ਜਵਾਈ ਦੀ ਸਲਾਹ ਨਾਲ ਟਰੰਪ ਤਿਆਰ ਕਰਨਗੇ ਅਮਰੀਕਾ ਤੇ ਦੁਨੀਆ ਲਈ ਨੀਤੀਆਂ

0
566

trump-jawai
ਵਾਸ਼ਿੰਗਟਨ/ਬਿਊਰੋ ਨਿਊਜ਼ :
ਨਵੇਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਜਵਾਈ ਜੈਰੇਡ ਕਸ਼ਨਰ ਨੂੰ ਵ੍ਹਾਈਟ ਹਾਊਸ ਵਿਚ ਟਾਪ ਐਡਵਾਈਜ਼ਰ ਦਾ ਅਹੁਦਾ ਦਿੱਤਾ ਹੈ। ਰੀਅਲ ਐਸਟੇਟ ਡਵੈਲਪਰ ਅਤੇ ਮੈਗਜ਼ੀਨ ਦੇ ਪ੍ਰਕਾਸ਼ਕ ਕਸ਼ਨਰ ਨੇ ਟਰੰਪ ਦੇ ਚੋਣ ਪ੍ਰਚਾਰ ਵਿਚ ਕਾਫ਼ੀ ਫੰਡ ਇਕੱਠਾ ਕੀਤਾ ਸੀ।
ਦਿਲਚਸਪ ਗੱਲ ਹੈ ਕਿ ਕਸ਼ਨਰ ਦਾ ਮੰਗਲਵਾਰ ਨੂੰ ਹੀ ਕਸ਼ਨਰ ਦਾ ਜਨਮ ਦਿਨ ਸੀ ਤੇ ਇਸ ਮੌਕੇ ਉਨ੍ਹਾਂ ਨੂੰ ਆਪਣੇ ਸਹੁਰੇ ਤੋਂ ਇਹ ਤੋਹਫ਼ਾ ਮਿਲਿਆ। ਕਸ਼ਨਰ ਟਰੰਪ ਦੀ ਵੱਡੀ ਧੀ ਇਵਾਂਕਾ ਦੇ ਪਤੀ ਹਨ ਤੇ ਟਰੰਪ ਪ੍ਰਸ਼ਾਸਨ ਵਿਚ ਸਭ ਤੋਂ ਘੱਟ ਉਮਰ ਦੇ ਵਿਅਕਤੀ ਹੋਣਗੇ। ਕਸ਼ਨਰ ਚੀਫ਼ ਆਫ਼ ਸਟਾਫ਼ ਰਾਈਨ ਪ੍ਰਿਬਸ ਤੇ ਮੁੱਖ ਰਣਨੀਤੀਕਾਰ ਸਟੀਵ ਬੈਨਨ ਨਾਲ ਮਿਲ ਕੇ ਕੰਮ ਕਰਨਗੇ। ਟਰੰਪ ਨੇ ਉਨ੍ਹਾਂ ਦੇ ਨਾਂ ਦਾ ਐਲਾਨ ਕਰਦਿਆਂ ਕਿਹਾ, ‘ਜੈਰੇਡ ਕਾਫ਼ੀ ਅਹਿਮ ਹੈ ਤੇ ਪੂਰੇ ਚੋਣ ਪ੍ਰਚਾਰ ਦੌਰਾਨ ਇਕ ਭਰੋਸੇਯੋਗ ਸਲਾਹਕਾਰ ਰਹੇ ਹਨ। ਮੈਨੂੰ ਮਾਣ ਹੈ ਕਿ ਮੇਰੇ ਪ੍ਰਸ਼ਾਸਨ ਵਿਚ ਉਹ ਅਹਿਮ ਲੀਡਰ ਦੀ ਭੂਮਿਕਾ ਵਿਚ ਹੋਣਗੇ।’ ਇਹ ਐਲਾਨ ਉਸ ਪ੍ਰੈੱਸ ਕਾਨਫਰੰਸ ਦੇ ਠੀਕ ਪਹਿਲਾਂ ਹੋਇਆ ਹੈ, ਜਿਸ ਵਿਚ ਟਰੰਪ ਆਪਣੀ ਕੰਪਨੀ ਤੇ ਵ੍ਹਾਈਟ ਹਾਊਸ ਵਿਚ ਰਹਿੰਦਿਆਂ ਹਿਤਾਂ ਦੇ ਟਕਰਾਅ ਵਰਗੇ ਮੁੱਦੇ ‘ਤੇ ਗੱਲ ਕਰਨਗੇ।
ਕਸ਼ਨਰ ਨੂੰ ਟਰੰਪ ਦੇ ਚੋਣ ਪ੍ਰਚਾਰ ਵਿਚ ਡਾਟਾ ‘ਤੇ ਆਧਾਰਤ ਕੈਂਪੇਨ ਸ਼ੁਰੂ ਕਰਨ ਦਾ ਸਿਹਰਾ ਬੰਨ੍ਹਿਆ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਵੀ ਕੈਂਪੇਨ ਨੂੰ ਨਵੇਂ ਅੰਦਾਜ਼ ਵਿਚ ਸ਼ੁਰੂ ਕੀਤਾ ਸੀ। ਟਰੰਪ ਦੀ ਟਰਾਂਜ਼ਿਸ਼ਨ ਟੀਮ ਮੁਤਾਬਕ ਵ੍ਹਾਈਟ ਹਾਊਸ ਵਿਚ ਰਹਿੰਦਿਆਂ ਕਸ਼ਨਰ ਨੂੰ ਤਨਖ਼ਾਹ ਨਹੀਂ ਮਿਲੇਗੀ। ਫੋਬਸ ਦੇ ਮੁਤਾਬਕ ਪਿਤਾ ਤੇ ਭਰਾ ਨਾਲ ਮਿਲ ਕੇ ਕਸ਼ਨਰ ਦੀ ਕੁੱਲ ਸੰਪਤੀ 1.8 ਅਰਬ ਡਾਲਰ ਹੈ। ਮੰਨਿਆ ਜਾ ਰਿਹਾ ਹੈ ਕਿ ਕਸ਼ਨਰ ਹੁਣ ਆਪਣੀ ਕੰਪਨੀ ਦੇ ਸੀ.ਈ.ਓ. ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਕਸ਼ਨਰ ਦੀ ਅਗਵਾਈ ਵਿਚ ਉਨ੍ਹਾਂ ਦੀ ਕੰਪਨੀ ਨੇ 2007 ਤੋਂ ਬਾਅਦ ਤੋਂ 14 ਅਰਬ ਡਾਲਰ ਦੀ ਕਮਾਈ ਕੀਤੀ ਤੇ ਸੱਤ ਅਰਬ ਡਾਲਰ ਦੀ ਲਾਗਤ ਨਾਲ ਕੁਝ ਕਰਾਰ ਕੀਤੇ। ਕਸ਼ਨਰ ਨੇ ਆਪਣੇ ਭਰਾ ਨਾਲ ਮਿਲ ਕੇ ਇਕ ਇਨਵੈਸਟਮੈਂਟ ਕੰਪਨੀ ਦੀ ਸ਼ੁਰੂਆਤ ਕੀਤੀ ਸੀ। ਉਹ ਟੈਕਨਾਲੋਜੀ ਕੰਪਨੀ ਦੇ ਸਰਗਰਮ ਨਿਵੇਸ਼ਕ ਹਨ ਤੇ ਨਾਲ ਹੀ ਕਈ ਸਟਾਰਟ ਅਪਸ ਵੀ ਸ਼ੁਰੂ ਕਰ ਚੁੱਕੇ ਹਨ।