ਸਟਿੰਗ ਅਪਰੇਸ਼ਨ ਮਾਮਲਾ : ਕਿਸੇ ਵੀ ਵੇਲੇ ਛੋਟੇਪੁਰ ਦੀ ਹੋ ਸਕਦੀ ਹੈ ਪਾਰਟੀ ‘ਚੋਂ ਛੁੱਟੀ

0
930

Sucha-singh-chhotepur
ਹਿੰਮਤ ਸਿੰਘ ਸ਼ੇਰਗਿਲ ਨੂੰ ਸੌਂਪੀ ਜਾ ਸਕਦੀ ਹੈ ਕਮਾਂਡ
ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਨਵੀਨਰ ਇੱਕ ਸਟਿੰਗ ਅਪਰੇਸ਼ਨ ਵਿੱਚ ਕਸੂਤੇ ਫਸ ਗਏ ਹਨ ਅਤੇ ਉਨ੍ਹਾਂ ਦੀ ਕਿਸੇ ਵੇਲੇ ਵੀ ਪਾਰਟੀ ਵਿਚੋਂ ਛੁੱਟੀ ਹੋ ਸਕਦੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੇ ਮੈਂਬਰਾਂ ਵੱਲੋਂ ਸਟਿੰਗ ਅਪਰੇਸ਼ਨ ਦੀ ਹਾਸਲ ਹੋਈ ਵੀਡੀਓ ਦੀ ਘੋਖ ਕਰ ਲਈ ਗਈ ਹੈ ਅਤੇ ਸ੍ਰੀ ਛੋਟੇਪੁਰ ਨੂੰ ਕਿਸੇ ਵੇਲੇ ਵੀ ਪਾਰਟੀ ਵਿਚੋਂ ਕੱਢਣ ਦਾ ਫ਼ੈਸਲਾ ਲਿਆ ਜਾ ਸਕਦਾ ਹੈ।
ਸੂਤਰਾਂ ਅਨੁਸਾਰ ਪਿਛਲੇ ਦਿਨੀਂ ਜਦੋਂ ਸ੍ਰੀ ਕੇਜਰੀਵਾਲ ਹਿਮਾਚਲ ਪ੍ਰਦੇਸ਼ ਵਿੱਚ ਵਿਪਾਸਨਾ ਕਰਨ ਗਏ ਸਨ ਤਾਂ ਉਸ ਵੇਲੇ ਜ਼ਿਲ੍ਹਾ ਬਠਿੰਡਾ ਨਾਲ ਸਬੰਧਤ ਪਾਰਟੀ ਦੇ ਇੱਕ ਵਾਲੰਟੀਅਰ ਨੇ ‘ਆਪ’ ਦੀ ਕੌਮੀ ਲੀਡਰਸ਼ਿਪ ਨੂੰ ਸਟਿੰਗ ਅਪਰੇਸ਼ਨ ਦੀ ਵੀਡੀਓ ਸੌਂਪੀ ਸੀ। ਇਸ ਵਿੱਚ ਵਾਲੰਟੀਅਰ ਇੱਕ ਪੈਕਟ ਸ੍ਰੀ ਛੋਟੇਪੁਰ ਨੂੰ ਮੁਹੱਈਆ ਦਿੰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਸ੍ਰੀ ਛੋਟੇਪੁਰ ਅਤੇ ਸਟਿੰਗ ਅਪਰੇਸ਼ਨ ਕਰਨ ਵਾਲੇ ਵਿਅਕਤੀ ਦੀ ਆਵਾਜ਼ ਵੀ ਰਿਕਾਰਡ ਹੋਈ ਹੈ। ਦੋਵਾਂ ਵਿਚਾਲੇ ਹੋਈ ਗੱਲਬਾਤ ਪੀਏਸੀ ਦੇ ਮੈਂਬਰਾਂ ਨੇ ਸੁਣੀ ਹੈ, ਜਿਸ ਵਿੱਚ ਸਰਕਾਰ ਬਣਨ ਤੋਂ ਬਾਅਦ ਕੋਈ ਅਹੁਦਾ ਦੇਣ ਦੀ ਗੱਲ ਹੋ ਰਹੀ ਹੈ। ਸੂਤਰਾਂ ਅਨੁਸਾਰ ਪੀਏਸੀ ਨੇ ਇਸ ਵੀਡੀਓ ਉਪਰ ਕਈ ਦੌਰ ਦੀਆਂ ਮੀਟਿੰਗਾਂ ਕਰਨ ਉਪਰੰਤ ਸਿੱਟਾ ਕੱਢਿਆ ਹੈ ਕਿ ਸ੍ਰੀ ਛੋਟੇਪੁਰ ਨੇ ਦੋ ਲੱਖ ਰੁਪਏ ਹਾਸਲ ਕੀਤੇ ਹਨ। ਸ੍ਰੀ ਕੇਜਰੀਵਾਲ ਦੀ ਵਾਪਸੀ ‘ਤੇ ਜਦੋਂ ਉਨ੍ਹਾਂ ਨੂੰ ਵੀਡੀਓ ਦਿਖਾਈ ਗਈ ਤਾਂ ਉਹ ਭੜਕ ਉਠੇ ਅਤੇ ਇਸੇ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਸ੍ਰੀ ਛੋਟੇਪੁਰ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ। ਇਸ ਤੋਂ ਬਾਅਦ ‘ਆਪ’ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ੍ਰੀ ਛੋਟੇਪੁਰ ਨੂੰ ਦਿੱਲੀ ਸੱਦ ਕੇ ਇਸ ਬਾਬਤ ਗੱਲਬਾਤ ਕੀਤੀ ਹੈ। ਦੱਸਣਯੋਗ ਹੈ ਕਿ ਜਦੋਂ ਪਾਰਟੀ ਨੇ 19 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ ਤਾਂ ਸ੍ਰੀ ਛੋਟੇਪੁਰ ਰੋਸ ਵਜੋਂ ਇਸ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਨਹੀਂ ਹੋਏ ਸਨ ਅਤੇ ਉਨ੍ਹਾਂ ਨੇ ਕੁਝ ਉਮੀਦਵਾਰਾਂ ‘ਤੇ ਉਂਗਲ ਉਠਾਉਂਦਿਆਂ ਐਲਾਨ ਕੀਤਾ ਸੀ ਕਿ ਉਹ ਆਪਣੇ ਇਤਰਾਜ਼ ਸ੍ਰੀ ਕੇਜਰੀਵਾਲ ਕੋਲ ਰੱਖਣਗੇ। ਸ੍ਰੀ ਕੇਜਰੀਵਾਲ ਭਾਵੇਂ ਹਿਮਾਚਲ ਤੋਂ 12 ਅਗਸਤ ਨੂੰ ਵਾਪਸ ਦਿੱਲੀ ਆ ਗਏ ਸਨ ਪਰ ਉਨ੍ਹਾਂ ਨੇ ਸ੍ਰੀ ਛੋਟੇਪੁਰ ਵੱਲੋਂ ਵਾਰ-ਵਾਰ ਸਮਾਂ ਮੰਗਣ ਦੇ ਬਾਵਜੂਦ ਕੋਈ ਹੁੰਗਾਰਾ ਨਹੀਂ ਦਿੱਤਾ। ਪਾਰਟੀ ਸੂਤਰਾਂ ਅਨੁਸਾਰ ਭਾਵੇਂ ਪੀਏਸੀ ਦੇ ਮੈਂਬਰਾਂ ਨੂੰ ਇਸ ਸਟਿੰਗ ਅਪਰੇਸ਼ਨ ਦਾ ਕਈ ਦਿਨ ਪਹਿਲਾਂ ਹੀ ਪਤਾ ਲੱਗ ਗਿਆ ਸੀ ਪਰ ਉਹ ਪਾਰਟੀ ਦੀ ਬਦਨਾਮੀ ਦੇ ਡਰੋਂ ਇਸ ਮੁੱਦੇ ਨੂੰ ਦੱਬੀ ਬੈਠੇ ਸਨ ਪਰ ਪਿਛਲੇ ਦਿਨੀਂ ਇਸ ਸਟਿੰਗ ਅਪਰੇਸ਼ਨ ਦੀ ਵੀਡੀਓ ਲੀਕ ਹੋਣ ਤੋਂ ਬਾਅਦ ਪਾਰਟੀ ਹਰਕਤ ਵਿੱਚ ਆਈ ਹੈ। ਪਾਰਟੀ ਹਲਕਿਆਂ ਵਿੱਚ ਚਰਚਾ ਚੱਲ ਪਈ ਹੈ ਕਿ ਸ੍ਰੀ ਛੋਟੇਪੁਰ ਦੀ ਛਾਂਟੀ ਕਰਨ ਦੀ ਸੂਰਤ ਵਿੱਚ ਪੰਜਾਬ ਇਕਾਈ ਦੇ ਕਨਵੀਨਰ ਦੀ ਜ਼ਿੰਮੇਵਾਰੀ ਕਾਨੂੰਨੀ ਸੈੱਲ ਦੇ ਮੁਖੀ ਅਤੇ ਮੁਹਾਲੀ ਤੋਂ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੂੰ ਦਿੱਤੀ ਜਾ ਸਕਦੀ ਹੈ।
ਮੇਰੇ ਖ਼ਿਲਾਫ਼ ਸਾਜਿਸ਼ ਰਚੀ ਗਈ : ਛੋਟੇਪੁਰ
ਪੰਜਾਬ ‘ਆਪ’ ਦੇ ਕਨਵੀਨਰ ਸ੍ਰੀ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਉਹ ਖੁੱਲ੍ਹੀ ਕਿਤਾਬ ਹਨ ਅਤੇ ਹਮੇਸ਼ਾ ਆਪਣੇ ਹੱਥੀਂ ਸਿੰਜੀ ਪਾਰਟੀ ਦੀ ਸੁੱਖ ਹੀ ਮੰਗਣਗੇ। ਉਨ੍ਹਾਂ ਕਿਹਾ ਕਿ ਸ੍ਰੀ ਸਿਸੋਦੀਆ ਨੂੰ ਉਹ ਖ਼ੁਦ ਹੀ ਮਿਲਣ ਗਏ ਸਨ ਅਤੇ ਅਜਿਹੀ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਾਰਟੀ ਫੰਡ ਹਰੇਕ ਪਾਰਟੀ ਦੇ ਆਗੂ ਲੈਂਦੇ ਹਨ। ਉਂਜ ਵੀ ਉਨ੍ਹਾਂ ਨੂੰ ਟਿਕਟਾਂ ਵੰਡਣ ਦਾ ਕੋਈ ਅਧਿਕਾਰ ਨਹੀਂ ਹੈ, ਜਿਸ ਕਾਰਨ ਕੋਈ ਉਨ੍ਹਾਂ ਨੂੰ ਪੈਸੇ ਕਿਉਂ ਦੇਵੇਗਾ। ਸ੍ਰੀ ਛੋਟੇਪੁਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਜ਼ੁਬਾਨ ਬੰਦ ਕਰਨ ਲਈ ਅਜਿਹੇ ਦੋਸ਼ ਘੜੇ ਜਾ ਰਹੇ ਹਨ ਅਤੇ ਉਹ ਸਮਾਂ ਆਉਣ ‘ਤੇ ਸੱਚ ਸਾਰਿਆਂ ਦੇ ਸਾਹਮਣੇ ਰੱਖਣਗੇ।
ਕਿਸਾਨ ਚੋਣ ਮਨੋਰਥ ਪੱਤਰ 11 ਸਤੰਬਰ ਨੂੰ ਹੋਵੇਗਾ ਜਾਰੀ :
ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਪਾਰਟੀ ਦਾ ਕਿਸਾਨ ਮੈਨੀਫੈਸਟੋ 11 ਸਤੰਬਰ ਨੂੰ ਮੋਗਾ ਵਿਖੇ ਜਾਰੀ ਕਰਨਗੇ। ਇਸ ਦਾ ਐਲਾਨ ਕਰਦਿਆਂ ਮੈਨੀਫੈਸਟੋ ਕਮੇਟੀ ਪੰਜਾਬ ਦੇ ਮੁਖੀ ਕੰਵਰ ਸੰਧੂ ਨੇ ਕਿਹਾ ਕਿ ਇਸ ਮੈਨੀਫੈਸਟੋ ਵਿਚ ਖੇਤੀ ਨਾਲ ਸੰਬੰਧਤ ਸਾਰੇ ਪੱਖ ਉਭਾਰੇ ਜਾਣਗੇ ਅਤੇ ਕਿਸਾਨਾਂ ਨੂੰ ਹਰੀ ਕ੍ਰਾਂਤੀ ਤੋਂ ਅੱਗੇ ਲੈ ਕੇ ਜਾਣ ਦੀ ਯੋਜਨਾ ਦੱਸੀ ਜਾਵੇਗੀ। ਮੈਨੀਫੈਸਟੋ ਨੂੰ ਤਿਆਰ ਕਰਨ ਲਈ ਬੋਲਦਾ ਪੰਜਾਬ ਦੀ ਟੀਮ ਨੇ ਪੰਜਾਬ ਦੇ ਮੋਗਾ, ਤਲਵੰਡੀ ਭਾਈ, ਬਠਿੰਡਾ, ਮਾਨਸਾ, ਨਡਾਲਾ, ਹੁਸ਼ਿਆਰਪੁਰ, ਤਰਨਤਾਰਨ ਅਤੇ ਲੁਧਿਆਣਾ (ਡੇਅਰੀ ਉਤਪਾਦਕ) ਖੇਤਰਾਂ ਵਿਚ ਜਾ ਕੇ ਕਿਸਾਨਾਂ ਅਤੇ ਖੇਤੀ ਨਾਲ ਸੰਬੰਧਿਤ ਹੋਰ ਲੋਕਾਂ ਨਾਲ ਗਲਬਾਤ ਕੀਤੀ।