ਕੌਮਾਂਤਰੀ ਪਰਵਾਸ: ਪੰਜਾਬੀਆਂ ਨੇ ਕੀ ਖੱਟਿਆ, ਕੀ ਗੁਆਇਆ ?

0
89

article-gian-singh
ਡਾ. ਗਿਆਨ ਸਿੰਘ’ (ਸੰਪਰਕ: 001-609-721-0950)

ਕੌਮਾਂਤਰੀ ਪਰਵਾਸ ਦੇ ਅਨੇਕਾਂ ਕਾਰਨ ਹੋ ਸਕਦੇ ਹਨ ਜਿਵੇਂ ਬਿਹਤਰ ਜ਼ਿੰਦਗੀ ਜਿਉਣ ਦਾ ਸੁਪਨਾ ਸਾਕਾਰ ਕਰਨਾ, ਪਰਿਵਾਰ ਨਾਲ ਇਕੱਠੇ ਰਹਿਣਾ, ਲੜਾਈਆਂ-ਝਗੜਿਆਂ ਜਾਂ ਵਾਤਾਵਰਣ ਵਿੱਚ ਵਿਗਾੜਾਂ ਤੋਂ ਬਚਣਾ ਆਦਿ। ਪਿਛਲੇ ਕੁਝ ਸਾਲਾਂ ਦੌਰਾਨ ਕੌਮਾਂਤਰੀ ਪਰਵਾਸੀਆਂ ਦੀ ਗਿਣਤੀ ਅਤੇ ਅਨੁਪਾਤ ਵਿੱਚ ਵਾਧੇ ਦਾ ਰੁਝਾਨ ਦੇਖਿਆ ਜਾ ਰਿਹਾ ਹੈ। ਸੰੰਯੁਕਤ ਰਾਸ਼ਟਰ ਅਨੁਸਾਰ ਕੌਮਾਂਤਰੀ ਪਰਵਾਸੀਆਂ ਦੀ ਗਿਣਤੀ ਸੰਨ 1990 ਵਿੱਚ 154 ਮਿਲੀਅਨ ਤੋਂ ਸੰਨ 2000 ਵਿੱਚ ਵਧ ਕੇ 175 ਮਿਲੀਅਨ ਹੋਈ ਹੋਣ ਦਾ ਅਨੁਮਾਨ ਹੈ। ਸੰਨ 2000 ਤੋਂ 2015 ਤਕ ਕੌਮਾਂਤਰੀ ਪਰਵਾਸੀਆਂ ਦੀ ਗਿਣਤੀ ਵਿੱਚ 41 ਫ਼ੀਸਦ ਵਾਧਾ ਦਰਜ ਹੋਇਆ ਜੋ ਦੁਨੀਆ ਵਿੱਚ ਆਬਾਦੀ ਦੀ ਵਾਧਾ ਦਰ ਨਾਲੋਂ ਜ਼ਿਆਦਾ ਹੈ।
ਭਾਰਤ ਵਿੱਚੋਂ ਕੌਮਾਂਤਰੀ ਪਰਵਾਸ ਦੋ ਤਰ੍ਹਾਂ ਦਾ ਹੋ ਰਿਹਾ ਹੈ:  ਪਹਿਲਾ, ਉਹ ਕਾਮੇ ਜੋ ਗ਼ੈਰ-ਹੁਨਰਮੰਦ ਅਤੇ ਅਰਧ-ਹੁਨਰਮੰਦ ਸ਼੍ਰੇਣੀਆਂ ਵਿੱਚ ਆਉਂਦੇ ਅਤੇ ਜ਼ਿਆਦਾਤਰ ਖਾੜੀ ਦੇਸ਼ਾਂ ਵਿੱਚ ਪਰਵਾਸ ਕਰਦੇ ਹਨ। ਦੂਜਾ, ਗ਼ੈਰ-ਹੁਨਰਮੰਦ, ਅਰਧ-ਹੁਨਰਮੰਦ, ਹੁਨਰਮੰਦ ਅਤੇ ਪੇਸ਼ਾਵਰ ਕਾਮੇ ਅਤੇ ਵਿਦਿਆਰਥੀ ਜੋ ਜ਼ਿਆਦਾਤਰ ਸਰਮਾਏਦਾਰ ਵਿਕਸਿਤ ਦੇਸ਼ਾਂ ਵਿੱਚ ਪਰਵਾਸ ਕਰਦੇ ਹਨ। ਪੰਜਾਬ ਵਿੱਚੋਂ ਵੀ ਭਾਰਤ ਵਾਗ ਦੋਵੇਂ ਤਰ੍ਹਾਂ ਦੇ ਕਾਮਿਆਂ ਦਾ ਦੁਨੀਆ ਦੇ ਦੂਜੇ ਦੇਸ਼ਾਂ ਵਿੱਚ ਪਰਵਾਸ ਹੋ ਰਿਹਾ ਹੈ। ਇਸ ਪਰਵਾਸ ਦਾ ਮੁੱਖ ਕਾਰਨ ਦੇਸ਼ ਵਿੱਚ ਰੁਜ਼ਗਾਰ ਰਹਿਤ ਆਰਥਿਕ ਵਿਕਾਸ ਹੋਣਾ ਹੈ। ਇਸ ਕਰਕੇ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਅਤੇ ਉਸ ਦਾ ਮਿਆਰ (ਆਮਦਨ) ਬਹੁਤ ਨੀਵਾਂ ਹੈ।
ਜਿੱਥੇ ਪੰਜਾਬ ਵਿੱਚੋਂ ਕੌਮਾਂਤਰੀ ਪਰਵਾਸੀਆਂ ਨੇ ਆਪਣੇ ਨਿੱਜ, ਸੂਬੇ ਅਤੇ ਦੇਸ਼ ਵਾਸਤੇ ਕਮਾਇਆ, ਉੱਥੇ ਗੁਆਇਆ ਵੀ ਹੈ। ਪੰਜਾਬ ਵਿੱਚੋਂ ਦੂਜੇ ਦੇਸ਼ਾਂ ਵਿੱਚ ਪਰਵਾਸ ਕਰਨ ਵਾਲੇ ਕਾਮਿਆਂ ਨੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਦੌਰਾਨ ਸਿਰਫ਼ ਵਿੱਤੀ ਮਦਦ ਹੀ ਨਹੀਂ ਕੀਤੀ, ਸਗੋਂ ਗਦਰ ਲਹਿਰ ਨੂੰ ਜਨਮ ਦਿੱਤਾ ਅਤੇ ਪ੍ਰਫੁੱਲਤ ਵੀ ਕੀਤਾ ਸੀ। ਇਸ ਤਰ੍ਹਾਂ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਆਪਣਾ ਕੀਮਤੀ ਯੋਗਦਾਨ ਪਾਇਆ। ਖਾੜੀ ਦੇਸ਼ਾਂ ਵਿੱਚ ਪਰਵਾਸ ਕਰਨ ਵਾਲੇ ਪੰਜਾਬੀ ਕਾਮੇ, ਜੋ ਜ਼ਿਆਦਾਤਰ ਗ਼ੈਰ-ਹੁਨਰਮੰਦ ਜਾਂ ਅਰਧ-ਹੁਨਰਮੰਦ ਸ਼ੇ?ਣੀਆਂ ਵਿੱਚ ਆਉਂਦੇ ਹਨ, ਲਗਾਤਾਰ ਆਪਣੇ ਪਰਿਵਾਰਾਂ ਨੂੰ ਆਪਣੀ ਕਮਾਈ ਭੇਜਦੇ ਰਹੇ। ਇਸ ਤਰ੍ਹਾਂ ਦਾ ਰੁਝਾਨ ਹੁਣ ਤਕ ਹੁਨਰਮੰਦ ਅਤੇ ਪੇਸ਼ਾਵਰ ਕਾਮਿਆਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ।
ਪਰਵਾਸੀ ਪੰਜਾਬੀਆਂ ਵੱਲੋਂ ਬਾਹਰਲੇ ਦੇਸ਼ਾਂ ਵਿੱਚੋਂ ਕਮਾਈਆਂ ਕਰਕੇ ਭੇਜੀਆਂ ਰਕਮਾਂ ਨਾਲ ਜਿੱਥੇ ਇਨ੍ਹਾਂ ਦੇ ਆਪਣੇ ਪਰਿਵਾਰ ਖ਼ੁਸ਼ਹਾਲ ਹੋਏ, ਉੱਥੇ ਇਨ੍ਹਾਂ ਨੇ ਪੰਜਾਬ ਅਤੇ ਭਾਰਤ ਦੀ ਆਰਥਿਕ ਤਰੱਕੀ ਵਿੱਚ ਵੀ ਭਰਵਾਂ ਯੋਗਦਾਨ ਪਾਇਆ ਜਿਸ ਦਾ ਫ਼ਾਇਦਾ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਹੋਇਆ। ਇਨ੍ਹਾਂ ਪਰਵਾਸੀਆਂ ਨੇ ਆਪਣੇ ਪਿੰਡਾਂ ਤੇ ਇਲਾਕਿਆਂ ਦੇ ਸਕੂਲਾਂ, ਕਾਲਜਾਂ, ਹਸਪਤਾਲਾਂ ਤੇ ਹੋਰ ਸਮਾਜਿਕ ਮਹੱਤਵ ਦੇ ਕਾਰਜਾਂ ਵਿੱਚ ਵੀ ਯੋਗਦਾਨ ਪਾਇਆ। ਇਸ ਦੀਆਂ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਪੰਜਾਬ ਵਿੱਚੋਂ ਦੂਜੇ ਦੇਸ਼ਾਂ ਵਿੱਚ ਜਾ ਕੇ ਵਸੇ ਹੋਏ ਕੁਝ ਪਰਵਾਸੀ, ਨਵੇਂ ਪਰਵਾਸੀਆਂ ਦੀ ਮਦਦ ਵੀ ਕਰਦੇ ਹਨ। ਰਾਜਸੀ ਸਰਗਰਮੀਆਂ ਵਿੱਚ ਹਿੱਸਾ ਲੈਂਦੇ ਹੋਏ ਦੂਜੇ ਦੇਸ਼ਾਂ ਵਿੱਚ ਉੱਚੇ ਰਾਜਸੀ ਅਹੁਦੇ ਅਤੇ ਹੋਰ ਵੱਡੀਆਂ ਪਦਵੀਆਂ ਪ੍ਹਾਪਤ ਕਰ ਰਹੇ ਹਨਂ। ਇਸ ਸੰਬੰਧ ਵਿੱਚ ਸ੍ਰੀ ਐੱਸ.ਪੀ. ਸਿੰਘ ਓਬਰਾਏ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਦੀ ਹਿੰਮਤ ਅਤੇ ਸਹਾਇਤਾ ਨਾਲ ਬਹੁਤ ਸਾਰੇ ਪੰਜਾਬੀਆਂ ਦੀ ਜਾਨ ਬਚੀ ਹੈ।
ਪੰਜਾਬ ਵਿੱਚੋਂ ਕੌਮਾਂਤਰੀ ਪਰਵਾਸ ਕਰਨ ਵਾਲਿਆਂ ਨੇ ਆਪਣੇ, ਸੂਬੇ ਅਤੇ ਦੇਸ਼ ਲਈ ਜੋ ਕਮਾਇਆ, ਉਸ ਨਾਲੋਂ ਜ਼ਿਆਦਾ ਗੁਆਇਆ ਅਤੇ ਉਸ ਦੀ ਸੂਚੀ ਕਾਫ਼ੀ ਲੰਬੀ ਹੈ। ਇਸ ਲੇਖ ਵਿੱਚ ਇਸ ਸੂਚੀ ਵਿੱਚੋਂ ਕੁੱਝ ਮੁੱਖ ਪੱਖਾਂ ਦਾ ਸੰਖੇਪ ਜਿਹਾ ਜ਼ਿਕਰ ਹੈ। ਪੰਜਾਬ ਵਿੱਚੋਂ ਜਿਹੜੇ ਹੁਨਰਮੰਦ ਅਤੇ ਪੇਸ਼ਾਵਰ ਕਾਮਿਆਂ ਅਤੇ ਵਿਦਿਆਰਥੀਆਂ ਨੇ ਬਾਹਰਲੇ ਦੇਸ਼ਾਂ ਵਿੱਚ ਪਰਵਾਸ ਕੀਤਾ, ਬਾਅਦ ਵਿੱਚ ਉਹ ਉਨ੍ਹਾਂ ਦੇਸ਼ਾਂ ਵਿੱਚ ਹੀ ਵਸ ਗਏ। ਉਸ ਨਾਲ ਪੰਜਾਬ ਵਿੱਚੋਂ ਇਨ੍ਹਾਂ ਹੁਨਰਮੰਦ ਅਤੇ ਲਿਆਕਤ ਵਾਲੇ ਕਾਮਿਆਂ ਦਾ ਪੱਕਾ ਨਿਕਾਲ ਹੋ ਗਿਆ ਜੋ ਪੰਜਾਬ ਅਤੇ ਭਾਰਤ ਲਈ ਇੱਕ ਵੱਡਾ ਘਾਟਾ ਹੈ। ਕੁਝ ਲੋਕ ਇਹ ਤਰਕ ਦਿੰਦੇ ਹਨ ਕਿ ਇਹ ਜੇ ਪਜਾਬ ਵਿੱਚ ਰਹਿੰਦੇ ਤਾਂ ਇਨ੍ਹਾਂ ਨੇ ਇਧਰ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਤੇ ਪ੍ਰਾਪਤ ਰੁਜ਼ਗਾਰ ਦੇ ਨੀਵੇਂ ਮਿਆਰ ਕਾਰਨ ਰੁਲ ਜਾਣਾ ਸੀ। ਇਸ ਦਲੀਲ ਵਿੱਚ ਅੰਸ਼ਿਕ ਸੱਚਾਈ ਤਾਂ ਹੈ, ਪਰ ਇਸ ਦਾ ਧਿਆਨ ਮੰਗਦਾ ਪੱਖ ਇਹ ਹੈ ਕਿ ਇਨ੍ਹਾਂ ਦੇ ਹੁਨਰ ਅਤੇ ਲਿਆਕਤ ਦੇ ਵਿਕਾਸ ਵਿੱਚ ਸਾਡੇ ਇਥੋਂ ਦੇ ਸਮਾਜ ਤੇ ਸਰਕਾਰ ਵੱਲੋਂ ਪਾਇਆ ਯੋਗਦਾਨ ਕਿੱਥੇ ਗਿਆ? ਇਨ੍ਹਾਂ ਲਈ ਸਮਾਜ ਤੇ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਸਸਤੀ ਸਿੱਖਿਆ, ਸਿਖਲਾਈ ਆਦਿ ਦਾ ਹਿਸਾਬ ਕੌਣ ਕਰੇਗਾ? ਗੱਲ ਸਿਰਫ਼ ਬਰੇਨ-ਡਰੇਨ ਉੱਪਰ ਹੀ ਨਹੀਂ ਮੁੱਕਦੀ। ਸੂਚਨਾ ਤਕਨਾਲੌਜੀ ਦੇ ਇਨਕਲਾਬ ਤੋਂ ਬਾਅਦ ਪੰਜਾਬ ਵਿੱਚੋਂ ਹੁਨਰਮੰਦ ਅਤੇ ਪੇਸ਼ੇਵਰ ਕਾਮਿਆਂ ਦੇ ਬਾਹਰਲੇ ਦੇਸ਼ਾਂ ਵਿੱਚ ਜਾਣ ਨਾਲ ਦੇਸ਼ਾਂ ਵਿੱਚੋਂ ਪੂੰਜੀ ਦਾ ਨਿਕਾਲ, ਜਿਸਨੂੰ ਕੈਪੀਟਲ-ਡਰੇਨ ਵੀ ਕਹਿੰਦੇ ਹਨ ਪਰਵਾਸੀਆਂ ਦੀ ਪਹਿਲੀ ਪੀੜ੍ਹੀ ਦੇ ਜਾਣ ਨਾਲ ਹੀ ਸ਼ੁਰੂ ਹੋ ਗਿਆ ਜਦੋਂਕਿ ਪਹਿਲਾਂ ਇਹ ਦੂਜੀ ਜਾਂ ਤੀਜੀ ਪੀੜ੍ਹੀ ਵਿੱਚ ਸ਼ੁਰੂ ਹੁੰਦਾ ਸੀ। ਇਸ ਤੋਂ ਵੱਧ ਦੁੱਖ ਵਾਲੀ ਗੱਲ ਵਿਦਿਆਰਥੀਆਂ ਦੇ ਸੰਬੰਧ ਵਿੱਚ ਹੈ। ਅੱਜਕਲ੍ਹ ਜਿੰਨੇ ਵੱਡੇ ਪੱਧਰ ਉੱਪਰ ਪੰਜਾਬ ਵਿੱਚੋਂ ਵਿਦਿਆਰਥੀ ਦੂਜੇ ਦੇਸ਼ਾਂ ਵਿੱਚ ਜਾ ਰਹੇ ਹਨ, ਉਸਦਾ ਇੱਕ ਮਾੜਾ ਪਹਿਲੂ ਇਨ੍ਹਾਂ ਵਿਦਿਆਰਥੀਆਂ ਨੂੰ ਨੀਵੇਂ ਮਿਆਰ ਦੀ ਦਿੱਤੀ ਜਾ ਰਹੀ ਪੜ੍ਹਾਈ ਦਾ ਵੀ ਹੈ।
ਪੰਜਾਬ ਵਿੱਚੋਂ ਪਰਵਾਸ ਕਰਕੇ ਉੱਨਤ ਸਰਮਾਏਦਾਰ ਦੇਸ਼ਾਂ ਵਿੱਚ ਗਏ ਲੋਕਾਂ ਵਿੱਚੋਂ ਕੁਝ ਸੱਜਣ, ਜਿਹੜੇ ਆਪਣੇ ਕਾਰੋਬਾਰਾਂ ਵਿੱਚ ਅੱਗੇ ਲੰਘ ਗਏ ਹਨ, ਆਪਣੇ ਮੁਨਾਫ਼ਿਆਂ ਨੂੰ ਵਧਾਉਣ ਲਈ ਪੰਜਾਬ ਤੋਂ ਪਰਵਾਸ ਕਰਕੇ ਆਏ ਵਿਦਿਆਰਥੀਆਂ, ਗ਼ੈਰ-ਹੁਨਰਮੰਦ ਅਤੇ ਅਰਧ-ਹੁਨਰਮੰਦ ਵਿਅਕਤੀਆਂ ਦੀ ਹਰ ਤਰ੍ਹਾਂ ਦੀ ਲੁੱਟ ਕਰਦੇ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਪੰਜਾਬ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਕਾਨੂੰਨੀ ਜਾਂ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਇਨ੍ਹਾਂ ਦੇਸ਼ਾਂ ਵਿੱਚ ਲਿਆ ਕੇ ਬਹੁਤ ਹੀ ਘੱਟ ਤਨਖਾਹਾਂ ਦੇ ਕੇ ਕੰਮ ਕਰਵਾ ਰਹੇ ਹਨ। ਕਈ ਕੇਸ ਇਸ ਤਰ੍ਹਾਂ ਦੇ ਵੀ ਸਾਹਮਣੇ ਆ ਰਹੇ ਹਨ ਕਿ ਇਹਨਾਂ ਸੱਜਣਾਂ ਨੇ ਪੰਜਾਬ ਤੋਂ ਲਿਆਂਦੇ ਆਪਣੇ ਰਿਸ਼ਤੇਦਾਰਾਂ ਤੋਂ ਉਹਨਾਂ ਦੀਆਂ ਬੱਚਤਾਂ ਵਿੱਚੋਂ, ਜਿਹੜੀਆਂ ਉਹਨਾਂ ਨੇ ਆਪਣੇ ਢਿੱਡ ਨੂੰ ਗੱਠਾਂ ਦੇ ਕੇ ਕੀਤੀਆਂ ਹੁੰਦੀਆਂ ਹਨ, ਆਪਣੇ ਕਾਰੋਬਾਰ ਵਿੱਚ ਸਾਂਝ ਪੁਆਉਣ ਦੇ ਨਾਮ ਉੱਪਰ ਠੱਗੀਆਂ ਲਾਈਆਂ ਹਨ। ਇੱਥੇ ਹੀ ਬੱਸ ਨਹੀਂ, ਉਹ ਪੰਜਾਬ ਦੇ ਪਿੰਡਾਂ ਵਿੱਚ ਸਾਂਝੀਆਂ ਜਾਇਦਾਦਾਂ ਉੱਪਰ ਸਮਾਜਿਕ ਕੰਮਾਂ ਦੇ ਨਾਮ ਥੱਲੇ ਬਿਲਡਿੰਗਾਂ ਉਸਾਰ ਕੇ ਉਨ੍ਹਾਂ ਜਾਇਦਾਦਾਂ ਉੱਪਰ ਕਬਜਾ ਕਰ ਰਹੇ ਹਨ।
ਦੁਨੀਆ ਦੇ ਉੱਨਤ ਸਰਮਾਏਦਾਰ ਦੇਸ਼ਾਂ ਵਿੱਚ ਪੰਜਾਬ ਵਿੱਚੋਂ ਗਏ ਪਰਵਾਸੀਆਂ, ਖ਼ਾਸ ਕਰਕੇ ਕਾਰੋਬਾਰੀਆਂ ਦੀ ਆਮਦਨ ਪੰਜਾਬ ਦੇ ਮੁਕਾਬਲੇ ਕਈ ਗੁਣਾ ਵੱਧ ਹੈ। ਇਨ੍ਹਾਂ ਪਰਵਾਸੀਆਂ ਵਿੱਚੋਂ ਬਹੁਤ ਜ਼ਿਆਦਾ ਆਪਣੀ ਵਧੀ ਹੋਈ ਆਮਦਨ ਨੂੰ ਗ਼ੈਰ-ਉਤਪਾਦਕ ਦਿਖਾਵੇ ਦੇ ਕੰਮਾਂ ਉੱਪਰ ਖ਼ਰਚ ਰਹੇ ਹਨ। ਪੰਜਾਬ, ਖ਼ਾਸ ਕਰਕੇ  ਪੇਂਡੂ ਇਲਾਕਿਆਂ ਵਿੱਚੋਂ ਕੌਮਾਂਤਰੀ ਪਰਵਾਸ ਖਾਂਦੇ-ਪੀਂਦੇ ਖੁਸ਼ਹਾਲ ਲੋਕਾਂ ਵਿੱਚੋਂ ਜ਼ਿਆਦਾ ਹੋਇਆ ਹੈ। ਇਸ ਦੇ ਨਤੀਜੇ ਵਜੋਂ ਇਨ੍ਹਾਂ ਲੋਕਾਂ ਦੀ ਸਮਾਜਿਕ ਸਰੋਕਾਰਾਂ ਵਿੱਚ ਭਾਗੀਦਾਰੀ ਅਤੇ ਬਣਦਾ ਜਾਇਜ਼ ਵਿਰੋਧ ਬਹੁਤ ਜ਼ਿਆਦਾ ਘਟਿਆ ਹੈ। ਨਤੀਜੇ ਵਜੋਂ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਵਿੱਦਿਆ, ਸਿਹਤ-ਸੰਭਾਲ ਅਤੇ ਹੋਰ ਸਾਂਝੇ ਕੰਮਾਂ ਦੇ ਸੰਬੰਧ ਵਿੱਚ ਉਹ ਤਰੱਕੀ ਨਹੀਂ ਹੋ ਸਕੀ ਜੋ ਇਨ੍ਹਾਂ ਦੀ ਭਾਗੀਦਾਰੀ ਅਤੇ ਬਣਦੇ ਜਾਇਜ਼ ਵਿਰੋਧ ਦੁਆਰਾ ਹੋਣੀ ਸੀ। ਕੌਮਾਂਤਰੀ ਪੰਜਾਬੀ ਪਰਵਾਸੀਆਂ ਨੇ ਪਰਵਾਸ ਵਾਲੇ ਦੇਸ਼ਾਂ ਵਿੱਚ ਸਮਾਜਿਕ ਸਰੋਕਾਰਾਂ ਵਾਲੇ ਕੰਮਾਂ ਦੀ ਬਜਾਇ ਧਾਰਮਿਕ ਸਥਾਨਾਂ ਉੱਪਰ ਜ਼ਿਆਦਾ ਖ਼ਰਚ ਕੀਤਾ ਹੈ। ਬਹੁਤ ਦੇਸ਼ਾਂ ਵਿੱਚ ਧਾਰਮਿਕ ਸਥਾਨ ਸਰਬ-ਸਾਂਝੇ ਨਾ ਹੋ ਕੇ ਟਰੱਸਟਾਂ ਜਾਂ ਮੈਂਬਰਾਂ ਦੀ ਜਾਇਦਾਦ ਹਨ ਜੋ ਇਹਨਾਂ ਨੂੰ ਆਪਣੇ ਹਿੱਤਾਂ ਦੀ ਪੂਰਤੀ ਲਈ ਵਰਤਦੇ ਹਨ। ਇਹਨਾਂ ਥਾਵਾਂ ਉੱਪਰ ਅਕਸਰ ਲੜਾਈ-ਝਗੜੇ ਹੁੰਦੇ ਹਨ। ਪੰਜਾਬੀ ਪਰਵਾਸੀਆਂ ਵਿੱਚੋਂ ਕੁੱਝ ਲੋਕ ਆਪਣੀ ਆਮਦਨ ਨੂੰ ਵਧਾਉਣ ਲਈ ਗ਼ੈਰ-ਕਾਨੂੰਨੀ ਤਰੀਕਿਆਂ ਦਾ ਸਹਾਰਾ ਲੈਂਦੇ ਹਨ ਜਿਸ ਵਿੱਚ ਨਸ਼ੇ ਵੇਚਣ ਦਾ ਜ਼ਿਕਰ ਕਰਨਾ ਬਣਦਾ ਹੈ। ਅਜਿਹੇ ਲੋਕ ਭਾਈਚਾਰੇ ਨੂੰ ਵੀ ਬਦਨਾਮ ਕਰਦੇ ਹਨ।
ਕੌਮਾਂਤਰੀ ਪੰਜਾਬੀ ਪਰਵਾਸੀਆਂ ਵਿੱਚੋਂ ਕੁੱਝ ਲੋਕ ਆਪਣੇ ਬਜੁਰਗਾਂ ਨੂੰ ਆਪਣੇ ਕੋਲ ਲੈ ਜਾਂਦੇ ਹਨ। ਜਿਹੜੇ ਬਜ਼ੁਰਗਾਂ ਨੇ ਦਿਨ-ਰਾਤ ਇੱਕ ਕਰਕੇ ਅਤੇ ਆਪਣੀਆਂ ਨਿੱਜੀ ਖੁਸ਼ੀਆਂ ਦੇ ਗਲ ਘੁੱਟਕੇ ਬੱਚਿਆਂ ਨੂੰ ਬਹੁਤ ਜ਼ਿਆਦਾ ਖ਼ਰਚ ਕਰਕੇ ਉੱਨਤ ਸਰਮਾਏਦਾਰ ਦੇਸ਼ਾਂ ਵਿੱਚ ਭੇਜਿਆ ਹੁੰਦਾ ਹੈ, ਉਹ ਉਨ੍ਹਾਂ ਦੀ ਰਿਟਾਇਰਮੈਂਟ ਉਮਰ ਵਿੱਚ ਆਪਣੇ ਬੱਚੇ ਪਾਲਣ ਅਤੇ ਹੋਰ ਲੋਕਾਂ ਕੋਲ ਕੰਮ ਕਰਨ ਲਈ ਮਜਬੂਰ ਕਰ ਦਿੰਦੇ ਹਨ। ਪੰਜਾਬੀ ਪਰਵਾਸੀਆਂ ਵਿੱਚੋਂ ਕੁਝ ਲੋਕ ਅਤੇ ਇਨ੍ਹਾਂ ਦੇ ਜ਼ਿਆਦਾਤਰ ਬੱਚੇ ਆਪਣੀ ਮਾਂ-ਬੋਲੀ ਨੂੰ ਵਿਸਾਰਦੇ ਜਾ ਰਹੇ ਹਨ ਜੋ ਬਹੁਤ ਜ਼ਿਆਦਾ ਘਾਤਕ ਸਾਬਤ ਹੋ ਰਿਹਾ ਹੈ। ਇਨ੍ਹਾਂ ਪਰਵਾਸੀਆਂ ਵਿੱਚੋਂ ਕੁਝ ਲੋਕ ਪੰਜਾਬ ਵਾਂਗ ਹੀ ਸਮਾਜਿਕ ਕੁਰੀਤੀਆਂ ਦਾ ਸ਼ਿਕਾਰ ਹਨ। ਪਾਖੰਡੀ ਬਾਬਿਆਂ ਵੱਲੋਂ ਅਖ਼ਬਾਰਾਂ ਜਾਂ ਟੀਵੀ ਚੈਨਲਾਂ ਉੱਪਰ ਪੰਜਾਬ ਨਾਲੋਂ ਕਿਤੇ ਵੱਧ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ।
ਕੌਮਾਂਤਰੀ ਪੰਜਾਬੀ ਪਰਵਾਸੀ ਪੰਜਾਬ ਦੇ ਰਾਜਸੀ ਆਗੂਆਂ ਨਾਲ ਆਪਣਾ ਮੇਲ-ਜੋਲ ਵਧਾਉਣ ਅਤੇ ਆਪਣੀਆਂ ਰਾਜਸੀ ਇੱਛਾਵਾਂ ਦੀ ਪੂਰਤੀ ਲਈ ਆਪਣੀ ਕਮਾਈ ਦਾ ਕੁਝ ਹਿੱਸਾ ਲਾ ਕੇ ਪੰਜਾਬ ਵਿੱਚ ਗੇੜੇ ਲਾਉਂਦੇ ਦੇਖੇ ਜਾ ਸਕਦੇ ਹਨ। ਇਹ ਨਜ਼ਾਰਾ ਚੋਣਾਂ ਮੌਕੇ ਅਕਸਰ ਹੀ ਦੇਖਿਆ ਜਾਂਦਾ ਹੈ। ਸਮਾਜ ਵਿੱਚ ਆਪਣੇ ਆਪ ਨੂੰ ਵੱਡਾ ਦਿਖਾਉਣ ਲਈ ਇਹ ਪਰਵਾਸੀ ਆਪਣੇ ਬਜ਼ੁਰਗਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਭੋਗ ਅਤੇ ਹੋਰ ਰੀਤੀ-ਰਿਵਾਜਾਂ ਉੱਪਰ ਬੇਲੋੜਾ ਖ਼ਰਚ ਕਰਦੇ ਤੇ ਭੈਣ-ਭਰਾਵਾਂ ਨੂੰ ਬਰਾਬਰ ਦਾ ਖ਼ਰਚਾ ਕਰਨ ਦੀਆਂ ਨਸੀਹਤਾਂ ਦਿੰਦੇ ਹਨ। ਇਨ੍ਹਾਂ ਪਰਵਾਸੀਆਂ ਵਿੱਚੋਂ ਕੁਝ ਆਪਣੇ ਪਿੱਛੇ ਰਹਿ ਗਈਆਂ ਭੈਣਾਂ-ਭਾਈਆਂ ਦੀ ਜਾਇਦਾਦ ਉੱਪਰ ਕਾਨੂੰਨੀ ਅਤੇ ਸਮਾਜਿਕ ਤਰੀਕਿਆਂ ਨਾਲ ਕਾਬਜ ਵੀ ਹੋ ਜਾਂਦੇ ਹਨ।
ਕੌਮਾਂਤਰੀ ਪਰਵਾਸ ਨਾ ਤਾਂ ਰੋਕਿਆ ਜਾ ਸਕਦਾ ਹੈ ਅਤੇ ਨਾ ਹੀ ਰੋਕਿਆ ਜਾਣਾ ਬਣਦਾ ਹੈ, ਪਰ ਇਸ ਨੂੰ ਨਿਯੰਤਰਣ ਕਰਨ ਦੀ ਸਖ਼ਤ ਲੋੜ ਹੈ। ਪੰਜਾਬ ਵਿੱਚੋਂ ਕੌਮਾਂਤਰੀ ਪਰਵਾਸ ਦੇ ਸੰਬੰਧ ਵਿੱਚ ਕੁਝ ਗੱਲਾਂ ਖ਼ਾਸ ਧਿਆਨ ਮੰਗਦੀਆਂ ਹਨ। ਜਿਹੜੇ ਹੁਨਰਮੰਦ ਜਾਂ ਪੇਸ਼ਾਵਰ ਲੋਕਾਂ ਅਤੇ ਵਿਦਿਆਰਥੀਆਂ ਦਾ ਪੰਜਾਬ ਤੋਂ ਬਾਹਰਲੇ ਦੇਸ਼ਾਂ ਵਿੱਚ ਪਰਵਾਸ ਹੋ ਰਿਹਾ ਹੈ, ਉਹ ਦੇਸ਼ ਤੋਂ ਬਾਹਰ ਜਾਣ ਤੋਂ ਪਹਿਲਾਂ ਪੜ੍ਹਾਈ ਜਾਂ ਸਿਖਲਾਈ ਉੱਪਰ ਸਮਾਜ ਅਤੇ ਸਰਕਾਰ ਵਲੋਂ ਕੀਤਾ ਗਿਆ ਖ਼ਰਚ ਵਾਪਸ ਕਰਨ। ਜੇਕਰ ਉਹ ਉੱਚ-ਵਿਦਿਆ ਲੈਣ ਲਈ ਜਾਂਦੇ ਹਨ ਤਾਂ ਉਨ੍ਹਾਂ ਤੋਂ ਹਲਫ਼ਨਾਮਾ ਲਿਆ ਜਾਵੇ ਕਿ ਦੇਸ਼ ਨਾ ਮੁੜਨ ਦੀ ਹਾਲਤ ਵਿੱਚ ਉਨ੍ਹਾਂ ਦੇ ਮਾਪੇ ਉਹ ਖ਼ਰਚ ਵਾਪਸ ਕਰਨ ਲਈ ਪਾਬੰਦ ਹੋਣਗੇ।
ਭਾਰਤ ਤੇ ਸੂਬਾ ਸਰਕਾਰਾਂ ਨੂੰ ਸਰਮਾਏਦਾਰ/ਕਾਰਪੋਰੇਟ ਜਗਤ-ਪੱਖੀ ਆਰਥਿਕ ਵਿਕਾਸ ਮਾਡਲ ਦਾ ਮੋਹ ਤਿਆਗਦੇ ਹੋਏ ਲੋਕ ਅਤੇ ਦੇਸ਼-ਪੱਖੀ ਆਰਥਿਕ ਵਿਕਾਸ ਮਾਡਲ ਅਪਣਾਉਣਾ ਬਣਦਾ ਹੈ ਤਾਂ ਕਿ ਦੇਸ਼ ਵਿੱਚ ਹੀ ਲੋਕਾਂ ਦੀਆਂ ਲੋੜਾਂ ਅਨੁਸਾਰ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ। ਰੁਜ਼ਗਾਰ ਦੇ ਮਿਆਰ ਨੂੰ ਵੀ ਇੰਨਾ ਉੱਚਾ ਚੁੱਕਿਆ ਜਾਵੇ ਕਿ ਸਾਰੇ ਨਾਗਰਿਕ ਆਪਣੀ ਆਮਦਨ ਨਾਲ ਆਪਣੀਆਂ ਮੁਢਲੀਆਂ ਲੋੜਾਂ ਸਤਿਕਾਰਤ ਢੰਗ ਨਾਲ ਪੂਰੀਆਂ ਕਰ ਸਕਣ। ਜਿਹੜੇ ਸੱਜਣ ਪਰਵਾਸ ਕਰਕੇ ਪੱਕੇ ਤੌਰ ਉੱਤੇ ਬਾਹਰਲੇ ਦੇਸ਼ਾਂ ਵਿੱਚ ਵਸ ਜਾਂਦੇ ਹਨ, ਉਨ੍ਹਾਂ ਨੂੰ ਆਪਣੀ ਮਾਤ- ਭੂਮੀ ਨੂੰ ਭੁੱਲਣਾ ਜਾਂ ਦੁਰਕਾਰਨਾ ਨਹੀਂ ਬਣਦਾ। ਜਿਹੜੇ ਲੋਕ ਆਪਣੇ ਪਿੱਛੇ ਨੂੰ ਭੁੱਲ ਜਾਂਦੇ ਹਨ, ਉਨ੍ਹਾਂ ਦਾ ਭਵਿੱਖ ਵੀ ਨਹੀਂ ਹੁੰਦਾ। ਇਸ ਸੰਬੰਧ ਵਿੱਚ ਯਹੂਦੀਆਂ ਤੋਂ ਸਬਕ ਸਿੱਖਣ ਦੀ ਸਖ਼ਤ ਲੋੜ ਹੈ।
* ਸਾਬਕਾ ਪ੍ਰੋਫ਼ੈਸਰ, ਅਰਥ-ਵਿਗਿਆਨ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।