ਸੰਪਟ ਬਨਾਮ ਛੰਤ

0
1038

ਕੀ ਇਕ ਛੰਤ ਦੇ ਚਾਰ ਪਦਿਆਂ ਨੂੰ ਵੱਖ-ਵੱਖ ਕਰਕੇ ਕੀਰਤਨ ਕਰਨਾ ਜਾਇਜ਼ ਹੈ? ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਦੇ ਸਮੇਂ, ਨਾਲ-ਨਾਲ ਕਿਸੇ ਹੋਰ ਬਾਣੀ ਦਾ ਪਾਠ ਕਰਨਾ ਜਾਂ ਹਰ ਸ਼ਬਦ ਪਿਛੋਂ ਬਾਣੀ ਦੀ ਕਿਸੇ ਖ਼ਾਸ ਪੰਗਤੀ ਦਾ ਉਚਾਰਨ ਕਰਨਾ (ਸੰਪਟ ਲਾਉਣਾ) ਮਨਮੱਤ ਹੈ ਤਾਂ ਕੀਰਤਨ ਸਮੇਂ, ਗੁਰੂ ਅਰਜਨ ਦੇਵ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕਰਵਾਈ ਗਈ ਆਸਾ ਕੀ ਵਾਰ ਦੀ ਤਰਤੀਬ ਨੂੰ ਭੰਗ ਕਰਕੇ ਛੰਤ ਅਤੇ ਹੋਰ ਸ਼ਬਦਾਂ ਦਾ ਕੀਰਤਨ ਕਰਨਾ, ਮਨਮੱਤ ਕਿਵੇਂ ਨਹੀਂ ਹੈ?

ਸਰਵਜੀਤ ਸਿੰਘ ਸੈਕਰਾਮੈਂਟੋ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗਠਿਤ ਧਰਮ ਪ੍ਰਚਾਰ ਕਮੇਟੀ ਵੱਲੋਂ ਛਪਵਾ ਕੇ ਮੁਫ਼ਤ ਵੰਡੀ ਜਾਂਦੀ ‘ਸਿੱਖ ਰਹਿਤ ਮਰਯਾਦਾ’ ਵਿਚ ਅਖੰਡ ਪਾਠ ਦੇ ਸਿਰਲੇਖ ਹੇਠ ਇਹ ਸਪਸ਼ਟ ਤੌਰ ‘ਤੇ ਦਰਜ ਹੈ, ”ਅਖੰਡ ਪਾਠ ਜਾਂ  ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਾਰੀਅਲ ਰੱਖਣਾ ਜਾਂ ਨਾਲ-ਨਾਲ ਜਾਂ ਵਿੱਚ-ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ”। ਇੱਥੇ ਨਾਲ-ਨਾਲ ਤੋਂ ਭਾਵ ਕਿ ਅਖੰਡ ਪਾਠ ਵੇਲੇ, ਜਪੁਜੀ ਸਾਹਿਬ ਜਾਂ ਕਿਸੇ ਹੋਰ ਬਾਣੀ ਦਾ ਪਾਠ ਕਰਨਾ ਅਤੇ ਵਿੱਚ-ਵਿੱਚ ਤੋਂ ਭਾਵ ਹੈ ਕਿ ਕਿਸੇ ਖ਼ਾਸ ਸ਼ਬਦ ਜਾਂ ਪੰਗਤੀਆਂ ਦਾ ਪਾਠ ਕਰਨਾ ਭਾਵ ਸੰਪਟ ਲਾਉਣਾ, ਮਨਮੱਤ ਹੈ। ਕਈ ਦਹਾਕੇ ਪਹਿਲਾਂ ਦੀ ਗੱਲ ਹੈ ਕਿ ਸਾਧਾਰਨ ਪਾਠ ਦੇ ਅਰੰਭ ਵੇਲੇ ਦੇਸੀ ਘਿਓ ਦੀ ਜੋਤ, ਕੁੰਭ (ਘੜਾ), ਕੁੰਭ ਉਤੇ ਲਾਲ ਕੱਪੜੇ ਵਿਚ ਲਪੇਟ ਕੇ ਨਾਰੀਅਲ, ਘੜੇ ਥੱਲੇ ਰੇਤਾ ਅਤੇ ਰੇਤੇ ਵਿਚ ਬੀਜੇ ਹੋਏ ਜੌਂ ਤਾਂ ਮੈਂ ਵੀ ਵੇਖੇ ਹਨ। ਅੱਜ ਕੱਲ੍ਹ ਖ਼ਾਸ ਕਰ ਵਿਦੇਸ਼ਾਂ ਵਿਚ, ਰੇਤ ਅਤੇ ਜੌਂ ਦਾ ਰਿਵਾਜ ਤਾਂ ਨਹੀਂ ਹੈ ਪਰ ਕੁੰਭ ਦੀ ਥਾਂ ਪਲਾਸਟਿਕ ਦੀ ਕੇਨੀ ਨੇ ਲੈ ਲਈ ਹੈ। ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ ਦੇ ਲਗਾਤਾਰ ਪਾਠ ਦੇ ਨਾਲ-ਨਾਲ ਕਿਸੇ ਮੌਕੇ, ਖ਼ਾਸ ਪੰਗਤੀਆਂ ਦੇ ਉਚਾਰਣ ਕਰਨ ਦੀ ਮਨਮੱਤ ਵੀ ਕਈ ਡੇਰੇਦਾਰਾਂ ਵੱਲੋਂ ਪ੍ਰਚੱਲਤ ਕੀਤੀ ਹੋਈ ਹੈ, ਜਿਸ ਨੂੰ ਸੰਪਟ ਪਾਠ ਕਹਿੰਦੇ ਹਨ। ਕਈ ਜਥੇਬੰਦੀਆਂ ਵੱਲੋਂ ਤਾਂ ਆਪਣੀਆਂ ਲਿਖਤਾਂ ਵਿਚ ਸੰਪਟ ਪਾਠ ਦੀ ਵੱਖਰੀ ਮਰਯਾਦਾ ਵੀ ਲਿਖੀ ਹੋਈ ਹੈ।
ਸੰਪਟ ਪਾਠ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਜਾਂ ਨਿਰੰਤਰ ਪਾਠ ਕਰਨ ਦੀ ਖ਼ਾਸ ਵਿਧੀ ਹੈ ਜਿਸ ਵਿਚ ਪਾਠ ਕਰਦੇ ਸਮੇਂ ਹਰੇਕ ਪੂਰਨ ਸ਼ਬਦ ਉਪਰੰਤ ਇਕ ਸ਼ਬਦ ਜਾਂ ਸਲੋਕ (ਜੋ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿਚੋਂ ਆਪਣੇ ਆਪ ਚੁਣਿਆ ਜਾਂ ਨਿਰਧਾਰਿਤ ਕੀਤਾ ਗਿਆ ਹੁੰਦਾ ਹੈ) ਸੰਪਟ ਪਾਠ ਦੇ ਪ੍ਰਾਰੰਭ ਤੋਂ ਸਮਾਪਤੀ ਤਕ ਉਚਾਰਿਆ ਜਾਂਦਾ ਹੈ। ਇਹ ਪਾਠ ਇਕ ਪਰਦੇ ਵਾਲੇ ਕਮਰੇ ਵਿਚ ਕੀਤਾ ਜਾਂਦਾ ਹੈ ਤਾਂ ਕਿ ਪਾਠੀ ਦੀ ਆਵਾਜ਼ ਕਮਰੇ ਦੇ ਬਾਹਰ ਤਾਂ ਸੁਣੀ ਜਾਂ ਸਕੇ ਪਰ ਪਾਠੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ, ਬਾਹਰ ਬੈਠੀ ਸੰਗਤ ਦੇ ਸਾਹਮਣੇ ਨਾ ਹੋਣ। ਹਿੰਦੂ ਪਰੰਪਰਾ ਅਨੁਸਾਰ ਜੇ ਕੋਈ ਮੰਤਰ ਕਿਸੇ ਰਹੱਸਵਾਦੀ ਸ਼ਬਦ ਜਾਂ ਮੰਤਰ ਦੇ ਆਦਿ ਤੇ ਅੰਤ ਵਿਚ ਹੋਵੇ ਤਾਂ ਉਸ ਨੂੰ ਸੰਪਟ ਮੰਤਰ ਕਿਹਾ ਜਾਂਦਾ ਹੈ। ਸੰਪਟ ਦਾ ਸ਼ਾਬਦਿਕ ਅਰਥ ਉਹ ਡੱਬਾ ਜਾਂ ਸੰਦੂਕ ਹੈ ਜਿਸ ਵਿਚ ਸ਼ਰਧਾ ਵਾਨ ਹਿੰਦੂ ਆਪਣੀਆਂ ਦੇਵ-ਮੂਰਤੀਆਂ ਜਾਂ ਠਾਕਰਾਂ ਨੂੰ ਰੱਖਦੇ ਹਨ। ਸੰਪਟ ਪਾਠ ਪੂਰਾ ਕਰਨ ਵਿਚ ਅਖੰਡ ਪਾਠ ਤੋਂ ਦੋ ਗੁਣਾਂ ਜਾਂ ਇਸ ਤੋਂ ਵੀ ਕੁੱਝ ਵੱਧ ਸਮਾਂ ਲੱਗਦਾ ਹੈ”। (ਸਿੱਖ ਧਰਮ ਵਿਸ਼ਵ-ਕੋਸ਼, ਪਬਲੀਕੇਸ਼ਨ ਬਿਊਰੋ)
ਜਿਵੇਂ ਪਬਲੀਕੇਸ਼ਨ ਬਿਉਰੋ ਵੱਲੋਂ ਛਾਪੇ ਗਏ ”ਸਿੱਖ ਧਰਮ ਵਿਸ਼ਵ-ਕੋਸ਼” ਵਿਚ ਦਰਜ ਪਰਿਭਾਸ਼ਾ ਤੋਂ ਹੀ ਸਪਸ਼ਟ ਹੈ ਕਿ ਪੁਜਾਰੀ ਸ਼ਰਧਾਲੂਆਂ ਦੀ ਮੰਗ ਜਾਂ ਲੋੜ ਮੁਤਾਬਕ ਕੁੱਝ ਖ਼ਾਸ ਪੰਗਤੀਆਂ ਦੀ ਚੋਣ ਕਰਕੇ, ਪਾਠ ਦੇ ਨਾਲ-ਨਾਲ ਹਰ ਸ਼ਬਦ ਤੋਂ ਪਿਛੋਂ, ਉਨ੍ਹਾਂ ਪੰਗਤੀਆਂ ਦਾ ਪਾਠ ਕਰਦੇ ਹਨ। ਫ਼ਰਜ਼ ਕਰੋ ਕਿਸੇ ਨੇ ਸਰੀਰਕ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਸੰਪਟ ਪਾਠ ਕਰਵਾਉਣਾ ਹੈ ਤਾਂ, ”ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ £ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ” ਪੰਗਤੀ ਦਾ ਸੰਪਟ ਵੀ ਲਾਇਆ ਜਾ ਸਕਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਬਾਣੀ ਲਿਖਣ ਦੀ ਜੋ ਤਰਤੀਬ ਗੁਰੂ ਸਾਹਿਬ ਜੀ ਨੇ ਵਰਤੀ ਸੀ, ਉਸ ਦੀ ਉਲੰਘਣਾ ਕਰਨ ਦਾ ਅਧਿਕਾਰ ਡੇਰੇਦਾਰ ਬਾਬਿਆਂ ਨੂੰ ਕਿਸ ਨੇ ਦਿੱਤਾ ਹੈ? ਇਹ ਨਿਰੋਲ ਮਨਮੱਤ ਹੈ। ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਅਖੌਤੀ ਬਾਬਿਆਂ ਦੇ ਪਿੱਛੇ ਲੱਗ ਕੇ ਮਨਮੱਤ ਕਰਨ ਦੀ ਬਿਜਾਏ, ਸਿੱਖ ਰਹਿਤ ਮਰਯਾਦਾ ਵਿਚ ਦਿੱਤੇ ਗਏ ਉਪਦੇਸ਼ ਮੁਤਾਬਕ ਆਪ ਸਾਧਾਰਨ ਪਾਠ ਕੀਤਾ ਜਾਵੇ। ਤਾਂ ਜੋ ਬਾਣੀ ਨੂੰ ਸਮਝ ਕੇ ਉਸ ਤੇ ਅਮਲ ਕੀਤਾ ਜਾ ਸਕੇ।
ਛੰਤ : ਇਹ ਸੰਸਕ੍ਰਿਤ ਦੇ ‘ਛੰਦਸ੍ਹ’ ਸ਼ਬਦ ਦਾ ਤਦਭਵ ਰੂਪ ਹੈ ਅਤੇ ਇਸ ਦਾ ਤਾਤਪਰ ਹੈ ਮਾਤ੍ਰਾ, ਵਰਣ, ਯਤੀ ਦੇ ਨਿਯਮਾਂ ਨਾਲ ਯੁਕਤ ਵਾਕ। ਲੋਕ-ਜੀਵਨ ਵਿਚ ਇਸ ਦੀ ਵਰਤੋਂ ਉਨ੍ਹਾਂ ਲੋਕ-ਗੀਤਾਂ ਲਈ ਹੁੰਦੀ ਹੈ ਜੋ ਵਿਆਹ ਦੇ ਮੌਕੇ ਉਤੇ ਲਾੜਾ ਆਪਣੀਆਂ ਸਾਲ਼ੀਆਂ ਨੂੰ ਸੁਣਾਉਂਦਾ ਹੈ। ਇਸ ਤੱਥ ਦੇ ਪ੍ਰਕਾਸ਼ ਵਿਚ ਅਤੇ ਗੁਰੂ ਗ੍ਰੰਥ ਸਾਹਿਬ ਵਿਚਲੀ ‘ਛੰਤ’ ਬਾਣੀ ਦੇ ਗੰਭੀਰ ਅਧਿਐਨ ਦੇ ਆਧਾਰ ‘ਤੇ ਇਹ ਕਿਹਾ ਜਾ ਸਕਦਾ ਹੈ ਕਿ ‘ਛੰਤ’ ਸਿਰਲੇਖ ਆਮ ਤੌਰ ‘ਤੇ ਉਨ੍ਹਾਂ ਮਾਂਗਲਿਕ ਪਦਿਆਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਵਿਚ ਜੀਵਾਤਮਾ ਰੂਪੀ ਨਾਇਕਾ ਦੇ ਬਿਰਹੋਂ ਦੇ ਅਨੁਭਵ, ਸੰਜੋਗ ਦੀ ਅਭਿਲਾਸ਼ਾ, ਪ੍ਰੀਤਮ ਦੀ ਉਡੀਕ ਅਤੇ ਕਦੇ ਕਦੇ ਪ੍ਰਾਪਤ ਹੋਏ ਸੰਯੋਗ-ਸੁਖ ਦੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ ਗਿਆ ਹੋਵੇ। ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਛੰਤਾਂ ਵਿਚੋਂ ਅਧਿਕਾਂਸ਼ ਚਾਰ ਪਦਿਆਂ ਦੇ ਸਮੁੱਚ ਹਨ, ਕਿਤੇ-ਕਿਤੇ ਚਾਰ ਤੋਂ ਅਧਿਕ ਪਦੇ ਵੀ ਇਕ ਛੰਤ-ਸਮੁੱਚ ਵਿਚ ਸ਼ਾਮਲ ਕੀਤੇ ਮਿਲਦੇ ਹਨ। ਇਸ ਲਈ ਛੰਤ ਵਾਸਤੇ ਪਦਿਆਂ ਦੀ ਕੋਈ ਖ਼ਾਸ ਗਿਣਤੀ ਨਿਸ਼ਚਿਤ ਨਹੀਂ, ਨ ਹੀ ਇਸ ਦੇ ਨਾਂ ਵਿਚ ਕੋਈ ਗਿਣਤੀ ਸੂਚਕ ਸੰਕੇਤ ਹੈ। ਆਮ ਤੌਰ ‘ਤੇ ਛੰਦ ਦੇ ਹਰ ਇਕ ਪਦੇ ਵਿਚ ਛੇ ਤੁਕਾਂ ਰਹਿੰਦੀਆਂ ਹਨ। ਪਰ ਤੁਕਾਂ ਦੀ ਗਿਣਤੀ ਵੱਧ-ਘੱਟ ਵੀ ਮਿਲਦੀ ਹੈ। ਤੁਖਾਰੀ ਰਾਗ ਵਿਚ ਦਰਜ ‘ਬਾਰਹਮਾਹ’ ਨੂੰ ‘ਛੰਤ’ ਸਿਰਲੇਖ ਦਿੱਤਾ ਗਿਆ ਹੈ। ਉਸ ਵਿਚ ਛੇ ਛੇ ਤੁਕਾਂ ਦੇ 17 ਪਦੇ ਹਨ। ਇਨ੍ਹਾਂ ਛੰਤਾਂ ਵਿਚ ਲੋਕ-ਗੀਤਾਂ ਦੀ ਪਰੰਪਰਾ ਵਿਚ ਕੁੱਝ ਸ਼ਬਦਾਂ ਜਾਂ ਤੁਕਾਂਸ਼ਾਂ ਦੀ ਪੁਨਰਾਵ੍ਰਿਤੀ ਵੀ ਹੋਈ ਹੈ। ਆਸਾ ਰਾਗ ਵਿਚ ਦਰਜ ਗੁਰੂ ਰਾਮਦਾਸ ਜੀ ਦੇ ਲਿਖੇ ‘ਛਕੇ ਛੰਤ’ (ਵੇਖੋ) ਬਹੁਤ ਪ੍ਰਸਿੱਧ ਹਨ। ਉਨ੍ਹਾਂ ਨੂੰ ‘ਆਸਾ ਕੀ ਵਾਰ’ ਨਾਲ ਗਾਇਆ ਜਾਂਦਾ ਹੈ। (ਡਾ. ਰਤਨ ਸਿੰਘ ਜੱਗੀ,  ਸਰੋਤ : ਸਿੱਖ ਪੰਥ ਵਿਸ਼ਵ ਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ)

ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਆਸਾ ਰਾਗ ਵਿਚ ਕੁਲ 36 ਛੰਤ (ਮ:੧ ਦੇ 5, ਮ:੩ ਦੇ 2, ਮ:੪ ਦੇ 14, ਅਤੇ ਮ: ੫ ਦੇ 15) ਦਰਜ ਹਨ। ਗੁਰੂ ਰਾਮ ਦਾਸ ਜੀ ਵੱਲੋਂ ਉਚਾਰਨ ਕੀਤੇ ਗਏ 14 ਛੰਤਾਂ ਵਿਚੋਂ 6 ਛੰਤ (8 ਤੋਂ 13) ਦਾ ਗਾਇਣ, ”ਆਸਾ ਕੀ ਵਾਰ” ਨਾਲ ਕੀਤਾ ਜਾਂਦਾ ਹੈ। ‘ਆਸਾ ਕੀ ਵਾਰ’ ਗੁਰੂ ਨਾਨਕ ਜੀ ਵੱਲੋਂ ਬਖ਼ਸ਼ਿਸ਼ ਕੀਤੀ ਹੋਈ ਹੈ। ਇਸ ਵਾਰ ਦੀਆਂ ਕੁਲ 24 ਪਉੜੀਆਂ ਹਨ। ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਵੇਲੇ, ਹੋਰ ਵਾਰਾਂ ਦੀ ਤਰ੍ਹਾਂ ਆਸਾ ਕੀ ਵਾਰ ਨਾਲ ਵੀ 58 ਸਲੋਕ ਦਰਜ ਕੀਤੇ ਹਨ। ਇਨ੍ਹਾਂ ਵਿਚ 43 ਮ: ਪਹਿਲਾ ਅਤੇ 15 ਮ: ਦੂਜਾ ਦੇ ਉਚਾਰਨ ਕੀਤੇ ਹੋਏ ਹਨ। ਅਠਾਰਾਂ ਪਉੜੀਆਂ ਨਾਲ ਦੋ-ਦੋ ਸਲੋਕ, ਤਿੰਨ ਪਉੜੀਆਂ ਨਾਲ ਤਿੰਨ-ਤਿੰਨ ਸਲੋਕ, ਦੋ ਪਉੜੀਆਂ ਨਾਲ ਚਾਰ-ਚਾਰ ਅਤੇ ਇਕ ਪਉੜੀ ਨਾਲ ਪੰਜ ਸਲੋਕ ਹਨ। ਇਹ ਹੈ ਗੁਰੂ ਅਰਜਨ ਦੇਵ ਜੀ ਵੱਲੋਂ ਪ੍ਰਵਾਨੀ ਗਈ ਬਾਣੀ ਦਰਜ ਕਰਨ ਦੀ ਤਰਤੀਬ।
ਦਰਬਾਰ ਸਾਹਿਬ ਤੋਂ ਆਸਾ ਕੀ ਵਾਰ ਦਾ ਕੀਰਤਨ ਸੁਣ ਰਿਹਾ ਸੀ ਤਾਂ ਧਿਆਨ ਵਿਚ ਆਇਆ ਕਿ ਰਾਗੀ ਸਿੰਘ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਆਸਾ ਕੀ ਵਾਰ ਮੁਤਾਬਕ ਕੀਰਤਨ ਹੀ ਨਹੀਂ ਕਰ ਰਹੇ। ਗੁਰੂ ਗ੍ਰੰਥ ਸਾਹਿਬ ਜੀ ਵਿਚ ਤਾਂ ਆਸਾ ਕੀ ਵਾਰ;
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ £ਆਸਾ ਮਹਲਾ 1£ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ£ਸਲੋਕੁ ਮ 1£ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ£ ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ£ (ਪੰਨਾ 462) ਤੋਂ ਅਰੰਭ ਹੁੰਦੀ ਹੈ ਪਰ ਰਾਗੀ ਜਥੇ ਤਾਂ, ੴ ਸਤਿਗੁਰ ਪ੍ਰਸਾਦਿ £ ਆਸਾ ਮਹਲਾ ੪ ਛੰਤ ਘਰੁ ੪ £ ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿਰਤੰਨਾ ਰਾਮ ਰਾਜੇ £ (ਪੰਨਾ 448) ਤੋਂ ਅਰੰਭ ਕਰਦੇ ਹਨ। ਜਦੋਂ ਵਾਰ ਦੀਆਂ ਚਾਰ ਪਉੜੀਆਂ ਦਾ ਕੀਰਤਨ ਪੂਰਾ ਹੁੰਦਾ ਹੈ ਤਾਂ ਆਪਣੀ-ਆਪਣੀ ਪਸੰਦ ਦੇ ਇਕ ਸ਼ਬਦ ਦਾ ਕੀਰਤਨ ਕਰਦੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਜੇਹਾ ਕਿਉਂ ਹੋ ਰਿਹਾ ਹੈ। ਕੀਰਤਨੀ ਜਥਿਆਂ ਨੂੰ ਗੁਰੂ ਅਰਜਨ ਦੇਵ ਜੀ ਵੱਲੋਂ ਇਕ ਖ਼ਾਸ ਤਰਤੀਬ ਨਾਲ ਦਰਜ ਕੀਤੀ ਗਈ ਬਣੀ ਵਿਚ ਕੀ ਕਮੀ ਨਜ਼ਰ ਆਈ ਕਿ ਉਨ੍ਹਾਂ ਨੂੰ ਇਹ ਬਦਲਣੀ ਪਈ? ਮੇਰੇ ਪਾਸ ਭਾਈ ਚਤਰ ਸਿੰਘ ਜੀਵਨ ਸਿੰਘ ਵੱਲੋਂ 1912 ਈਸਵੀ ਵਿਚ ਛਾਪੀ ਗਈ ”ਆਸਾ ਦੀ ਵਾਰ ਛੰਤ ਤੇ ਸ਼ਬਦਾਂ ਸਮੇਤ” ਕਿਤਾਬ ਹੈ। ਇਸ ਕਿਤਾਬ ਵਿਚ ਹਰ ਪਉੜੀ ਤੋਂ ਪਿੱਛੋਂ ਇਕ ਸ਼ਬਦ ਛਪਿਆ ਹੋਇਆ ਹੈ। ਇਸ ਦਾ ਭਾਵ ਹੈ ਕਿ ਅੱਜ ਤੋਂ 100 ਸਾਲ ਪਹਿਲਾਂ ਕੀਰਤਨੀ ਜਥੇ ਹਰ ਪਉੜੀ ਤੋਂ ਪਿੱਛੋਂ ਸ਼ਬਦ ਪੜ੍ਹਦੇ ਹੋਣਗੇ। ਹੁਣ ਹੋਰ ਸਵਾਲ ਪੈਦਾ ਹੁੰਦਾ ਹੈ ਕਿ ਹਰ ਪਉੜੀ ਦੀ ਥਾਂ ਚਾਰ ਪਉੜੀਆਂ ਤੋਂ ਪਿੱਛੋਂ ਸ਼ਬਦ ਪੜ੍ਹਨ ਦੀ ਰੀਤ ਕਿਸ ਨੇ ਅਤੇ ਕਦੋਂ ਅਰੰਭ ਕੀਤੀ ਗਈ ਹੋਏਗੀ? ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਜਦੋਂ ਸ਼੍ਰੋਮਣੀ ਕਮੇਟੀ ਨੇ ਸਿੱਖ ਰਹਿਤ ਮਰਯਾਦਾ ਬਣਾ ਕੇ 1945 ਈਸਵੀ ਇਹ ਲਿਖ ਦਿੱਤਾ ਸੀ ਕਿ, ”ਨਾਲ-ਨਾਲ ਜਾਂ ਵਿੱਚ-ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ” ਤਾਂ ਪਿਛਲੇ ਸੱਤ ਦਹਾਕਿਆਂ ਵਿਚ ਖ਼ੁਦ ਸ਼੍ਰੋਮਣੀ ਕਮੇਟੀ ਨੇ ਇਸ ਤੇ ਅਮਲ ਕਿਉਂ ਨਹੀਂ ਕੀਤਾ? ਦਰਬਾਰ ਸਾਹਿਬ ਵਿਚ ਰੋਜ਼ਾਨਾ ਉੱਨੀ ਘੰਟੇ (2.30 ਵਜੇ ਸਵੇਰ ਤੋਂ 9.15 ਵਜੇ ਰਾਤ) ਕੀਰਤਨ ਹੁੰਦਾ ਹੈ ਜਿਸ ਵਿਚ ਆਸਾ ਕੀ ਵਾਰ ਦਾ ਕੀਰਤਨ ਤਿੰਨ ਘੰਟੇ (3.30 ਵਜੇ ਤੋਂ 6.30 ਵਜੇ) ਵਿਚ ਪੂਰਾ ਹੁੰਦਾ ਹੈ। ਜਦੋਂ ਕਿ ਆਸਾ ਕੀ ਵਾਰ ਜਿਵੇਂ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕਰਵਾਈ ਹੈ, ਉਸ ਦਾ ਕੀਰਤਨ ਤਕਰੀਬਨ ਇਕ ਘੰਟੇ ਵਿਚ ਹੋ ਜਾਂਦਾ ਹੈ। ਜੇ ਕੋਈ ਜਥਾ, ਮਹਲਾ ੪ ਦੇ ਛੰਤਾਂ ਦਾ ਕੀਰਤਨ ਕਰਨਾ ਚਾਹੇ ਤਾਂ ਕੀ ਵੱਖਰੇ ਤੌਰ ‘ਤੇ ਕਰ ਸਕਦਾ। ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਨੂੰ ਗੁਰੂ ਸਾਹਿਬ ਨੇ ਅੰਤਿਮ ਸਰੂਪ ਦਿੱਤਾ ਹੈ। ਵਾਰਾਂ ਦੀਆਂ ਪੌੜੀਆਂ ਨਾਲ ਸਲੋਕ ਗੁਰੂ ਸਾਹਿਬ ਨੇ ਦਰਜ ਕਰਵਾਏ ਹਨ, ਉਨ੍ਹਾਂ ਨਾਲ ਹੋਰ ਕੁੱਝ ਜੋੜਨਾ, ਭਾਵੇਂ ਬਾਣੀ ਵਿਚੋਂ ਹੀ ਕਿਉਂ ਨਾ ਹੋਵੇ, ਗੁਰੂ ਸਾਹਿਬ ਜੀ ਵੱਲੋਂ ਬਾਣੀ ਲਿਖਣ ਦੀ ਪ੍ਰਮਾਣਿਤ ਵਿਧੀ ਨਾਲ ਛੇੜ ਛਾੜ ਹੀ ਮੰਨੀ ਜਾਏਗੀ।
ਆਸਾ ਕੀ ਵਾਰ ਵਿਚ  ਛੰਤ ਪੜ੍ਹਨੇ ਕਦੋਂ ਅਤੇ ਕਿਸ ਨੇ ਅਰੰਭ ਕੀਤੇ ਹੋਣਗੇ? ਇਹ ਸਵਾਲ ਮੈਂ ਕਈ ਜਥਿਆਂ ਨੂੰ ਪੁੱਛਿਆ ਹੈ, ਪਰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ। ਮਹਾਨ ਕੋਸ਼ ਵਿਚ ਦਰਜ ਜਾਣਕਾਰੀ, ਜਿਸ ਨਾਲ ਗਿਆਨੀ ਹਰਬੰਸ ਸਿੰਘ ਨੇ (ਆਸਾ ਕੀ ਵਾਰ ਦਰਸ਼ਨ-ਨਿਰਣੈ, ਪੰਨਾ 18) ਸਹਿਮਤੀ ਪ੍ਰਗਟਾਈ ਹੈ, ਵੀ ਪਰਖ ਕਸਵੱਟੀ ਤੇ ਪੂਰੀ ਨਹੀਂ ਉਤਰਦੀ। ਇਹ ਸੋਚਣਾ ਕਿ ਕੀਰਤਨ ਜਾਂ ਪਾਠ ਕਰਨ ਵੇਲੇ ਜਿਵੇਂ ਉਹ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ, ਵਿਚ ਤਬਦੀਲੀ ਕਰਨ ਨਾਲ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਵਿਚ ਕਈ ਫ਼ਰਕ ਨਹੀਂ ਪੈਂਦਾ ਇਕ ਗਲਤਫ਼ਹਿਮੀ ਹੈ। ਬਾਣੀ ਅਸਲ ਵਿਚ ਗੁਰੂ ਸਾਹਿਬਾਨ ਜੀ ਦੇ ਬੋਲਾਂ ਦਾ ਸੰਗ੍ਰਿਹ ਹੈ। ਇਸ ਨਾਲ ਛੇੜ ਛਾੜ ਕਰਨ ਦਾ ਅਧਿਕਾਰ ਕਿਸੇ ਪਾਸ ਵੀ ਨਹੀਂ ਹੈ। ਗੁਰਬਾਣੀ ਦਾ ਪਾਠ ਅਤੇ ਕੀਰਤਨ ਉਸੇ ਤਰਤੀਬ ਵਿਚ ਹੋਣਾ ਚਾਹੀਦਾ ਹੈ ਜਿਸ ਤਰਤੀਬ ਨਾਲ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਕੀ ਇਕ ਛੰਤ ਦੇ ਚਾਰ ਪਦਿਆਂ ਨੂੰ ਵੱਖ-ਵੱਖ ਕਰਕੇ ਕੀਰਤਨ ਕਰਨਾ ਜਾਇਜ਼ ਹੈ? ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਦੇ ਸਮੇਂ, ਨਾਲ-ਨਾਲ ਕਿਸੇ ਹੋਰ ਬਾਣੀ ਦਾ ਪਾਠ ਕਰਨਾ ਜਾਂ ਹਰ ਸ਼ਬਦ ਪਿਛੋਂ ਬਾਣੀ ਦੀ ਕਿਸੇ ਖ਼ਾਸ ਪੰਗਤੀ ਦਾ ਉਚਾਰਨ ਕਰਨਾ (ਸੰਪਟ ਲਾਉਣਾ) ਮਨਮੱਤ ਹੈ ਤਾਂ ਕੀਰਤਨ ਸਮੇਂ, ਗੁਰੂ ਅਰਜਨ ਦੇਵ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕਰਵਾਈ ਗਈ ਆਸਾ ਕੀ ਵਾਰ ਦੀ ਤਰਤੀਬ ਨੂੰ ਭੰਗ ਕਰਕੇ ਛੰਤ ਅਤੇ ਹੋਰ ਸ਼ਬਦਾਂ ਦਾ ਕੀਰਤਨ ਕਰਨਾ, ਮਨਮੱਤ ਕਿਵੇਂ ਨਹੀਂ ਹੈ?