ਆਸਟਰੇਲੀਆ : ਸਿੱਖਾਂ ਦੀ ਪਛਾਣ ਦਰਸਾਉਣ ਲਈ ਹੈਰੀਟੇਜ ਕੈਂਪ ਲਾਇਆ

0
716

sikh-virasati-camp

ਕੈਪਸ਼ਨ-ਸਿਡਨੀ ਵਿੱਚ ਲੱਗੇ ਸਿੱਖ ਵਿਰਾਸਤੀ ਕੈਂਪ ਦੀ ਝਲਕ।
ਸਿਡਨੀ/ਬਿਊਰੋ ਨਿਊਜ਼ :
ਇੱਥੇ ਸਿੱਖ ਹੈਰੀਟੇਜ ਆਸਟਰੇਲੀਆ ਵੱਲੋਂ ਵਿਸ਼ੇਸ਼ ਕੈਂਪ ਲਾਇਆ ਗਿਆ। ਇਸ ਵਿੱਚ ਸਿੱਖ ਵਿਰਾਸਤ, ਸਿੱਖ ਫ਼ਲਸਫ਼ੇ ਤੇ ਵਿਲੱਖਣਤਾ ਨੂੰ ਦਰਸਾਉਂਦੀ ਸਫ਼ਲ ਪੇਸ਼ਕਾਰੀ ਕੀਤੀ ਗਈ।
ਸੰਸਥਾ ਨੇ ਇਸ ਕੈਂਪ ਰਾਹੀਂ ਪੰਜਾਬੀ ਭਾਈਚਾਰੇ ਅੰਦਰ ਪਰਦੇਸ ਵਿਚਲੀ ਸਾਂਝ ਨੂੰ ਪਕੇਰਾ ਕਰਨ ਦਾ ਉਪਰਾਲਾ ਕੀਤਾ। ਕੈਂਪ ਰਾਹੀਂ ਪੰਜਾਬੀਆਂ ਦੀ ਨਵੀਂ ਪੀੜ੍ਹੀ ਅਤੇ ਸਥਾਨਕ ਲੋਕਾਂ ਨੂੰ ਪਿਛੋਕੜ ਬਾਰੇ ਦੱਸਿਆ ਗਿਆ ਅਤੇ ਸਿੱਖਾਂ ਨੂੰ ਜਾਣਨ ਤੇ ਨਸਲੀ ਵਿਤਕਰਾ ਰੋਕਣ ਦਾ ਸੰਦੇਸ਼ ਦਿੱਤਾ ਗਿਆ। ਸਿਡਨੀ ਦੇ ਵੱਖ-ਵੱਖ ਅਰਧ ਸ਼ਹਿਰੀ ਖੇਤਰਾਂ ਵਿੱਚ ਵਸਦੇ ਪੰਜਾਬੀ ਤੇ ਹੋਰ ਭਾਈਚਾਰੇ ਦੇ ਸੈਂਕੜੇ ਲੋਕਾਂ ਨੇ ਵੀ ਕੈਂਪ ਵਿੱਚ ਹਾਜ਼ਰੀ ਭਰੀ। ਕੈਂਪ ਦੌਰਾਨ ਸੰਸਾਰ ਜੰਗਾਂ ਵੇਲੇ ਬ੍ਰਿਟਿਸ਼ ਆਰਮੀ ਹੇਠ ਸਿੱਖਾਂ ਦੀ ਸ਼ਮੂਲੀਅਤ ਨੂੰ ਦਰਸਾਉਂਦੀਆਂ ਦੁਰਲੱਭ ਤਸਵੀਰਾਂ ਦੀ ਪ੍ਰਦਰਸ਼ਨੀ ਲਾਈ ਗਈ। ਆਸਟਰੇਲੀਆ ਨੂੰ ਵਸਾਉਣ ਵਿੱਚ ਸਿੱਖਾਂ ਦੇ ਮੁੱਢ ਕਦੀਮੀ ਯੋਗਦਾਨ ਦੇ ਇਤਿਹਾਸ ਨੂੰ ਵੀ ਸਾਂਝਾ ਕੀਤਾ ਗਿਆ। ਇਸ ਮੌਕੇ ਸਿੱਖਾਂ ਦੀ ਸ਼ਾਨ ‘ਦਸਤਾਰ’ ਨੂੰ ਸਥਾਨਕ ਆਸਟਰੇਲੀਅਨ ਲੋਕਾਂ ਦੇ ਸਿਰਾਂ ‘ਤੇ ਸਜਾ ਕੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਪੰਜਾਬੀ ਮਾਤ ਭਾਸ਼ਾ, ਸਿੱਖ ਧਰਮ ਤੇ ਸਭਿਆਚਾਰ ਬਾਰੇ ਜਾਣਕਾਰੀ ਦੇਣ ਅਤੇ ਲੋੜਵੰਦਾਂ ਨੂੰ ਮਦਦ ਲਈ ਸਟਾਲ ਲਾਏ ਗਏ।

 

 

ਓਂਟਾਰੀਓ : ਸਿੱਖ ਵਿਰਾਸਤੀ ਜਸ਼ਨ ਸ਼ੁਰੂ

ਟੋਰਾਂਟੋ/ਬਿਊਰੋ ਨਿਊਜ਼ :
ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਅਪ੍ਰੈਲ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ। ਇਹ ਤੀਜਾ ਸਾਲ ਹੈ, ਜਦੋਂ ਅਪ੍ਰੈਲ ਮਹੀਨੇ ਵਿੱਚ ਸਿੱਖ ਵਿਰਾਸਤੀ ਜਸ਼ਨ ਹੋ ਰਹੇ ਹਨ। ਇਨ੍ਹਾਂ ਜਸ਼ਨਾਂ ਦੌਰਾਨ ਸਿੱਖ ਇਤਿਹਾਸ ਨਾਲ ਸਬੰਧਤ ਪ੍ਰਦਰਸ਼ਨੀਆਂ ਲਾਉਣ ਤੋਂ ਇਲਾਵਾ ਸੂਬੇ ਦੀਆਂ ਅਹਿਮ ਸਰਕਾਰੀ ਇਮਾਰਤਾਂ ‘ਤੇ ਕੇਸਰੀ ਨਿਸ਼ਾਨ ਝੁਲਾਏ ਜਾਣਗੇ।
ਸਿੱਖ ਹੈਰੀਟੇਜ ਮੰਥ ਸੈਲੀਬਰੇਸ਼ਨ ਕਮੇਟੀ ਵੱਲੋਂ ਬੀਤੇ ਦਿਨ ਸਿੱਖ ਵਿਰਾਸਤੀ ਜਸ਼ਨਾਂ ਦੇ ਆਗਾਜ਼ ਮੌਕੇ ਬਰੈਂਪਟਨ ਸ਼ਹਿਰ ਦੀ ਆਰਟ ਗੈਲਰੀ ‘ਪਾਮਾ’ ਵਿੱਚ ਸਮਾਗਮ ਕਰਾਏ ਗਏ। ਇਹ ਸਮਾਗਮ ਸ਼ਾਮ 6 ਵਜੇ ਤੋਂ 10 ਵਜੇ ਤੱਕ ਚੱਲੇ। ਇਸ ਦੌਰਾਨ ਇਲਾਕੇ ਭਰ ਤੋਂ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਅਤੇ ਸੰਗਤ ਪੁੱਜੀ। ਬਰੈਂਪਟਨ ਵਿੱਚ ਕੇਸਰੀ ਨਿਸ਼ਾਨ ਝੁਲਾਏ ਗਏ।  ਮੁਲਕ ਦੀ ਸੰਸਦ ਅੱਗੇ ਅਤੇ ਟੋਰਾਂਟੋ ਮਿਉਂਸਿਪਲ ਦਫ਼ਤਰ ਅੱਗੇ ਖ਼ਾਲਸੇ ਦੇ ਕੇਸਰੀ ਨਿਸ਼ਾਨ ਝੁਲਾਏ ਗਏ। ਬਰੈਂਪਟਨ ਦੀ ‘ਪੀਲ ਆਰਟ ਗੈਲਰੀ ਮਿਊਜ਼ੀਅਮ’ ਵਿੱਚ ਕੈਲੀਫੋਰਨੀਆ ਦੀ ‘ਰੂਪੀ ਕੌਰ ਟੁੱਟ’ ਦੀ ਗੁਰਬਾਣੀ ਕੈਲੀਗ੍ਰਾਫੀ, ਕੀਰਤ ਕੌਰ ਅਤੇ ਰਣਦੀਪ ਸੋਹਲ ਦੇ ਪੰਜਾਬੀ ਸਭਿਆਚਾਰਕ ਸਕੈੱਚਾਂ ਤੋਂ ਇਲਾਵਾ ਬਹੁਤ ਸਾਰੀਆਂ ਕਲਾਕ੍ਰਿਤਾਂ ਅਤੇ ਦਸਤਾਵੇਜ਼ੀ ਤਸਵੀਰਾਂ ਦੀ ਪ੍ਰਦਰਸ਼ਨੀ ਚੱਲ ਰਹੀ ਹੈ। ਪ੍ਰਬੰਧਕਾਂ ਮੁਤਾਬਕ ਖਾਲਸਾ ਏਡ ਦੇ ਸਰਵੀ ਸਿੰਘ ਅਤੇ ਅਮਰੀਕਾ ਤੋਂ ‘ਮਿਲਕ ਐਂਡ ਹਨੀ’ ਦੀ ਲੇਖਿਕਾ ਰੂਪੀ ਕੌਰ ਵੀ ਲੋਕਾਂ ਦੇ ਰੂ-ਬ-ਰੂ ਹੋਣਗੇ।