ਸੋਨੀਆ ਗਾਂਧੀ ਪ੍ਰਧਾਨਗੀ ਛੱਡ ਰਹੀ ਹੈ, ਸਿਆਸਤ ਨਹੀਂ

0
286

sonia-gandhi_650x400_61461677758

ਨਵੀਂ ਦਿੱਲੀ/ਬਿਊਰੋ ਨਿਊਜ਼:
‘ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਸੋਨੀਆ ਗਾਂਧੀ ਸੇਵਾਮੁਕਤ ਹੋ ਰਹੇ ਹਨ ਪਰ ਉਹ ਸਿਆਸਤ ‘ਚ ਬਣੇ ਰਹਿਣਗੇ।’ ਕਾਂਗਰਸ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਸ਼ੁਰਕਵਾਰ ਨੂੰ ਇੱਥੇ ਇਹ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਆਸਅਰਾਈਆਂ ਨੂੰ ਖਾਰਿਜ ਕਰ ਦਿੱਤਾ ਜਿਨ੍ਹਾਂ ‘ਚ ਕਿਹਾ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਨੇ ਦੁਨੀਆਦਾਰੀ ਨੂੰ ਵੀ ਅਲਵਿਦਾ ਆਖ ਦਿੱਤਾ ਹੈ। ਸ੍ਰੀ ਸੁਰਜੇਵਾਲਾ ਨੇ ਕਿਹਾ ਕਿ ਸੋਨੀਆ ਗਾਂਧੀ ਪ੍ਰਧਾਨਗੀ ਦਾ ਅਹੁਦਾ ਰਾਹੁਲ ਗਾਂਧੀ ਨੂੰ ਸੌਂਪਣਗੇ ਪਰ ਉਨ੍ਹਾਂ ਦੀ ਸਿਆਣਪ ਹਮੇਸ਼ਾ ਪਾਰਟੀ ਨੂੰ ਰਹਿਨੁਮਾਈ ਬਖ਼ਸ਼ਦੀ ਰਹੇਗੀ। ਰਾਹੁਲ ਗਾਂਧੀ ਵੱਲੋਂ ਪਾਰਟੀ ਦੀ ਕਮਾਨ ਸਾਂਭੇ ਜਾਣ ਮਗਰੋਂ ਉਨ੍ਹਾਂ ਦੀ ਭੂਮਿਕਾ ਬਾਰੇ ਸਵਾਲ ਪੁੱਛੇ ਜਾਣ ‘ਤੇ ਸੋਨੀਆ ਗਾਂਧੀ ਨੇ ਸੰਸਦੀ ਕੰਪਲੈਕਸ ‘ਚ ਮੀਡੀਆ ਨੂੰ ਕਿਹਾ, ਮੈਂ ਸੇਵਾਮੁਕਤ ਹੋ ਰਹੀ ਹਾਂ।”
ਸੁਰਜੇਵਾਲਾ ਨੇ ਟਵੀਟ ਕਰਕੇ ਮੀਡੀਆ ਕਰਮੀਆਂ ਨੂੰ ਕਿਹਾ ਕਿ ਉਹ ਸੰਕੇਤਾਂ ਦੇ ਬਹੁਤੇ ਅਰਥ ਨਾ ਕੱਢਣ। ਜ਼ਿਕਰਯੋਗ ਹੈ ਕਿ ਸੋਨੀਆ ਗਾਂਧੀ 1988 ‘ਚ ਕਾਂਗਰਸ ਦੇ ਪ੍ਰਧਾਨ ਬਣੇ ਸਨ ਅਤੇ 132 ਵਰ੍ਹੇ ਪੁਰਾਣੀ ਪਾਰਟੀ ਦੀ ਉਨ੍ਹਾਂ 19 ਵਰ੍ਹਿਆਂ ਤਕ ਕਮਾਨ ਸੰਭਾਲੀ ਰੱਖੀ। ਰਾਹੁਲ ਗਾਂਧੀ ਕੱਲ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਦਰਮੁਕਾਮ ‘ਤੇ ਪਾਰਟੀ ਦੀ ਕੇਂਦਰੀ ਚੋਣ ਅਥਾਰਟੀ ਤੋਂ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਜਾਣ ਦਾ ਰਸਮੀ ਸਰਟੀਫਿਕੇਟ ਹਾਸਲ ਕਰਨਗੇ। ਉਧਰ ਕਾਂਗਰਸ ਆਗੂ ਰੇਣੂਕਾ ਚੌਧਰੀ ਨੇ ਕਿਹਾ ਕਿ ਸੋਨੀਆ ਦੇ ਸਿਆਸਤ ਛੱਡਣ ਦੇ ਫ਼ੈਸਲੇ ਨੂੰ ਕਾਂਗਰਸੀ ਆਸਾਨੀ ਨਾਲ ਸਵੀਕਾਰ ਨਹੀਂ ਕਰਨਗੇ। ‘ਉਨ੍ਹਾਂ ਕਦੇ ਸੱਤਾ ਦੀ ਇੱਛਾ ਨਹੀਂ ਰੱਖੀ ਅਤੇ ਉਹ ਔਖੀ ਘੜੀ ‘ਚ ਪਾਰਟੀ ਨੂੰ ਕੰਢੇ ਲਾਉਣ ਲਈ ਹਮੇਸ਼ਾ ਤਿਆਰ ਰਹਿਣਗੇ।’