ਖਾਲਸਾਈ ਰੰਗ ਵਿਚ ਰੰਗਿਆ ਕਨੇਡਾ ਦਾ ‘ਪੰਜਾਬੀ ਸ਼ਹਿਰ ਸਰੀ’

0
333

pic-surry-news-1
ਵਿਸਾਖੀ ਨਗਰ ਕੀਰਤਨ ਵਿਚ 5 ਲੱਖ ਤੋਂ ਵੱਧ ਸੰਗਤਾਂ ਨੇ ਕੀਤੀ ਸ਼ਮੂਲੀਅਤ
ਸਰੀ(ਕਨੇਡ)/ਸਿੱਖ ਸਿਆਸਤ ਬਿਊਰੋ:
ਖ਼ਾਲਸਾ ਸਾਜਨਾ ਦਿਹਾੜੇ ਦੇ ਸਬੰਧ ਵਿੱਚ ਸਰੀ ‘ਚ ਬੀਤੇ ਕੱਲ੍ਹ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ (ਸਰਕਾਰੀ ਅੰਕੜਿਆਂ ਮੁਤਾਬਿਕ) ਪੰਜ ਲੱਖ ਤੋਂ ਵੱਧ ਵਿਅਕਤੀ ਸ਼ਾਮਲ ਹੋਏ। ਇਹ ਗਿਣਤੀ ਸਰੀ ਦੀ ਕੁੱਲ ਆਬਾਦੀ ਤੋਂ ਵੱਧ ਹੈ।
ਨਿਰਧਾਰਤ ਪ੍ਰੋਗਰਾਮ ਅਨੁਸਾਰ ਅਨੁਸਾਰ ਸਵੇਰੇ ਕਰੀਬ 9:00 ਵਜੇ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਦਸਮੇਸ਼ ਦਰਬਾਰ ਤੋਂ ਚੱਲੇ ਨਗਰ ਕੀਰਤਨ ‘ਚ ਸਿੱਖਾਂ ਦੀਆਂ ਸ਼ਾਨਾਮੱਤੀਆਂ ਪ੍ਰਾਪਤੀਆਂ ਤੇ ਘੋਲਾਂ ਨੂੰ ਦਰਸਾਉਂਦੀਆਂ ਲਗਪਗ 20 ਝਾਕੀਆਂ ਵੀ ਕੱਢੀਆਂ ਗਈਆਂ ਸਨ। ਇਹਨਾਂ ਵਿਚ ਪੁਰਾਤਨ ਅਤੇ ਵਰਤਮਾਨ ਸਿੱਖ ਸੰਘਰਸ਼ ਦੇ ਸ਼ਹੀਦਾਂ ਨੂੰ ਦਰਸਾਉਂਦੀਆਂ ਤਸਵੀਰਾਂ ਵੀ ਸ਼ਾਮਿਲ ਸਨ। ਇਸ ਦੌਰਾਨ ਵਰਤਮਾਨ ਸਮੇਂ ਭਾਰਤੀ ਹਕੂਮਤ ਖਿਲਾਫ ਜੂਝਦਿਆਂ ਸ਼ਹੀਦ ਹੋਏ ਸਿੱਖਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਰਵਾਇਤ ਅਨੁਸਾਰ ਕੈਨੇਡੀਅਨ ਫ਼ੌਜ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ। ਬੀਸੀ ਦੇ ਪ੍ਰੀਮੀਅਰ ਜੌਹਨ ਹੌਰਗਨ ਨੇ ਆਪਣੇ ਮੰਤਰੀਆਂ ਤੇ ਵਿਧਾਇਕਾਂ ਸਮੇਤ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਸੂਬੇ ਵਿੱਚ ਹਰ ਸਾਲ ਅਪਰੈਲ ਮਹੀਨਾ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਉਣ ਬਾਰੇ ਸਰਕਾਰੀ ਪੱਤਰ ਪ੍ਰਬੰਧਕਾਂ ਨੂੰ ਸੌਂਪਿਆ।

ਵਰਤਮਾਨ ਸ਼ੰਘਰਸ਼ ਦੇ ਸ਼ਹੀਦਾਂ ਦੀ ਯਾਦ
ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਏ ਨਗਰ ਕੀਰਤਨ ਨੂੰ ਵਾਪਸ ਪਹੁੰਚਣ ਲਈ ਕਰੀਬ ਅੱਠ ਘੰਟੇ ਲੱਗੇ। ਪਾਲਕੀ ਸਾਹਿਬ ਦੇ ਮੂਹਰੇ ਗਤਕਾ ਪਾਰਟੀਆਂ ਨੇ ਗਤਕਾ ਖੇਡਿਆ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸ਼ੇਸ਼ ਤੌਰ ‘ਤੇ ਵਧਾਈ ਸੰਦੇਸ਼ ਭੇਜ ਕੇ ਖ਼ਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਗੁਰਦੁਆਰਾ ਕਮੇਟੀ ਵੱਲੋਂ ਪੰਜਾਬ ਤੋਂ ਆਏ ਮਨੁੱਖੀ ਹੱਕਾਂ ਬਾਰੇ ਕਾਰਕੁਨ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਦਾ ਸਨਮਾਨ ਕੀਤਾ ਗਿਆ।
ਨਗਰ ਕੀਰਤਨ ਦੇ ਨਿਰਧਾਰਿਤ ਰੂਟ ਦੇ ਆਸ-ਪਾਸ ਵਪਾਰਕ ਅਦਾਰਿਆਂ ਤੇ ਹੋਰ ਸ਼ਰਧਾਲੂਆਂ ਵੱਲੋਂ ਸਟੇਜਾਂ, ਸਟਾਲਾਂ ਤੇ ਲੰਗਰਾਂ ਦੇ ਪ੍ਰਬੰਧ ਕੀਤੇ ਹੋਏ ਸਨ।