ਸ਼ਹੀਦੀ ਹਫ਼ਤੇ ਦੌਰਾਨ ਬੀਤੇ ਦਿਨਾਂ ‘ਚ ਆਪਾਂ ਬਹੁਤ ਸਾਰਾ ਇਤਿਹਾਸ ਸਾਂਝਾ ਕਰ ਚੁੱਕੇ ਹਾਂ। ਕੋਸ਼ਿਸ਼ ਹੈ ਕਿ ਇਸ ਸਮੇਂ ਦੌਰਾਨ ਹਾਅ ਦਾ ਨਾਅਰਾ ਮਾਰਨ ਵਾਲੇ ਸਾਰੇ ਲੋਕ ਯਾਦ ਕੀਤੇ ਜਾਣ। ਅਜਿਹੀ ਹੀ ਇਕ ਹੋਰ ਸ਼ਖ਼ਸੀਅਤ ਬਾਰੇ ਜਾਣਕਾਰੀ ਹਾਜ਼ਰ ਹੈ-ਸੰਪਾਦਕ

0
41

artcile-f-shamsher-singh-for-jasjit-singh
ਸਾਕਾ ਸਰਹਿੰਦ ਦਾ ਅਣਗੌਲਿਆ ਕਿਰਦਾਰ ਬੇਗਮ ਜ਼ੈਨਬੁਨਿਮਾ

ਸ਼ਮਸ਼ੇਰ ਸਿੰਘ ਡੂਮੇਵਾਲ

ਸਾਕਾ ਸਰਹਿੰਦ ਦੀ ਦਿਲ ਕੰਬਾਊ ਦਾਸਤਾਨ ਤਮਾਮ ਮਨੁੱਖਤਾ ਦੇ ਜ਼ਿਹਨ ‘ਚ ਅਸਹਿ ਪੀੜ ਬਣੀ ਬੈਠੀ ਹੈ। ਰਹਿੰਦੀ ਦੁਨੀਆ ਤੱਕ ਰਿਸਦੇ ਰਹਿਣ ਵਾਲੇ ਇਸ ਨਾਸੂਰ ਦਾ ਨਿਰੀਖਣ ਕਰਨ ਮੌਕੇ ਇਤਿਹਾਸ ਦੀ ਪਾਰਖੂ ਅੱਖ ਨੇ ਇਸ ਕੌਮੀ ਫੱਟ ‘ਤੇ ਟਕੋਰਾਂ ਕਰਨ ਅਤੇ ਨਮਕ ਛਿੜਕਣ ਵਾਲੇ ਵੱਖ-ਵੱਖ ਕਿਰਦਾਰਾਂ ਨੂੰ ਨਾਇਕ ਤੇ ਖਲਨਾਇਕ ਦੇ ਰੂਪ ‘ਚ ਤੱਕਿਆ ਹੈ।
ਨੇਕੀ ਅਤੇ ਬਦੀ ਦੇ ਕਿੱਸੇ ‘ਚ ਸ਼ਾਮਿਲ ਨਾਇਕਾਂ ਤੇ ਖਲਨਾਇਕਾਂ ਤੋਂ ਬਾਅਦ ਉਸ ਕਿਰਦਾਰ ਵੱਲ ਝਾਤੀ ਮਾਰਨ ਦੀ ਵੀ ਜ਼ਰੂਰਤ ਹੈ ਜੋ ਸਾਕਾ ਸਰਹੰਦ ਦੀ ਤਾਰੀਖ਼ੀ ਕੈਨਵਸ ‘ਤੇ ਭਾਵੇਂ ਬਹੁਤ ਘੱਟ ਨਜ਼ਰ ਆਉਂਦਾ ਹੈ ਪਰ ਇਹ ਉਹ ਕਿਰਦਾਰ ਹੈ ਜਿਸ ਨੇ ਜਾਨ ਦੀ ਆਹੂਤੀ ਦੇ ਕੇ ਬੁਝਦੀ ਜ਼ਮੀਰ-ਪ੍ਰਸਤੀ ਨੂੰ ਜਗਦਾ ਰੱਖਿਆ ਅਤੇ ਕਮਲ ਵਾਂਗ ਚਿੱਕੜ ‘ਚ ਖੜ੍ਹੇ ਹੋ ਕੇ ਵੀ ਮਹਿਕ ਵੰਡੀ।

ਇਤਿਹਾਸ ਦੇ ਪੰਨਿਆ ‘ਤੇ ਵੱਡੀ  ਕੁਰਬਾਨੀ ਕਰਨ ਦੇ ਬਾਵਜੂਦ ਇਹ ਕਿਰਦਾਰ ਬਣਦਾ ਮੁਕਾਮ ਨਹੀਂ ਲੈ ਸਕਿਆ। ਇਹ ਕਿਰਦਾਰ ਹੈ ਸੂਬਾ ਸਰਹਿੰਦ ਵਜ਼ੀਦ ਖ਼ਾਨ ਦੀ ਬੇਗਮ ਜ਼ੈਨਬੁਨਿਮਾ ਉਰਫ਼ ਬੇਗਮ ਜ਼ੈਨਾ।
ਭਾਵੇਂ ਜ਼ੈਨਾ ਬਾਰੇ ਇਤਿਹਾਸਕ ਲਿਖਤਾਂ ਅੰਦਰ ਕੋਈ ਹਵਾਲਾ ਨਹੀਂ ਮਿਲਦਾ ਪਰ ਪੰਥ ਪ੍ਰਵਾਨਿਤ ਵਿਦਵਾਨ ਭਾਈ ਵੀਰ ਸਿੰਘ ਨੇ ਰਚਨਾਵਲੀ ਕਲਗੀਧਰ ਚਮਤਕਾਰ ‘ਚ ਸੂਬਾ ਸਰਹਿੰਦ ਦੀ ਅਜ਼ੀਜ਼ ਬੇਗਮ ਜ਼ੈਨਬੁਨਿਮਾ, ਉਰਫ਼ ਜ਼ੈਨਾ ਦੀ ਕੁਰਬਾਨੀ ਅਤੇ ਸਿਦਕ ਨੂੰ ਬਾਖ਼ੂਬੀ ਢੰਗ ਨਾਲ ਬਿਆਨਿਆ ਹੈ।
ਬਾਈਧਾਰ ਦੇ ਬਿਲਾਸਪੁਰ ਖੇਤਰ ਦੀ ਜੰਮਪਲ ਜ਼ੈਨਾ ਦਾ ਮੂਲ ਹਿੰਦੂ ਰਾਜਪੂਤ ਘਰਾਣੇ ਨਾਲ ਸਬੰਧਤ ਸੀ ਤੇ ਉਸ ਦਾ ਨਾਂ ਸੀ ਭਾਗੋ। ਛੋਟੀ ਉਮਰ ਦੀ ਭਾਗੋ ਨੂੰ ਆਨੰਦਪੁਰ ਸਾਹਿਬ ਜਾਣ ਦਾ ਇਤਫ਼ਾਕ ਉਦੋਂ ਜੁੜਿਆ ਜਦੋਂ ਉਸ ਦੀ ਮਾਂ ਸੁਭਾਗੋ ਗੁਰੂ ਦਰਬਾਰ ‘ਚ ਆਪਣੇ ਪਤੀ ਸਮੇਤ ਸੇਵਾ ਨਿਭਾਉਂਦੀ ਇੱਕ ਅੰਮ੍ਰਿਤਧਾਰੀ ਬੀਬੀ ਨੂੰ ਮਿਲਣ ਗਈ। ਇਸੇ ਦੌਰਾਨ ਭਾਗੋ ਨੇ ਉਸ ਬੀਬੀ ਨੂੰ ਗੁਰੂ ਕੇ ਸਾਹਿਬਜ਼ਾਦਿਆਂ ਦੀ ਦੇਖਭਾਲ ਕਰਦਿਆਂ ਨੇੜਿਓਂ ਤੱਕਿਆ। ਭਾਗੋ ਦੇ ਜ਼ਿਹਨ ‘ਚ ਗੁਰੂ ਲਾਲਾਂ ਦੇ ਜਾਹੋ-ਜਲਾਲ ਦੀਆਂ ਤਸਵੀਰਾਂ ਇਸ ਕਦਰ ਲੱਗ ਗਈਆਂ ਜਿਨ੍ਹਾਂ ਨੂੰ ਉਹ ਜ਼ਿੰਦਗੀ ਦੇ ਅੰਤਿਮ ਪਲਾਂ ਤੱਕ ਵੀ ਨਾ ਵਿਸਾਰ ਸਕੀ।

ਸਮੇਂ ਨੇ ਕਰਵਟ ਲਈ ਕਿ ਭਾਗੋ ਦਾ ਵਿਆਹ ਸਰਹਿੰਦ ਖਿੱਤੇ ਦੇ ਇੱਕ ਪਿੰਡ ‘ਚ ਤੈਅ ਕੀਤਾ ਗਿਆ ਪਰ ਉਸ ਦਾ ਡੋਲ਼ਾ ਸਹੁਰੇ ਘਰ ਪਹੁੰਚਣ ਤੋਂ ਪਹਿਲਾਂ ਹੀ ਸੂਬਾ ਸਰਹਿੰਦ ਨੇ ਲੁੱਟ ਲਿਆ। ਕਿਹਾ ਜਾਂਦਾ ਹੈ ਕਿ ਸੂਬੇ ਨੂੰ ਰੂਪਵਤੀ ਭਾਗੋ ਦੇ ਸ਼ਬਾਬ ਬਾਰੇ ਪਹਿਲਾਂ ਹੀ ਇਲਮ ਸੀ। ਸੂਬੇ ਦੇ ਮਹਿਲੀਂ ਪੁੱਜੀ ਭਾਗੋ ਦਾ ਦਿਲ ਜਿੱਤਣ ਲਈ ਸੂਬੇ ਨੇ ਐਸ਼ੋ ਇਸ਼ਰਤ ਦੇ ਨਜ਼ਾਰਿਆਂ ਨਾਲ਼ ਭਾਗੋ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਪਰ ਮੰਦੇ ਭਾਗਾਂ ਦੀ ਸ਼ਿਕਾਰ ਹੋਈ ਅਭਾਗਣ ਭਾਗੋ ਦਸੌਂਟੇ ਕੱਟ ਕੇ ਵੀ ਆਪਣੇ ਈਮਾਨ ਦੀ ਸਲਾਮਤੀ ਲਈ ਯਤਨਸ਼ੀਲ ਸੀ।
ਆਖ਼ਰ ਬਾਦਸ਼ਾਹੀ ਧੌਂਸ ਅੱਗੇ ਔਰਤ ਜਾਤ ਦੀ ਮਜਬੂਰੀ ਨੇ ਹਥਿਆਰ ਸੁੱਟ ਦਿੱਤੇ। ਨਿਕਾਹ ਤੋਂ ਬਾਅਦ ਉਸ ਦਾ ਨਾਂ ਜ਼ੈਨਬੁਨਿਮਾ ਰੱਖਿਆ ਗਿਆ ਤੇ ਵਜ਼ੀਦ ਖਾਂ ਉਸ ਨੂੰ ਬੇਗਮ ਜ਼ੈਨਾ ਦੇ ਨਾਂ ਨਾਲ ਪੁਕਾਰਦਾ ਰਿਹਾ। ਇਹ ਵੀ ਦੱਸਿਆ ਜਾਂਦਾ ਹੈ ਕਿ ਜ਼ੈਨਾ ਦੀ ਕੁੱਖੋਂ ਵਜ਼ੀਦ ਖ਼ਾਨ ਦੇ ਦੋ ਫ਼ਰਜ਼ੰਦ ਵੀ ਜਨਮੇ।
ਲੋਕਾਈ ਦੀ ਦਿਲ-ਕੰਬਾਊ ਤੇ ਬੇਨਜ਼ੀਰ ਸ਼ਹਾਦਤ ਨੇ ਸਰਹਿੰਦ ਦੀ ਧਰਤੀ ‘ਤੇ ਆ ਅਲਖ ਜਗਾਈ। ਕਾਜ਼ੀ ਦੇ ਫ਼ਤਵੇ ‘ਤੇ ਕਚਿਹਰੀਆਂ ‘ਚ ਘੜਿਆ ਮਨਸੂਬਾ ਜ਼ੈਨਾ ਦੇ ਕੰਨੀ ਪਿਆ ਤਾਂ ਆਨੰਦਪੁਰੀ ਦੀ ਧਰਤੀ ‘ਤੇ ਤੱਕੀ ਚੰਨ ਅਤੇ ਸੂਰਜ ਵਰਗੇ ਲਾਲਾਂ ਦੀ ਜੋੜੀ ਉਸ ਨੂੰ ਅੱਖਾਂ ਸਾਹਮਣੇ ਅੱਖਾਂ ਮੀਟਦੀ ਪ੍ਰਤੀਤ ਹੋਈ। ਵਕਤ ਨੇ ਭਾਵੇਂ ਭਾਗੋ ਨੂੰ ਸਾਦੇ ਲਿਬਾਸ ਚੋਂ ਕੱਢ ਕੇ ਸ਼ਾਹੀ ਮਹੱਲ ਦੇ ਬਸਤਰਾਂ ‘ਚ ਜ਼ੈਨਾ ਬਣਾ ਕੇ ਲਿਆ ਬੰਨ੍ਹਿਆ ਸੀ ਪਰ ਲਹੂ ‘ਚ ਰਚਿਆ ਆਨੰਦਪੁਰੀ ਦਾ ਜ਼ਮੀਰ-ਪ੍ਰਸਤ ਪ੍ਰਭਾਵ ਜ਼ੈਨਾ ਦੀ ਜ਼ਬਾਨੀ ਬੋਲ ਰਿਹਾ ਸੀ।
ਉਸ ਨੇ ਈਮਾਨੋ ਦੁਹਾਈ ਦੇ ਕੇ ਵਜ਼ੀਦੇ ਨੂੰ ਰੋ-ਰੋ ਕੇ ਸਮਝਾਇਆ ਪਰ ਹੰਕਾਰਿਆ ਵਜ਼ੀਦਾ ਆਪਣੀ ਕਬਰ ਹੱਥੀਂ ਪੁੱਟਦਾ ਰਿਹਾ। ਅੱਧ-ਖਿੜੇ ਫੁੱਲ ਨੀਹਾਂ ‘ਚ ਖ਼ਾਮੋਸ਼ ਹੋ ਗਏ, ਧਰਤੀ ਕਲੇਜਿਉਂ ਫਟ ਗਈ। ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਨੂੰ ਖ਼ਬਰ ਮਿਲੀ ਤਾਂ ਉਸ ਦੀ ਆਤਮਾ ਵੀ ਪਰਵਾਜ਼ ਭਰ ਗਈ। ਮਨੁੱਖਤਾ ਧਾਹੀਂ ਰੋਈ ਤੇ ਅੰਬਰ ਨੇ ਲਹੂ ਦੇ ਅੱਥਰੂ ਕੇਰੇ।
ਇਸ ਸਮੁੱਚੇ ਸਿਲਸਿਲੇ ਦਾ ਦੁਖਾਂਤ ਕੰਨੀ ਸੁਣ ਕੇ ਜ਼ੈਨਾ ਦੀਆਂ ਅੱਖਾਂ ਬਰਸ ਪਈਆਂ। ਤੇਜ਼ ਸੰਗੀਨ ਕਟਾਰੀ ਆਪਣੇ ਸੀਨੇ ਮਾਰ ਕੇ ਜ਼ੈਨਾ ਨੇ ਆਪਣੇ ਲਹੂ ਨਾਲ ਆਪਣੇ ਸੰਕਲਪ ਦੀਆਂ ਸੁੱਕਦੀਆਂ ਜੜ੍ਹਾਂ ਮੁੜ ਹਰੀਆਂ ਕਰ ਦਿੱਤੀਆਂ। ਨਿਰਜਿੰਦ ਲੋਥ ਸੂਬੇ ਦੇ ਮਹਿਲੀਂ ਛੱਡ ਕੇ ਜ਼ੈਨਾ ਦੀ ਆਤਮਾ ਵੀ ਨਿੱਕੀਆਂ ਜਿੰਦਾਂ ਦੇ ਮਗਰ ਹੋ ਤੁਰੀ।
ਪਰ ਅੱਜ ਸਮਾਂ ਜਵਾਬ ਮੰਗਦਾ ਹੈ ਕਿ ਕੀ ਵਜ਼ੀਦੇ ਦੇ ਅਨਿਆਂ ਤੋਂ ਬਾਅਦ ਅਸੀਂ ਜ਼ੈਨਾ ਨਾਲ ਨਿਆਂ ਕੀਤਾ ਹੈ? ਸਾਕਾ ਸਰਹਿੰਦ ਦੇ ਮੁੱਖ ਖਲਨਾਇਕ ਦੀ ਬੇਗਮ ਦੀ ਹੈਸੀਅਤ ‘ਚ ਗੁਰੂ ਲਾਲਾਂ ਲਈ ਜਾਨ ਵਾਰਨ ਵਾਲੀ ਬੇਗਮ ਜ਼ੈਨਾ ਦੀ ਤਸਵੀਰ ਤਵਾਰੀਖ਼ ‘ਤੇ ਧੁੰਦਲੀ ਕਿਉਂ?