ਇਰਾਕ ‘ਚ ਅਗਵਾ 39 ਭਾਰਤੀਆਂ ਨੂੰ ਬਿਨਾਂ ਸਬੂਤ ਦੇ ਮ੍ਰਿਤਕ ਕਿਵੇਂ ਐਲਾਨ ਦਿਆਂ : ਸੁਸ਼ਮਾ ਸਵਰਾਜ

0
295

New Delhi: Union External Affairs Minister Sushma Swaraj during a programme organised on the culmination of Indio-Nepal Car Rally at India Gate in New Delhi, on March 8, 2015. (Photo: Sunil Majumdar/IANS)

ਨਵੀਂ ਦਿੱਲੀ/ਬਿਊਰੋ ਨਿਊਜ਼ :
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਇਰਾਕ ਦੇ ਮੋਸੂਲ ਵਿਚੋਂ ਤਿੰਨ ਸਾਲ ਪਹਿਲਾਂ ਅਗਵਾ ਕੀਤੇ 39 ਭਾਰਤੀਆਂ ਦੇ ਮਾਰੇ ਜਾਣ ਬਾਰੇ ਕੋਈ ਠੋਸ ਸਾਹਮਣੇ ਨਹੀਂ ਆਇਆ ਹੈ। ਇਸ ਲਈ ਬਿਨਾਂ ਕਿਸੇ ਸਬੂਤ ਦੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕੇ ਉਹ ‘ਪਾਪ ਨਹੀਂ ਕਰਨਗੇ’। ਇਸ ਮੁੱਦੇ ‘ਤੇ ਦੇਸ਼ ਨੂੰ ਗੁੰਮਰਾਹ ਕਰਨ ਦੇ ਦੋਸ਼ਾਂ ਨੂੰ ਲੋਕ ਸਭਾ ਵਿਚ ਰੱਦ ਕਰਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਜਦੋਂ ਤਕ ਮੌਤ ਬਾਰੇ ਸਬੂਤ ਨਹੀਂ ਮਿਲਦਾ ਉਨ੍ਹਾਂ ਨੂੰ ਲੱਭਣ ਲਈ ਸਰਕਾਰ ਆਪਣੇ ਯਤਨ ਜਾਰੀ ਰੱਖੇਗੀ।
ਉਨ੍ਹਾਂ ਕਿਹਾ, ’39 ਭਾਰਤੀਆਂ ਦੀ ਮੌਤ ਬਾਰੇ ਜਦੋਂ ਤਕ ਕੋਈ ਸਬੂਤ ਨਹੀਂ ਮਿਲਦਾ ਇਹ ਫਾਈਲ ਬੰਦ ਨਹੀਂ ਹੋਵੇਗੀ। ਬਿਨਾਂ ਸਬੂਤ ਦੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇਣਾ ਪਾਪ ਹੋਵੇਗਾ ਅਤੇ ਮੈਂ ਇਹ ਪਾਪ ਨਹੀਂ ਕਰਾਂਗੀ।’ ਉਨ੍ਹਾਂ ਕਿਹਾ ਕਿ ਵੀਅਤਨਾਮ ਹਾਲੇ ਵੀ ਆਪਣੇ ਫ਼ੌਜੀਆਂ ਦੀ ਤਲਾਸ਼ ਕਰ ਰਿਹਾ ਹੈ, ਜੋ ਵੀਅਤਨਾਮ ਜੰਗ ਵਿੱਚ ਲਾਪਤਾ ਹੋ ਗਏ ਸਨ ਜਾਂ ਮਾਰੇ ਗਏ ਸਨ। ਇਥੋਂ ਤਕ ਕਿ ਦੂਜੇ ਵਿਸ਼ਵ ਯੁੱਧ ਵਿੱਚ ਲਾਪਤਾ ਹੋਏ ਫ਼ੌਜੀਆਂ ਦੀ ਅਮਰੀਕਾ ਹਾਲੇ ਵੀ ਭਾਲ ਕਰ ਰਿਹਾ ਹੈ।
ਦੱਸਣਯੋਗ ਹੈ ਕਿ ਇਰਾਕ ਦੇ ਵਿਦੇਸ਼ ਮੰਤਰੀ ਇਬਰਾਹਿਮ ਅਲ-ਜਾਫਰੀ ਨੇ ਕਿਹਾ ਸੀ ਕਿ ਭਾਰਤੀਆਂ ਦੇ ਜ਼ਿੰਦਾ ਜਾਂ ਮਾਰੇ ਜਾਣ ਬਾਰੇ ਕੋਈ ਪੁਖਤਾ ਸਬੂਤ ਨਹੀਂ ਹੈ। ਉਨ੍ਹਾਂ ਪੁਸ਼ਟੀ ਕੀਤੀ ਸੀ ਕਿ ਬਦੂਸ਼ ਜੇਲ੍ਹ, ਜੋ ਭਾਰਤੀਆਂ ਦਾ ਆਖਰੀ ਟਿਕਾਣਾ ਮੰਨੀ ਗਈ ਸੀ, ਨੂੰ ਆਈਐਸਆਈਐਸ ਦੇ ਅਤਿਵਾਦੀਆਂ ਨੇ ਢਹਿ-ਢੇਰੀ ਕਰ ਦਿੱਤਾ ਹੈ। ਸੁਸ਼ਮਾ ਸਵਰਾਜ ਦੇ ਇਸ ਸਖ਼ਤ ਬਿਆਨ ਤੋਂ ਅਸੰਤੁਸ਼ਟ ਨਜ਼ਰ ਆਈ ਕਾਂਗਰਸ ਦੇ ਆਗੂ ਮਲਿਕਅਰਜੁਨ ਖੜਗੇ ਨੇ ਕਿਹਾ, ‘ਵਿਦੇਸ਼ ਮਾਮਲਿਆਂ ‘ਤੇ ਚਰਚਾ ਲਈ ਅਸੀਂ ਨੋਟਿਸ ਦੇਵਾਂਗੇ ਅਤੇ ਫਿਰ ਦੇਖਾਂਗੇ ਕਿ ਤੁਸੀਂ (ਸੁਸ਼ਮਾ) 2014 ਵਿੱਚ ਕੀ ਕਿਹਾ ਸੀ।’ ਸਪੀਕਰ ਸੁਮਿਤਰਾ ਮਹਾਜਨ ਵੱਲੋਂ ਸੁਸ਼ਮਾ ਸਵਰਾਜ ਦੇ ਬਿਆਨ ‘ਤੇ ਕੋਈ ਸਵਾਲ ਦੀ ਆਗਿਆ ਨਾ ਦੇਣ ਬਾਅਦ ਸ੍ਰੀ ਖੜਗੇ ਨੇ ਇਹ ਬਿਆਨ ਦਿੱਤਾ।
ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਨੇ ਆਪਣੇ ਨਵੰਬਰ 2014 ਨੂੰ ਲੋਕ ਸਭਾ ਵਿੱਚ ਦਿੱਤੇ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਕੇਸ ਵਿੱਚ ਜੋ ਵੀ ਕਿਹਾ ਸੀ ਸਦਨ ਦੀ ਸਹਿਮਤੀ ਨਾਲ ਕਿਹਾ ਸੀ। ਸੁਸ਼ਮਾ ਸਵਰਾਜ ਨੇ ਕਾਂਗਰਸ ਸਰਕਾਰ ਵੱਲੋਂ 1971 ਦੀ ਜੰਗ ਵਿਚ ਇਕ ਫ਼ੌਜੀ ਦੇ ਸ਼ਹੀਦ ਹੋਣ ਦਾ ਐਲਾਨ ਕੀਤੇ ਜਾਣ ਦੀ ਉਦਾਹਰਣ ਦਿੰਦਿਆਂ ਕਿਹਾ ਕਿ 45 ਸਾਲਾਂ ਬਾਅਦ ਪਤਾ ਲੱਗਾ ਸੀ ਕਿ ਉਹ ਫ਼ੌਜੀ ਪਾਕਿਸਤਾਨ ਦੀ ਜੇਲ੍ਹ ਵਿੱਚ ਹੈ।
ਸੁਸ਼ਮਾ ਸਵਰਾਜ ਨੇ ਕਿਹਾ, ‘ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਹ ਇਸ ਦੁਨੀਆਂ ਵਿੱਚ ਨਹੀਂ ਰਹੇ ਤਾਂ ਤੁਸੀਂ ਪਰਿਵਾਰਾਂ ਕੋਲ ਅਫ਼ਸੋਸ ਪ੍ਰਗਟਾਉਣ ਜਾ ਸਕਦੇ ਹੋ। ਇਸੇ ਤਰ੍ਹਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਅੰਤਿਮ ਅਰਦਾਸ ਕਰਾਉਣ ਲਈ ਆਜ਼ਾਦ ਹਨ ਪਰ ਜੇਕਰ ਕੋਈ ਮੁੜਿਆ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਹੋਵੇਗੀ। ਮੈਂ ਅਗਵਾ ਭਾਰਤੀਆਂ, ਜੋ ਜ਼ਿਆਦਾਤਰ ਪੰਜਾਬ ਵਿੱਚੋਂ ਹਨ, ਦੇ ਪਰਿਵਾਰਾਂ ਨਾਲ 12 ਵਾਰ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਦੱਸਿਆ ਕਿ ਕੋਈ ਸਬੂਤ ਨਹੀਂ ਹੈ ਕਿ ਇਹ ਮੰਨ ਲਿਆ ਜਾਵੇ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਮੈਂ ਕਦੇਂ ਵੀ ਸੰਸਦ ਜਾਂ ਅਗਵਾ ਭਾਰਤੀਆਂ ਦੇ ਪਰਿਵਾਰਾਂ ਨੂੰ ਗੁੰਮਰਾਹ ਨਹੀਂ ਕੀਤਾ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਇਸ ਮੁੱਦੇ ‘ਤੇ ਲੋਕਾਂ ਨੂੰ ਗੁੰਮਰਾਹ ਕਰਕੇ ਮੈਨੂੰ ਜਾਂ ਮੇਰੀ ਸਰਕਾਰ ਨੂੰ ਕੀ ਲਾਭ ਮਿਲੇਗਾ।’