ਉਪਹਾਰ ਕਾਂਡ ਦੇ ਦੋਸ਼ੀ ਗੋਪਾਲ ਆਂਸਲ ਨੂੰ ਇਕ ਸਾਲ ਦੀ ਸਜ਼ਾ

0
475

uphar-kaand_gopalansal
ਨਵੀਂ ਦਿੱਲੀ/ਬਿਊਰੋ ਨਿਊਜ਼ :
ਸੁਪਰੀਮ ਕੋਰਟ ਨੇ 1997 ਦੇ ਉਪਹਾਰ ਸਿਨੇਮਾ ਕੇਸ ਵਿੱਚ ਰੀਅਲ ਐਸਟੇਟ ਕਾਰੋਬਾਰੀ ਗੋਪਾਲ ਆਂਸਲ ਨੂੰ ਇਕ ਸਾਲ ਦੀ ਸਜ਼ਾ ਭੁਗਤਣ ਦਾ ਆਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਨੇ 2:1 ਦੇ ਬਹੁਮੱਤ ਨਾਲ ਦਿੱਤੇ ਫੈਸਲੇ ਵਿੱਚ ਗੋਪਾਲ ਆਂਸਲ ਨੂੰ ਇਕ ਸਾਲ ਦੀ ਬਚਦੀ ਸਜ਼ਾ ਭੁਗਤਣ ਲਈ ਚਾਰ ਹਫ਼ਤਿਆਂ ਵਿੱਚ ਸਮਰਪਣ ਕਰਨ ਲਈ ਕਿਹਾ ਹੈ। ਹਾਲਾਂਕਿ ਅਦਾਲਤ ਨੇ ਉਸ ਦੇ ਵੱਡੇ ਭਰਾ ਸੁਸ਼ੀਲ ਆਂਸਲ ਨੂੰ ਜ਼ਿਆਦਾ ਉਮਰ ਕਾਰਨ ਰਾਹਤ ਦਿੰਦਿਆਂ ਉਨੀ ਹੀ ਸਜ਼ਾ ਸੁਣਾਈ, ਜੋ ਉਹ ਇਸ ਕੇਸ ਵਿੱਚ ਪਹਿਲਾਂ ਹੀ ਭੁਗਤ ਚੁੱਕਿਆ ਹੈ। ਇਸ ਵਿੱਚ ਸਜ਼ਾ ਮੁਆਫ਼ੀ ਵੀ ਸ਼ਾਮਲ ਹੈ।
ਜਸਟਿਸ ਰੰਜਨ ਗੋਗੋਈ ਅਤੇ ਕੁਰੀਅਨ ਜੋਜ਼ਫ਼ ਵੱਲੋਂ ਬਹੁਮਤ ਨਾਲ ਆਏ ਇਸ ਫੈਸਲੇ ਵਿੱਚ ਕਿਹਾ ਗਿਆ ਕਿ ਸੁਪਰੀਮ ਕੋਰਟ ਵੱਲੋਂ ਸੁਸ਼ੀਲ ਆਂਸਲ ਅਤੇ ਗੋਪਾਲ ਆਂਸਲ ਉਤੇ ਪਹਿਲਾਂ ਲਾਇਆ 30-30 ਕਰੋੜ ਦਾ ਜੁਰਮਾਨਾ ‘ਹੱਦੋਂ ਵੱਧ ਨਹੀਂ’ ਹੈ। ਤਿੰਨ ਮੈਂਬਰੀ ਬੈਂਚ ਵਿੱਚ ਜਸਟਿਸ ਗੋਗੋਈ ਤੇ ਜਸਟਿਸ ਜੋਜ਼ਫ਼ ਇਸ ਫੈਸਲੇ ਦੇ ਪੱਖ ਵਿੱਚ ਸਨ, ਜਦੋਂ ਕਿ ਜਸਟਿਸ ਆਦਰਸ਼ ਕੁਮਾਰ ਗੋਇਲ ਨੇ ਇਸ ਦਾ ਵਿਰੋਧ ਕੀਤਾ। ਸੁਪਰੀਮ ਕੋਰਟ ਨੇ ਇਹ ਫੈਸਲਾ ਸੀਬੀਆਈ ਅਤੇ ਪੀੜਤਾਂ ਦੀ ਸੰਸਥਾ ਦੀਆਂ ਅਰਜ਼ੀਆਂ ਦੇ ਆਧਾਰ ਉਤੇ ਦਿੱਤਾ। ਉਨ੍ਹਾਂ ਇਸ ਕੇਸ ਵਿੱਚ ਸਾਲ 2015 ਵਿੱਚ ਆਏ ਫੈਸਲੇ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਸੁਸ਼ੀਲ ਆਂਸਲ ਅਤੇ ਗੋਪਾਲ ਆਂਸਲ ਜੇ 30-30 ਕਰੋੜ ਦਾ ਜੁਰਮਾਨਾ ਤਿੰਨ ਮਹੀਨਿਆਂ ਵਿੱਚ ਨਹੀਂ ਭਰਦੇ ਤਾਂ ਉਨ੍ਹਾਂ ਨੂੰ ਦੋ ਸਾਲਾਂ ਦੀ ਜੇਲ੍ਹ ਦੀ ਸਜ਼ਾ ਪੂਰੀ ਕਰਨ ਲਈ ਕਿਹਾ ਜਾਵੇ। ਜ਼ਿਕਰਯੋਗ ਹੈ ਕਿ ਦੱਖਣੀ ਦਿੱਲੀ ਦੇ ਗਰੀਨ ਪਾਰਕ ਵਿੱਚ ਉਪਹਾਰ ਸਿਨੇਮਾ ਵਿੱਚ 13 ਜੂਨ 1997 ਨੂੰ ਅੱਗ ਲੱਗਣ ਕਾਰਨ 59 ਵਿਅਕਤੀ ਦਮ ਘੁਟਣ ਕਾਰਨ ਮਾਰੇ        ਗਏ ਸਨ। ਭਗਦੜ ਵਿੱਚ 100 ਤੋਂ ਵੱਧ ਵਿਅਕਤੀ ਜ਼ਖ਼ਮੀ ਵੀ ਹੋ ਗਏ ਸਨ।