ਮੋਦੀਤੰਤਰ: ਨਿੱਤ ਨਵਾਂ ਦੁਸ਼ਮਣ ਲੱਭਣ ਦੀ ਸਿਆਸਤ

0
305

article-modi-tantar
ਹਰੀਸ਼ ਖਰੇ
ਮੱਧ-ਅਕਤੂਬਰ ਤੋਂ ਸਾਡਾ ਸਭ ਦਾ ਧਿਆਨ ਚੋਣ-ਤਰੀਕਾਂ ਦੀ ਭੀੜ-ਭਾੜ ਨੇ ਖਿੱਚਿਆ ਹੋਇਆ ਹੈ ਅਤੇ ਸਰਕਾਰੀ ਤਰਜੀਹਾਂ ਤੇ ਸਰਕਾਰੀ ਮੁਲਾਜ਼ਮਾਂ ਦਾ ਸਭ ਤੋਂ ਵੱਧ ਧਿਆਨ ਗੁਜਰਾਤ ਚੋਣਾਂ ਵੱਲ ਕੁਝ ਵਧੇਰੇ ਹੀ ਵੰਡਿਆ ਗਿਆ ਹੈ। ਹਾਲੇ ਇਸੇ ਮਹੀਨੇ ਦੇ ਆਰੰਭ ਵਿੱਚ ਹਿਮਾਚਲ ਪ੍ਰਦੇਸ਼ ‘ਚ ਵੋਟਾਂ ਪੈ ਕੇ ਹਟੀਆਂ ਸਨ, ਪਰ ਉਸ ਤੋਂ ਤੁਰੰਤ ਮਗਰੋਂ ਗੁਜਰਾਤ ਦੀ ਚੋਣ-ਜੰਗ ਦਾ ਐਲਾਨ ਹੋ ਗਿਆ ਹੈ। ਇਸ ਤੋਂ ਬਾਅਦ ਕਰਨਾਟਕ ਚੋਣਾਂ ਦੀ ਵਾਰੀ ਆ ਜਾਣੀ ਹੈ; ਉਸ ਤੋਂ ਅੱਗੇ ਰਾਜਸਥਾਨ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ‘ਚ ਚੋਣਾਂ ਹੋਣਗੀਆਂ ਅਤੇ ਫਿਰ ਆਵੇਗੀ ਸਭ ਤੋਂ ਵੱਡੀ ਜੰਗ ਭਾਵ 2019 ਦੀਆਂ ਲੋਕ ਸਭਾ ਚੋਣਾਂ। ਇਹ ਇੱਕ ਪੂਰਨ ਸੱਚ ਹੈ ਕਿ ਚੋਣ ਮੁਕਾਬਲੇ ਹੀ ਜਮਹੂਰੀ ਵਿਵਸਥਾ ਤੇ ਉਸ ਦੀ ਉਚਿਤਤਾ ਦਾ ਕੇਂਦਰੀ ਧੁਰਾ ਹੁੰਦੇ ਹਨ। ਚੋਣ ਜਿੱਤਾਂ ਤੋਂ ਹੀ ਜੇਤੂਆਂ ਨੂੰ ਸ਼ਾਸਨ ਕਰਨ ਦਾ ਫ਼ਤਵਾ ਮਿਲਦਾ ਹੈ। ਇਸੇ ਲਈ, ਹਰੇਕ ਚੋਣ ਮੁਕਾਬਲਾ ਜਿੱਤਣ ਲਈ ਇੱਕ ਖ਼ਾਸ ਕਿਸਮ ਦੀ ਕਾਹਲ ਤੇ ਵਾਜਬੀਅਤ ਦੀ ਲੋੜ ਪੈਂਦੀ ਹੈ। ਇਸੇ ਕਾਰਨ ਹਰ ਹਾਲ ਚੋਣ ਜਿੱਤਣੀ ਸਾਡਾ ਮੁੱਖ ਉਦੇਸ਼ ਤੇ ਮੁੱਖ ਪੇਸ਼ਾ ਬਣ ਜਾਂਦਾ ਹੈ।
ਇਹ ਗੱਲ ਸਹਿਜੇ ਹੀ ਮੰਨੀ ਜਾ ਸਕਦੀ ਹੈ ਕਿ ਸਿਆਸੀ ਆਗੂਆਂ ਨੂੰ ਪ੍ਰਸ਼ਾਸਕ ਤੇ ਰਾਜਨੀਤੀਵਾਨ ਜਾਂ ਸੁਧਾਰਕ ਜਾਂ ਪਰਿਵਰਤਨਸ਼ੀਲ ਆਗੂ ਬਣਨ ਤੋਂ ਪਹਿਲਾਂ ਚੋਣਾਂ ਜਿੱਤਣੀਆਂ ਪੈਂਦੀਆਂ ਹਨ। ਚੋਣਾਂ ਕਿਵੇਂ ਨਾ ਕਿਵੇਂ ਜਿੱਤ ਲਓ ਤੇ ਫਿਰ ਬੇਹੱਦ ਜਾਗਰੂਕ ਤੇ ਸਿਆਣੇ ਬਣ ਕੇ ਹਕੂਮਤ ਕਰੋ।
ਇਸ ਸਭ ਦੇ ਬਾਵਜੂਦ ਹਰੇਕ ਚੋਣ ਮੁਕਾਬਲੇ ਨਾਲ ਨੈਤਿਕ ਖ਼ਤਰੇ ਜੁੜੇ ਹੁੰਦੇ ਹਨ: ਕੀ ਪ੍ਰਤੱਖ ਉਦਾਰਵਾਦੀ ਕਾਰਜ ਦੇ ਗ਼ੈਰ-ਉਦਾਰਵਾਦੀ ਨਤੀਜੇ ਨਿਕਲਣਗੇ? ਇਹ ਵੀ ਸੰਭਵ ਹੈ ਕਿ ਮੁਫ਼ੀਦ ਕਾਰਗੁਜ਼ਾਰੀ ਲਈ ਨੀਤੀਆਂ ਨੂੰ ਨਵਿਆਉਣ ਅਤੇ ਇਨ੍ਹਾਂ ਦੀ ਸਮਰੱਥਾ ਵਿੱਚ ਵਾਧੇ ਦੀ ਬਜਾਏ ਵੋਟ ਪ੍ਰਕਿਰਿਆ ਨਾਲ ਜਮਹੂਰੀ ਕਦਰਾਂ-ਕੀਮਤਾਂ, ਰਵਾਇਤਾਂ ਤੇ ਸੰਸਥਾਨਾਂ ਦਾ ਘਾਣ ਹੋ ਜਾਵੇ। ਅਸੀਂ ਪ੍ਰੇਸ਼ਾਨ ਕਰ ਦੇਣ ਵਾਲਾ ਭਵਿੱਖ ਵੇਖ ਰਹੇ ਹਾਂ।
2014 ਤੋਂ ਹੀ ਸੱਤਾਧਾਰੀ ਧਿਰ ਨੇ ਅਨੇਕਾਂ ਦੁਸ਼ਮਣਾਂ ਨਾਲ ਸਿੱਝਣ ਦਾ ਬਿਰਤਾਂਤ ਚਤੁਰਾਈ ਨਾਲ ਸਿਰਜ ਕੇ ਖ਼ੁਦ ਲਈ ਬੇਹੱਦ ਪ੍ਰਬੀਨਤਾ ਸਹਿਤ ਸਿਆਸੀ ਰਫ਼ਤਾਰ ਹਾਸਲ ਕਰ ਲਈ ਹੈ। ਕਦੇ ਚੀਨ ਨੂੰ ਦੁਸ਼ਮਣ ਵਜੋਂ ਪੇਸ਼ ਕੀਤਾ ਗਿਆ, ਕਦੇ ਪਾਕਿਸਤਾਨ ਨੂੰ ਦੁਸ਼ਮਣ ਆਖਿਆ ਗਿਆ ਤੇ ਕਦੇ ਦੋਹਾਂ ਨੂੰ ਅੱਗੜ-ਪਿੱਛੜ ਵੈਰ ਭਾਵ ਨਾਲ ਕਾਰਜ ਕਰਨ ਵਾਲਿਆਂ ਵਜੋਂ ਪੇਸ਼ ਕੀਤਾ ਗਿਆ। ਦੁਸ਼ਮਣ ਨਾਲ ਸਿੱਝਣਾ ਰਾਸ਼ਟਰੀ ਤਰਜੀਹ ਅਤੇ ਦੇਸ਼-ਭਗਤੀ ਦੇ ਜਜ਼ਬੇ ਤਹਿਤ ਨਿਭਾਈ ਜਾਣ ਵਾਲੀ ਜ਼ਿੰਮੇਵਾਰੀ ਰਹੀ। ਭਾਰਤ ਮਾਤਾ ਲਈ ਖੜ੍ਹੇ ਹੋਣ ਲਈ ਆਮ ਨਾਗਰਿਕਾਂ ‘ਤੇ ਦਬਾਅ ਪਾਉਣ, ਉਨ੍ਹਾਂ ਨੂੰ ਪ੍ਰੇਰਿਤ ਕਰਨ ਤੇ ਲੋੜ ਪੈਣ ‘ਤੇ ਮਜਬੁਰ ਕਰਨ ਦੀ ਵੀ ਲੋੜ ਪਈ। ਉਨ੍ਹਾਂ ਨੂੰ ਸਮੇਂ-ਸਮੇਂ ‘ਤੇ ਉੱਚੀ-ਉੱਚੀ ‘ਵੰਦੇ ਮਾਤਰਮ’ ਦੇ ਨਾਅਰੇ ਲਾ ਕੇ ਅਤੇ ਸਿਨਮਾ ਹਾਲਾਂ ਵਿੱਚ ਰਾਸ਼ਟਰੀ ਤਰਾਨਾ ਚੱਲਦੇ ਸਮੇਂ ਸਤਿਕਾਰ ਨਾਲ ਖੜ੍ਹੇ ਹੋ ਕੇ ਆਪਣੀ ਦੇਸ਼ਭਗਤੀ ਸਿੱਧ ਕਰਨ ਲਈ ਵੀ ਕਿਹਾ ਗਿਆ। ਦੇਸ਼ਭਗਤੀ ਦਾ ਅਜਿਹਾ ਦਿਖਾਵਾ ਕਰਨ ਤੋਂ ਵਾਂਝੇ ਰਹਿ ਗਏ ਸ਼ੱਕੀਆਂ ਦੀ ਖਿੱਚ-ਧੂਹ ਕੀਤੀ ਗਈ; ਅਤੇ ਉਨ੍ਹਾਂ ਖ਼ਿਲਾਫ਼ ਦੇਸ਼ ਧਰੋਹ ਦੇ ਮਾਮਲੇ ਵੀ ਦਰਜ ਕੀਤੇ ਗਏ ਜਿਵੇਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ ‘ਚ ਕੁਝ ਸ਼ਰਾਰਤੀ ਮੁੰਡਿਆਂ ਨਾਲ ਹੋਇਆ ਸੀ। ਅਜਿਹਾ ਹਰ ਕਾਰਜ ਭਾਰਤ ਮਾਤਾ ਦੀ ਮਹਿਮਾ ਤੇ ਮਹਾਨਤਾ ਨੂੰ ਮੰਨਣ ਤੋਂ ਇਨਕਾਰ ਕਰਨ ਵਾਲੇ ਕਿਸੇ ਨਾ ਕਿਸੇ ‘ਦੁਸ਼ਮਣ’ ਬਾਰੇ ਸਿਰਜੇ ਬਿਰਤਾਂਤ ਨੂੰ ਮਜ਼ਬੂਤੀ ਬਖ਼ਸ਼ਣ ਲਈ ਬੜੀ ਰਚਨਾਤਮਿਕਤਾ ਨਾਲ ਕੀਤਾ ਗਿਆ। ਜਿਨ੍ਹਾਂ ਵੀ ਵਿਅਤਕੀਆਂ ਕੋਲ ਸੱਤਾਧਾਰੀ ਧਿਰ ਦਾ ਵਿਰੋਧ ਕਰਨ ਦਾ ਕੋਈ ਵਾਜਬ ਕਾਰਨ ਸੀ, ਉਨ੍ਹਾਂ ਸਭਨਾਂ ਨੂੰ ‘ਦੇਸ਼-ਧਰੋਹੀ’ ਤਾਂ ਭਾਵੇਂ ਨਹੀਂ ਆਖਿਆ ਗਿਆ, ਪਰ ਰਾਸ਼ਟਰ-ਵਿਰੋਧੀ ਕਰਾਰ ਜ਼ਰੂਰ ਦੇ ਦਿੱਤਾ ਗਿਆ।
ਕੁਝ ਚਿਰ ਲਈ ਤਾਂ ਇਹ ਸਭ ਠੀਕ ਢੰਗ ਨਾਲ ਚੱਲਿਆ। ਪਾਕਿਸਤਾਨੀ ਸਰਕਾਰ ਨੇ ਵੀ ਇਸ ਮਾਮਲੇ ‘ਚ ਪੂਰਾ ਸਾਥ ਦਿੱਤਾ; ਪਹਿਲਾਂ ਦੀਨਾਨਗਰ ਤੇ ਫਿਰ ਪਠਾਨਕੋਟ ‘ਚ ਅਤਿਵਾਦੀ ਹਮਲੇ ਹੋਏ; ਹਾਫ਼ਿਜ਼ ਸਈਦ ਨੂੰ ਕਦੇ ਜੇਲ੍ਹ ਡੱਕ ਦਿੱਤਾ ਤੇ ਕਦੇ ਬਾਹਰ ਲਿਆਂਦਾ ਗਿਆ; ਸ੍ਰੀਨਗਰ ਦੀਆਂ ਸੜਕਾਂ ‘ਤੇ ਵੱਡੇ ਹਜੂਮ ਪਥਰਾਅ ਕਰਦੇ ਰਹੇ, ਗੁਆਂਢੀ ਮੁਲਕ ਵੱਲੋਂ ਗੋਲ਼ੀਬੰਦੀ ਦੀ ਕਈ ਵਾਰ ਉਲੰਘਣਾ ਹੋਈ, ਸਰਹੱਦ-ਪਾਰੋਂ ਦਹਿਸ਼ਤੀ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਕੱਟੜ ਦੇਸ਼ਭਗਤੀ ਦੀ ਵਰਤੋਂ ਇੰਜ ਹੋਣ ਲੱਗ ਪਈ, ਜਿਵੇਂ ਕਿਸੇ ਡਾਕਟਰ ਨੇ ਅਜਿਹਾ ਕਰਨ ਲਈ ਆਖਿਆ ਹੋਵੇ। ਉਸ ਤੋਂ ਬਾਅਦ ਅਸੀਂ ਬੇਹੱਦ ਤਸੱਲੀਬਖ਼ਸ਼ ਢੰਗ ਨਾਲ ‘ਸਰਜੀਕਲ ਹਮਲੇ’ ਕੀਤੇ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਉਨ੍ਹਾਂ ਨੂੰ ਚੰਗੀ ਤਰ੍ਹਾਂ ਭੁਨਾਇਆ ਗਿਆ।
ਅਚਾਨਕ, ਇਹ ਸਾਰੀ ਖੇਡ ਖ਼ਤਮ ਹੋ ਗਈ। ਨੋਟਬੰਦੀ ਨਾਂਅ ਦੀ ਤਬਾਹੀ ਅਤੇ ਜੀਐੱਸਟੀ ਨਾਂ ਦੀ ਗੜਬੜੀ ਕਰ ਦਿੱਤੀ ਗਈ। ਫ਼ੈਸਲਾਕੁੰਨ ਲੀਡਰਸ਼ਿਪ ਬਾਰੇ ਆਰੰਭਕ ਖ਼ੁਸ਼ੀ ਕਾਫ਼ੂਰ ਹੋ ਗਈ ਅਤੇ ਕਰੋੜਾਂ ਲੋਕਾਂ ਨੇ ਆਪਣੀਆਂ ਨਾ ਘਟਣ ਵਾਲੀਆਂ ਦੁੱਖ-ਤਕਲੀਫ਼ਾਂ, ਨੀਮ-ਬੇਰੁਜ਼ਗਾਰੀ, ਬੇਰੁਜ਼ਗਾਰੀ ਵੱਲ ਧਿਆਨ ਦਿੱਤਾ ਅਤੇ ਉਨ੍ਹਾਂ ਨੇ ਸਰਕਾਰ ਦੇ ਵਾਅਦਿਆਂ ਮੁਤਾਬਿਕ ‘ਅੱਛੇ ਦਿਨ’ ਆਉਣ ਵਿੱਚ ਹੋ ਰਹੀ ਦੇਰੀ ਉੱਤੇ ਕਿੰਤੂ-ਪ੍ਰੰਤੂ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਵੀ ਬਦਤਰ ਗੱਲ ਇਹ ਹੋਈ ਕਿ ਨਿੱਤ ਦੇ ਕਸ਼ਟਾਂ ਤੋਂ ਸਾਡੀ ਖਲਾਸੀ ਕਰਵਾਉਣ ਵਿੱਚ ਨਾਕਾਮ ਰਹਿਣ ‘ਤੇ ਸੱਤਾਧਾਰੀਆਂ ਦੀ ਸਮਰੱਥਾ ਤੇ ਯੋਗਤਾ ਬਾਰੇ ਵੀ ਸੁਆਲ ਉੱਠਣ ਲੱਗ ਪਏ। ਸੋਸ਼ਲ ਮੀਡੀਆ ‘ਤੇ ਸਰਕਾਰ ਪ੍ਰਤੀ ਰੋਹ ਤੇ ਰੋਸ ਪ੍ਰਤੱਖ ਦਿਸਣ ਲੱਗਾ ਤੇ ਵੱਡੇ ਪੱਧਰ ‘ਤੇ ਖਿੱਲੀ ਉੱਡਣ ਲੱਗੀ।
ਧਰਮ-ਨਿਰਪੱਖ ਵਿਕਾਸ ਬਾਰੇ ਵਿਵਾਦ ਉੱਠਣ ਲੱਗੇ। ਵਿਕਾਸ ਦੇ ਅਖੌਤੀ ਗੁਜਰਾਤ ਮਾਡਲ ਤੇ ਉਸ ਦੀਆਂ ਕਲਪਿਤ ਉਪਲੱਬਧੀਆਂ ਤੇ ਕਾਰਗੁਜ਼ਾਰੀਆਂ ਉੱਤੇ ਪਹਿਲੀ ਵਾਰ ਸੁਆਲ ਕੀਤੇ ਜਾ ਰਹੇ ਹਨ। ਨਾਕਾਮੀਆਂ ਤੇ ਨੀਮ-ਕਾਮਯਾਬੀਆਂ ਬਾਰੇ ਵਿਰੋਧੀ ਧਿਰਾਂ ਸਪੱਸ਼ਟੀਕਰਨ ਮੰਗ ਰਹੀਆਂ ਹਨ।
ਹੁਣ ਕੀ ਕਰਨਾ ਚਾਹੀਦਾ ਹੈ? ‘ਫ਼ਿਰਕਾਪ੍ਰਸਤ’ ਸਮਝੇ ਜਾਣ ਬਿਨਾਂ ਅਸੀਂ ਬਹੁਗਿਣਤੀ ਨੂੰ ਗੁੱਸੇ ਕਿਵੇਂ ਕਰ ਸਕਦੇ ਹਾਂ? ਪਹਿਲੀ ਗੱਲ ਇਹ ਹੈ ਕਿ ਹਿੰਦੂ ਵੋਟ-ਬੈਂਕ ਨੂੰ ਦੇਸ਼-ਵਿਦੇਸ਼ ਵਿੱਚ ਮੁਸਲਮਾਨਾਂ ਤੋਂ ਦਰਪੇਸ਼ ਖ਼ਤਰਿਆਂ ਬਾਰੇ ਲਗਾਤਾਰ ਚੇਤੇ ਕਰਵਾਉਣਾ ਪੈਂਦਾ ਹੈ। ਇਹੋ ਜਿਹੇ ਯਤਨ ਕਰਦੇ ਰਹਿਣਾ ਵੀ ਸੁਖਾਲ਼ਾ ਨਹੀਂ ਹੈ। ਤੀਹਰੇ ਤਲਾਕ ਦਾ ਮਾਮਲਾ ਸੁਪਰੀਮ ਕੋਰਟ ਨੇ ਸੁਲਝਾ ਦਿੱਤਾ; ਮੁਸਲਮਾਨ ਅਤੇ ਉਨ੍ਹਾਂ ਦੇ ਆਗੂ ਕੁਝ ਤਹੱਮਲ ਨਾਲ ਚੱਲ ਰਹੇ ਹਨ ਅਤੇ ਉਹ ਯੁਕਤੀਪੂਰਨ ਢੰਗ ਨਾਲ ਆਪੋ-ਆਪਣੇ ਖੋਲਾਂ ਵਿੱਚ ਪਰਤ ਗਏ ਹਨ।
ਨੀਤੀਗਤ ਸੁਆਲ ਇਹ ਬਣਦਾ ਹੈ ਕਿ ਸੱਤਾਧਾਰੀ ਧਿਰ ਪ੍ਰਤੀ ਅਪ੍ਰਵਾਨਗੀ ਅਤੇ ਭਰਮ-ਨਿਵਾਰਣ ਦੀ ਲਹਿਰ ਨੂੰ ਠੱਲ੍ਹ ਕਿਵੇਂ ਪਾਈ ਜਾਵੇ? ਇਸ ਲਈ ਸਾਨੂੰ ਨਵੇਂ ਦੁਸ਼ਮਣ ਖੋਜਣੇ ਹੋਣਗੇ। ਵਿਦੇਸ਼ੀ ਦੁਸ਼ਮਣਾਂ ਦੀ ਤਰਕੀਬ ਨੂੰ ਪਹਿਲਾਂ ਬਹੁਤ ਵਾਰ ਵਰਤਿਆ ਜਾ ਚੁੱਕਾ ਹੈ। ਡੋਕਲਾਮ ਵਿਵਾਦ ਤੋਂ ਬਾਅਦ ਇਸ ਮੁੱਦੇ ‘ਤੇ ਮੁੜ ਵਿਚਾਰ ਜ਼ਰੂਰੀ ਹੋ ਗਿਆ ਜਿਸ ਦੇ ਪ੍ਰਤੱਖ ਨਤੀਜੇ ਨਹੀਂ ਨਿਕਲ ਸਕੇ ਜਿਨ੍ਹਾਂ ਨੂੰ ਜਿੱਤ ਦੇ ਬਿਰਤਾਂਤ ਨਾਲ ਜੋੜਿਆ ਜਾ ਸਕਦਾ ਜਾਂ ਫਿਰ ਚੋਣ-ਮੰਚ ‘ਤੇ ਵਰਤਿਆ ਜਾ ਸਕਦਾ। ਇਸੇ ਲਈ ਦੇਸ਼ ਅੰਦਰ ਹੀ ਦੁਸ਼ਮਣਾਂ ਦੀ ਭਾਲ਼ ਸ਼ੁਰੂ ਹੋ ਗਈ। ਇਤਿਹਾਸ ਤੋਂ ਮਦਦ ਲੈਣੀ ਪਵੇਗੀ।
ਹਿੰਦੂ ਵੋਟ-ਬੈਂਕ ਨੂੰ ਮਜ਼ਬੂਤੀ ਨਾਲ ਕਾਇਮ ਰੱਖਣ ਲਈ ਨਵੀਆਂ ਤੇ ਨਿਵੇਕਲੀਆਂ ਰਣਨੀਤੀਆਂ ਉਲੀਕਣੀਆਂ ਹੋਣਗੀਆਂ। ਸਵਾਲ ਇਹ ਹੈ ਕਿ ਹੁਣ ਸਾਨੂੰ ਸਭ ਨੂੰ ਕਿਵੇਂ ਭੜਕਾਇਆ ਜਾਵੇ? ਸਾਡੇ ਜ਼ਖ਼ਮਾਂ ਨੂੰ ਖ਼ਰੋਚਣ ਲਈ ਇਤਿਹਾਸ ਜਾਂ ਇਸ ਦੇ ਕਿਸੇ ਖ਼ਾਸ ਹਿੱਸੇ ਨੂੰ ਵਰਤਣਾ ਹੋਵੇਗਾ।
ਇਤਿਹਾਸਕ ਪੱਖਪਾਤ ਤੇ ਰੋਸ ਦੀ ਸੜ੍ਹਾਂਦ ਮਹਿਸੂਸ ਕਰਨ ਲਈ ਸਾਨੂੰ ਸਭ ਨੂੰ ਗਰਦਨ ਤੋਂ ਫੜ ਕੇ ਘਸੀਟ ਲਿਆ ਗਿਆ। ਅਜਿਹੀ ਕਿਸੇ ਵੀ ਗੱਲ ਨਾਲ ਕੰਮ ਬਣ ਜਾਵੇਗਾ ਜਿਸ ਨਾਲ ਸਾਡੇ ਅੰਦਰੂਨੀ ਡਰ ਤੇ ਪੱਖਪਾਤ ਉਭਰਨ। ਮਸਲਨ, ਦਿਆਲ ਸਿੰਘ ਕਾਲਜ ਦਾ ਨਾਂਅ ਬਦਲ ਕੇ ਵੰਦੇ ਮਾਤਰਮ ਕਾਲਜ ਕਰ ਦੇਵਾਂਗੇ। ਇਸ ਤਬਦੀਲੀ ਦਾ ਵਿਰੋਧ ਕਰਕੇ ‘ਦੇਸ਼ ਧਰੋਹ’ ਦਾ ਠੱਪਾ ਲਗਵਾਉਣ ਦੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅਗਲੇ ਮੈਦਾਨ-ਏ-ਜੰਗ ਕਰਨਾਟਕ ਵਿੱਚ, ਜਿੱਥੇ ਇੱਕ ਘਾਗ਼ ਮੁੱਖ ਮੰਤਰੀ ਨੇ ਹਿੰਦੂਤਵ ਦੇ ਇੱਕਜੁਟ ਕਰ ਕੇ ਰੱਖਣ ਵਾਲੇ ਪੱਖਪਾਤਾਂ ਤੇ ਸਨਕਾਂ ਭਰੇ ਨੁਸਖਿਆਂ ਦੇ ਵਿਰੋਧ ਵਿੱਚ ਕੰਨੜਿਗਾ ਉਪ-ਰਾਸ਼ਟਰਵਾਦ ਭੜਕਾ ਦਿੱਤਾ ਹੈ; ਉੱਥੇ ਟੀਪੂ ਸੁਲਤਾਨ ਦਾ ਨਾਂਅ ਸਹਿਜੇ ਹੀ ਵਰਤਿਆ ਜਾ ਸਕਦਾ ਹੈ। ਉਸ ਨੂੰ ਸਿਰਫ਼ ਇੱਕ ਅਜਿਹਾ ਮੁਸਲਿਮ ਬਣਾ ਕੇ ਸ਼ੈਤਾਨ ਵਜੋਂ ਪੇਸ਼ ਕਰਨਾ ਹੋਵੇਗਾ ਜਿਸ ਨੇ ਹਿੰਦੂਆਂ ਨਾਲ ਵੱਡੀਆਂ ਬੇਇਨਸਾਫ਼ੀਆਂ ਕੀਤੀਆਂ ਸਨ।
‘ਪਦਮਾਵਤੀ’ ਫ਼ਿਲਮ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਰਾਜਪੂਤਾਂ ਦੀ ਸੂਰਬੀਰਤਾ ਦੀ ਧਾਰਨਾ ਦੇ ਸੋਹਲੇ ਗਾਉਣ ਤਕ ਹੀ ਮਹਿਦੂਦ ਨਹੀਂ ਹੈ ਸਗੋਂ ਇਸ ਮਾਮਲੇ ਨੂੰ ਤੂਲ ਦਿੱਤਾ ਜਾ ਰਿਹਾ ਹੈ। ਸ਼ਾਇਦ ਇੱਕ ਰਾਜਪੂਤ ਰਾਣੀ ਪ੍ਰਤੀ ਇੱਕ ਬਦਕਾਰ ਮੁਸਲਿਮ ਹਾਕਮ ਦੀ ਦੁਸ਼ਟਤਾ ਉਭਾਰਨ ਲਈ ਅੰਦਰਖਾਤੇ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੋਵੇ। ਅਤੇ ਜੇ ਇਹ ਸਾਰੀਆਂ ਮੱਕਾਰੀ ਭਰੀਆਂ ਦੋਗ਼ਲੀਆਂ ਗੱਲਾਂ ਨਾਕਾਮ ਵੀ ਹੋ ਜਾਣ ਤਾਂ ਫਿਰ ਰਾਹੁਲ ਗਾਂਧੀ ਦੀ ਤੁਲਨਾ ਅਲਾਊਦੀਨ ਖਿਲਜੀ ਤੇ ਔਰੰਗਜ਼ੇਬ ਜਿਹੇ ਮੱਧਕਾਲੀ ਸੁਲਤਾਨਾਂ ਨਾਲ ਕੀਤੇ ਜਾਣ ਦੀ ਸੰਭਾਵਨਾ ਹੈ।
ਸਾਡੇ ਸੱਤਾਧਾਰੀ ਕੁਲੀਨ ਵਰਗ ਨੂੰ ਇੱਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਿੰਦੂ ਭਾਈਚਾਰੇ ਵਿੱਚ ਭਾਵਨਾਤਮਕ ਉਤਸ਼ਾਹ ਕਾਇਮ ਰੱਖਣ ਜਾਂ ਖੁੱਲ੍ਹਾ ਵਿਰੋਧ ਕਰਨ ਦੀ ਸਮਰੱਥਾ ਨਹੀਂ ਹੈ। ਉਂਜ ਵੀ, ਪਿਛਲੇ ਤਿੰਨ ਵਰ੍ਹਿਆਂ ਦੌਰਾਨ ਹਿੰਦੂਆਂ ਤੋਂ ਪੂਰਾ ਭਾਵਨਾਤਮਿਕ ਲਾਹਾ ਲਿਆ ਜਾ ਚੁੱਕਾ ਹੈ। ਹਿੰਦੂ ਲੋਕ ਹੁਣ ਇਹ ਸੁਆਲ ਪੁੱਛ ਸਕਦੇ ਹਨ ਕਿ ‘ਪਦਮਾਵਤੀ’ ਫ਼ਿਲਮ ਉੱਤੇ ਪਾਬੰਦੀ ਲੱਗਣ ਨਾਲ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਦੀਪਿਕਾ ਪਾਦੂਕੋਣ ਕੋਈ ਪਹਿਲੂ ਖ਼ਾਨ ਤਾਂ ਹੈ ਨਹੀਂ।
ਜੰਗ ਵਰਗੀ ਇਸ ਸਥਿਤੀ ਨੂੰ ਛੱਡ ਕੇ ਹਿੰਦੂ ਭਾਈਚਾਰਾ ਕਾਰਮਿਕ ਸਹਿਜ ਦੀ ਅਵਸਥਾ ਵਿੱਚ ਪਰਤ ਕੇ ਖ਼ੁਸ਼ ਹੈ। ਉਹ ਆਪਣੇ-ਆਪ ਵਿੱਚ ਹੀ ਰਹਿ ਕੇ ਖ਼ੁਸ਼ ਹੈ। ਉਸ ਨੂੰ ਕਿਸੇ ਦੁਸ਼ਮਣ ਦੇ ਵਿਰੋਧ ਵਿੱਚ ਖ਼ੁਦ ਨੂੰ ਪਰਿਭਾਸ਼ਿਤ ਕਰਨ ਦੀ ਕੋਈ ਲੋੜ ਮਹਿਸੂਸ ਨਹੀਂ ਹੁੰਦੀ। ਹਿੰਦੂਆਂ ਕੋਲ ਆਪਣਾ, ਆਪਣੇ ਸਮਾਜ ਤੇ ਆਪਣੇ ਦੇਸ਼ ਪ੍ਰਤੀ ਇੱਕ ਹਾਂ-ਪੱਖੀ ਤੇ ਸਜੀਵ ਨਜ਼ਰੀਆ ਹੈ। ਇਹ ਹੀ ਭਾਰਤੀ ਸੱਭਿਅਤਾ ਦੇ ਸਾਬਤਕਦਮ ਹੋਣ ਦਾ ਕਾਰਨ ਰਿਹਾ ਹੈ।ਂ