼ਾਹ ਨੇ ਸਿੱਖਾਂ ਬਾਰੇ ਜ਼ਕਰੀਆ ਖਾਨ ਤੋਂ ਪੁੱਛਿਆ ਸੀ ਕਿ ਹਮਲਾ ਕਰਨ ਵਾਲੇ ਲੋਕ ਕੌਣ ਹਨ ਤਾਂ ਜ਼ਕਰੀਆ ਖਾਨ ਨੇ ਕਿਹਾ ਸੀ ”ਕਿ ਇਹ ਫਕੀਰਾਂ ਦਾ ਟੋਲਾ ਹੈ ਜੋ ਸਾਲ ਵਿਚ ਦੋ ਵਾਰ ਗੁਰੂ ਦੇ ਤਲਾਬ ਵਿਚ ਨਹਾਉਂਦੇ ਹਨ” ਨਾਦਰ ਸ਼ਾਹ ਦਾ ਅਗਲਾ ਸਵਾਲ ਸੀ ਕਿ ਇਹ ਰਹਿੰਦੇ ਕਿਥੇ ਹਨ ਤਾਂ ਜ਼ਕਰੀਆ ਖਾਨ ਨੇ ਕਿਹਾ ਕਿ ”ਇਹ ਨਹੀਂ ਪਤਾ ਕਿ ਇਹ ਕਿਥੇ ਰਹਿੰਦੇ ਹਨ ਜਾਪਦਾ ਹੈ ਕਿ ਇਹ ਘੋੜਿਆਂ ਦੀਆਂ ਕਾਠੀਆਂ ‘ਤੇ ਸੌਂਦੇ ਹਨ”।
ਜ਼ਕਰੀਆ ਖਾਨ ਦੀ ਕਹੀ ਇਹ ਗੱਲ ਬਾਬਾ ਜੱਸਾ ਸਿੰਘ ਦੇ ਜੀਵਨ ‘ਤੇ ਪੂਰੀ ਤਰ੍ਹਾਂ ਢੁੱਕਦੀ ਹੈ ਉਸਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਤੋਂ ਪਤਾ ਚੱਲਦਾ ਹੈ ਕਿ ਉਹ ਕਦੇ ਵੀ ਟਿਕ ਕੇ ਬੈਠਣ ਵਾਲਾ ਨਹੀਂ ਸੀ। ਜ਼ਕਰੀਆ ਖਾਨ ਨੂੰ ਨਾਦਰ ਸ਼ਾਹ ਨੇ ਇਹ ਨਸੀਹਤ ਦਿੱਤੀ ਕਿ ਉਹ ਸਿੱਖਾਂ ਤੋਂ ਬਚ ਕੇ ਰਹੇ ਉਹ ਕਦੇ ਵੀ ਉਸਦੇ ਖਿਲਾਫ ਹੋ ਸਕਦੇ ਹਨ। ਜ਼ਕਰੀਆ ਖਾਨ ਦਾ ਆਪਣਾ ਡਰ ਵੀ ਸੀ ਜਿਸ ਕਰਕੇ ਉਸਨੇ ਸਿੱਖਾਂ ਨਾਲ ਕੀਤਾ ਸਮਝੌਤਾ ਤੋੜ ਦਿੱਤਾ ਤੇ ਉਹ ਸਿੱਖਾਂ ਦਾ ਵੈਰੀ ਬਣ ਗਿਆ ਸੀ। ਜ਼ਕਰੀਆ ਖਾਨ ਦੇ ਬੰਦਿਆਂ ‘ਤੇ ਵੀ ਸਿੰਘਾਂ ਦੇ ਜਥੇ ਹਮਲੇ ਕਰਦੇ ਰਹਿੰਦੇ ਸਨ। 1745 ਈਸਵੀ ਵਿਚ ਜ਼ਕਰੀਆ ਖਾਨ ਦੀ ਮੌਤ ਹੋ ਗਈ ਅਤੇ ਇਸ ਤੋਂ ਪਿਛੋਂ ਉਸਦੇ ਪੁੱਤਰ ਸੱਤਾ ਹਥਿਆਉਣ ਲਈ ਆਪਸੀ ਲੜਾਈ ਵਿਚ ਉਲਝ ਗਏ ਸਨ ਜਿਸ ਦਾ ਸਿੱਖਾਂ ਨੂੰ ਫਾਇਦਾ ਹੋਇਆ। ਮੌਕਾ ਤਾੜ ਕੇ ਸਿੱਖਾਂ ਨੇ ਆਪਣੀ ਤਾਕਤ ਇਕੱਠੀ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਸਨ।
ਸਿੱਖਾਂ ਦੇ ਵੱਖ-ਵੱਖ ਜੱਥਿਆਂ ਨੇ ਨਵਾਬ ਕਪੂਰ ਸਿੰਘ ਦੀ ਅਗਵਾਈ ਵਿਚ 1748 ਈਸਵੀ ਵਿਚ ਦਲ ਖਾਲਸਾ ਕਾਇਮ ਕੀਤਾ। ਦਲ ਖਾਲਸੇ ਦੇ ਝੰਡੇ ਹੇਠ ਸਿੱਖਾਂ ਦੇ ਵੱਖ-ਵੱਖ ਜਥੇ ਇਕੱਠੇ ਹੋਣ ਲਈ ਰਜ਼ਾਮੰਦ ਹੋ ਗਏ ਸਨ। ਸਿੱਖਾਂ ਦੀ ਇਸ ਏਕਤਾ ਦਾ ਅਸਰ ਇਹ ਹੋਇਆ ਕਿ ਵੱਖ-ਵੱਖ ਇਲਾਕਿਆਂ ਵਿਚ ਰਹਿੰਦੇ ਸਿੱਖਾਂ ਨੇ ਪੰਜਾਬ ਵੱਲ ਪਰਤਣਾ ਸ਼ੁਰੂ ਕਰ ਦਿੱਤਾ ਸੀ। ਇਸ ਸਮੇਂ ਸਿੱਖਾਂ ਦੇ ਵੱਖ-ਵੱਖ ਜੱਥਿਆਂ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਅੰਮ੍ਰਿਤਸਰ ਵਿਖੇ ਇਕ ਕਿਲਾ ਉਸਾਰਿਆ ਜਾਵੇ। ਇਸ ਕਿਲੇ ਦਾ ਨਾਂ ਰਾਮ ਰੌਣੀ ਰੱਖਿਆ ਗਿਆ ਸੀ। ਸਿੱਖਾਂ ਲਈ ਇਹ ਕਿਲ੍ਹਾ ਯੁੱਧਨੀਤਕ ਲੋੜ ਸੀ ਤੇ ਇਸ ਬਾਰੇ ਫੈਸਲਾ ਹੋਣ ਤੋਂ ਤੁਰੰਤ ਪਿਛੋਂ ਸਿੱਖ ਸੰਗਤਾਂ ਨੇ ਇਸ ਕਿਲ੍ਹੇ ਦੀ ਉਸਾਰੀ ਕਰ ਦਿੱਤੀ ਸੀ। ਜੱਸਾ ਸਿੰਘ ਰਾਮਗੜ੍ਹੀਆ ਨੇ ਅੰਮ੍ਰਿਤਸਰ ਵਿਖੇ ਰਾਮ ਰੌਣੀ ਦੇ ਕਿਲ੍ਹੇ ਦੀ ਉਸਾਰੀ ਵਿਚ ਅਤਿਅੰਤ ਸੇਵਾ ਕੀਤੀ। ਕਿਉਂਕਿ ਕਿਲ੍ਹਿਆ ਦੀ ਮਹੱਤਤਾ ਦਾ ਉਸ ਨੂੰ ਚੰਗਾ ਅਨੁਭਵ ਹੋ ਚੁੱਕਾ ਸੀ। ਸਭ ਤੋਂ ਪਹਿਲਾ ਕਿਲ੍ਹਾ ਰਾਵੀ ਦੇ ਕੰਢੇ ‘ਤੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੇ ਉਦਮ ਨਾਲ ਬਣਿਆ ਸੀ। ਦਲ ਖਾਲਸਾ ਸਿੱਖਾਂ ਦੀ ਕੋਈ ਇਕਜੁਟ ਜਥੇਬੰਦੀ ਨਹੀਂ ਸੀ ਕੇਵਲ ਸਾਂਝੇ ਪੰਥਕ ਮਸਲਿਆਂ ਲਈ ਸਿੱਖ ਦਲ ਖਾਲਸੇ ਦੇ ਰੂਪ ਵਿਚ ਇਕੱਠੇ ਹੁੰਦੇ ਸਨ। ਇਸ ਸਮੇਂ ਸਿੱਖਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੀ ਆਪੋ ਆਪਣੇ ਇਲਾਕਿਆਂ ਵਿਚ ਸਰਗਰਮ ਸਨ ਜਿਨ੍ਹਾਂ ਨੂੰ ਮਿਸਲਾਂ ਕਿਹਾ ਜਾਂਦਾ ਸੀ। ਇਨ੍ਹਾਂ ਬਾਰਾਂ ਮਿਸਲਾਂ ਵਿਚੋਂ ਇਕ ਮਿਸਲ ਜੱਸਾ ਸਿੰਘ ਦੇ ਨਾਂ ‘ਤੇ ਰਾਮਗੜ੍ਹੀਆ ਮਿਸਲ ਵਜੋਂ ਜਾਣੀ ਜਾਂਦੀ ਹੈ। ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ ਮਿਸਲ ਦੀ ਲੜਾਈ ਜੱਸਾ ਸਿੰਘ ਆਹਲੂਵਾਲੀਆ ਦੀ ਮਿਸਲ ਨਾਲ ਅਕਸਰ ਹੁੰਦੀ ਰਹਿੰਦੀ ਸੀ। ਆਪਸੀ ਲੜਾਈ ਦਾ ਜੱਸਾ ਸਿੰਘ ਰਾਮਗੜ੍ਹੀਆ ਨੂੰ ਕਈ ਵਾਰ ਖਮਿਆਜ਼ਾ ਵੀ ਭੁਗਤਣਾ ਪਿਆ ਸੀ ਪਰ ਦ੍ਰਿੜ ਇਰਾਦੇ ਕਰਕੇ ਇਹ ਵੱਡੇ ਸੰਕਟਾਂ ਵਿਚੋਂ ਵੀ ਨਿਕਲ ਜਾਂਦਾ ਸੀ। ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਵਿਚ ਦੂਸਰੀ ਪਰਖ ਉਸਨੂੰ ਪੰਥ ਵਿਚੋਂ ਛੇਕਣ ਦੀ ਕਾਰਵਾਈ ਸੀ। ਜੇਕਰ ਕਿਸੇ ਵਿਅਕਤੀ ਨੂੰ ਉਸ ਵਲੋਂ ਨਾ ਕੀਤੇ ਗਏ ਗੁਨਾਹ ਬਦਲੇ ਸਜ਼ਾ ਦਿੱਤੀ ਜਾਵੇ ਤਾਂ ਉਸਦਾ ਦਰਦ ਵਧੇਰੇ ਦੁਖਦਾਇਕ ਹੁੰਦਾ ਹੈ। ਬਾਬਾ ਜੱਸਾ ਸਿੰਘ ਦੇ ਘਰ ਦਿਆਂ ਨੇ ਵੀ ਉਸਦੀ ਲੜਕੀ ਨੂੰ ਮਾਰ ਦਿੱਤਾ ਸੀ। ਬਾਬਾ ਜੱਸਾ ਸਿੰਘ ਸਿਪਾਹੀ ਹੋਣ ਕਰਕੇ ਆਪ ਘਰੋਂ ਬਾਹਰ ਹੀ ਰਹਿੰਦਾ ਸੀ, ਇਸ ਲਈ ਇਹ ਜ਼ਰੂਰੀ ਨਹੀਂ ਕਿ ਇਸ ਕਤਲ ਵਿਚ ਉਸ ਦਾ ਹੱਥ ਹੋਵੇ। ਇਥੇ ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਉਸ ਨੂੰ ਉਸ ਵੇਲੇ ਪੰਥ ਵਿਚੋਂ ਛੇਕੇ ਜਾਣ ਦੀ ਇਸ ਕਾਰਵਾਈ ਪਿਛੇ ਇਕੋ ਇਕ ਕਾਰਣ ਇਹ ਨਹੀਂ ਸੀ। ਦਰਅਸਲ ਰਾਮ ਰੌਣੀ ਦਾ ਕਿਲ੍ਹਾ ਬਣ ਗਿਆ ਸੀ। ਇਸ ‘ਤੇ ਕਬਜ਼ੇ ਨੂੰ ਲੈ ਕੇ ਵੀ ਉਸ ਸਮੇਂ ਅੰਦਰੋਂ-ਅੰਦਰ ਜਦੋਜਹਿਦ ਚੱਲ ਰਹੀ ਸੀ। ਪੰਥ ਵਿਚੋਂ ਛੇਕੇ ਜਾਣ ਕਰਕੇ ਬਾਬਾ ਜੱਸਾ ਸਿੰਘ ਨੂੰ ਰਾਮ ਰੌਣੀ ਦਾ ਕਿਲਾ ਛੱਡਣਾ ਪਿਆ ਸੀ।
ਅਜਿਹੇ ਸੰਕਟਾਂ ਵਿਚੋਂ ਵੱਡੇ ਜਿਗਰੇ ਵਾਲੇ ਹੀ ਨਿਕਲ ਸਕਦੇ ਹਨ। ਬਾਬਾ ਜੱਸਾ ਸਿੰਘ ਹੌਸਲਾ ਨਹੀਂ ਹਾਰਿਆ ਸਗੋਂ ਆਪਣੇ ਪੰਥ ਨਾਲ ਸਾਂਝ ਦੀਆਂ ਤੰਦਾਂ ਨੂੰ ਆਪਣੇ ਸੀਨੇ ਅੰਦਰ ਸਮੋ ਕੇ ਅੱਗੇ ਵਧਿਆ। ਉਹ ਆਪਣੇ ਚਾਰ ਭਰਾਵਾਂ ਸਮੇਤ ਜਲੰਧਰ ਦੇ ਹਾਕਮ ਅਦੀਨਾਬੇਗ ਪਾਸ ਚਲਾ ਗਿਆ ਸੀ। ਅਦੀਨਾ ਬੇਗ ਬਾਬਾ ਜੱਸਾ ਸਿੰਘ ਦੀ ਬਹਾਦਰੀ ਦਾ ਕਾਇਲ ਸੀ ਅਤੇ ਉਸ ਨੂੰ ਇਹ ਯਕੀਨ ਸੀ ਕਿ ਸਿੱਖਾਂ ਨੇ ਉਸ ਨੂੰ ਆਪਣੇ ਪੰਥ ਵਿਚੋਂ ਛੇਕਿਆ ਹੋਇਆ ਹੈ ਅਤੇ ਇਸ ਕਰਕੇ ਇਸ ਨੂੰ ਲੋੜ ਪੈਣ ‘ਤੇ ਸਿੱਖਾਂ ਖਿਲਾਫ ਵਰਤਿਆ ਜਾ ਸਕਦਾ ਹੈ।
1748 ਈਸਵੀ ਵਿਚ ਮੀਰ ਮਨੂੰ ਲਾਹੌਰ ਦਾ ਗਵਰਨਰ ਬਣਿਆ ਸੀ। ਇਸੇ ਸਾਲ ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਲੁੱਟਿਆ ਸੀ। ਮੀਰ ਮਨੂੰ ਨੇ ਸਿੱਖਾਂ ਪ੍ਰਤੀ ਸਖਤਾਈ ਵਾਲੀ ਨੀਤੀ ਲਾਗੂ ਕੀਤੀ। ਮੀਰ ਮਨੂੰ ਹਰ ਛੋਟੇ ਵੱਡੇ ਫੋਜਦਾਰ ਨੂੰ ਹਦਾਇਤਾਂ ਕਰ ਦਿੱਤੀਆ ਸਨ ਕਿ ਉਹ ਸਿੱਖਾਂ ਫੜੇ ਜਾਂ ਮਾਰ ਦੇਵੇ। ਅਦੀਨਾ ਬੇਗ ਨੇ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦਿਆਂ ਸਿੱਖਾਂ ਦਾ ਪਿਛਾ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਸਮੇਂ ਦੁਸ਼ਮਣ ਦੇ ਦਬਾਅ ਦਾ ਮੁਕਾਬਲਾ ਕਰਨ ਲਈ ਬਹੁਤ ਸਾਰੇ ਸਿੱਖ ਅੰਮ੍ਰਿਤਸਰ ਵਿਖੇ ਰਾਮ ਰੌਣੀ ਦੇ ਕਿਲ੍ਹੇ ਵਿਚ ਜਾ ਵੜੇ ਸਨ ਅਤੇ ਇਨ੍ਹਾਂ ਦੀ ਗਿਣਤੀ ਪੰਜ ਸੌ ਦੱਸੀ ਜਾਂਦੀ ਹੈ। ਅਦੀਨਾ ਬੇਗ ਨੇ ਸਿੱਖਾਂ ਨੂੰ ਆਪਣਿਆਂ ਹੱਥੋਂ ਮਰਵਾਉਣ ਦੀ ਸਕੀਮ ਬਣਾਈ ਸੀ ਪਰ ਇਹ ਉਸ ਲਈ ਉਲਟੀ ਪੈ ਗਈ। ਬਾਬਾ ਜੱਸਾ ਸਿੰਘ ਨੇ ਅਦੀਨਾ ਬੇਗ ਦੀ ਫੋਜ ਵਿਚ ਸ਼ਾਮਲ ਹੋਣ ਕਰਕੇ ਕਿਲ੍ਹੇ ਨੂੰ ਘੇਰਾ ਤਾਂ ਪਾ ਲਿਆ ਸੀ ਪਰ ਉਸ ਸਮੇਂ ਉਸਨੇ ਸੋਚਿਆ ਹੋਵੇਗਾ ਕਿ ਜਦੋਂ ਇਹ ਕਿਲ੍ਹਾ ਤਾਂ ਸਿੱਖਾਂ ਦਾ ਬਚਾਅ ਕਰਨ ਲਈ ਬਣਾਇਆ ਸੀ ਪਰ ਇਸ ਵਿਚ ਇਕੱਠੇ ਕੀਤੇ ਉਸਦੇ ਭਰਾ ਮਾਰ ਦਿੱਤੇ ਜਾਣਗੇ। ਉਸ ਨੇ ਆਪਣੇ ਪੰਥ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਕਿਲੇ ਅੰਦਰ ਘਿਰੇ ਸਿੰਘਾਂ ਦੀ ਮੱਦਦ ਕਰਨ ਦਾ ਫੈਸਲਾ ਲਿਆ ਅਤੇ ਮੌਕਾ ਤਾੜ ਕੇ ਉਹ ਆਪਣੇ ਹੱਥੀਂ ਤਿਆਰ ਕੀਤੇ ਕਿਲ੍ਹੇ ਅਤੇ ਇਸ ਅੰਦਰ ਘਿਰੇ ਸਿੱਖਾਂ ਦੀ ਮੱਦਦ ‘ਤੇ ਆ ਗਿਆ। ਇਸ ਦਾ ਨਤੀਜਾ ਇਹ ਹੋਇਆ ਕਿ ਅਦੀਨਾ ਬੇਗ ਦੀ ਫੌਜ ਨੂੰ ਮੂੰਹ ਦੀ ਖਾਣੀ ਪਈ। ਜੱਸਾ ਸਿੰਘ ਵਲੋਂ ਕੀਤੀ ਮੱਦਦ ਦਾ ਸਿੱਖਾਂ ‘ਤੇ ਇਹ ਅਸਰ ਹੋਇਆ ਕਿ ਉਨ੍ਹਾਂ ਨੇ ਉਸਨੂੰ ਮੁੜ ਪੰਥ ਵਿਚ ਸ਼ਾਮਲ ਕਰ ਲਿਆ। ਇਸ ਤੋਂ ਝਟ ਬਾਅਦ ‘ਰਾਮ ਰਾਉਣੀ’ ਦਾ ਨਾਂ ਬਦਲ ਕੇ ‘ਰਾਮ-ਗੜ੍ਹ’ ਰੱਖ ਦਿੱਤਾ ਗਿਆ ਤੇ ਬਾਬਾ ਜੱਸਾ ਸਿੰਘ ਨੂੰ ਉਸਦਾ ਕਿਲ੍ਹੇਦਾਰ ਥਾਪਿਆ ਗਿਆ। ਇਸ ਦੇ ਨਾਲ ਹੀ ਜੱਸਾ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਰਾਮਗੜੀਏ ਕਿਹਾ ਜਾਣ ਲੱਗਾ।
ਉਸਦੇ ਜੀਵਨ ਨਾਲ ਇਕ ਹੋਰ ਇਤਿਹਾਸਕ ਘਟਨਾ ਵੀ ਜੁੜੀ ਹੋਈ ਹੈ ਕਿ ਉਸਨੇ ਬ੍ਰਾਹਮਣਾਂ ਦੀਆਂ ਬਹੂ-ਬੇਟੀਆਂ ਨੂੰ ਹਮਲਾਵਰਾਂ ਦੇ ਕਬਜੇ ਵਿਚੋਂ ਛੁਡਾ ਕੇ ਉਨ੍ਹਾਂ ਦੇ ਘਰੋਂ-ਘਰੀ ਪਹੁੰਚਾਇਆ ਸੀ। ਉਸਦਾ ਸਮੁੱਚਾ ਜੀਵਨ ਜੰਗਾਂ ਅਤੇ ਯੁੱਧਾਂ ਵਿਚ ਲੰਘਿਆ ਸੀ।
ਬਾਬਾ ਜੱਸਾ ਸਿੰਘ ਦੀ ਅਗਵਾਈ ਵਾਲੀ ਸਿੱਖ ਲਹਿਰ ਦਾ ਮਕਸਦ ਕਿਸੇ ਕੇਂਦਰੀ ਰਾਜ ਜਾਂ ਸਾਮਰਾਜ ਦੀ ਸਥਾਪਨਾ ਕਰਨਾ ਨਹੀਂ ਸੀ ਬਲਕਿ ਇਸ ਲਹਿਰ ਨੇ ਸਿੱਖ ਸਿਧਾਂਤਾਂ ਅਨੁਸਾਰ ਤਾਕਤਾਂ ਵਿਕੇਂਦਰੀਕਰਨ ਨੂੰ ਅਮਲ ਵਿਚ ਲਾਗੂ ਕੀਤਾ ਸੀ। ਉਹ ਜਿਹੜੇ ਇਲਾਕੇ ਜਿੱਤਾਦਾ ਸੀ ਉਨ੍ਹਾਂ ਨੂੰ ਅੱਗੋਂ ਆਪਣੇ ਕਿਸੇ ਵਫਾਦਾਰ ਨੂੰ ਸੌਪ ਕੇ ਅਗਲੀ ਮੁਹਿੰਮ ਲਈ ਤੁਰ ਪੈਂਦਾ ਸੀ। ਉਸ ਨੇ ਸਹੀ ਅਰਥਾਂ ਵਿਚ ਤਾਕਤਾਂ ਦੇ ਵਿਕੇਂਦਰੀਕਰਨ ਦੀ ਨੀਤੀ ਨੂੰ ਵਿਹਾਰ ਵਿਚ ਲਾਗੂ ਕੀਤਾ ਸੀ। ਅਜੋਕੇ ਰਾਜਨੀਤਕ ਸਿਧਾਂਤਾਂ ਵਿਚ ਤਾਕਤ ਦੇ ਵਿਕੇਂਦਰੀਕਰਨ ਦੀ ਗੱਲ ਸਿੱਖ ਲਹਿਰ ਤੋਂ ਤਕਰੀਬਨ ਦੋ ਸਦੀਆ ਪਿਛੋਂ ਸ਼ੁਰੂ ਹੋਈ ਹੈ ਅਤੇ ਇਹ ਵੀ ਮੁੱਖ ਤੌਰ ‘ਤੇ ਸਿਧਾਂਤਕ ਪੱਧਰ ‘ਤੇ ਹੀ ਚੱਲ ਰਹੀ ਹੈ। ਇਸਤੋਂ ਵਿਲੱਖਣ ਰੂਪ ਵਿਚ ਸਿੱਖਾਂ ਨੇ ਤਾਕਤ ਦੇ ਵਿਕੇਂਦਰੀਕਰਨ ਦੇ ਸਿਧਾਂਤ ਨੂੰ ਵਿਹਾਰ ਵਿਚ ਲਾਗੂ ਕੀਤਾ ਸੀ। ਜੱਸਾ ਸਿੰਘ ਨੇ ਆਪਣੀਆਂ ਸ਼ਕਤੀਆਂ ਵੀ ਆਪਣੀ ਫੋਜ ਵਿਚ ਵੰਡੀਆਂ ਹੋਈਆਂ ਸਨ।
ਬਾਬਾ ਜੱਸਾ ਸਿੰਘ ਨੇ ਆਪਣੇ ਹੱਥੀ ਹਾਸਲ ਕੀਤੀ ਹਕੂਮਤ ਨੂੰ ਗੁਰੂ ਦੀ ਮਿਹਰ ਸਮਝ ਕੇ ਗੁਰੂ ਦੇ ਨਾਂ ‘ਤੇ ਆਪਣੀ ਹਕੂਮਤ ਚਲਾਈ। ਉਸਦੀ ਇਹ ਹਕੂਮਤ ਭਾਵੇਂ ਥੋੜ੍ਹਾ ਚਿਰ ਹੀ ਰਹਿ ਸਕੀ ਪਰੰਤੂ ਇਹ ਦੁਨਿਆਵੀ ਹਕੂਮਤ ਦੇ ਬਰਾਬਰ ਨਵੀਂ ਉਸਰਨ ਵਾਲੀ ਸਿੱਖ ਹਕੂਮਤ ਦਾ ਇਕ ਛੋਟਾ ਜਿਹਾ ਨਮੂਨਾ ਸੀ ਜੋ ਅਗੋਂ ਸਿੱਖ ਰਾਜ ਦੇ ਰੂਪ ਵਿਚ ਵਿਕਸਤ ਹੋਇਆ ਜਿਸਨੇ ਭਵਿੱਖ ਵਿਚ ਹੋਰ ਨਿਖਰਵੇਂ ਰੂਪ ਵਿਚ ਦੁਨੀਆਂ ਦੇ ਸਾਹਮਣੇ ਪੇਸ਼ ਹੋਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਜ ਦੇ ਸੰਕਲਪ ਨੂੰ ਵਿਹਾਰ ਵਿਚ ਲਾਗੂ ਕਰਨ ਲਈ ਸਿੱਖਾਂ ਨੂੰ ਉਸ ਸੁਪਨੇ ਦੇ ਹਾਣ ਦਾ ਹੋਣਾ ਪਵੇਗਾ। ਇਸ ਪਾਸੇ ਵੱਲ ਜੱਸਾ ਸਿੰਘ ਰਾਮਗੜ੍ਹੀਆ ਨੇ ਕੁਝ ਪਹਿਲਕਦਮੀਆਂ ਕੀਤੀਆਂ ਸਨ ਜਿਸ ਕਰਕੇ ਉਹ ਸਿੱਖਾਂ ਦਾ ਸਤਿਕਾਰਤ ਆਗੂ ਬਣ ਗਿਆ ਸੀ।