ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਕੈਪਟਨ ਦਾ ਟੀਰ ਨਜ਼ਰੀਆ

0
101

amarindersingh-1496681128
ਰਜਿੰਦਰ ਸਿੰਘ ਪੁਰੇਵਾਲ
ਹੁਣੇ ਜਿਹੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਬਾਰੇ ਭਗਵੇਂਵਾਦੀਆਂ ਵਾਲਾ ਟੀਰ ਨਜ਼ਰੀਆ ਅਪਨਾ ਲਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪਿੱਛੇ ਆਈਐਸਆਈ ਦਾ ਹੱਥ ਹੈ। ਜਦੋਂ ਭਾਰਤ ਦੇ ਕਿਸੇ ਵੀ ਸਟੇਟ ਜਾਂ ਕੇਂਦਰ ਨੇ ਲੋਕਾਂ ਨੂੰ ਇਨਸਾਫ਼ ਨਹੀਂ ਦੇਣਾ ਹੁੰਦਾ ਜਾਂ ਕਿਸੇ ਜੁਰਮ ਨੂੰ ਲੁਕਾਉਣ ਦੀ ਕੋਸ਼ਿਸ ਕੀਤੀ ਜਾਂਦੀ ਹੈ ਤਾਂ ਉਹ ਸਿੱਧਾ ਜੁਮਲਾ ਵਰਤਦੇ ਹਨ ਕਿ ਇਸ ਪਿੱਛੇ ਆਈਐਸਆਈ ਦਾ ਹੱਥ ਹੈ। ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕਰਦੇ ਰਹੇ ਹਨ, ਪਰ ਹੁਣ ਉਹਨਾਂ ਉੱਤੇ ਭਗਵੇਂਵਾਦ ਦਾ ਭੂਤ ਸਵਾਰ ਹੋ ਗਿਆ ਹੈ ਤੇ ਉਹਨਾਂ ਦਾ ਕੋਈ ਵੀ ਬਿਆਨ ਪੰਜਾਬ ਪੱਖੀ ਹੋਣ ਦੀ ਥਾਂ ਭਗਵੇਂਵਾਦ ਵਿਚ ਭੁਗਤਦਾ ਦਿਖਾਈ ਦੇ ਰਿਹਾ ਹੈ ਤੇ ਉਹਨਾਂ ਦੀ ਬੋਲੀ ਇਕ ਚੰਗੇ ਸਿਆਸਤਦਾਨ ਵਾਲੀ ਸਖਸ਼ੀਅਤ ਹੋਣ ਦੀ ਥਾਂ ਗੈਂਗਸਟਰ ਨਾਲ ਜਾ ਮਿਲਦੀ ਹੈ, ਜਿਵੇਂ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਪਾਗਲ, ਗੱਦਾਰ ਤੇ ਆਈਐਸਆਈ ਦਾ ਏਜੰਟ ਤੱਕ ਕਹਿ ਛੱਡਦੇ ਹਨ। ਦੂਸਰੇ ਪਾਸੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉੱਪਰ ਜਿੰਨੇ ਮਰਜ਼ੀ ਦੋਸ਼ ਲਗਾ ਲਈਏ, ਪਰ ਉਹਨਾਂ ਦੇ ਹੱਕ ਵਿਚ ਇਕ ਗਲ  ਜਾਂਦੀ ਹੈ ਕਿ ਉਹਨਾਂ ਦੇ ਵਿਚਾਰਾਂ ਵਿਚ ਸਹਿਜ ਬਹੁਤ ਹੁੰਦਾ ਹੈ ਤੇ ਉਹ ਕਿਸੇ ਉੱਪਰ ਫਾਲਤੂ ਟਿੱਪਣੀ ਨਹੀਂ ਕਰਦੇ। ਉਹਨਾਂ ਦਾ ਬਿਆਨ ਬੜਾ ਸੋਚਿਆ ਸਮਝਿਆ ਤੇ ਦਲੀਲ ਵਾਲਾ ਹੁੰਦਾ ਹੈ, ਇਸੇ ਕਰਕੇ ਭਾਰਤੀ ਸਿਆਸਤਦਾਨ ਉਹਨਾਂ ਦਾ ਸਨਮਾਨ ਵੀ ਕਰਦੇ ਹਨ। ਹਾਲਾਂਕਿ ਸੁਖਬੀਰ ਸਿੰਘ ਬਾਦਲ ਦੀ ਬੋਲੀ ਕੈਪਟਨ ਵਾਂਗ ਹੀ ਕੁਰੱਖਤ ਹੈ। ਇਸ ਨਾਲ ਕੋਈ ਚੰਗਾ ਸੁਨੇਹਾ ਨਹੀਂ ਜਾਂਦਾ। ਜਿਥੋਂ ਤੱਕ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਸੁਆਲ ਹੈ, ਕੈਪਟਨ ਅਮਰਿੰਦਰ ਸਿੰਘ ਇਸ ਸੰਬੰਧ ਵਿਚ ਬਹਾਨੇ ਬਣਾ ਰਹੇ ਹਨ ਤੇ ਇਸ ਨੂੰ ਐਸਆਈਟੀ ਨੂੰ ਜਾਂਚ ਸੌਂਪਣ ਦੀ ਗੱਲ ਕਹਿ ਕੇ ਮਾਮਲਾ ਲਟਕਾ ਦਿੱਤਾ ਹੈ। ਇਹ ਹੁਣ ਮਾਮਲਾ ਰੁਲ ਜਾਏਗਾ, ਕਿਉਂਕਿ ਇਹ ਮਾਮਲਾ ਪਹਿਲਾਂ ਹੀ ਸੀਬੀਆਈ ਨੂੰ ਦਿੱਤਾ ਜਾ ਚੁੱਕਾ ਹੈ। ਸੀਬੀਆਈ ਤੋਂ ਮਾਮਲਾ ਲੈਣ ਲਈ ਯਤਨ ਕਰਨਾ ਕੋਈ ਸੌਖੀ ਗਲ ਨਹੀਂ। ਇਹ ਸੱਚ ਹੈ ਕਿ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲੇਗਾ।
ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਲਈ ਚੁਣੌਤੀਆਂ ਵਧਦੀਆਂ ਜਾ ਰਹੀਆਂ ਹਨ ਤੇ ਉਹਨਾਂ ਨੂੰ ਆਪਣੀ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਪੰਜਾਬ ਦੀ ਸਿਆਸਤ ਵਿਚ ਬੁਰੀ ਤਰ੍ਹਾਂ ਕਮਜ਼ੋਰ ਪੈ ਚੁੱਕੇ ਹਨ। ਕਈ ਨੇਤਾਵਾਂ ਨੇ ਤਾਂ ਅਸਤੀਫੇ ਵੀ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਾਂਭੇ ਹੋਣ ਦਾ ਮਸ਼ਵਰਾ ਦੇਣ ਤੋਂ ਬਾਅਦ ਅਕਾਲੀ ਦਲ ਦੇ ਹੋਰਨਾਂ ਆਗੂਆਂ ਨੇ ਵੀ ਦੱਬਵੀਂ ਸੁਰ ਵਿੱਚ ਢੀਂਡਸਾ ਦੇ ਤਰਕ ਦਾ ਸਮਰਥਨ ਕੀਤਾ ਹੈ। ਬੀਤੇ ਦਿਨੀਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਗਿਆਨੀ ਗੁਰਬਚਨ ਸਿੰਘ ਨੂੰ ਅਸਤੀਫਾ ਦੇ ਦੇਣ ਨੂੰ ਕਿਹਾ ਸੀ ਤੇ ਉਨ੍ਹਾਂ ਉਤੇ  ਸੌਦਾ ਸਾਧ ਨੂੰ ਮੁਆਫੀ ਦੇਣ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਦੱਸਿਆ। ਢੀਂਡਸਾ ਨੇ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਗੁਰਬਚਨ ਸਿੰਘ ਨੂੰ ਅਹੁਦੇ ਤੋਂ ਹਟਾ ਦੇਣ ਦੀ ਗੱਲ ਵੀ ਕਹੀ। ਇਹ ਪਹਿਲੀ ਵਾਰ ਹੈ ਕਿ ਕਿਸੇ ਸੀਨੀਅਰ ਅਕਾਲੀ ਨੇਤਾ ਨੇ ਜਥੇਦਾਰ ਦੇ ਫੈਸਲਿਆਂ ਖਿਲਾਫ ਖੁੱਲ੍ਹੇਆਮ ਗੱਲ ਕੀਤੀ, ਜਥੇਦਾਰ ਗੁਰਬਚਨ ਸਿੰਘ ਨੇ ਹੀ ਡੇਰਾ ਮੁਖੀ ਰਾਮ ਰਹੀਮ ਨੂੰ ਮਾਫੀ ਦਿੱਤੀ ਸੀ, ਜਿਸ ਨੂੰ ਸਤੰਬਰ 2015 ਵਿੱਚ ਸਿੱਖ ਸੰਸਥਾਵਾਂ ਦੇ ਵਿਰੋਧ ਦਾ ਸਾਹਮਣਾ ਕਰਨ ਤੋਂ ਬਾਅਦ ਰੱਦ ਕਰ ਦਿੱਤਾ ਗਿਆ। ਹੁਣ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਉਨ੍ਹਾਂ ਦੀ ਭੂਮਿਕਾ ‘ਤੇ ਫਿਰ ਤੋਂ ਸਵਾਲ ਖੜ੍ਹੇ ਹੋ ਰਹੇ ਹਨ। ਗਿਆਨੀ ਗੁਰਬਚਨ ਸਿੰਘ ਆਪਣਾ ਪੱਖ ਪੇਸ਼ ਕਰਨ ਲਈ ਅਜੇ ਤੱਕ ਅੱਗੇ ਨਹੀਂ ਆਏ। ਇਸ ਸਮੇਂ ਉਹ ਕੈਨੇਡਾ ਗਏ ਹੋਏ ਹਨ। ਜਥੇਦਾਰ ਦੇ ਸਹਾਇਕ ਸੈਕਰੇਟਰੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਉਹ ਵਿਦੇਸ਼ ਵਿਚ ਹਨ। ਜਥੇਦਾਰ ਦੇ ਨਿੱਜੀ ਸਹਾਇਕ, ਸਤਿੰਦਰ ਪਾਲ ਸਿੰਘ ਨੇ ਕਿਹਾ ਕਿ ਉਹ 10 ਸਤੰਬਰ ਨੂੰ ਵਾਪਸ ਆ ਜਾਣਗੇ। ਕੈਨੇਡਾ ਦੇ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਨੇ ਫੇਸਬੁਕ ‘ਤੇ 31 ਅਗਸਤ ਨੂੰ ਲਿਖਿਆ ਸੀ ਕਿ ਜਥੇਦਾਰ ਅਬੂਟਸਫੋਰਡ, ਕੈਨੇਡਾ ਵਿੱਚ ਹਨ ਅਤੇ ਉਹ ਮਾਝੇ ਇਲਾਕੇ ਨਾਲ ਸੰਬੰਧ ਰੱਖਦੇ ਇੱਕ ਅਕਾਲੀ ਆਗੂ ਦੇ ਰਿਸ਼ਤੇਦਾਰਾਂ ਨਾਲ ਰਹਿ ਰਹੇ ਹਨ। ਪਰ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਉਤਪੰਨ ਹੋਈਆਂ ਨਵੀਆਂ ਪੰਥਕ ਪ੍ਰਸਿਥਤੀਆਂ ਕਾਰਨ ਬਾਹਰ ਨਹੀਂ ਨਿਕਲ ਰਹੇ। ਇਸ ਦਾ ਕਾਰਨ ਇਹ ਵੀ ਹੈ ਕਿ ਮਨਜੀਤ ਸਿੰਘ ਜੀਕੇ ਨਾਲ ਵੀ ਯੂਐਸਏ ਵਿਚ ਕੁਟਮਾਰ ਹੋ ਚੁੱਕੀ ਹੈ। ਭਾਵੇਂ ਬਹੁਤੇ ਸਿੱਖ ਇਸੇ ਹਿੰਸਾ ਨਾਲ ਸਹਿਮਤ ਨਹੀਂ ਹਨ, ਪਰ ਸਿੱਖ ਜਗਤ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਬਾਦਲ ਦਲ ਖਿਲਾਫ਼ ਕਾਫੀ ਰੋਸਾ ਪੈਦਾ ਹੋ ਚੁੱਕਾ ਹੈ।
ਇਸ ਦੌਰਾਨ ਗਿਆਨੀ ਗੁਰਮੁਖ ਸਿੰਘ ਜਿਨ੍ਹਾਂ ਨੂੰ 3 ਅਗਸਤ ਨੂੰ ਅਕਾਲ ਤਖ਼ਤ ਦੇ ਮੁੱਖ ਗ੍ਰੰਥੀ ਦੇ ਤੌਰ ਤੇ ਮੁੜ ਬਹਾਲ ਕੀਤਾ ਗਿਆ ਸੀ, ਨੇ ਵੀ ਆਪਣੇ ਆਪ ਨੂੰ ਇਸ ਮੁੱਦੇ ਉੱਤੇ ਅਲਗ ਕਰ ਲਿਆ। ਉਸ ਸਮੇਂ ਤਖ਼ਤ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੋਣ ਦੇ ਨਾਤੇ ਉਹ ਉਨ੍ਹਾਂ ਪੰਜ ਸਿੱਖ ਸਾਹਿਬਾਨਾਂ ਵਿਚੋਂ ਸਨ, ਜਿਨ੍ਹਾਂ ਨੇ 2015 ਵਿੱਚ ਡੇਰਾ ਪ੍ਰਮੁੱਖ ਨੂੰ ਮੁਆਫ ਕਰ ਦਿੱਤਾ ਸੀ। ਬਾਅਦ ਵਿਚ ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਡੇਰਾ ਮੁਖੀ ਨੂੰ ਮਾਫੀ ਦੇਣ ਲਈ ਦਬਾਅ ਪਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਾਰਜਕਾਰੀ ਜਥੇਦਾਰ ਅਤੇ ਮੁਖੀ ਗ੍ਰੰਥੀ ਦੇ ਰੂਪ ਵਿਚ ਹਟਾ ਦਿੱਤਾ ਗਿਆ ਸੀ। ਅਕਾਲੀ ਦਲ ਦੇ ਅੱਧੀ ਦਰਜਨ ਨੇਤਾਵਾਂ ਨਾਲ ਗੱਲਬਾਤ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਹਨ ਕਿ ਪਾਰਟੀ ਅੰਦਰ ਦੂਜੀ ਕਤਾਰ ਦੀ ਲੀਡਰਸ਼ਿਪ ਮਹਿਸੂਸ ਕਰਦੀ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਤਖ਼ਤਾਂ ਦੀ ਵੱਕਾਰ ਬਹਾਲੀ ਸਮੇਂ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਵਿਧਾਨ ਸਭਾ ਅੰਦਰ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਜਿਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਬੰਧੀ ਖੁਲਾਸੇ ਕੀਤੇ ਹਨ ਉਸ ਨੇ ਬਾਦਲ ਦਲ ਲਈ ਚੁਣੌਤੀ ਖੜੀ ਕਰ ਦਿੱਤੀ ਹੈ। ਇਸ ਲਈ ਜਥੇਦਾਰ ਨੂੰ ਬਦਲਿਆ ਜਾਣਾ ਚਾਹੀਦਾ ਹੈ। ਇਸ ਜਥੇਦਾਰ ਕਾਰਨ ਅਕਾਲੀ ਦਲ ਦੀ ਪੰਥ ਵਿਚ ਬਦਨਾਮੀ ਹੋਈ ਹੈ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਧਾਰਮਿਕ ਖੇਤਰ ਵਿੱਚ ਕੋਈ ਵੱਡਾ ਪ੍ਰਭਾਵ ਨਹੀਂ ਛੱਡ ਸਕੇ। ਭਾਵੇਂ ਹਾਲੇ ਵੀ ਸੁਖਬੀਰ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਉੱਪਰ ਕੰਟਰੋਲ ਹੈ, ਪਰ ਜੇਕਰ ਉਹਨਾਂ ਦਾ ਵਿਰੋਧ ਵੱਡੇ ਪੱਧਰ ‘ਤੇ ਸੀਨੀਅਰ ਅਕਾਲੀ ਲੀਡਰਸ਼ਿਪ ਵਲੋਂ ਹੋਣਾ ਸ਼ੁਰੂ ਹੋ ਗਿਆ ਤਾਂ ਸੁਖਬੀਰ ਲਈ ਵੱਡੀ ਰਾਜਨੀਤਕ ਮੁਸੀਬਤ ਖੜੀ ਹੋ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਅਕਸ ਠੀਕ ਕਰਨਾ ਪਵੇਗਾ ਤੇ ਇਸ ਦੀ ਹੋਂਦ ਡੇਰਾਵਾਦੀ ਤੇ ਭਗਵੇਂਵਾਦੀ ਤੋਂ ਬਦਲ ਕੇ ਫਿਰ ਪੰਥਕ ਕਲਚਰ ਵਿਚ ਲਿਆਉਣੀ ਪਵੇਗੀ। ਸਿੱਖ ਜਗਤ ਦੇ ਮਨ ਵਿਚ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਤੇ ਸਤਿਕਾਰ ਮੌਜੂਦ ਹੈ। ਪਰ ਸੁਖਬੀਰ ਸਿੰਘ ਬਾਦਲ ਨੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਅਕਸ ਬਣਾਇਆ ਹੈ, ਉਸ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਹੋਂਦ ਸਥਿਰ ਨਹੀਂ ਰਹਿ ਸਕਦੀ। ਇਹ ਗੱਲ ਹੁਣ ਵੱਡੇ ਬਾਦਲ ਤੇ ਸੀਨੀਅਰ ਅਕਾਲੀ ਲੀਡਰਸ਼ਿਪ ਨੂੰ ਸੋਚਣੀ ਪਵੇਗੀ ਕਿ ਉਹਨਾਂ ਨੇ ਪੰਥਕ ਸਿਆਸਤ ਕਰਨੀ ਹੈ ਜਾਂ ਭਗਵੇਂਵਾਦ ਨਾਲ ਜੁੜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨਾ ਹੈ। ਪਰ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਰਹੇ ਹਨ, ਉਹ ਪੰਜਾਬ ਅਤੇ ਸਿੱਖ ਪੰਥ ਦੇ ਭਵਿੱਖ ਲਈ ਉਚਿਤ ਨਹੀਂ ਹਨ, ਕਿਉਂਕਿ ਸਿੱਖ ਪੰਥ ਦੀ ਲੀਡਰਸ਼ਿਪ ਕਮਜ਼ੋਰ ਪੈ ਗਈ ਹੈ। ਜੇਕਰ ਰਾਜਨੀਤਕ ਲੀਡਰਸ਼ਿਪ ਨਾ ਹੋਵੇ ਤਾਂ ਕੌਮ ਦੀ ਰਾਖੀ ਕਰਨੀ ਔਖੀ ਹੋ ਜਾਵੇਗੀ। ਇਸ ਲਈ ਮੈਂ ਸਮਝਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਸੁਧਾਰ ਕਰਨ ਦੀ ਜ਼ਰੂਰਤ ਹੈ। ਜੇਕਰ ਸੁਖਬੀਰ ਸਿੰਘ ਬਾਦਲ ਕਿਸੇ ਵੀ ਤਰ੍ਹਾਂ ਦੀ ਅੜੀ ਕਰਦੇ ਹਨ ਤਾਂ ਸੀਨੀਅਰ ਅਕਾਲੀ ਲੀਡਰਸ਼ਿਪ ਨੂੰ ਜਮਹੂਰੀ ਢੰਗ ਅਪਨਾ ਕੇ ਆਪਣੀ ਨਵੀਂ ਲੀਡਰਸ਼ਿਪ ਬੁਲੰਦ ਕਰਨੀ ਚਾਹੀਦੀ ਹੈ।