ਵਿਰੋਧ ਝੱਲ ਰਹੇ ਊਰਜਿਤ ਪਟੇਲ ਦਾ ਦਾਅਵਾ- ਪਿਛਲੇ ਸਾਲ ਸ਼ੁਰੂ ਹੋ ਗਈ ਸੀ ਨੋਟਬੰਦੀ ਦੀ ਪ੍ਰਕਿਰਿਆ

0
411

urjit-patel
ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਊਰਜਿਤ ਪਟੇਲ ਨੇ ਦਾਅਵਾ ਕੀਤਾ ਕਿ ਨੋਟਬੰਦੀ ਦੀ ਪ੍ਰਕਿਰਿਆ ਪਿਛਲੇ ਸਾਲ ਜਨਵਰੀ ਵਿਚ ਹੀ ਸ਼ੁਰੂ ਹੋ ਗਈ ਸੀ। ਊਰਜਿਤ ਪਟੇਲ ਨੂੰ ਨੋਟਬੰਦੀ ਦੇ ਮੁੱਦੇ ਉਤੇ ਉਦੋਂ ਸੰਸਦ ਮੈਂਬਰਾਂ ਦੇ ਸਖ਼ਤ ਸਵਾਲਾਂ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਪੱਕੇ ਤੌਰ ‘ਤੇ ਇਹ ਦੱਸਣ ਵਿੱਚ ਨਾਕਾਮ ਰਹੇ ਕਿ ਨੋਟਬੰਦੀ ਤੋਂ ਬਾਅਦ ਬੈਂਕਿੰਗ ਢਾਂਚਾ ਕਦੋਂ ਤੱਕ ਆਮ ਵਰਗਾ ਹੋ ਜਾਵੇਗਾ। ਗ਼ੌਰਤਲਬ ਹੈ ਕਿ ਬੈਂਕ ਆਖ ਚੁੱਕਾ ਹੈ ਕਿ ਬੰਦ ਕੀਤੀ ਗਈ 60 ਫ਼ੀਸਦੀ ਜਾਂ 9.2 ਲੱਖ ਕਰੋੜ ਕਰੰਸੀ ਨੂੰ ਬਦਲਿਆ ਜਾ ਚੁੱਕਾ ਹੈ।
ਸੰਸਦ ਦੀ ਵਿੱਤੀ ਮਾਮਲਿਆਂ ਸਬੰਧੀ ਸਥਾਈ ਕਮੇਟੀ ਅੱਗੇ ਆਪਣੀ ਪੇਸ਼ੀ ਸਮੇਂ ਸ੍ਰੀ ਪਟੇਲ ਨੋਟਬੰਦੀ ਤੋਂ ਬਾਅਦ ਜਮ੍ਹਾਂ ਹੋਏ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਦੀ ਸਹੀ ਰਕਮ ਵੀ ਨਹੀਂ ਦੱਸ ਸਕੇ। ਸੂਤਰਾਂ ਮੁਤਾਬਕ ਇਸ ਮੌਕੇ ਕਮੇਟੀ ਦੇ ਮੈਂਬਰ ਐਮਪੀਜ਼ ਵੱਲੋਂ ਜ਼ੋਰਦਾਰ ਪੁੱਛ-ਪੜਤਾਲ ਤੋਂ ਸ੍ਰੀ ਪਟੇਲ ਦਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕੁਝ ਹੋਰ ਮੈਂਬਰਾਂ ਨੇ ਬਚਾਅ ਕੀਤਾ। ਕਾਂਗਰਸ ਦੇ ਐਮਪੀਜ਼ ਜਿਵੇਂ ਦਿਗਵਿਜੈ ਸਿੰਘ ਚਾਹੁੰਦੇ ਸਨ ਕਿ ਸ੍ਰੀ ਪਟੇਲ ਸਾਫ਼ ਜਵਾਬ ਦੇਣ ਕਿ ਬੈਂਕਾਂ ਤੋਂ ਨਕਦੀ ਕਢਵਾਉਣ ਸਬੰਧੀ ਬੰਦਸ਼ਾਂ ਕਦੋਂ ਤੱਕ ਹਟ ਜਾਣਗੀਆਂ।
ਸ੍ਰੀ ਪਟੇਲ ਨਾਲ ਆਰਬੀਆਈ ਦੇ ਡਿਪਟੀ ਗਵਰਨਰ ਆਰ. ਗਾਂਧੀ ਤੇ ਐਸ.ਐਸ. ਮੁੰਦੜਾ ਵੀ ਸਨ। ਉਨ੍ਹਾਂ ਦੱਸਿਆ ਕਿ ਵੱਡੇ ਨੋਟਾਂ ਨੂੰ ਬੰਦ ਕਰਨ ਸਬੰਧੀ ਬੈਂਕ ਦੀ ਕੇਂਦਰ ਸਰਕਾਰ ਨਾਲ ਗੱਲਬਾਤ 2016 ਦੇ ਸ਼ੁਰੂ ਤੋਂ ਹੀ ਚੱਲ ਰਹੀ ਸੀ। ਕਾਂਗਰਸ ਦੇ ਸੀਨੀਅਰ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਐਮ. ਵੀਰੱਪਾ ਮੋਇਲੀ ਦੀ ਅਗਵਾਈ ਵਾਲੀ ਕਮੇਟੀ ਨੇ ਨੋਟਬੰਦੀ ਸਬੰਧੀ ਵਿਚਾਰ-ਵਟਾਂਦਰੇ ਲਈ ਆਰਬੀਆਈ ਤੇ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਸੀ। ਇਸ ਦੌਰਾਨ ਸਵਾਲ ਪੂਰੇ ਨਾ ਹੋ ਸਕਣ ਕਾਰਨ ਕਮੇਟੀ ਨੇ ਇਕ ਵਾਰੀ ਫਿਰ ਕਿਸੇ ਦਿਨ ਅਧਿਕਾਰੀਆਂ ਨੂੰ ਬੁਲਾਉਣ ਦਾ ਫ਼ੈਸਲਾ ਕੀਤਾ ਹੈ। ਕਮੇਟੀ ਦੇ ਇਕ ਸੀਨਅਰ ਮੈਂਬਰ ਨੇ ਕਿਹਾ, ”ਨੋਟਬੰਦੀ ਦੇ ਮੁੱਦੇ ਉਤੇ ਆਰਬੀਆਈ ਅਧਿਕਾਰੀ ਕਾਫ਼ੀ ਰੱਖਿਆਤਮਕ ਸਥਿਤੀ ਵਿੱਚ ਨਜ਼ਰ ਆ ਰਹੇ ਸਨ।”
ਇਸ ਦੌਰਾਨ ਆਰਬੀਆਈ ਗਵਰਨਰ ਊਰਜਿਤ ਪਟੇਲ ਨੇ ਆਪਣੇ ਸਾਥੀ ਕਰਮਚਾਰੀਆਂ ਨੂੰ ਕਿਹਾ ਹੈ ਕਿ ਇਸ ਕੇਂਦਰੀ ਬੈਂਕ ਦੀ ਦਿੱਖ ਛੁਟਿਆਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ‘ਬਿਲਕੁਲ ਬਰਦਾਸ਼ਤ’ ਨਹੀਂ ਕੀਤਾ ਜਾਵੇਗਾ। ਪਿਛਲੇ ਸਾਲ 4 ਸਤੰਬਰ ਨੂੰ 24ਵੇਂ ਗਵਰਨਰ ਵਜੋਂ ਅਹੁਦਾ ਸੰਭਾਲਣ ਮਗਰੋਂ ਈ-ਮੇਲ ਰਾਹੀਂ ਆਪਣੇ ਪਹਿਲੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਆਰਬੀਆਈ ਨੇ ਆਪਣੇ ਮੁਲਾਜ਼ਮਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਮਾਣਮੱਤਾ ਇਤਿਹਾਸ ਸਿਰਜਿਆ ਹੈ।
ਮਨਮੋਹਨ ਸਿੰਘ ਨੇ ਕੀਤਾ ਪਟੇਲ ਦਾ ਬਚਾਅ :
ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਤੇ ਕਾਂਗਰਸੀ ਆਗੂ ਡਾ. ਮਨਮੋਹਨ ਸਿੰਘ ਦੇ ਦਖ਼ਲ ਸਦਕਾ ਆਰਬੀਆਈ ਦੇ ਗਵਰਨਰ ਊਰਜਿਤ ਪਟੇਲ ਸੰਸਦੀ ਕਮੇਟੀ ਦੇ ਮੈਂਬਰਾਂ ਦੇ ਹੋਰ ਤਿੱਖੇ ਸਵਾਲਾਂ ਦਾ ਸਾਹਮਣਾ ਕਰਨ ਤੋਂ ਬਚ ਗਏ। ਜਿਉਂ ਹੀ ਮੈਂਬਰਾਂ ਦੇ ਸਵਾਲ ਤਿੱਖੇ ਹੋਣੇ ਸ਼ੁਰੂ ਹੋਏ ਤਾਂ ਡਾ. ਮਨਮੋਹਨ ਸਿੰਘ, ਜੋ ਖ਼ੁਦ ਵੀ ਆਰਬੀਆਈ ਦੇ ਸਾਬਕਾ ਗਵਰਨਰ ਹਨ, ਨੇ ਇਹ ਕਹਿੰਦਿਆਂ ਉਨ੍ਹਾਂ ਨੂੰ ਵਰਜਿਆ ਕਿ ਇਕ ਅਦਾਰੇ ਵਜੋਂ ਆਰਬੀਆਈ ਤੇ ਇਸ ਦੇ ਗਵਰਨਰ ਦੇ ਰੁਤਬੇ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਗ਼ੌਰਤਲਬ ਹੈ ਕਿ ਰਾਜ ਸਭਾ ਵਿੱਚ ਸਾਬਕਾ ਪ੍ਰਧਾਨ ਮੰਤਰੀ ਨੇ ਨੋਟਬੰਦੀ ਦੇ ਮੁੱਦੇ ਉਤੇ ਮੋਦੀ ਸਰਕਾਰ ਦੀ ਜ਼ੋਰਦਾਰ ਖਿਚਾਈ ਕੀਤੀ ਸੀ।
ਕਾਂਗਰਸ ਵੱਲੋਂ ਨੋਟਬੰਦੀ ਖ਼ਿਲਾਫ਼ ਦੇਸ਼ ਭਰ ਵਿਚ ਪ੍ਰਦਰਸ਼ਨ
ਨਵੀਂ ਦਿੱਲੀ/ਅਹਿਮਦਾਬਾਦ : ਨੋਟਬੰਦੀ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਘੇਰਨ ਵਿਚ ਲੱਗੀ ਕਾਂਗਰਸ ਇਕ ਵਾਰ ਫਿਰ ਸਰਕਾਰ ਖ਼ਿਲਾਫ਼ ਹਮਲੇ ਤੇਜ਼ ਕਰ ਰਹੀ ਹੈ। ਕਾਂਗਰਸ ਦੇਸ਼ ਭਰ ਵਿਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ ਵਿਚ ਲੱਗੀ ਹੋਈ ਹੈ ਜਿਸ ਤਹਿਤ ਕਾਂਗਰਸ ਨੇ ਦਿੱਲੀ ਦੇ ਜੰਤਰ ਮੰਤਰ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਸਾਬਕਾ ਗ੍ਰਹਿ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਅਹਿਮਦਾਬਾਦ ਵਿਚ ਨੋਟਬੰਦੀ ਦੇ ਮੁੱਦੇ ‘ਤੇ ਰਿਜ਼ਰਵ ਬੈਂਕ ਦਫ਼ਤਰ ਵਿਚ ਤਾਲਾਬੰਦੀ ਸਬੰਧੀ ਪਾਰਟੀ ਦੇ ਪ੍ਰੋਗਰਾਮ ਦੌਰਾਨ ਹੋਰ ਆਗੂਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਭਰਤ ਸਿੰਘ ਸੋਲੰਕੀ, ਸ਼ੰਕਰ ਸਿੰਘ ਵਾਘੇਲਾ ਸਮੇਤ 130 ਕਾਂਗਰਸੀ ਵਰਕਰਾਂ ਨੂੰ ਇਸ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਗੱਲਬਾਤ ਦੌਰਾਨ ਸਹਾਇਕ ਪੁਲੀਸ ਕਮਿਸ਼ਨਰ ਅਰਪਿਤਾ ਪਟੇਲ ਨੇ ਕਿਹਾ ਕਿ ਉਨ੍ਹਾਂ ਨੂੰ ਬਾਅਦ ਵਿਚ ਰਿਹਾਅ ਕਰ ਦਿੱਤਾ ਜਾਵੇਗਾ। ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਸ੍ਰੀ ਸ਼ਿੰਦੇ ਨੇ ਕਿਹਾ ਕਿ ਨੋਟਬੰਦੀ ਦੇ ਚਲਦਿਆਂ ਗਰੀਬਾਂ ਤੇ ਮਜਦੂਰਾਂ ਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ। ਕਾਂਗਰਸ ਦੇ ਵਿਰੋਧ ਪ੍ਰਦਰਸ਼ਨਾਂ ਨਾਲ ਪ੍ਰਧਾਨ ਮੰਤਰੀ ‘ਤੇ ਪਾਬੰਦੀਆਂ ਹਟਾਉਣ ਦਾ ਦਬਾਅ ਬਣੇਗਾ। ਸਖ਼ਤ ਸੁਰੱਖਿਆ ਵਿਚਾਲੇ ਕਾਂਗਰਸ ਦੀਆਂ ਕੁਝ ਮਹਿਲਾ ਮੈਂਬਰਾਂ ਨੂੰ ਵੀ ਪੁਲੀਸ ਨੇ ਉਸ ਸਮੇਂ ਹਿਰਾਸਤ ਵਿਚ ਲਿਆ ਜਦੋਂ ਉਹ ਰਿਜ਼ਰਵ ਬੈਂਕ ਦੇ ਸਥਾਨਕ ਦਫ਼ਤਰ ਦੇ ਮੁੱਖ ਗੇਟ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਪ੍ਰਦਰਸ਼ਨ ਦੇ ਮੱਦੇਨਜ਼ਰ ਇਥੇ ਵੱਡੀ ਗਿਣਤੀ ਪੁਲਿਸ ਤਾਇਨਾਤ ਕੀਤੀ ਗਈ ਸੀ। ਇਸੇ ਤਰ੍ਹਾਂ ਹੀ ਗੁਹਾਟੀ ਵਿਚ ਵੀ ਕਾਂਗਰਸ ਵੱਲੋਂ ਨੋਟਬੰਦੀ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ।
ਰਿਜ਼ਰਵ ਬੈਂਕ ਦੀਆਂ ਸ਼ਾਖਾਵਾਂ ਦਾ ਘਿਰਾਓ :
ਕਾਂਗਰਸ ਨੇ ਨੋਟਬੰਦੀ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਦੇਸ਼ ਭਰ ਵਿਚ ਰਿਜ਼ਰਵ ਬੈਂਕ ਦੀਆਂ 33 ਸ਼ਾਖਾਵਾਂ ਦਾ ਘਿਰਾਓ ਕੀਤਾ ਤੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਬੈਂਕ ਦੀ ਖੁਦਮੁਖਤਿਆਰੀ ਨੂੰ ਖ਼ਤਮ ਕਰ ਦਿੱਤਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕਾਂਗਰਸ ਦੇ ਸੀਨੀਅਰ ਨੇਤਾ ਆਨੰਦ ਸ਼ਰਮਾ ਦੀ ਅਗਵਾਈ ਵਿਚ ਪਾਰਟੀ ਕਾਰਕੁਨਾਂ ਨੇ ਰਿਜ਼ਰਵ ਬੈਂਕ ਦੀ ਸ਼ਾਖ਼ਾ ਨੂੰ ਘੇਰਿਆ। ਇਸ ਦੌਰਾਨ ਸ਼ਰਮਾ ਨੇ ਸਵਾਲ ਕੀਤਾ ਕਿ ਨੋਟਬੰਦੀ ਕਾਰਨ ਕਿੰਨਾ ਕਾਲਾ ਧਨ ਬਾਹਰ ਆਇਆ। ਉਨ੍ਹਾਂ ਕਿਹਾ ਕਿ ਲੋਕ ਵਿਰੋਧੀ ਕਦਮ ਚੁੱਕ ਕੇ ਅਰਥਵਿਵਸਥਾ ਨੂੰ ਪਟਰੀ ਤੋਂ ਲਾਹੁਣ ਕਾਰਨ ਮੋਦੀ ਨੂੰ ਦੇਸ਼ਵਾਸੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਆਨੰਦ ਸ਼ਰਮਾ ਨਾਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਰਾਜਨੀਤਕ ਸਲਾਹਕਾਰ ਅਹਿਮਦ ਪਟੇਲ, ਅਜੇ ਮਾਕਨ, ਪੀ.ਸੀ. ਚਾਕੋ ਸਮੇਤ ਕਈ ਪ੍ਰਮੁੱਖ ਆਗੂਆਂ ਨੇ ਪ੍ਰਦਰਸ਼ਨ ਵਿਚ ਹਿੱਸਾ ਲਿਆ।