ਵਿੱਕੀ ਗੌਂਡਰ ਨਾਲ ਫਰਾਰ ਹੋਏ ਸੁੱਖਾ ਭਿਖਾਰੀਵਾਲ ਦੇ ਚਾਰ ਸਾਥੀ ਗ੍ਰਿਫ਼ਤਾਰ

0
624
Special task force (STF) and Jalandhar city police during search operation at Chotti baradari area in Jalandhar near PIMS on Friday. Tribune Photo Malkiat Singh
ਕੈਪਸ਼ਨ-ਤਲਾਸ਼ੀ ਮੁਹਿੰਮ ਦੌਰਾਨ ਜਲੰਧਰ ਦੇ ਛੋਟੀ ਬਾਰਾਂਦਰੀ ਇਲਾਕੇ ਵਿੱਚ ਪਹਿਰਾ ਦੇ ਰਹੇ ਐਸਟੀਐਫ ਤੇ ਜਲੰਧਰ ਸਿਟੀ ਪੁਲੀਸ ਦੇ ਜਵਾਨ।

ਜਲੰਧਰ/ਬਿਊਰੋ ਨਿਊਜ਼ :
ਪੰਜਾਬ ਪੁਲੀਸ ਸਮੇਤ ਅੱਧੀ ਦਰਜਨ ਏਜੰਸੀਆਂ ਨੇ ਕਾਰਵਾਈ ਕਰਦਿਆਂ ਛੋਟੀ ਬਾਰਾਂਦਰੀ ਵਿਚੋਂ ਵਿੱਕੀ ਗੌਂਡਰ ਗੈਂਗ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਕਾਹਨੂੰਵਾਨ ਇਲਾਕੇ ਵਿੱਚ ਵਿੱਕੀ ਗੌਂਡਰ ਗੈਂਗ ਨੇ ਵਿਰੋਧੀ ਗੈਂਗ ਦੇ ਤਿੰਨ ਜਣਿਆਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲੀਸ ਨੇ ਛੋਟੀ ਬਾਰਾਂਦਰੀ ਵਿੱਚ ਦੋ-ਤਿੰਨ ਘਰਾਂ ਨੂੰ ਘੇਰਾ ਪਾ ਕੇ ਵਿੱਕੀ ਗੌਂਡਰ ਦੇ ਸਾਥੀਆਂ ਨੂੰ ਕਾਬੂ ਕਰ ਲਿਆ। ਫੜੇ ਗੈਂਗਸਟਰਾਂ ਦੀ ਪਛਾਣ ਦਮਨਪ੍ਰੀਤ, ਰਣਵੀਰ, ਭਰਤ ਭੂਸ਼ਨ ਤੇ ਹਰਮਨਦੀਪ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਚਾਰੇ ਗੈਂਗਸਟਰ ਇਕ ਰਾਤ ਪਹਿਲਾਂ ਹੀ ਛੋਟੀ ਬਾਰਾਂਦਰੀ ਪੁੱਜੇ ਸਨ ਅਤੇ ਕੋਠੀ ਨੰਬਰ 204 ਅਤੇ 201 ਨੰਬਰ ਦੀ ਉਪਰਲੀ ਮੰਜ਼ਿਲ ਵਿਚ ਰੁਕੇ ਹੋਏ ਸਨ। ਪੁਲੀਸ ਨੇ ਸੂਚਨਾ ਮਿਲਣ ‘ਤੇ ਦੋਵਾਂ ਕੋਠੀਆਂ ਉਤੇ ਨਜ਼ਰ ਰੱਖ ਲਈ। ਅਗਲੇ ਦਿਨ ਦੁਪਹਿਰ ਸਮੇਂ ਗੈਂਗਸਟਰ ਕਿਤੇ ਬਾਹਰ ਗਏ ਹੋਏ ਸਨ। ਉਹ ਜਿਵੇਂ ਹੀ ਵਾਪਸ ਮੁੜੇ ਤਾਂ ਸਪੈਸ਼ਲ ਟਾਸਕ ਫੋਰਸ ਤੇ ਕਾਊਂਟਰ ਇੰਟੈਲੀਜੈਂਸ ਨੇ ਕੋਠੀਆਂ ਨੂੰ ਘੇਰਾ ਪਾ ਲਿਆ। ਇਸ ਦੌਰਾਨ ਦੋ ਗੈਂਗਸਟਰਾਂ ਨੂੰ ਮੌਕੇ ‘ਤੇ ਫੜ ਲਿਆ, ਜਦੋਂਕਿ ਦੋ ਨੇ ਕੰਧਾਂ ਟੱਪ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਦੀ ਲੱਤ ਟੁੱਟ ਗਈ। ਇਸ ਮਗਰੋਂ ਪੁਲੀਸ ਨੇ ਇਨ੍ਹਾਂ ਦੋਵਾਂ ਨੂੰ ਵੀ ਦਬੋਚ ਲਿਆ। ਪੁਲੀਸ ਕਮਿਸ਼ਨਰ ਪ੍ਰਵੀਨ ਸਿਨਹਾ ਨੇ ਦਾਅਵਾ ਕੀਤਾ ਕਿ ਹੈ ਵਿੱਕੀ ਗੌਂਡਰ ਦੇ ਸਾਥੀ ਸ਼ਹਿਰ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ। ਪੁਲੀਸ ਨੇ ਗੈਂਗਸਟਰਾਂ ਕੋਲੋਂ ਇੱਕ ਪਿਸਤੌਲ, ਇੱਕ ਏਅਰ ਗੰਨ ਤੇ ਇੱਕ ਲੋਹੇ ਦੀ ਰਾਡ ਬਰਾਮਦ ਕੀਤੀ ਹੈ। ਗੈਂਗਸਟਰਾਂ ਖਿਲਾਫ ਪੁਲੀਸ ਨੇ ਲੁੱਟ ਦੀ ਸ਼ਾਜ਼ਿਸ਼ ਰਚਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਸਾਰੇ ਅਸਲਾ ਲਾਇਸੈਂਸਾਂ ਦੀ ਪੜਤਾਲ ਕਰੇਗੀ ਪੁਲੀਸ  :
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਥਿਆਰਾਂ ਦੇ ਮਾਮਲੇ ਵਿੱਚ ਅਪਰਾਧੀਆਂ ਅਤੇ ਗੈਂਗਸਟਰਾਂ ਦੇ ਹੱਥ ਬੰਨ੍ਹਣ ਲਈ ਪੁਲੀਸ ਨੂੰ ਸੂਬੇ ਵਿੱਚ ਜਾਰੀ ਕੀਤੇ ਅਸਲੇ ਦੇ ਸਾਰੇ ਲਾਇਸੈਂਸਾਂ ਦਾ ਜਾਇਜ਼ਾ ਲੈਣ ਦੇ ਹੁਕਮ ਦਿੱਤੇ ਹਨ। ਸੁਰੱਖਿਆ ਮਾਮਲਿਆਂ ‘ਤੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਹਥਿਆਰਾਂ ਦੀ ਵਧਦੀ ਨਾਜਾਇਜ਼ ਵਰਤੋਂ ਕਾਰਨ ਅੰਦਰੂਨੀ ਸੁਰੱਖਿਆ ਨੂੰ ਪੈਦਾ ਹੋਏ ਖ਼ਤਰੇ ‘ਤੇ ਚਿੰਤਾ ਜਤਾਈ ਤੇ ਕਿਹਾ ਕਿ ਹਥਿਆਰਾਂ ਦੀ ਬੇਲਗ਼ਾਮ ਵਰਤੋਂ ਕਾਰਨ ਪਿਛਲੇ ਸਮੇਂ ਕਾਨੂੰਨ ਵਿਵਸਥਾ ਦੀ ਉਲੰਘਣਾ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਉਨ੍ਹਾਂ ਜ਼ਿਲ੍ਹਾ ਮੈਜਿਸਟਰੇਟਾਂ ਅਤੇ ਪੁਲੀਸ ਕਮਿਸ਼ਨਰਾਂ ਵੱਲੋਂ ਜਾਰੀ ਕੀਤੇ ਲਾਇਸੈਂਸਾਂ ਦਾ ਵਿਆਪਕ ਜਾਇਜ਼ਾ ਲੈਣ ਦੇ ਹੁਕਮ ਦਿੰਦੇ ਹੋਏ ਆਰਮਜ਼ ਰੂਲਜ਼-2016 ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ 15 ਜੁਲਾਈ, 2016 ਤੋਂ  ਲੈ ਕੇ ਹੁਣ ਤੱਕ ਜਾਰੀ ਹੋਏ ਹਥਿਆਰ ਲਾਇਸੈਂਸਾਂ ਦਾ ਆਡਿਟ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਲੋੜ ਅਨੁਸਾਰ ਲਾਇਸੈਂਸਧਾਰਕਾਂ ਦੇ ਪਿਛੋਕੜ ਦੀ ਪੜਤਾਲ ਕਰਵਾਉਣ ਲਈ ਵੀ ਆਖਿਆ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦੇ ਕਾਰਜਕਾਲ ਦੌਰਾਨ ਹਥਿਆਰਬੰਦ ਗਰੋਹਾਂ ਨੂੰ ਖੁੱਲ੍ਹੀ ਛੁੱਟੀ ਮਿਲੀ ਹੋਈ ਸੀ, ਜਿਸ ਦੇ ਨਤੀਜੇ ਵਜੋਂ ਬਦਅਮਨੀ ਦੀ ਹਾਲਤ ਪੈਦਾ ਹੋਈ ਹੈ। ਉਨ੍ਹਾਂ ਸੂਬੇ   ਵਿੱਚ ਫੜੇ ਤੇ ਪ੍ਰਾਪਤ ਕੀਤੇ ਹਥਿਆਰਾਂ ਅਤੇ ਅਸਲੇ ਦੇ ਮਾਮਲੇ ਨੂੰ ਨਿਬੇੜਨ ਲਈ ਪੁਲੀਸ ਨੂੰ ਵਿਆਪਕ ਨੀਤੀ ਤਿਆਰ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਧਿਕਾਰਤ ਹਥਿਆਰ ਤੇ ਅਸਲਾ ਡੀਲਰਾਂ ਦਾ ਆਡਿਟ ਅਤੇ ਮੁਆਇਨਾ ਕਰਨ ਲਈ ਦਿਸ਼ਾ-ਨਿਰਦੇਸ਼ ਤੈਅ ਕੀਤੇ ਜਾਣ ਅਤੇ ਰਿਕਾਰਡ ਦੀ ਸੰਭਾਲ ਲਈ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ (ਐਸ.ਓ.ਪੀਜ਼) ਨਿਸ਼ਚਤ ਕੀਤਾ ਜਾਵੇ।