ਭਾਰਤ ਤੇ ਮਿਆਂਮਾਰ ਜ਼ਮੀਨੀ ਰਾਹ ਖੋਲ੍ਹਣ ਲਈ ਸਹਿਮਤ

0
178

sushma-myanmar-india
ਸੂ ਕੀ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ
ਨੇ ਪਾਈ ਤਾਅ/ਬਿਊਰੋ ਨਿਊਜ਼ :
ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲੋਕਾਂ ਲਈ ਜ਼ਮੀਨੀ ਸਰਹੱਦ ਖੋਲ੍ਹਣ ਸਮੇਤ ਗਵਾਂਢੀ ਦੇਸ਼ ਮਿਆਂਮਾਰ ਦੇ ਨਾਲ ਸੱਤ ਸਮਝੌਤਿਆਂ ਉੱਤੇ ਹਸਤਾਖ਼ਰ ਕੀਤੇ ਹਨ। ਸਮਝੌਤੇ ਮੁਤਾਬਕ ਦੋਵਾਂ ਦੇਸ਼ਾਂ ਦੇ ਲੋਕ ਪਾਸਪੋਰਟਾਂ ਉੱਤੇ ਵੀਜ਼ਾ ਹਾਸਲ ਕਰਕੇ ਜ਼ਮੀਨੀ ਰਸਤੇ ਇਕ ਦੂਜੇ ਦੇਸ਼ ‘ਚ ਆ ਜਾ ਸਕਣਗੇ। ਉਨ੍ਹਾਂ ਨੇ ਇੱਥੇ ਮਿਆਂਮਾਰ ਦੇ ਉੱਚ ਆਗੂਆਂ ਦੇ ਨਾਲ ਹੋਰ ਦੁਵੱਲੇ ਮਸਲੇ ਵਿਚਾਰਨ ਦੇ ਨਾਲ ਰਖਾਈਨ ਸੂਬੇ ਵਿੱਚ ਸ਼ਾਂਤੀ, ਸੁਰੱਖਿਆ ਅਤੇ ਵਿਕਾਸ ਦਾ ਮੁੱਦਾ ਵੀ ਵਿਚਾਰਿਆ ਜਿੱਥੇ ਹਿੰਸਾ ਫੈਲਣ ਬਾਅਦ ਹਜ਼ਾਰਾਂ ਦੀ ਤਦਾਦ ਵਿੱਚ ਰੋਹਿੰਗੀਆ ਮੁਸਲਮਾਨ ਹਿਜਰਤ ਕਰਕੇ ਬੰਗਲਾਦੇਸ਼ ਵਿੱਚ ਆ ਗਏ ਹਨ। ਇਨ੍ਹਾਂ ਲੋਕਾਂ ਦੀਆਂ ਵਾਪਸੀ ਦੀਆਂ ਸੰਭਾਵਨਾਵਾਂ ਵੀ ਤਲਾਸ਼ੀਆਂ ਗਈਆਂ। ਉਨ੍ਹਾਂ ਕਿਹਾ ਕਿ ਭਾਰਤ ਰੋਹਿੰਗੀਆ ਮੁਸਲਮਾਨਾਂ ਦੀ ਸੁਰੱਖਿਅਤ ਵਾਪਸੀ ਲਈ ਵਚਨਬੱਧ ਹੈ।
ਇੱਥੇ ਜਾਰੀ ਕੀਤੇ ਸਰਕਾਰੀ ਬਿਆਨ ਅਨੁਸਾਰ ਭਾਰਤ ਨੇ ਮਿਆਂਮਾਰ ਦੇ ਵਿਕਾਸ ਵਿੱਚ ਸਹਿਯੋਗ ਕਰਨ ਪ੍ਰਤੀ ਵਚਨਬੱਧਤਾ ਪ੍ਰਗਟਾਈ ਹੈ। ਸ੍ਰੀਮਤੀ ਸਵਰਾਜ ਨੇ ਮਿਆਂਮਾਰ ਦੇ ਰੱਖਿਆ ਸੇਵਾਵਾਂ ਦੇ ਮੁੱਖ ਕਮਾਂਡਰ, ਸੀਨੀਅਰ ਜਨਰਲ ਮਿਨ ਔਂਗ ਹਲਾਇੰਗ ਦੇ ਨਾਲ ਵੀ ਮੁਲਕਾਤਾਂ ਕੀਤੀਆਂ। ਇਸ ਦੌਰੇ ਦੌਰਾਨ ਭਾਰਤ ਤੇ ਮਿਆਂਮਾਰ ਵਿਚਕਾਰ ਜ਼ਮੀਨੀ ਸਰਹੱਦ ਪਾਰ ਕਰਨ ਸਬੰਧੀ, ਬੰਗਾਲ ਵਿੱਚ  ਭੂਚਾਲ ਕਾਰਨ ਤਬਾਹ ਹੋਏ ਪਗੌਡਿਆਂ ਦੀ ਮੁੜ ਉਸਾਰੀ, ਗੋਲੀਬੰਦੀ ਸਮੀਖਿਆ ਲਈ ਸਾਂਝੀ ਕਮੇਟੀ ਕਾਇਮ ਕਰਨਾ ਅਤੇ ਮਿਆਂਮਾਰ ਦੀ ਵਿਦੇਸ਼ ਸੇਵਾ ਦੇ ਅਧਿਕਾਰੀਆਂ ਨੂੰ ਟਰੇਨਿੰਗ ਦੇਣ ਸਬੰਧੀ ਸਮਝੌਤੇ ਸ਼ਾਮਲ ਹਨ। ਇੱਕ ਸਮਝੌਤਾ ਮੋਨੀਆਵਾ ਵਿੱਚ ਉਦਯੋਗਿਕ ਟਰੇਨਿੰਗ ਕੇਂਦਰ ਸਥਾਪਿਤ ਕਰਨ ਸਬੰਧੀ ਵੀ ਹੋਇਆ ਹੈ।
ਉਨ੍ਹਾਂ ਮਿਆਂਮਾਰ ਦੇ ਰਾਸ਼ਟਰਪਤੀ ਯੂ ਵਿਨ ਮੇਨਿੰਟ ਦੇ ਨਾਲ ਵੀ ਮੁਲਾਕਾਤ ਕੀਤੀ। ਦੁਵੱਲੀਆਂ ਮੀਟਿੰਗਾਂ ਵਿੱਚ ਵਿਕਾਸ, ਸਰਹੱਦ ਤੇ ਸੁਰੱਖਿਆ ਵਰਗੇ ਅਹਿਮ ਮਸਲਿਆਂ ਉੱਤੇ ਚਰਚਾ ਹੋਈ।