ਪੰਜਾਬ ਤੇ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਵਿਚੋਂ ਕੱਢਣ ਲਈ ਵਾਹਗਾ ਸਰਹੱਦ ਰਾਹੀਂ ਵਪਾਰ ਖੋਲਿਆ ਜਾਵੇ: ਸਿੱਖ ਯੂਥ ਆਫ ਪੰਜਾਬ

0
257

youth-of-punjab
ਸ਼੍ਰੀ ਹਰਗੋਬਿੰਦਪੁਰ ਸਾਹਿਬ/ ਸਿੱਖ ਸਿਆਸਤ ਬਿਊਰੋ:
ਸਿੱਖ ਯੂਥ ਆਫ ਪੰਜਾਬ ਨੇ ਜ਼ੋਰ ਦੇ ਕੇ ਕਿਹਾ ਹੈ ਪੰਜਾਬ ਤੇ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਵਿਚੋਂ ਕੱਢਣ ਲਈ ਵਾਹਗਾ ਸਰਹੱਦ ਰਾਹੀਂ ਵਪਾਰ ਖੋਲਿਆ ਜਾਵੇ। ਜਥੇਬੰਦੀ ਦੇ 9ਵੇਂ ਸਥਾਪਨਾ ਦਿਹਾੜੇ ਮੌਕੇ ਲੰਘੇ ਐਤਵਾਰ 24 ਦਸੰਬਰ ਨੂੰ ਸਥਾਨਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਪਰਪਤ ਕਾਨਫਰੰਸ ਵਿੱਚ ਬੁਲਾਰਿਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਨੌਜਵਾਨਾਂ ਨਾਲ ਪੰਜਾਬ ਖ਼ਾਸ ਕਰਕੇ ਸੂਬੇ ਦੇ ਕਿਸਾਨਾਂ ਨੂੰ ਦਰਪੇਸ਼ ਮਸਲਿਆਂ ਸਬੰਧੀ ਅਹਿਮ ਵਿਚਾਰਾਂ ਕੀਤੀਆਂ।
ਇਸ ਮੌਕੇ ”ਸਿੱਖਿਆ ਅਤੇ ਸਿੱਖ ਸਿੱਖਿਆ” ਵਿਸ਼ੇ ‘ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਿਆ ਦਾ ਮਨੋਰਥ ਮਨੁੱਖ ਅੰਦਰਲੇ ਗਿਆਨ ਨੂੰ ਉਜਾਗਰ ਕਰਨਾ ਹੁੰਦਾ ਹੈ ਪਰ ਅੱਜਕੱਲ ਦੇ ਵਿਦਅਕ ਢਾਚੇਂ ਵਿੱਚ ਵਿਦਆਰਥੀਆਂ ਬਾਹਰੀ ਜਾਣਕਾਰੀ ਬਾਰੇ ਘੋਟਾ ਲਵਾਉਣ ‘ਤੇ ਵੱਧ ਜ਼ੋਰ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਗੁਰਬਾਣੀ ਦੇ ਹਵਾਲੇ ਨਾਲ ਸਿੱਖ ਸਿੱਖਿਆ ਦੀਆਂ ਵਿਸ਼ੇਸ਼ਤਾਈਆਂ ਉੱਤੇ ਵੀ ਚਾਨਣਾ ਪਾਇਆ ਅਤੇ ਇਹ ਵੀ ਦੱਸਿਆ ਕਿ ਕਿਵੇਂ ਪਹਿਲਾਂ ਅੰਗਰੇਜ਼ਾਂ ਤੇ ਫਿਰ ਭਾਰਤੀ ਸਟੇਟ ਵੱਲੋਂ ਸਿੱਖਿਆ ਨੂੰ ਇਕ ਸੰਦ ਵੱਜੋਂ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਸਿੱਖਿਆ ਵਿਚੋਂ ਮਾਂ-ਬੋਲੀ ਅਤੇ ਸੱਭਿਆਚਾਰਕ ਸਰੋਕਾਰਾਂ ਨੂੰ ਦਰਕਿਨਾਰ ਕਰਨਾ ਇਕ ਘਾਤਕ ਰੁਝਾਣ ਹੈ ਤੇ ਇਸ ਨੂੰ ਮੋੜਾ ਪਾਉਣਾ ਚਾਹੀਦਾ ਹੈ।
ਭਾਰਤੀ ਮੀਡੀਆ ਵੱਲੋਂ ਸਿੱਖਾਂ ਦੀ ਪੇਸ਼ਕਾਰੀ ਵਿਸ਼ੇ ‘ਤੇ ਵਿਚਾਰ ਸਾਂਝੇ ਕਰਦਿਆਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਨੇ ਕਿਹਾ ਕਿ ‘ਜਾਣਕਾਰੀ’ ਅਤੇ ‘ਮਨੋਰੰਜਨ’ ਦੋਵੇਂ ਤਰ੍ਹਾਂ ਦਾ ਮੀਡੀਆ ਹੀ ਨੀਤੀਗਤ ਢੰਗ ਨਾਲ ਸਿੱਖ ਅਕਸ ਨੂੰ ਵਿਗਾੜ ਕੇ ਪੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਮਨੋਰੰਜਨ ਵਾਲੇ ਮੀਡੀਏ ਵਿੱਚ ਸਿੱਖ ਕਰਦਾਰਾਂ ਨੂੰ ਹੀਣੇ ਚਿਤਵਿਆ ਤੇ ਚਿਤਰਿਆ ਜਾਂਦਾ ਹੈ ਤੇ ਖਬਰਾਂ ਵਾਲੇ ਮੀਡੀਏ ਵੱਲੋਂ ਖਬਰਾਂ ਪੇਸ਼ ਕਰਨ ਸਮੇਂ ਤੱਥਾਂ ਨੂੰ ਅਜਿਹੇ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਕਿ ਜਿਸ ਨਾਲ ਸਿੱਖਾਂ ਦੇ ਅਕਸ ਨੂੰ ਵਿਗਾੜ ਕੇ ਪੇਸ਼ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਮਿੱਥ ਹੈ ਕਿ ਮੀਡੀਆ ਨਿਰਪੱਖ ਜਾਣਕਾਰੀ ਦਿੰਦਾ ਹੈ ਬਲਕਿ ਮੀਡੀਆ ਤਾਂ ਪੂਰੀ ਜਾਣਕਾਰੀ ਹੀ ਨਹੀਂ ਦਿੰਦਾ ਸਿਰਫ ਚੋਣਵੀਂ ਜਿਹੀ ਜਾਣਕਾਰੀ ਇਸ ਖਾਂਸ ਨੁਕਤਾ-ਨਜ਼ਰ ਤੋਂ ਹੀ ਪੇਸ਼ ਕੀਤੀ ਜਾਂਦੀ ਹੈ ਤਾਂ ਕਿ ਪਹਿਲਾਂ ਤੋਂ ਚਿਤਵੀ ਰਾਏ ਘੜੀ ਜਾ ਸਕੇ। ਸੋਸ਼ਲ ਮੀਡੀਆ ‘ਚ ਸੰਘਰਸ਼ਸ਼ੀਲ ਧਿਰਾਂ ਲਈ ਨਵੇਂ ਮੌਕੇ ਪੈਦਾ ਕੀਤੇ ਜਾਣ ਦਾ ਜ਼ਿਕਰ ਕਰਦਿਆਂ  ਉਨ੍ਹਾਂ ਨੇ ਇਸਦੀ ਵਰਤੋਂ ਗੰਭੀਰਤਾ ਨਾਲ ਕਰਨ ਦੀ ਲੋੜ ਉੱਤੇ ਦਿੱਤਾ।
ਦਲ ਖਾਲਸਾ ਦੇ ਜਨਰਲ ਸਕੱਤਰ ਅਤੇ ਸਿੱਖ ਯੂਥ ਆਫ ਪੰਜਾਬ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਅਤੇ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਵਿਚੋਂ ਕੱਢਣ ਲਈ ਵਾਹਗਾ ਬਾਰਡਰ ਰਾਂਹੀ ਵਿਉਪਾਰ ਖੋਲਿਆ ਜਾਵੇ ਤਾਂ ਜੋ ਕਿਸਾਨ ਆਪਣੀਆਂ ਜਿਣਸਾਂ ਸੈਂਟਰਲ ਏਸ਼ੀਆ ਦੀ ਮੰਡੀ ਵਿੱਚ ਵੇਚ ਸਕਣ।
ਨੌਜਵਾਨ ਆਗੂ ਦਾ ਕਹਿਣਾ ਸੀ ਕਿ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਵਾਹਗਾ ਬਾਰਡਰ ਰਾਹੀਂ ਖੁਲਾ ਵਿਉਪਾਰ ਸ਼ੁਰੂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਭਰਾ ਲੰਮੇ ਸਮੇਂ ਤੋਂ ਆਰਥਿਕ ਮੰਦਹਾਲੀ ਵਿੱਚੋਂ ਗੁਜਰ ਰਹੇ ਹਨ ਅਤੇ ਨਿਤ ਦਿਨ ਹੋ ਰਹੀਆਂ ਖੁਦਕੁਸ਼ੀਆਂ ਇਸ ਦੁਖਾਂਤ ਦੀ ਤਲਖ ਸਚਾਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇ ਅੰਦਰ ਮੁੰਬਈ ਅਤੇ ਗੁਜਰਾਤ ਪੋਰਟ ਰਾਂਹੀ ਹੀ ਪਾਕਿਸਤਾਨ ਅਤੇ ਹੋਰਨਾਂ ਸੈਂਟਰਲ ਏਸ਼ੀਆ ਮੁਲਕਾਂ ਨਾਲ ਵਿਉਪਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਹਗਾ ਬਾਰਡਰ ਦੇ ਖੋਲਣ ਨਾਲ ਪੰਜਾਬ ਦਾ ਕਿਸਾਨ ਆਪਣੀਆਂ ਜਿਣਸਾਂ ਅੰਤਰਰਾਸ਼ਟਰੀ ਮੰਡੀ ਵਿੱਚ ਚੰਗੇ ਦਾਮਾਂ ਤੇ ਵੇਚ ਸਕੇਗਾ।
ਸਿੱਖ ਆਗੂ ਭਾਈ ਮਨਧੀਰ ਸਿੰਘ ਨੇ ਆਪਣੇ ਸੰਖੇਪ ਭਾਸ਼ਣ ਵਿੱਚ ਕਿਹਾ ਕਿ ਸਰਬੱਤ ਦੇ ਭਲੇ ਦੇ ਰਾਹ ਤੇ ਚੱਲਣ ਲਈ ਸਾਨੂੰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ ਦੇ ਸਿਧਾਂਤ ‘ਤੇ ਅਨੁਸਾਰ ਆਪਣਾ ਜੀਵਨ ਬਸਰ ਕਰਨਾ ਚਾਹੀਦਾ ਹੈ ਅਤੇ ਗੁਰੂ ਪਾਤਿਸ਼ਾਹ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਉਹ ਸਾਨੂੰ ਇਸ ਰਾਹ ਤੇ ਚੱਲਣ ਦੀ ਬਲ-ਬੁਧਿ ਬਖਸ਼ਣ।
ਸਿੱਖ ਯੂਥ ਆਫ ਪੰਜਾਬ ਜਥੇਬੰਦੀ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਸਰਕਾਰਾਂ ਕਿਸਾਨਾਂ ਪ੍ਰਤੀ ਸੰਜੀਦਾ ਨਹੀਂ ਹਨ। ਉਨ੍ਹਾਂ ਕਿਹਾ ਕਿ ਕਰਜਾ ਮੁਆਫੀ ਦਾ ਲਾਰਾ ਕਿਸਾਨ ਨੂੰ ਕੇਵਲ ਵਕਤੀ ਰਾਹਤ ਹੀ ਦੇ ਸਕੇਗਾ। ਉਨ੍ਹਾਂ ਕਿਹਾ ਕਿ ਟਰੈਕਟਰ ਲੈਣ ਲਈ ਬੈਂਕਾਂ ਵਲੋਂ ਦਿੱਤੇ ਸਸਤੇ ਦਰ ਤੇ ਕਰਜਿਆਂ ਨੇ ਕਿਸਾਨਾਂ ਦਾ ਘੱਟ ਅਤੇ ਟਰੈਕਟਰ ਇੰਡਸਟਰੀ ਦਾ ਜਿਆਦਾ ਫਾਇਦਾ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਭੂਮਿਕਾ ਸਹੂਲਤ ਮੁਹਈਆ ਕਰਵਾਉਣ ਦੇ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਾਨੂੰਨ ਪਾਸ ਕਰਕੇ ਸਰਕਾਰੀ ਅਤੇ ਗੈਰ-ਸਰਕਾਰੀ ਖੇਤਰ ਅੰਦਰ ਗੈਰ-ਪੰਜਾਬੀਆਂ ਨੂੰ ਰੋਜਗਾਰ ਦੇਣ ਦੀ ਹੱਦ ਮਿਥੇ। ਇਹ ਹੱਦ ਕਿਸੇ ਵੀ ਕੀਮਤ ਤੇ 30 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦਸਿਆ ਕਿ ਇਸ ਤਰਾਂ ਸਰਕਾਰ ਸਥਾਨਕ ਪੰਜਾਬੀ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਨ ਦੇ ਵੱਧ ਮੌਕੇ ਪ੍ਰਦਾਨ ਕਰੇਗੀ।