ਵਾਟਸਨਵਿੱਲ ਦੇ ਟੁੱਟ ਭਰਾਵਾਂ ਵਲੋਂ ਆਮ ਆਦਮੀ ਪਾਰਟੀ ਦਾ ਸਮਰਥਨ

0
610

tut-brothers-aap-karobari
ਪਿੰਡ ਪਰਾਗਪੁਰ ਬਣਿਆ ਚੋਣ ਸਰਗਰਮੀ ਦਾ ਅਖਾੜਾ
ਜਲੰਧਰ/ਬਿਊਰੋ ਨਿਊਜ਼ :
ਪੰਜਾਬ ‘ਚ ਜਿਉਂ ਜਿਉਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਵੀ ਤੇਜ਼ ਹੁੰਦੀ ਜਾ ਰਹੀ ਹੈ। ਉੱਤਰੀ ਅਮਰੀਕਾ ਵਿਚ ਇਹ ਸਿਆਸੀ ਹਲਚਲ ਕੁਝ ਵਧੇਰੇ ਹੀ ਵੇਖਣ ਨੂੰ ਮਿਲ ਰਹੀ ਹੈ। ਪੰਜਾਬ ਨੂੰ ਖੁਸ਼ਹਾਲ ਅਤੇ ਹੱਸਦਾ-ਵੱਸਦਾ ਵੇਖਣ ਲਈ ਇਨ੍ਹੀਂ ਦਿਨੀਂ ਕਾਰੋਬਾਰੀ ਅਤੇ ਸਿਰਕੱਢ ਅਮਰੀਕੀ ਪੰਜਾਬੀਆਂ ਨੇ ਆਪਣੀ ਧਰਤੀ ਵੱਲ ਚਾਲੇ ਪਾ ਲਏ ਹਨ। ਰਿਪੋਰਟਾਂ ਅਨੁਸਾਰ 35 ਹਜ਼ਾਰ ਤੋਂ ਵੱਧ ਪ੍ਰਵਾਸੀ ਇਸ ਵੇਲੇ ਵਿਦੇਸ਼ਾਂ ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਸਮਰਥਨ ਅਤੇ ਪ੍ਰਚਾਰ ਲਈ ਪਹੁੰਚ ਚੁੱਕੇ ਹਨ। ਅਗਲੇ ਦਿਨਾਂ ਵਿਚ ਇਹ ਗਿਣਤੀ ਲਗਭਗ ਦੁੱਗਣੀ ਹੋ ਜਾਣ ਦੀ ਸੰਭਾਵਨਾ ਹੈ। ਪਹਿਲੀ ਵਾਰ ਹੈ ਕਿ ਪੰਜਾਬ ਚੋਣਾਂ ਵਿਚ ਪ੍ਰਵਾਸੀਆਂ ਦੀ ਸਭ ਤੋਂ ਮਹੱਤਵਪੂਰਨ ਭੂਮਿਕਾ ਹੋਵੇਗੀ। ਇਸੇ ਤਹਿਤ ਹੀ ਵਾਟਸਨਵਿੱਲ ‘ਚ ਵੱਸਦੇ ਕਾਰੋਬਾਰੀ ਟੁੱਟ ਭਰਾਵਾਂ ਸੁਰਜੀਤ ਸਿੰਘ ਟੁੱਟ, ਰਾਣਾ ਟੁੱਟ, ਪ੍ਰੀਤਮ ਸਿੰਘ ਟੁੱਟ ਵੀ ਜਲੰਧਰ ਛਾਉਣੀ ਲਾਗੇ ਆਪਣੇ ਪਿੰਡ ਪਰਾਗਪੁਰ ਪੁੱਜ ਗਏ ਹਨ। ਸਿਆਸੀ ਪਾਰਟੀਆਂ ਨਾਲ ਨੇੜੇ ਤੋਂ ਜੁੜੇ ਰਹੇ ਟੁੱਟ ਭਰਾ ਖਾਸ ਤੌਰ ‘ਤੇ ਰਾਣਾ ਟੁੱਟ ਆਮ ਆਦਮੀ ਪਾਰਟੀ ਨਾਲ ਖੁੱਲ੍ਹ ਕੇ ਚੱਲ ਰਹੇ ਹਨ। ਪਿੰਡ ਪਰਾਗਪੁਰ ਇਸ ਵੇਲੇ ‘ਆਪ’ ਦੀਆਂ ਸਰਗਰਮੀਆਂ ਦਾ ਮੁੱਖ ਕੇਂਦਰ ਬਣਦਾ ਜਾ ਰਿਹਾ ਹੈ। ਰਾਣਾ ਟੁੱਟ ‘ਆਪ’ ਦੀ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਝਾੜੂ ਦੇ ਪ੍ਰਚਾਰ ਲਈ ਲੱਗੇ ਹੋਏ ਹਨ। ਜਲੰਧਰ ਰੈਲੀ ਲਈ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਰਾਗਪੁਰ ਨਿਵਾਸ ਤੋਂ ਹੀ ਸ਼ੁਰੂਆਤ ਕੀਤੀ ਸੀ। ਉਂਝ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸੰਜੇ ਸਿੰਘ ਅਤੇ ਹੋਰ ‘ਆਪ’ ਆਗੂ ਅੱਜ ਕੱਲ੍ਹ ਪਰਾਗਪੁਰ ਹੀ ਠਹਿਰਦੇ ਹਨ।
ਇਨ੍ਹਾਂ ਤੋਂ ਇਲਾਵਾ ਵਾਟਸਨਵਿੱਲ ਵਿਚ ਹੀ ਵਸਦੇ ਗਾਖਲ ਭਰਾ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਨੇ ਵੀ ਖੁੱਲ੍ਹ ਕੇ ਆਮ ਆਦਮੀ ਪਾਰਟੀ ਦਾ ਸਮਰਥਨ ਹੀ ਨਹੀਂ ਕੀਤਾ ਸਗੋਂ ਸਮੂਹ ਪਰਵਾਸੀ ਪੰਜਾਬੀਆਂ ਨੂੰ ਸਮਰਥਨ ਕਰਨ ਦੀ ਅਪੀਲ ਵੀ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਦਸ ਸਾਲਾਂ ਵਿਚ ਜੋ ਵਤੀਰਾ ਪਰਵਾਸੀ ਪੰਜਾਬੀਆਂ ਦੇ ਨਿਵੇਸ਼ ਪ੍ਰਤੀ ਅਪਣਾਈ ਰੱਖਿਆ, ਉਹ ਨਿਰਾਸ਼ਾਜਨਕ ਹੀ ਰਿਹਾ। ਜਿਨ੍ਹਾਂ ਨੇ ਕੁਝ ਪੈਸੇ ਲਗਾਏ ਸਨ, ਸਿਆਸੀ ਦਖਲਅੰਦਾਜ਼ੀ ਕਾਰਨ ਸਿੱਧੇ ਜਾਂ ਅਸਿੱਧੇ ਰੂਪ ਵਿਚ ਉਨ੍ਹਾਂ ਦੇ ਕਾਰੋਬਾਰ ਪ੍ਰਭਾਵਤ ਹੋਏ। ਇਨ੍ਹਾਂ ਵਿਚੋਂ ਕਈਆਂ ਨੇ ਆਪਣਾ ਕਾਰੋਬਾਰ ਸਮੇਟ ਲਿਆ।