ਰਾਸ਼ਟਰਪਤੀ ਚੋਣ ਤੋਂ ਪਹਿਲਾਂ ਸੋਨੀਆ ਦੇ ਭੋਜ ‘ਤੇ 17 ਸਿਆਸੀ ਵਿਰੋਧੀ ਦਲਾਂ ਨੇ ਪ੍ਰਗਟਾਈ ਇਕਜੁੱਟਤਾ

0
704

sonia-gandhi-meeting
ਨਵੀਂ ਦਿੱਲੀ/ਬਿਊਰੋ ਨਿਊਜ਼ :
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰਾਂ ਨੂੰ ਇਕ ਮੰਚ ‘ਤੇ ਲਿਆਉਣ ਦੀ ਕਵਾਇਦ ਤਹਿਤ ਦਿੱਤੇ ਭੋਜ ਵਿਚ ਵਿਰੋਧੀ ਪਾਰਟੀਆਂ ਵੱਲੋਂ ਸ਼ਿਰਕਤ ਤਾਂ ਕੀਤੀ ਗਈ ਪਰ ਰਾਸ਼ਟਰਪਤੀ ਦੀ ਉਮੀਦਵਾਰੀ ਨੂੰ ਲੈ ਕੇ ਕਿਸੇ ਨਾਂਅ ‘ਤੇ ਸਹਿਮਤੀ ਨਹੀਂ ਬਣ ਸਕੀ। ਜਿਥੇ ਤ੍ਰਿਣਮੂਲ ਕਾਂਗਰਸ ਦੀ ਮਮਤਾ ਬੈਨਰਜੀ ਅਤੇ ਮਾਰਕਸੀ ਪਾਰਟੀ ਦੇ ਸੀਤਾ ਰਾਮ ਯੇਚੁਰੀ ਇਸ ਭੋਜ ਵਿਚ ਇਕੱਠੇ ਨਜ਼ਰ ਆਏ, ਉਥੇ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਅਤੇ ਬਹੁਜਨ ਸਮਾਜ ਪਾਰਟੀ ਦੀ ਮਾਇਆਵਤੀ ਵੀ ਭੋਜ ਦਾ ਹਿੱਸਾ ਬਣੇ। ਸੋਨੀਆ ਦੀ ਮੀਟਿੰਗ ਵਿਚ ਸ਼ਾਮਲ ਹੋਏ ਦਲਾਂ ਵਿਚ ਤ੍ਰਿਣਮੂਲ ਕਾਂਗਰਸ, ਮਾਰਕਸੀ ਪਾਰਟੀ, ਕਮਿਊਨਿਸਟ ਪਾਰਟੀ, ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ ਤੋਂ ਇਲਾਵਾ ਰਾਸ਼ਟਰੀ ਜਨਤਾ ਦਲ, ਜਨਤਾ ਦਲ (ਯੂ), ਜੇ.ਐਮ.ਐਮ., ਕੇਰਲ ਕਾਂਗਰਸ, ਨੈਸ਼ਨਲ ਕਾਂਗਰਸ, ਐਨ.ਸੀ.ਪੀ., ਡੀ.ਐਮ.ਕੇ., ਆਰ.ਐਸ.ਪੀ., ਜੇ.ਡੀ.ਐਸ., ਏ.ਆਈ.ਯੂ.ਡੀ.ਐਫ. ਦੇ ਨੁਮਾਇੰਦੇ ਸ਼ਾਮਲ ਸਨ। ਵਿਰੋਧੀ ਧਿਰ ਦੀ ਸੰਸਦ ਭਵਨ ਵਿਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਇਹ ਪਹਿਲੀ ਰਸਮੀ ਮੀਟਿੰਗ ਸੀ। ਮੀਟਿੰਗ ਵਿਚ ਜਨਤਾ ਦਲ (ਯੂ) ਦੇ ਨੇਤਾ ਨਿਤਿਸ਼ ਕੁਮਾਰ ਨੇ ਪਹਿਲਾਂ ਹੀ ਸ਼ਿਰਕਤ ਤੋਂ ਮਨ੍ਹਾਂ ਕਰ ਦਿੱਤਾ ਸੀ। ਨਿਤਿਸ਼ ਦੀ ਪਾਰਟੀ ਵੱਲੋਂ ਸ਼ਰਦ ਯਾਦਵ ਮੀਟਿੰਗ ਵਿਚ ਮੌਜੂਦ ਸਨ। ਹਾਲਾਂਕਿ ਜਨਤਾ ਦਲ (ਯੂ) ਨੇ ‘ਰੁਝੇਵਿਆਂ’ ਨੂੰ ਨਿਤਿਸ਼ ਦੀ ਗ਼ੈਰ-ਹਾਜ਼ਰੀ ਦਾ ਕਾਰਨ ਦੱਸਿਆ, ਪਰ ਹਲਕਿਆਂ ਮੁਤਾਬਕ ਬਿਹਾਰ ਵਿ ਨਿਤਿਸ਼ ਦੇ ਸਿਆਸੀ ਗਠਜੋੜ ਭਾਈਵਾਲ ਲਾਲੂ ਪ੍ਰਸਾਦ ਦੀ ਮੌਜੂਦਗੀ ਹੀ ਇਸ ਦਾ ਮੁੱਖ ਕਾਰਨ ਸੀ। ਲਾਲੂ ਪ੍ਰਸਾਦ ਯਾਦਵ ਦੀ ਬੇਨਾਮੀ ਸੰਪਤੀ ਦੇ ਮਾਮਲੇ ਤੋਂ ਬਾਅਦ ਦੋਵਾਂ ਨੇਤਾਵਾਂ ਦੇ ਸਬੰਧ ਕੋਈ ਬਹੁਤੇ ਸੁਖਾਵੇਂ ਨਹੀਂ ਦੱਸੇ ਜਾ ਰਹੇ। ਪਿਛਲੇ ਕੁਝ ਸਮੇਂ ਤੋਂ ਸਿਆਸੀ ਸਰਗਰਮੀਆਂ ਤੋਂ ਦੂਰ ਰਹਿ ਰਹੀ ਸੋਨੀਆ ਗਾਂਧੀ ਨੇ ਹਾਲ ਵਿਚ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਰਟੀ ਦੀ ਕਮਾਨ ਮੁੜ ਆਪਣੇ ਹੱਥ ਵਿਚ ਲੈ ਲਈ ਹੈ। ਇਸ ਤੋਂ ਪਹਿਲਾਂ ਉਹ ਕਾਂਗਰਸ ਨੇਤਾਵਾਂ ਲਈ ਵੀ ਇਕ ਭੋਜ ਦਾ ਪ੍ਰਬੰਧ ਕਰ ਚੁੱਕੀ ਹੈ।
ਮਮਤਾ ਬੈਨਰਜੀ ਨੇ ਕਿਹਾ- ਆਪਣਾ ਉਮੀਦਵਾਰ ਖੜ੍ਹਾ ਕਰਾਂਗੇ :
ਵਿਰੋਧੀ ਧਿਰਾਂ ਵੱਲੋਂ ਇਹ ਸੰਦੇਸ਼ ਵੀ ਦਿੱਤਾ ਗਿਆ ਕਿ ਜੇਕਰ ਸਰਕਾਰ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦ ਉਮੀਦਵਾਰ ਉਨ੍ਹਾਂ (ਵਿਰੋਧੀ ਧਿਰਾਂ) ਦੇ ਮਾਪਦੰਡਾਂ ‘ਤੇ ਖਰਾ ਨਹੀਂ ਉਤਰਦਾ ਤਾਂ ਹੀ ਉਹ ਆਪਣਾ ਉਮੀਦਵਾਰ ਖੜ੍ਹਾ ਕਰਨਗੇ। ਮਮਤਾ ਬੈਨਰਜੀ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਸਰਕਾਰ ਵੱਲੋਂ ਧਰਮ-ਨਿਰਪੱਖ ਅਤੇ ਸੰਵਿਧਾਨ ਵਿਚ ਯਕੀਨ ਰੱਖਣ ਵਾਲੇ ਉਮੀਦਵਾਰ ਨੂੰ ਵਿਰੋਧੀ ਧਿਰ ਸਮਰਥਨ ਦੇਵੇਗੀ। ਮਮਤਾ ਬੈਨਰਜੀ ਨੇ ਮੀਟਿੰਗ ਵਿਚ ਵਿਰੋਧੀ ਧਿਰ ਵੱਲੋਂ ਫਿਲਹਾਲ ਸਰਕਾਰ ਵੱਲੋਂ ਨਾਮਜ਼ਦਗੀ ਦਾ ਐਲਾਨ ਕਰਨ ਤੱਕ ਇੰਤਜ਼ਾਰ ਕਰਨ ਦੀ ਰਣਨੀਤੀ ਨੂੰ ਪ੍ਰਵਾਨ ਕੀਤਾ ਗਿਆ। ਬੈਨਰਜੀ ਮੁਤਾਬਕ ਜੇਕਰ ਵਿਰੋਧੀ ਧਿਰ ਨੂੰ ਉਮੀਦਵਾਰ ਖੜ੍ਹਾ ਕਰਨਾ ਪਿਆ ਤਾਂ ਉਨ੍ਹਾਂ ਵੱਲੋਂ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜੋ ਇਸ ਸਬੰਧ ਵਿਚ ਫੈਸਲਾ ਲਏਗਾ। ਇਥੇ ਜ਼ਿਕਰਯੋਗ ਹੈ ਕਿ ਵਿਰੋਧੀ ਧਿਰਾਂ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਕਿਸੇ ਇਕ ਨਾਂਅ ‘ਤੇ ਸਹਿਮਤੀ ਨਹੀਂ ਬਣ ਪਾਈ ਹੈ। ਇਸ ਦੌਰਾਨ ਮਮਤਾ ਬੈਨਰਜੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੌਰਾਨ ਹੋਈ ਮੀਟਿੰਗ ਵੀ ਕਾਫੀ ਅਹਿਮ ਮੰਨੀ ਜਾ ਰਹੀ ਹੈ। ਦੋਵਾਂ ਨੇਤਾਵਾਂ ਦੌਰਾਨ 40 ਮਿੰਟ ਤੱਕ ਚੱਲੀ ਮੀਟਿੰਗ ਤੋਂ ਬਾਅਦ ਮਮਤਾ ਬੈਨਰਜੀ ਨੇ ਇਸ ਮੁੱਦੇ ‘ਤੇ ਕੋਈ ਵੀ ਗੱਲਬਾਤ ਹੋਣ ਤੋਂ ਇਨਕਾਰ ਕੀਤਾ ਹੈ, ਪਰ ਸਿਆਸੀ ਹਲਕਿਆਂ ਵਿਚ ਇਸ ਮੁਲਾਕਾਤ ਦੇ ਕਾਫੀ ਚਰਚੇ ਹੋ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੇ ਉਮੀਦਵਾਰ ‘ਤੇ ਚਰਚਾ ਕਰਨ ਵਿਚ ਕੋਈ ਹਰਜ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ 2002 ਵਿਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਡਾ. ਏ.ਪੀ.ਜੇ. ਅਬਦੁਲ ਕਲਾਮ ਦੇ ਨਾਂਅ ‘ਤੇ ਸਭ ਨੇ ਸਹਿਮਤੀ ਪ੍ਰਗਟਾਈ ਸੀ।