ਗ਼ਰੀਬੀ, ਬੇਰੁਜ਼ਗਾਰੀ ਨਾਲ ਯੁੱਧ ਦਾ ਐਲਾਨ, ਮੋਰਚੇ ‘ਤੇ ਕਦੋਂ ਤੈਨਾਤ ਹੋਣਗੇ ਐਂਕਰ!!

0
944

ਮੋਦੀ ਨੂੰ ਯੁੱਧ ਹਮਾਇਤੀਆਂ ਦੀਆਂ ਭਾਵਨਾਵਾਂ ਅਤੇ ਸ਼ਾਂਤੀ ਹਮਾਇਤੀਆਂ ਵਿਚਾਲੇ ਸੰਤੁਲਨ ਵੀ ਕਰਨਾ ਚਾਹੀਦਾ ਸੀ। ਭਾਸ਼ਣ ਦੇਣਾ ਉਨ੍ਹਾਂ ਲਈ ਖੱਬੇ ਹੱਥ ਦੀ ਖੇਡ ਹੈ, ਪਰ ਸਮੁੰਦਰੀ ਤੱਟ ਕਿਨਾਰੇ ਢਲਦੇ ਸੂਰਜ ਦੌਰਾਨ ਸੰਤੁਲਨ ਬਣਾਉਣ ਦਾ ਅਜਿਹਾ ਸੰਘਰਸ਼ ਸ਼ਾਇਦ ਹੀ ਉਨ੍ਹਾਂ ਨੂੰ ਕਦੇ ਕਰਨਾ ਪਿਆ ਹੋਵੇਗਾ। ਉਨ੍ਹਾਂ ਦੇ ਚਿਹਰੇ ਤੋਂ ਲੱਗ ਰਿਹਾ ਸੀ ਕਿ ਉਹ ਬੋਲਣਾ ਤਾਂ ਚਾਹੁੰਦੇ ਸਨ ਭਾਜਪਾ ਨੇਤਾ ਵਾਂਗ, ਪਰ ਬੋਲਣਾ ਪੈ ਰਿਹਾ ਹੈ ਪ੍ਰਧਾਨ ਮੰਤਰੀ ਵਾਂਗ।

ਰਵੀਸ਼ ਕੁਮਾਰ
ਕੀ ਯੁੱਧ ਹਮਾਇਤੀ ਐਂਕਰ ਅਤੇ ਚੈਨਲ ਗ਼ਰੀਬੀ, ਕੁਪੋਸ਼ਣ, ਬੇਰੁਜ਼ਗਾਰੀ ਅਤੇ ਜੱਚਾ-ਬੱਚਾ ਮੌਤ ਦਰ ਦੇ ਅੰਕੜੇ ਕੱਢ ਕੇ ਪ੍ਰਾਈਮ ਟਾਈਮ ਵਿਚ ਬਹਿਸ ਕਰਨਗੇ? ਜੇਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਨ੍ਹਾਂ ਗੱਲਾਂ ‘ਤੇ ਯੁੱਧ ਕਰਨਾ ਹੋਵੇਗਾ ਤਾਂ ਇਨ੍ਹਾਂ ਐਂਕਰਾਂ ਨੂੰ ਕੁਪੋਸ਼ਣ ਤੇ ਗ਼ਰੀਬੀ ‘ਤੇ ਬਹਿਸ ਕਰਨ ਲਈ ਉਨ੍ਹਾਂ ਲੋਕਾਂ ਨੂੰ ਹੀ ਸੱਦਣਾ ਹੋਵੇਗਾ, ਜਿਨ੍ਹਾਂ ਨੂੰ ਉਹ ਦਿਨ ਰਾਤ ਬਦਦੁਆਵਾਂ ਦਿੰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਐਨ.ਜੀ.ਓ. ਟਾਈਪ ਦੱਸ ਕੇ ਪਾਕਿਸਤਾਨ ਦੇ ਪ੍ਰੇਮੀ ਦੱਸਦੇ ਹਨ। ਮੈਂ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਖ਼ੁਸ਼ ਵੀ ਹਾਂ, ਇਹ ਸੋਚ ਕੇ ਹਾਸਾ ਵੀ ਆ ਰਿਹਾ ਹੈ ਕਿ ਪਾਕਿਸਤਾਨ ਨਾਲੋਂ ਹਰ ਤਰ੍ਹਾਂ ਦੇ ਸਬੰਧ ਤੋੜ ਲੈਣ ਵਾਲੇ ਗਿਆਨੀ ਕੀ ਸੋਚ ਰਹੇ ਹੋਣਗੇ। ਜਿਨ੍ਹਾਂ ਐਂਕਰਾਂ ਨੇ ਜ਼ਮਾਨੇ ਤੋਂ ਗ਼ਰੀਬੀ ਅਤੇ ਬੇਰੁਜ਼ਗਾਰੀ ਵਰਗੇ ਬੁਨਿਆਦੀ ਮਸਲਿਆਂ ਨੂੰ ਛੱਡ ਦਿੱਤਾ ਸੀ, ਕੀ ਉਹ ਸੇਵਾਮੁਕਤ ਹੋ ਚੁੱਕੇ ਕੁਝ ਜਰਨੈਲਾਂ ਨੂੰ ਹਟਾ ਕੇ ਬੰਬ ਦੀ ਥਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਕਾਸ ਯੁੱਧ ਦੀ ਗੱਲ ਕਰਨਗੇ? ਪ੍ਰਧਾਨ ਮੰਤਰੀ ਨੇ ਸਿਰਫ਼ ਭਾਰਤ ਦੇ ਵਿਕਾਸ ਦੀ ਗੱਲ ਨਹੀਂ ਕੀਤੀ ਹੈ। ਉਸ ਪਾਕਿਸਤਾਨ ਦੇ ਵਿਕਾਸ ਦੀ ਵੀ ਗੱਲ ਕੀਤੀ ਹੈ, ਜਿਸ ਨੂੰ ਮਿੱਟੀ ਵਿਚ ਮਿਲਾ ਦੇਣ ਦੇ ਘੰਟਿਆਂਬੱਧੀ ਪ੍ਰੋਗਰਾਮ ਚਲਾ ਕੇ ਦਰਸ਼ਕਾਂ ਨੂੰ ਠੱਗਿਆ ਗਿਆ ਹੈ।
ਕੇਰਲ ਵਿਚ ਜਦੋਂ ਪ੍ਰਧਾਨ ਮੰਤਰੀ ਨੇ ਅੱਤਵਾਦ ‘ਤੇ ਆਪਣੀਆਂ ਪੁਰਾਣੀਆਂ ਗੱਲਾਂ ਦੁਹਰਾਉਣੀਆਂ ਸ਼ੁਰੂ ਕੀਤੀਆਂ ਤਾਂ ਮੰਚ ‘ਤੇ ਉਨ੍ਹਾਂ ਦੇ ਸਹਿਯੋਗੀਆਂ ਵਿਚ ਵੀ ਉਦਾਸੀਨਤਾ ਝਲਕ ਰਹੀ ਸੀ। ਲੱਗ ਰਿਹਾ ਸੀ ਕਿ ਕਦੋਂ ਭਾਸ਼ਣ ਖ਼ਤਮ ਹੋਵੇ ਤੇ ਅਸੀਂ ਜਾਈਏ। ਪ੍ਰਧਾਨ ਮੰਤਰੀ ਵੀ ਸੋਸ਼ਲ ਮੀਡੀਆ ਅਤੇ ਮੀਡੀਆ ਦੇ ਵੱਡੇ ਹਿੱਸੇ ਰਾਹੀਂ ਪੈਦਾ ਕੀਤੇ ਗਏ ਮਸਨੂਈ ਢੰਗ ਨਾਲ ਕਥਿਤ ਰਾਸ਼ਟਰੀ ਭਾਵਨਾ ਖ਼ਿਲਾਫ਼ ਜਾ ਕੇ ਬੋਲਦੇ ਹੋਏ ਸੰਘਰਸ਼ ਕਰ ਰਹੇ ਸਨ। ਉਨ੍ਹਾਂ ਨੂੰ ਯੁੱਧ ਹਮਾਇਤੀਆਂ ਦੀਆਂ ਭਾਵਨਾਵਾਂ ਅਤੇ ਸ਼ਾਂਤੀ ਹਮਾਇਤੀਆਂ ਵਿਚਾਲੇ ਸੰਤੁਲਨ ਵੀ ਕਰਨਾ ਚਾਹੀਦਾ ਸੀ। ਭਾਸ਼ਣ ਦੇਣਾ ਉਨ੍ਹਾਂ ਲਈ ਖੱਬੇ ਹੱਥ ਦੀ ਖੇਡ ਹੈ, ਪਰ ਸਮੁੰਦਰੀ ਤੱਟ ਕਿਨਾਰੇ ਢਲਦੇ ਸੂਰਜ ਦੌਰਾਨ ਸੰਤੁਲਨ ਬਣਾਉਣ ਦਾ ਅਜਿਹਾ ਸੰਘਰਸ਼ ਸ਼ਾਇਦ ਹੀ ਉਨ੍ਹਾਂ ਨੂੰ ਕਦੇ ਕਰਨਾ ਪਿਆ ਹੋਵੇਗਾ। ਉਨ੍ਹਾਂ ਦੇ ਚਿਹਰੇ ਤੋਂ ਲੱਗ ਰਿਹਾ ਸੀ ਕਿ ਉਹ ਬੋਲਣਾ ਤਾਂ ਚਾਹੁੰਦੇ ਸਨ ਭਾਜਪਾ ਨੇਤਾ ਵਾਂਗ, ਪਰ ਬੋਲਣਾ ਪੈ ਰਿਹਾ ਹੈ ਪ੍ਰਧਾਨ ਮੰਤਰੀ ਵਾਂਗ। ਉਹ ਪ੍ਰਾਈਮ ਟਾਈਮ ਦੇ ਯੁੱਧ ਹਮਾਇਤੀ ਐਂਕਰਾਂ ਅਤੇ ਸ਼ੋਸ਼ਲ ਮੀਡੀਆ ਦੇ ਪ੍ਰਧਾਨ ਮੰਤਰੀ ਨਹੀਂ ਹਨ। ਫਿਰ ਵੀ ਭਾਸ਼ਣ ਤੋਂ ਪਹਿਲਾਂ ਚੈਨਲਾਂ ‘ਤੇ ਖ਼ੂਬ ਮਾਹੌਲ ਬਣਾਇਆ ਗਿਆ। ਉੜੀ ਹਮਲੇ ਮਗਰੋਂ ਪਹਿਲੀ ਵਾਰ ਬੋਲਣਗੇ ਪ੍ਰਧਾਨ ਮੰਤਰੀ, ਕੀ ਸਖ਼ਤ ਸੰਦੇਸ਼ ਦੇਣਗੇ ਪ੍ਰਧਾਨ ਮੰਤਰੀ…?
ਪ੍ਰਧਾਨ ਮੰਤਰੀ ਨੇ ਜਿਵੇਂ ਹੀ ਯੁੱਧ ਦੀ ਚੁਣੌਤੀ ਸਵੀਕਾਰ ਕਰਨ ਵਾਲੀ ਗੱਲ ਕਹੀ, ਕੈਮਰਾ ਉਨ੍ਹਾਂ ਦੇ ਮੰਤਰੀ ਜਤਿੰਦਰ ਸਿੰਘ ‘ਤੇ ਸੀ। ਉਹ ਖ਼ੁਸ਼ੀ ਨਾਲ ਉਛਲ ਪਏ। ਤਾੜੀ ਮਾਰਨ ਲੱਗੇ। ਆਮ ਵਰਕਰ ਵੀ ਕੁਰਸੀ ਛੱਡ ਕੇ ਤਾੜੀਆਂ ਮਾਰਨ ਲੱਗੇ। ਉਨ੍ਹਾਂ ਨੂੰ ਲੱਗਾ ਕਿ ਇਹ ਹੋਈ ਨਾ ਮੋਦੀ ਵਾਲੀ ਗੱਲ। ਇਹ ਹੋਈ ਸਾਰਿਆਂ ਦੇ ਮਨ ਕੀ ਬਾਤ। ਪਰ ਚੰਦ ਸਕਿੰਟਾਂ ਅੰਦਰ ਸਭ ਗ਼ਲਤ ਸਿੱਧ ਹੋ ਗਿਆ। ਪ੍ਰਧਾਨ ਮੰਤਰੀ ਨੇ ਮਨ ਦੀ ਬਾਤ ਨਹੀਂ ਕੀਤੀ। ਮੋਦੀ ਵਾਲੀ ਗੱਲ ਨਹੀਂ ਕੀਤੀ, ਪ੍ਰਧਾਨ ਮੰਤਰੀ ਵਾਲੀ ਗੱਲ ਕਰ ਦਿੱਤੀ। ਉਹ ਉਸ ਯੁੱਧ ਦੀ ਗੱਲ ਕਰਨ ਲੱਗੇ ਜਿਸ ਦੀ ਗੱਲ ਅੱਜ ਕੱਲ੍ਹ ਕੋਈ ਨਹੀਂ ਕਰਦਾ। ਵੈਸੇ ਉਹ ਗੱਲ ਵੀ ਪਹਿਲੀ ਵਾਰ ਨਹੀਂ ਕਰ ਰਹੇ ਸਨ। ਕਈ ਵਾਰ ਕਰ ਚੁੱਕੇ ਹਨ। ਤੁਸੀਂ ਗੂਗਲ ਕਰ ਸਕਦੇ ਹੋ।
ਤੁਹਾਨੂੰ ਟੀ.ਵੀ. ਦੇ ਬਕਸੇ ਵਿਚ ਗ਼ਰੀਬੀ ਅਤੇ ਕੁਪੋਸ਼ਣ ਨੂੰ ਲੈ ਕੇ ਭਾਰਤ-ਪਾਕਿਸਤਾਨ ਵਿਚਾਲੇ ਹੋੜ ਦੀ ਕਲਪਨਾ ਕਰਨ ਵਾਲੇ ਕਿੱਥੇ ਦਿਖਾਈ ਦਿੰਦੇ ਹਨ। ਫਿਰ ਵੀ ਇਹ ਚੈਨਲ ਆਪਣੀ ਆਦਤ ਤੋਂ ਬਾਜ਼ ਨਹੀਂ ਆਉਣਗੇ। ਇਹ ਹੁਣ ਵੀ ਗ਼ਰੀਬੀ ਤੇ ਕੁਪੋਸ਼ਣ ‘ਤੇ ਬਹਿਸ ਨਹੀਂ ਕਰਨਗੇ। ਪ੍ਰਧਾਨ ਮੰਤਰੀ ਦਾ ਗੁਣਗਾਣ ਕਰਨਾ ਹੈ ਤਾਂ ਉਹ ਉਨ੍ਹਾਂ ਦੇ ਭਾਸ਼ਣ ਤੋਂ ਉਨ੍ਹਾਂ ਸ਼ਬਦਾਂ ਨੂੰ ਚੁਣ ਲੈਣਗੇ ਕਿ ਦੇਖੋ ਧਮਕਾ ਦਿੱਤਾ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਨੂੰ। ਇਹ ਹੁੰਦੀ ਹੈ ਲਲਕਾਰ। ਸਖ਼ਤ ਸ਼ਬਦਾਂ ਵਿਚ ਹੋ ਗਈ ਨਿੰਦਾ, ਜਿਸ ਦਾ ਸੀ ਦੇਸ਼ ਨੂੰ ਇੰਤਜ਼ਾਰ। ਇਸ ਟਾਈਪ ਦੇ ਸੁਪਰ ਚੈਨਲਾਂ ‘ਤੇ ਫਲੈਸ਼ ਕਰਨ ਲੱਗਣਗੇ।
ਪਾਕਿਸਤਾਨ ਦੀ ਜਨਤਾ ਨਾਲ ਗੱਲ ਕਰਕੇ ਪ੍ਰਧਾਨ ਮੰਤਰੀ ਨੇ ਇਕ ਵਾਰ ਫਿਰ ਉਨ੍ਹਾਂ ਲੋਕਾਂ ਦੀ ਬਣਾਈ ਉਸ ਪਰੰਪਰਾ ਦਾ ਸਨਮਾਨ ਕੀਤਾ ਹੈ ਜੋ ਤਮਾਮ ਯੁੱਧ ਹਮਾਇਤੀ ਲੋਕਾਂ ਦੀਆਂ ਗਾਲ੍ਹਾਂ ਸੁਣਦੇ ਹੋਏ ਭਾਰਤ-ਪਾਕਿ ਸਰਹੱਦ ‘ਤੇ ਵਿਵੇਕ ਦੀਆਂ ਮੋਮਬੱਤੀਆਂ ਜਲਾਉਂਦੇ ਹਨ। ਪਿਛਲੇ ਕਈ ਦਿਨਾਂ ਤੋਂ ਵੱਟਸਐਪ, ਐਪ, ਟਵਿਟਰ ਅਤੇ ਟੀ.ਵੀ. ‘ਤੇ ਅਜਿਹੇ ਲੋਕਾਂ ਨੂੰ ਗਾਲ੍ਹ ਦਿੱਤੀ ਜਾ ਰਹੀ ਸੀ, ਉਨ੍ਹਾਂ ਨੂੰ ਪਾਕਿਸਤਾਨ ਦਾ ਦਲਾਲ ਦੱਸਿਆ ਜਾ ਰਿਹਾ ਸੀ। ਅਜਿਹੇ ਸਮੇਂ ਮੈਂ ਪਾਕਿਸਤਾਨ ਦੀ ਜਨਤਾ ਨਾਲ ਸੰਵਾਦ ਕਰਨ ਦੀ ਗੱਲ ਦਾ ਕਾਇਲ ਹੋ ਗਿਆ। ਜਦੋਂ ਕਾਇਲ ਹੋ ਰਿਹਾ ਸੀ ਤਾਂ ਮੈਂ ਪ੍ਰਧਾਨ ਮੰਤਰੀ ਲਈ ਨਹੀਂ, ਕੁਲਦੀਪ ਨਈਅਰ ਵਰਗੇ ਦੀਵਾਨਿਆਂ ਲਈ ਤਾੜੀ ਵਜਾ ਰਿਹਾ ਸੀ। ਮੈਂ ਇਸ ਬਜ਼ੁਰਗ ਪੱਤਰਕਾਰ ਦੇ ਸਨਮਾਨ ਵਿਚ ਖੜ੍ਹਾ ਹੋਣਾ ਚਾਹੁੰਦਾ ਹਾਂ ਜੋ ਆਪਣੇ ਲੜਖੜਾਉਂਦੇ ਕਦਮਾਂ ਨਾਲ ਅੱਜ ਵੀ ਆਪਣੀ ਰਾਹ ਚੱਲਦਾ ਹੈ।
ਉੜੀ ਦੀ ਘਟਨਾ ਮਗਰੋਂ ਜਦੋਂ ਯੁੱਦ ਦਾ ਐਲਾਨ ਨਹੀਂ ਹੋਇਆ, ਦੇਸ਼ ਵਿਚ ਗੁੱਸਾ ਨਹੀਂ ਫੈਲਿਆ, ਤਾਂ ਚੈਨਲਾਂ ਨੇ ਦੂਸਰੀ ਬਹਿਸ ਫੜ ਲਈ ਕਿ ਭਾਰਤ ਆਏ ਪਾਕਿਸਤਾਨੀ ਕਲਾਕਾਰਾਂ ਨੂੰ ਭਜਾ ਦੇਣਾ ਚਾਹੀਦਾ ਹੈ। ਕਈ ਪੜ੍ਹੇ-ਲਿਖੇ ਮੂਰਖ਼ ਟਵੀਟ ਕਰਨ ਲੱਗੇ। ਹੁਣ ਅਜਿਹੇ ਲੋਕ ਕੀ ਕਰਨਗੇ। ਉਨ੍ਹਾਂ ਦੇ ਸਤਿਕਾਰਤ ਨੇਤਾ ਤਾਂ ਪਾਕਿਸਤਾਨ ਦੀ ਜਨਤਾ ਨਾਲ ਗੱਲ ਕਰਨ ਲੱਗੇ ਹਨ। ਤੁਸੀਂ ਜਦੋਂ ਕਲਾਕਾਰਾਂ ਨੂੰ ਭਜਾ ਦੇਵੋਗੇ ਤਾਂ ਕਿਸ ਰਾਹੀਂ ਪਾਕਿਸਤਾਨ ਦੀ ਜਨਤਾ ਨਾਲ ਗੱਲ ਕਰੋਗੇ। ਇਹ ਕਲਾਕਾਰ ਵੀ ਪਾਕਿਸਤਾਨ ਦੀ ਜਨਤਾ ਦੇ ਹੀ ਹਿੱਸੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਦੀ ਜਨਤਾ ਨੂੰ ਆਪਣੀ ਲੜਾਈ ਦਾ ਸਾਥੀ ਬਣਾ ਲਿਆ ਹੈ। ਉਨ੍ਹਾਂ ਦੀ ਇਸ ਗੱਲ ਨਾਲ ਪਾਕਿਸਤਾਨੀ ਜਨਤਾ ਨੂੰ ਅੱਤਵਾਦੀ ਕਹਿਣ ਵਾਲਿਆਂ ਨੂੰ ਵੀ ਸੋਚਣਾ ਪਏਗਾ। ਪ੍ਰਧਾਨ ਮੰਤਰੀ ਨੇ ਬਹੁਤ ਸਫਾਈ ਨਾਲ ਪਾਕਿਸਤਾਨ ਦੇ ਹੁਕਮਰਾਨ ਅਤੇ ਫ਼ੌਜ ਮੁਖੀ ਨੂੰ ਅੱਤਵਾਦ ਦਾ ਪ੍ਰੋਫੈਸਰ ਐਲਾਨ ਦਿੱਤਾ। ਉਨ੍ਹਾਂ ਨੂੰ ਉਨ੍ਹਾਂ ਦੀ ਜਨਤਾ ਦੀ ਨਜ਼ਰ ਵਿਚ ਅਲੱਗ-ਥਲੱਗ ਕਰ ਦਿੱਤਾ। ਉਨ੍ਹਾਂ ਨੇ ਪਾਕਿਸਤਾਨ ਦੀ ਜਨਤਾ ਵਿਚ ਆਪਣਾ ਵਿਸ਼ਵਾਸ ਜ਼ਾਹਰ ਕਰਦਿਆਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪਾਕਿਸਤਾਨੀ ਜਨਤਾ ਅੱਤਵਾਦ ਖ਼ਿਲਾਫ਼ ਸੜਕਾਂ ‘ਤੇ ਉਤਰੇਗੀ।
ਪ੍ਰਧਾਨ ਮੰਤਰੀ ਨੇ ਫ਼ੌਜ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਫ਼ੌਜ ਨੇ 17 ਵਾਰ ਘੁਸਪੈਠ ਦੇ ਯਤਨਾਂ ਨੂੰ ਅਸਫਲ ਕੀਤਾ ਹੈ। ਗਵਾਂਢੀ ਮੁਲਕ ਇਕ ਘਟਨਾ ਵਿਚ ਸਫਲ ਹੋਇਆ ਹੈ। ਜੇਕਰ ਇਨ੍ਹਾਂ 17 ਘਟਨਾਵਾਂ ਵਿਚ ਉਹ ਸਫਲ ਹੋ ਜਾਂਦੇ ਤਾਂ ਦੇਸ਼ ਨੂੰ ਕਿੰਨਾ ਤਬਾਹ ਕਰ ਦਿੰਦੇ, ਇਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਪ੍ਰਧਾਨ ਮੰਤਰੀ ਉੜੀ ਦੀ ਘਟਨਾ ਨੂੰ ਇਕ ਘਟਨਾ ਦੀ ਚੂਕ ਮੰਨਦੇ ਹਨ। ਕੀ ਜਾਣਕਾਰ ਉਨ੍ਹਾਂ ਦੀ ਇਸ ਗੱਲ ਨਾਲ ਸੰਤੁਸ਼ਟ ਹੋਣਗੇ? ਜਿਸ ਇਕ ਘਟਨਾ ਨੂੰ ਲੈ ਕੇ ਮੀਡੀਆ ਦਾ ਇਕ ਹਿੱਸਾ ਹਾਲੇ ਨਹੀਂ ਤਾਂ ਕਦੇ ਨਹੀਂ ਟਾਈਪ ਉਤੇਜਤ ਸੀ, ਉਹ ਕੀ ਇਸ ਨੂੰ ਸਵੀਕਾਰ ਕਰ ਲਏਗਾ? ਜੇਕਰ ਘੁਸਪੈਠ ਦੀਆਂ 17 ਘਟਨਾਵਾਂ ਵਿਚ ਦੇਸ਼ ਨੂੰ ਤਬਾਹ ਕਰਨ ਦੀ ਸਮਰਥਾ ਸੀ ਤਾਂ ਫਿਰ ਭਾਰਤ ਕਿਉਂ ਚੁੱਪ ਰਿਹਾ? ਫਿਰ ਉੜੀ ਵਿਚ ਚੂਕ ਕਿਵੇਂ ਹੋ ਗਈ? ਜਾਣਕਾਰਾਂ ਨੇ ਉਨ੍ਹਾਂ 17 ਘਟਨਾਵਾਂ ‘ਤੇ ਨਜ਼ਰ ਕਿਉਂ ਨਹੀਂ ਮਾਰੀ? ਕੀ ਐਂਕਰਾਂ ਨੂੰ ਇਹ ਸਭ ਨਹੀਂ ਦਿਖਿਆ?
ਫ਼ਿਲਹਾਲ ਯੁੱਧ ਹਮਾਇਤੀ ਭਾਵਨਾਵਾਂ ਆਰਾਮ ਫਰਮਾ ਸਕਦੀਆਂ ਹਨ। ਸ਼ੋਸ਼ਲ ਮੀਡੀਆ ਦੇ ਯੁੱਧਵੀਰਾਂ ਨੂੰ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਿਆਸਤ ਉਨ੍ਹਾਂ ਦੀ ਵਰਤੋਂ ਕਰਦੀ ਹੈ ਪਰ ਉਨ੍ਹਾਂ ਦੇ ਹਿਸਾਬ ਨਾਲ ਸਿਆਸਤ ਨਹੀਂ ਚਲਦੀ। ਇਸ ਲਈ ਵੱਟਸਐਪ ‘ਤੇ ਪ੍ਰਧਾਨ ਮੰਤਰੀ ਅਤੇ ਮੈਨੂੰ ਤੇ ਕੁਝ ਪੱਤਰਕਾਰਾਂ ਨੂੰ ਚੂੜੀਆਂ ਪਵਾ ਕੇ ਦਿਖਾਉਣ ਵਾਲੇ ਚੌਕਸ ਰਹਿਣ। ਬੁੱਧੀ ਦਾ ਇਸਤੇਮਾਲ ਕਰੋ। ਚੂੜੀਆਂ ਪਵਾਉਣ ਦਾ ਮਤਲਬ ਹੈ ਬੇਟੀ ਬਚਾਣਾ, ਬੇਟੀ ਪੜ੍ਹਾਨਾ। ਹਿੰਮਤ ਹਾਰਨਾ ਨਹੀਂ। ਮੈਂ ਅੱਜ ਯੁੱਧ ਹਮਾਇਤੀ ਭਾਵਨਾਵਾਂ ਦੀ ਹਾਰ ‘ਤੇ ਖ਼ੁਸ਼ ਹਾਂ। ਪ੍ਰਧਾਨ ਮੰਤਰੀ ਨੇ ਅੱਜ ਇਕ ਯੁੱਧ ਜਿੱਤ ਲਿਆ ਹੈ। ਕੇਰਲ ਤੋਂ ਉਨ੍ਹਾਂ ਨੇ ਇਹੀ ਦੱਸਿਆ ਹੈ ਕਿ ਉਹ ਸਹੁੰ ਚੁੱਕ ਸਮਾਰੋਹ ਵਿਚ ਨਵਾਜ਼ ਸ਼ਰੀਫ਼ ਨੂੰ ਸੱਦਣ, ਉਨ੍ਹਾਂ ਨੂੰ ਵਧਾਈ ਦੇਣ ਲਾਹੌਰ ਜਾਣ ਤੋਂ ਲੈ ਕੇ ਪਾਕਿਸਤਾਨ ਦੀ ਜਨਤਾ ਨੂੰ ਸੱਦਾ ਦੇਣ ਵਿਚ ਆਪਣੀ ਰਾਏ ‘ਤੇ ਕਾਇਮ ਹਨ। ਰਸਤਾ ਵਾਰਤਾ ਦਾ ਹੈ। ਇਸ ਵਾਰ ਪ੍ਰਧਾਨ ਮੰਤਰੀ ਨੇ ਇਕ ਨੇਤਾ ਦੀ ਬਜਾਏ ਕਰੋੜੋਂ ਪਾਕਿਸਤਾਨੀਆਂ ਨਾਲ ਗੱਲਬਾਤ ਦਾ ਐਲਾਨ ਕੀਤਾ ਹੈ। ਵਾਰਤਾ ਦੀ ਗੱਲ ਕਰਨ ਵਾਲਿਆਂ ਨੂੰ ਪ੍ਰਧਾਨ ਮੰਤਰੀ ਦਾ ਸਾਧੁਵਾਦ ਕਰਨਾ ਚਾਹੀਦਾ ਹੈ।
ਅੱਜ ਉਨ੍ਹਾਂ ਦੇ ਕੱਟੜ ਸਮਰਥਕ ਜ਼ਰੂਰ ਨਿਰਾਸ਼ ਹੋਣਗੇ। ਫੇਸਬੁੱਕ ਅਤੇ ਟਵਿੱਟਰ ‘ਤੇ ਆਪਣੇ ਸਟੇਟਸ ਨੂੰ ਉਹ ਹੌਲੀ ਜਿਹੀ ਡਲੀਟ ਕਰ ਸਕਦੇ ਹਨ। ਸਰਫ਼ ਦੀ ਖ਼ਰੀਦਦਾਰੀ ਵਿਚ ਹੀ ਸਮਝਦਾਰੀ ਹੈ! ਕੁਝ ਗੱਲਾਂ ਲਲਿਤਾ ਜੀ ਤੋਂ ਵੀ ਸਿੱਖੀਆਂ ਜਾ ਸਕਦੀਆਂ ਹਨ। ਜੋ ਲੋਕ ਇਕ ਦੰਦ ਬਦਲੇ ਜਬਾੜਾ ਕੱਢ ਰਹੇ ਸਨ, ਉਹ ਜਬਾੜੇ ਬਚਾ ਕੇ ਰੱਖਣ। ਪਾਕਿਸਤਾਨੀ ਆਵਾਮ ਨਾਲ ਗੱਲ ਕਰਨ ਲਈ ਬਹੁਤ ਸਾਰੇ ਜਬਾੜਿਆਂ ਦੀ ਲੋੜ ਹੋਵੇਗੀ। ਗੱਲ ਹੋਵੇਗੀ ਤਾਂ ਚਾਹ ਪਾਣੀ ਵੀ ਹੋਵੇਗਾ। ਬਿਰਿਆਨੀ ਤੋਂ ਲੈ ਕੇ ਪਰਾਂਠੇ ਖਾਣ-ਚਬਾਉਣ ਦਾ ਕੰਮ ਆਏਗਾ। ਲਾਹੌਰ ਵਿਚ ਪਨੀਰ ਦੇ ਪਰਾਂਠੇ ਵੀ ਮਿਲਦੇ ਹਨ। ਪਾਕਿਸਤਾਨ ਦੀ ਜਨਤਾ ਸਿਰਫ਼ ਬਿਰਿਆਨੀ ਨਹੀਂ ਖਾਂਦੀ ਹੈ। ਚਲਦੇ ਚਲਦੇ ਚੁਟਕੀ ਲੈਣ ਦੀ ਆਦਤ ਤੋਂ ਬਾਜ਼ ਨਹੀਂ ਆਉਣਾ ਚਾਹੁੰਦਾ। ਕੇਰਲ ਦੀ ਧਰਤੀ ਤੋਂ ਗ਼ਰੀਬੀ, ਕੁਪੋਸ਼ਣ ਤੇ ਬੇਰੁਜ਼ਗਾਰੀ ਨਾਲ ਲੜਨ ਦੀ ਗੱਲ ‘ਤੇ ਕਿਤੇ ਖੱਬੇ ਪੱਖੀਆਂ ਦਾ ਅਸਰ ਤਾਂ ਨਹੀਂ ਹੋ ਗਿਆ!!