ਕਾਂਗਰਸ ਦੇ ਹੀ ਨਕਸ਼ੇ-ਕਦਮਾਂ ‘ਤੇ ਚੱਲ ਰਹੀ ਹੈ ਮੋਦੀ ਦੀ ਭਾਜਪਾ

0
265

article-pm-meets-up-cm-yogi-adityanath_4dd64bda-1076-11e7-9152-693fb265b0f1
ਸ਼ਾਇਦ ਭਾਰਤੀ ਜਨਤਾ ਪਾਰਟੀ ਉਸੇ ਜਾਣੇ-ਪਛਾਣੇ ਦੌਰ ਵਿੱਚ ਦਾਖ਼ਲ ਹੋ ਰਹੀ ਹੈ, ਜਦੋਂ ਪਾਰਟੀ ਦੇ ਸਮੂਹ ਮੈਂਬਰ ਇਹੋ ਮੰਨਣਾ ਸ਼ੁਰੂ ਕਰ ਦਿੰਦੇ ਹਨ ਕਿ ਉਨ੍ਹਾਂ ਦਾ ਸਰਬ-ਸ੍ਰੇਸ਼ਠ ਆਗੂ ਕੋਈ ਗ਼ਲਤੀ ਕਰ ਹੀ ਨਹੀਂ ਸਕਦਾ। ਉਸ ਨੇ ਇਹ ਵੀ ਯਕੀਨ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਉਸ ਦੇ ਆਗੂ ਦਾ ਕ੍ਰਿਸ਼ਮਈ ਅਕਸ ਤੇ ਰੌਸ਼ਨ ਰਹਿਨੁਮਾਈ ਪਾਰਟੀ ਦੇ ਦਾਅਪੇਚਾਂ ਦੀਆਂ ਕਮਜ਼ੋਰੀਆਂ ਤੇ ਅਨੈਤਿਕਤਾਵਾਂ ਨੂੰ ਢੱਕ ਲਵੇਗੀ। ਇਹ ਪੁਰਾਣੀ ਧਾਰਨਾ ਹੈ ਕਿ ਹਰ ਕਿਸਮ ਦੇ ਸਮਝੌਤੇ ਕੀਤੇ ਜਾ ਸਕਦੇ ਹਨ, ਪਰ ਚੰਗੇ ਸ਼ਾਸਨ ਅਤੇ ਸਿਆਣੀਆਂ ਨੀਤੀਆਂ ਲਈ ਆਗੂ ਦੀ ਰੌਸ਼ਨ ਰਹਿਨੁਮਾਈ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ। ਇਹੋ ਗੱਲ ਭਾਜਪਾ ਨੂੰ ਤਬਾਹੀ ਵੱਲ ਲੈ ਕੇ ਜਾਵੇਗੀ।
ਹਰੀਸ਼ ਖਰੇ
ਭਾਰਤ ਦੇ ਬਹੁਤੇ ਉਦਾਰਵਾਦੀ ਇਸ ਵੇਲੇ ਕੁਝ ਨਿਰਾਸ਼ਾਵਾਦ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਗੋਰਖਪੁਰ ਦੇ ਇੱਕ ਮਹੰਤ ਨੂੰ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਥਾਪੇ ਜਾਣ ਤੋਂ ਬਾਅਦ ਉਹ ਜਨਤਕ ਅਤੇ ਨਿੱਜੀ ਤੌਰ ਉੱਤੇ ਇੱਕੋ ਹੀ ਸ਼ਿਕਵਾ ਕਰ ਰਹੇ ਹਨ ਕਿ ਧਰਮ-ਨਿਰਪੱਖ ਵਿਚਾਰਾਂ ਤੇ ਕਦਰਾਂ-ਕੀਮਤਾਂ ਦੀ ਵੀ ‘ਨੋਟਬੰਦੀ’ ਕਰ ਦਿੱਤੀ ਗਈ ਹੈ। ਉਦਾਰਵਾਦੀ ਆਪਣੇ-ਆਪ ਨੂੰ ਅਲੱਗ-ਥਲੱਗ ਹੋਇਆ ਮਹਿਸੂਸ ਕਰ ਰਹੇ ਹਨ। ਫ਼ਰਾਂਸੀਸੀ ਭਾਸ਼ਾ ਵਿੱਚ ਇਸ ਨੂੰ ‘ਡੀਪੇਸਮੈਂਟ’ (ਵਿਦੇਸ਼ ਵਿੱਚ ਭਟਕਾਅ) ਕਿਹਾ ਜਾਂਦਾ ਹੈ। ਇੱਕ ਉਦਾਰਵਾਦੀ ਇਹ ਲਿਖਦਾ ਹੋਇਆ ਅਫ਼ਸੋਸ ਪ੍ਰਗਟਾਉਂਦਾ ਹੈ ਕਿ ਮਨੀਪੁਰ ਦਾ ਨਵਾਂ ਮੁੱਖ ਮੰਤਰੀ ਉਹੀ ਵਿਅਕਤੀ ਹੈ, ਜਿਸ ਵਿਰੁੱਧ 2011 ਵਿਚ ਭਾਰਤੀ ਜਨਤਾ ਪਾਰਟੀ ਨੇ ਪੂਰਾ ਰੌਲਾ ਪਾਇਆ ਕਿਉਂਕਿ ਉਸ ਦਾ ਪੁੱਤਰ ਕਤਲ ਦੇ ਇੱਕ ਮਾਮਲੇ ਵਿੱਚ ਮੁਲਜ਼ਮ ਨਾਮਜ਼ਦ ਕੀਤਾ ਗਿਆ ਸੀ। ਹੁਣ ਉਸ ਦਾ ਪੁੱਤਰ (ਧਾਰਾ 304 ਅਧੀਨ) ਕਤਲ ਦਾ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ; ਤਾਂ ਬੀਰੇਨ ਸਿੰਘ ਨੂੰ ਨਿਵੇਕਲੇ ਦੇਸ਼ਭਗਤ ਦਾ ਪ੍ਰਮਾਣ-ਪੱਤਰ ਦੇ ਦਿੱਤਾ ਗਿਆ ਹੈ। ਇੱਕ ਹੋਰ ਉਦਾਰਵਾਦੀ ਰੋਹ ਵਿੱਚ ਲਿਖਦਾ ਹੈ ਕਿ ਉਹੀ ਵਿਜੈ ਬਹੁਗੁਣਾ, ਜਿਸ ਦੀ ਨਾਅਹਿਲੀਅਤ ਤੇ ਨਾਕਾਮੀ ਖ਼ਿਲਾਫ਼ ਨਰਿੰਦਰ ਮੋਦੀ ਨੇ ਪੂਰਾ ਹੰਗਾਮਾ ਮਚਾ ਕੇ ਆਖਿਆ ਸੀ ਕਿ ਉਹ ਉੱਤਰਾਖੰਡ ਦੇ ਮੁੱਖ ਮੰਤਰੀ ਬਣਨ ਦੇ ਯੋਗ ਹੀ ਨਹੀਂ, ਪਰ ਹੁਣੇ ਉਸੇ ਬਹੁਗੁਣਾ ਨੂੰ ਭਾਜਪਾ ਦੇ ਅੰਦਰ ਬਹੁਤ ‘ਸਤਿਕਾਰਯੋਗ’ ਦੱਸਿਆ ਜਾ ਰਿਹਾ ਹੈ। ਇੱਕ ਹੋਰ ਉਦਾਰਵਾਦੀ ਆਵਾਜ਼ ਨੇ ਜ਼ੋਰ ਦਿੰਦਿਆਂ ਆਖਿਆ ਹੈ ਕਿ ਉੱਤਰ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਵਿਰੁੱਧ ਕਈ ਅਪਰਾਧਿਕ ਮਾਮਲੇ ਦਰਜ ਹਨ, ਪਰ ਕੀ ਇਹ ਤੱਥ ਉਸ ਨੂੰ ਰਾਜਗੱਦੀ ‘ਤੇ ਬੈਠਣ ਤੋਂ ਰੋਕ ਸਕਿਆ ਹੈ। ਇੱਥੇ ਹੀ ਬਸ ਨਹੀਂ, ਸਾਡੇ ਕੋਲ ਅਦਭੁੱਤ ਮੌਕਾਪ੍ਰਸਤ ਰੀਤਾ ਬਹੁਗੁਣਾ ਵੀ ਹੈ, ਜੋ ਪਹਿਲਾਂ ਕਾਂਗਰਸੀ ਸੀ, ਫਿਰ ਉਹ ਸਮਾਜਵਾਦੀ ਬਣ ਗਈ, ਉਸ ਤੋਂ ਬਾਅਦ ਦੋਬਾਰਾ ਕਾਂਗਰਸੀ ਬਣੀ ਤੇ ਫਿਰ ਹੁਣ ਉਹ ਭਾਜਪਾ ਦੀ ਉੱਤਰ ਪ੍ਰਦੇਸ਼ ਵਿੱਚ ਮੰਤਰੀ ਹੈ। ਇਸੇ ਲਈ, ਹੁਣ ਸਾਰੇ ਉਦਾਰਵਾਦੀ ਇੱਕ-ਦੂਜੇ ਨੂੰ ਇਹ ਸੁਆਲ ਪੁੱਛਦੇ ਜਾਪਦੇ ਹਨ: ਕੀ ਇਹ ਹੈ ਉਹ ‘ਨਵਾਂ ਭਾਰਤ’, ਜਿਸ ਦਾ ਵਾਅਦਾ ਹਾਲੇ ਕੁਝ ਹੀ ਸਮਾਂ ਪਹਿਲਾਂ ਕੀਤਾ ਗਿਆ ਸੀ?
ਅਨੈਤਿਕਤਾ ਤੇ ਮੌਕਾਪ੍ਰਸਤੀ ਦੀਆਂ ਇਹ ਸਾਰੀਆਂ ਹੀ ਮਿਸਾਲਾਂ ਬਹੁਤ ਮਾਯੂਸਕੁਨ ਹੋ ਸਕਦੀਆਂ ਹਨ, ਪਰ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਕਿਸੇ ਨੂੰ ਆਸ ਦੀ ਇਸ ਉੱਭਰਦੀ ਕਿਰਨ ਤੋਂ ਧਿਆਨ ਨਹੀਂ ਹਟਾਉਣਾ ਚਾਹੀਦਾ ਕਿ ਭਾਜਪਾ ਹੁਣ ਨਵੀਂ ਕਾਂਗਰਸ ਹੈ। ਜੇ ਭਾਰਤੀ ਜਨਤਾ ਪਾਰਟੀ ਨਵੀਂ ਸਰਬ-ਭਾਰਤੀ ਪਾਰਟੀ ਹੈ ਜੋ ਸਮੁੱਚੇ ਮੁਲਕ ਦੀ ਭੰਬਲਭੂਸੇ ਵਾਲੀ ਨਾਗਰਿਕ ਵਿਵਸਥਾ ਵਿੱਚ ਸਿਆਸੀ ਇੱਕਸਾਰਤਾ ਤੇ ਅਨੁਸ਼ਾਸਨ ਦੀ ਭਾਵਨਾ ਪ੍ਰਦਾਨ ਕਰਨ ਦਾ ਜ਼ਰੂਰੀ ਕੰਮ ਕਰ ਰਹੀ ਹੈ ਤਾਂ ਇਸ ਨੂੰ ਠੱਗਾਂ ਤੇ ਅਪਰਾਧੀਆਂ ਅਤੇ ਭ੍ਰਿਸ਼ਟਾਂ ਅਤੇ ਭ੍ਰਿਸ਼ਟਾਚਾਰੀਆਂ ਨੂੰ ਪਨਾਹ ਦੇਣੀ ਹੀ ਪਵੇਗੀ। ਇਸ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ। ਦਰਅਸਲ, ਉਦਾਰਵਾਦੀ ਕੈਂਪ ਨੂੰ ਤਾਂ ਸਗੋਂ ਖ਼ੁਸ਼ ਹੋਣਾ ਚਾਹੀਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਹਾਲਤ ਹੁਣ ਉਸ ਕਾਂਗਰਸ ਵਰਗੀ ਹੀ ਹੋ ਚੱਲੀ ਹੈ, ਜਿਹੜੀ 1980ਵਿਆਂ ਦੌਰਾਨ ਪੂਰੇ ਦੇਸ਼ ‘ਤੇ ਹਾਵੀ ਸੀ। ਉਸੇ ਕਾਂਗਰਸ ਵਾਂਗ ਭਾਜਪਾ ਲਈ ਵੀ ਇੱਕੋ ਨੇਤਾ ਖ਼ਬਤ ਬਣ ਚੁੱਕਾ ਹੈ; ਬਹੁਗਿਣਤੀਵਾਦ ਦੀ ਉਹੀ ਕਮਜ਼ੋਰੀ ਅਤੇ ਮਾਫ਼ੀਆਨੁਮਾ ਅਨਸਰਾਂ ਨਾਲ ਉਹੀ ਸਹਿਹੋਂਦ।
ਸ਼ਾਇਦ ਇਹ ਸਭ ਤੋਂ ਵਧੀਆ ਖ਼ਬਰ ਹੈ ਕਿ ਨਵੀਂ ਦ੍ਰਿੜ੍ਹਤਾਪੂਰਨ ਤੇ ਫ਼ੈਸ਼ਨੇਬਲ ਸਿਧਾਂਤਹੀਣਤਾ ਭਾਜਪਾ ਸੰਸਥਾਗਤ ਹੁੰਦੀ ਜਾ ਰਹੀ ਹੈ। ਮੇਰੀ ਸੋਚ ਮੁਤਾਬਕ ਜਿੰਨੀ ਗੱਜ-ਵੱਜ ਤੋਂ ਵੱਧ ਹੋਰ ਕੋਈ ਵੀ ਚੀਜ਼ ਮੇਰੇ ਮਨ ਨੂੰ ਏਨਾ ਭਰੋਸਾ ਦੇਣ ਵਾਲੀ ਨਹੀਂ ਹੋ ਸਕਦੀ, ਜਿੰਨੀ ਹੁਣ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਤੇ ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਐੱਸ.ਐੱਮ. ਕ੍ਰਿਸ਼ਨਾ ਨੂੰ ਭਾਜਪਾ ਵਿੱਚ ਸ਼ਾਮਲ ਕੀਤੇ ਜਾਣ ਸਮੇਂ ਮਹਿਸੂਸ ਹੋ ਰਹੀ ਹੈ। ਐੱਸ.ਐੱਮ. ਕ੍ਰਿਸ਼ਨਾ ਨਫ਼ੀਸ ਇਨਸਾਨ ਹਨ; ਪੜ੍ਹੇ-ਲਿਖੇ ਹਨ, ਸੁਲ੍ਹਾਕੁਲ ਸ਼ਖ਼ਸੀਅਤ ਹਨ, ਜ਼ਹਾਨਤ ਤੇ ਤਹਿਜ਼ੀਬੀ ਜ਼ਾਇਕਾ ਉਨ੍ਹਾਂ ਦੀ ਸ਼ਖ਼ਸੀਅਤ ਦੇ ਅਹਿਮ ਅੰਗ ਹਨ, ਉਹ ਯੂਰੋਪੀਅਨ ਫੁਟਬਾਲ ਤੇ ਵਿੰਬਲਡਨ ਦੇ ਪੂਰੇ ਸ਼ੌਕੀਨ ਹਨ – ਦੂਜੇ ਸ਼ਬਦਾਂ ਵਿੱਚ ਉਹ ਯੋਗੀ ਆਦਿੱਤਆਨਾਥ ਤੇ ਉਸ ਦੇ ਪੂਰਬੀ ਉੱਤਰ ਪ੍ਰਦੇਸ਼ ਵਾਲੇ ਸੰਸਾਰ ਤੋਂ ਪੂਰੀ ਤਰ੍ਹਾਂ ਵੱਖਰੀ ਹਸਤੀ ਹਨ। ਉਦਾਰਵਾਦੀ ਕੈਂਪ ਨੂੰ ਇਸ ਗੱਲ ਉੱਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਉਹ ਕਿਹੋ ਜਿਹੀਆਂ ਸਿਆਸੀ ਗਿਣਤੀਆਂ-ਮਿਣਤੀਆਂ ਹੋਣਗੀਆਂ ਅਤੇ ਕਿਹੋ ਜਿਹੀਆਂ ਨਿੱਜੀ ਮਜਬੂਰੀਆਂ ਹੋਣਗੀਆਂ ਜਿਨ੍ਹਾਂ ਕਾਰਨ ਕ੍ਰਿਸ਼ਨਾ ਜਿਹਾ ਨਫ਼ੀਸ ਬੰਦਾ ਵੀ ਕਾਂਗਰਸ ਦਾ ਸਾਥ ਛੱਡ ਕੇ ਅਮਿਤ ਸ਼ਾਹ ਨਾਲ ਖਲੋ ਕੇ ਤਸਵੀਰ ਖਿਚਵਾਉਣ ਲਈ ਤਿਆਰ ਹੋ ਗਿਆ। ਉਦਾਰਵਾਦੀਆਂ ਨੂੰ ਇਸ ਗੱਲ ਉੱਤੇ ਵੀ ਵਿਚਾਰ ਕਰਨਾ ਚਾਹੀਦਾ ਹੈ ਕਿ ਭਾਰਤੀ ਜਨਤਾ ਪਾਰਟੀ ਹੁਣ ਇੰਨੀ ਅਨੈਤਿਕ ਪਰ ਵਿਹਾਰਕ ਸਿਆਸਤ ਉੱਤੇ ਚੱਲਣ ਵਾਲੀ ਹੋ ਗਈ ਹੈ ਕਿ ਹੁਣ ਉਹ ਇੱਕ ਐੱਸ.ਐੱਮ. ਕ੍ਰਿਸ਼ਨਾ ਨੂੰ ਲੈ ਕੇ ਖ਼ੁਸ਼ੀ ਮਹਿਸੂਸ ਕਰ ਰਹੀ ਹੈ।
ਹੋ ਸਕਦਾ ਹੈ ਕਿ ਭਾਜਪਾ ਓਨੀ ਕੱਟੜ ਨਾ ਹੋਵੇ, ਜਿੰਨੀ ਕਿ ਉਸ ਨੂੰ ਸਮਝਿਆ ਜਾਂਦਾ ਹੈ। ਸ਼ਾਇਦ ਭਾਰਤੀ ਜਨਤਾ ਪਾਰਟੀ ਉਸੇ ਜਾਣੇ-ਪਛਾਣੇ ਦੌਰ ਵਿੱਚ ਦਾਖ਼ਲ ਹੋ ਰਹੀ ਹੈ, ਜਦੋਂ ਪਾਰਟੀ ਦੇ ਸਮੂਹ ਮੈਂਬਰ ਇਹੋ ਮੰਨਣਾ ਸ਼ੁਰੂ ਕਰ ਦਿੰਦੇ ਹਨ ਕਿ ਉਨ੍ਹਾਂ ਦਾ ਸਰਬ-ਸ੍ਰੇਸ਼ਠ ਆਗੂ ਕੋਈ ਗ਼ਲਤੀ ਕਰ ਹੀ ਨਹੀਂ ਸਕਦਾ। ਉਸ ਨੇ ਇਹ ਵੀ ਯਕੀਨ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਉਸ ਦੇ ਆਗੂ ਦਾ ਕ੍ਰਿਸ਼ਮਈ ਅਕਸ ਤੇ ਰੌਸ਼ਨ ਰਹਿਨੁਮਾਈ ਪਾਰਟੀ ਦੇ ਦਾਅਪੇਚਾਂ ਦੀਆਂ ਕਮਜ਼ੋਰੀਆਂ ਤੇ ਅਨੈਤਿਕਤਾਵਾਂ ਨੂੰ ਢੱਕ ਲਵੇਗੀ। ਇਹ ਪੁਰਾਣੀ ਧਾਰਨਾ ਹੈ ਕਿ ਹਰ ਕਿਸਮ ਦੇ ਸਮਝੌਤੇ ਕੀਤੇ ਜਾ ਸਕਦੇ ਹਨ, ਪਰ ਚੰਗੇ ਸ਼ਾਸਨ ਅਤੇ ਸਿਆਣੀਆਂ ਨੀਤੀਆਂ ਲਈ ਆਗੂ ਦੀ ਰੌਸ਼ਨ ਰਹਿਨੁਮਾਈ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ। ਇਹੋ ਗੱਲ ਭਾਜਪਾ ਨੂੰ ਤਬਾਹੀ ਵੱਲ ਲੈ ਕੇ ਜਾਵੇਗੀ।
ਧਰਮ-ਨਿਰਪੱਖਤਾ ਦਾ ਰੌਲਾ-ਰੱਪਾ ਕਿਉਂ? ਸ਼ਾਇਦ ਉਦਾਰਵਾਦੀ ਇਸ ਗੱਲ ਨੂੰ ਲੈ ਕੇ ਨਿਰਾਸ਼ ਹਨ ਕਿ ਧਰਮ-ਨਿਰਪੱਖ ਧੜਾ ਦਿੱਲੀ (ਕੇਜਰੀਵਾਲ ਦੀ) ਅਤੇ ਬਿਹਾਰ (ਨਿਤਿਸ਼-ਲਾਲੂ) ਦੀ ਜਿੱਤ ਨੂੰ ਦੁਹਰਾ ਨਾ ਸਕਿਆ। ਪਰ ਇਸ ਗੱਲ ਕਰਕੇ ਹਿੰਦੂਤਵ ਕੈਂਪ ਦੇ ਸਿਆਸੀ ਘਾਗ਼ਪੁਣੇ ਪ੍ਰਤੀ ਕੋਈ ਕਿੜ ਨਹੀਂ ਰੱਖਣੀ ਚਾਹੀਦੀ। ਦਰਅਸਲ, ਭਾਜਪਾ ਦੇ ਮਾਮਲੇ ਵਿੱਚ ਉਸ ਉੱਤੇ ਦੋਰੰਗੇਪਣ ਦਾ ਦੋਸ਼ ਨਹੀਂ ਲਾਇਆ ਜਾ ਸਕਦਾ; ਕਿਉਂ ਜੋ, ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਪਹਿਲੇ ਗੇੜ ਤੋਂ ਹੀ ਵਿਕਾਸ ਰੱਥ ਦੇ ਸਿਖ਼ਰ ਉੱਤੇ ਯੋਗੀ ਨੂੰ ਹੀ ਚਮਕਾਇਆ ਜਾ ਰਿਹਾ ਸੀ। ਭਾਜਪਾ, ਆਰ.ਐੱਸ.ਐੱਸ. ਅਤੇ ਸੰਘ ਪਰਿਵਾਰ ਉੱਤੇ ਉਦਾਰਵਾਦੀ ਇਹ ਦੋਸ਼ ਕਿਉਂ ਲਾਉਣ ਕਿ ਉਹ ਆਪਣੇ ਮੁੱਦੇ ਜਨਤਾ ਵਿਚ ਪ੍ਰਚਾਰਿਤ ਤੇ ਪ੍ਰਸਾਰਿਤ ਕਰਨ ਵਿੱਚ ਸਫ਼ਲ ਹੋ ਰਹੇ ਹਨ। ਭਾਜਪਾ ਦੀ ਇਸ ‘ਯੋਗਤਾ’ ਨੂੰ ਮਾਨਤਾ ਕਿਉਂ ਨਹੀਂ ਦਿੰਦੇ ਕਿ ਉਹ ਜਾਤ-ਪਾਤ ਅਤੇ ਫ਼ਿਰਕੂ ਸਿਆਸਤ ਦੇ ਬਾਵਜੂਦ ਖ਼ਾਨ ਮਾਰਕੀਟ ਹਲਕੇ ਨੂੰ ਵੀ ਆਪਣੇ ਵਿਕਾਸ ਦੀਆਂ ਚਾਲਾਂ ਰਾਹੀਂ ਪੂਰੀ ਨਿਪੁੰਨਤਾ ਨਾਲ ਲੁਭਾਉਣ ਵਿੱਚ ਸਫ਼ਲ ਰਹੀ ਹੈ।
ਮੁੱਕਦੀ ਗੱਲ ਇਹ ਹੈ ਕਿ ਕਿਸੇ ਵੀ ਉਦਾਰਵਾਦੀ ਨੂੰ ਵੋਟਰਾਂ ਸਿਰ ਇਹ ਦੋਸ਼ ਨਹੀਂ ਮੜ੍ਹਨਾ ਚਾਹੀਦਾ ਕਿ ਉਨ੍ਹਾਂ ਨੇ ਧਰਮ-ਨਿਰਪੱਖ ਫ਼ਸੀਲ ਨੂੰ ਤਿਆਗ ਦਿੱਤਾ ਹੈ; ਜਦੋਂਕਿ ਧਰਮ-ਨਿਰਪੇਖਤਾ ਦੇ ਅਲੰਬਰਦਾਰਾਂ ਪ੍ਰਤੀ ਵਿਸ਼ਵਾਸ ਬਹੁਤ ਸਮਾਂ ਪਹਿਲਾਂ ਖ਼ਤਮ ਹੋ ਗਿਆ ਸੀ। ਭੈਣ ਮਾਇਆਵਤੀ ਅਤੇ ਉਸ ਦੇ ਧਰਮ-ਨਿਰਪੱਖ ਸੱਦਿਆਂ ਨੂੰ ਰੱਦ ਕਰਨ ਵਾਲੇ ਵੋਟਰਾਂ ਨੂੰ ਫਿਟਕਾਰਿਆ ਕਿਉਂ ਜਾ ਰਿਹਾ ਹੈ? ਉਦਾਰਵਾਦੀ ਇਹ ਭੁਲਾਉਣਾ ਚਾਹ ਸਕਦੇ ਹਨ, ਪਰ ਵੋਟਰ ਨਹੀਂ ਭੁੱਲੇ ਕਿ ਇਹ ਉਹੀ ਕੁਮਾਰੀ ਮਾਇਆਵਤੀ ਸੀ, ਜਿਸ ਦੌਰਾਨ ਗੁਜਰਾਤ ਵਿੱਚ ਭਿਆਨਕ ਦੰਗਿਆਂ ਤੋਂ ਬਾਅਦ ਵੀ 2002 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਸਮਰਥਨ ਦਿੱਤਾ ਸੀ। ਹੁਣ ਉਸ ਦੇ ‘ਫ਼ਿਰਕੂ ਮੋਦੀ’ ਆਖਣ ਵਾਲੀ ਗੱਲ ਉੱਤੇ ਵੋਟਰ ਭਰੋਸਾ ਕਿਉਂ ਕਰਨ? ਉਦਾਰਵਾਦੀ ਇਸ ਗੱਲ ਤੋਂ ਵੀ ਡਰੇ ਹੋ ਸਕਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ, ਵਾਰਾਨਸੀ ਦੇ ਹਰੇਕ ਮੰਦਰ ਵਿੱਚ ਜਾ ਕੇ ਆਏ ਸਨ, ਪਰ ਰਾਹੁਲ ਗਾਂਧੀ, ਅਖਿਲੇਸ਼ ਯਾਦਵ ਤੇ ਸ੍ਰੀਮਤੀ ਡਿੰਪਲ ਯਾਦਵ ਨੂੰ ਸ਼ਾਇਦ ਕਦੇ ਕਿਸੇ ਨੇ ਵੀ ‘ਹਿੰਦੂ ਭਾਵਨਾਵਾਂ’ ਦਾ ਆਦਰ ਕਰਦਿਆਂ ਇੰਜ ਮੰਦਰ ਜਾਂਦਿਆਂ ਨਹੀਂ ਤੱਕਿਆ।
ਉਂਝ, ਧਰਮ-ਨਿਰਪੱਖਤਾ ਉਤੋਂ ਵਿਸ਼ਵਾਸ ਕੁਝ ਚਿਰ ਤੋਂ ਉਠਦਾ ਜਾ ਰਿਹਾ ਹੈ। ਇਹ ਗੱਲ ਥੋੜ੍ਹੀ ਗੰਭੀਰ ਤੇ ਦੁਖਦਾਈ ਵੀ ਹੋ ਸਕਦੀ ਹੈ ਕਿ ਆਜ਼ਾਦੀ ਮਿਲਣ ਦੇ ਮਹਿਜ਼ 10 ਵਰ੍ਹਿਆਂ ਬਾਅਦ ਹੀ ਜਵਾਹਰਲਾਲ ਨਹਿਰੂ ਜਨਤਕ ਤੌਰ ਉੱਤੇ ਇਸ ਗੱਲ ਉੱਤੇ ਅਫ਼ਸੋਸ ਪ੍ਰਗਟ ਕਰਨ ਲੱਗ ਪਏ ਸਨ ”ਕਾਂਗਰਸ ਧਰਮ-ਨਿਰਪੱਖ ਸਮਾਜ ਦੀ ਹਾਮੀ ਹੈ, ਪਰ ਇਸ ਦੇ ਕਾਰਕੁਨ ਹੁਣ ਧਰਮ-ਨਿਰਪੱਖਤਾ ਦੇ ਕਾਂਗਰਸੀ ਸਿਧਾਂਤਾਂ ਤੋਂ ਲਾਂਭੇ ਹੋ ਕੇ ਵਧੇਰੇ ਫਿਰਕੂ ਮਾਨਸਿਕਤਾ ਵਾਲੇ ਬਣਦੇ ਜਾ ਰਹੇ ਹਨ।” ਜੀ ਹਾਂ, ਸ੍ਰੀਮਾਨ ਜੀ, ਇਹ ਮਈ 1958 ਦੀ ਗੱਲ ਹੈ।
1958 ਦੇ ਬਾਅਦ ਤੋਂ ਕੇਵਲ ਧਰਮ-ਨਿਰਪੱਖ ਵਿਚਾਰ ਤੇ ਕਦਰਾਂ-ਕੀਮਤਾਂ ਹੀ ਨਹੀਂ ਸਗੋਂ ਨਹਿਰੂ ਯੁੱਗ ਦੀਆਂ ਕੁਲੀਨ ਅੰਤਰ-ਪ੍ਰੇਰਨਾਵਾਂ ਨੂੰ ਉਨ੍ਹਾਂ ਹੀ ਆਗੂਆਂ ਤੇ ਸਮੂਹਾਂ ਨੇ ਭੁਲਾ ਦਿੱਤਾ ਹੈ, ਜਿਹੜੇ ਨਹਿਰੂ ਦੇ ਨਾਂ ਦੀ ਕਸਮ ਖਾਂਦੇ ਅਤੇ ਉਨ੍ਹਾਂ ਦੇ ਆਸਰੇ ਹੀ ਵਧੇ ਫੁੱਲੇ ਸਨ। ਉਦਾਰਵਾਦੀਆਂ ਨੂੰ ਹੁਣ ਇੱਕ ਆਸਾਨ ਜਿਹੇ ਸੁਆਲ ਦਾ ਜੁਆਬ ਲੱਭਣਾ ਹੋਵੇਗਾ: ਕੀ ਧਰਮ-ਨਿਰਪੱਖਤਾ ਅਜਿਹਾ ਮੁੱਦਾ ਹੈ, ਜਿਸ ਲਈ ਲੜਨਾ ਚਾਹੀਦਾ ਹੈ? ਜੇ ਇਸ ਦਾ ਜੁਆਬ ਪੱਕਾ ‘ਹਾਂ’ ਵਿੱਚ ਹੈ ਤਾਂ ਉਨ੍ਹਾਂ ਨੂੰ ਧਰਮ-ਨਿਰਪੱਖ ਪਾਰਟੀਆਂ ਤੇ ਆਗੂਆਂ ਕੋਲੋਂ ਨਵੀਂ ਸਿਆਸਤ ਦੀ ਮੰਗ ਕਰਨੀ ਚਾਹੀਦੀ ਹੈ। ਬੇਸ਼ੱਕ ਧਰਮ-ਨਿਰਪੱਖਤਾ ਵਧੀਆ ਆਦਰਸ਼ ਹੈ ਅਤੇ ਇਹ ਸਾਡੇ ਸੰਵਿਧਾਨ ਦੇ ਤਾਜ ਵਿੱਚ ਜਮਹੂਰੀ ਤੇ ਬਹੁਲਤਾਵਾਦੀ ਸਮਾਜਿਕ ਵਿਵਸਥਾ ਲਈ ਸਭ ਤੋਂ ਵੱਧ ਚਮਕਦਾਰ ਹੀਰਾ ਹੈ; ਪਰ ਇਸ ਉਦੇਸ਼ ਦੀ ਪ੍ਰਾਪਤੀ ਨੁਕਸਾਨਦੇਹ ਸਿਆਸਤ ਦੇ ਜ਼ਲੀਲ ਆਗੂਆਂ ਵੱਲੋਂ ਨਹੀਂ ਕੀਤੀ ਜਾ ਸਕਦੀ। ਇਹ ਸਮਝਣ ਦੀ ਲੋੜ ਹੈ: 2014 ਵਿੱਚ ਜਿਸ ਸਿਆਸਤ ਦੀ ਸ਼ੁਰੂਆਤ ਹੋਈ ਸੀ, 2017 ਵਿੱਚ ਉਸ ਨੂੰ ਮੁੜ-ਦ੍ਰਿੜ੍ਹਾਇਆ ਗਿਆ ਹੈ। ਪਹਿਲੀ ਵਾਰ ਨਹਿਰੂਵਾਦੀ ਸਫ਼ਾਂ ਦੀ ਹੋਂਦ ਨੂੰ ਹੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਚੁਣੌਤੀ ਦਾ ਸਾਹਮਣਾ ਕੀਤਾ ਜਾ ਸਕਦਾ ਹੈ, ਜੋ ਕਰਨਾ ਵੀ ਚਾਹੀਦਾ ਹੈ – ਪਰ ਅਜਿਹਾ ਨੈਤਿਕ ਤੌਰ ਉੱਤੇ ਸ੍ਰੇਸ਼ਠ ਸਿਆਸਤ ਸਦਕਾ ਹੀ ਸੰਭਵ ਹੋ ਸਕਦਾ ਹੈ।