ਪਾਕਿਸਤਾਨੀ ਸਿੱਖਾਂ ਨੂੰ ਜਨਗਣਨਾ ਵਿਚੋਂ ਬਾਹਰ ਰੱਖਣ ਕਾਰਨ ਰੋਸ

0
489

sikh-pak
ਸਿੱਖਾਂ ਦੀ ‘ਹੋਰ’ ਧਰਮ ਤਹਿਤ ਹੋ ਰਹੀ ਹੈ ਗਿਣਤੀ
ਇਸਲਾਮਾਬਾਦ/ਬਿਊਰੋ ਨਿਊਜ਼ :
ਪਿਸ਼ਾਵਰ ਵਿੱਚ ਸਿੱਖ ਭਾਈਚਾਰੇ ਦੇ ਮੈਂਬਰਾਂ ਤੇ ਆਗੂਆਂ ਨੇ ਕੌਮੀ ਜਨਗਣਨਾ ਵਿੱਚੋਂ ‘ਬਾਹਰ ਰੱਖੇ’ ਜਾਣ ਉਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਭਾਈਚਾਰੇ ਨੂੰ ਪਾਕਿਸਤਾਨ ਅੰਦਰ 19 ਸਾਲਾਂ ਵਿੱਚ ਪਹਿਲੀ ਵਾਰ ਹੋ ਰਹੀ ਜਨਗਣਨਾ ਵਿੱਚ ਢੁਕਵੀਂ ਨੁਮਾਇੰਦਗੀ ਨਹੀਂ ਮਿਲੇਗੀ।
ਸਿੱਖ ਕਮੇਟੀ ਦੇ ਚੇਅਰਮੈਨ ਰਾਦੇਸ਼ ਸਿੰਘ ਟੋਨੀ ਨੇ ‘ਡਾਅਨ’ ਅਖ਼ਬਾਰ ਨੂੰ ਦੱਸਿਆ, ‘ਸਬੰਧਤ ਵਿਭਾਗ ਨੇ ਇਸ ਜਨਗਣਨਾ ਵਿੱਚ ਘੱਟ-ਗਿਣਤੀ ਸਿੱਖ ਭਾਈਚਾਰੇ ਨੂੰ ਸ਼ਾਮਲ ਨਹੀਂ ਕੀਤਾ ਹੈ। ਇਹ ਕੇਵਲ ਸਾਡੇ ਲਈ ਹੀ ਮੰਦਭਾਗਾ ਨਹੀਂ ਹੈ ਬਲਕਿ ਵਸੋਂ ਦੀ ਗਿਣਤੀ ਪ੍ਰਕਿਰਿਆ ਵਿੱਚ ਸ਼ਾਮਲ ਨਾ ਕਰਨਾ ਸਮੁੱਚੇ ਭਾਈਚਾਰੇ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ।’ ਉਨ੍ਹਾਂ ਸ਼ਿਕਵਾ ਕੀਤਾ ਕਿ ਵੱਡੀ ਗਿਣਤੀ ਵਿੱਚ ਸਿੱਖ ਪਾਕਿਸਤਾਨ ਵਿੱਚ ਰਹਿੰਦੇ ਹਨ ਪਰ ਭਾਈਚਾਰੇ ਨੂੰ ਜਨਗਣਨਾ ਫਾਰਮ ਸਮੇਤ ਧਰਮਾਂ ਅੰਦਰ ਨਹੀਂ ਗਿਣਿਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਇਸ ਫਾਰਮ ਵਿੱਚ ਸਿੱਖਾਂ ਨੂੰ ‘ਹੋਰ’ ਧਰਮ ਤਹਿਤ ਗਿਣਿਆ ਜਾ ਰਿਹਾ ਹੈ, ਜੋ ਸਿੱਖ ਵਸੋਂ ਦੀ ਸਹੀ ਤਸਵੀਰ ਨਹੀਂ ਪੇਸ਼ ਕਰੇਗੀ। ਇਹ ਬੇਇਨਸਾਫ਼ੀ ਹੈ ਅਤੇ ਭਾਈਚਾਰੇ ਤੋਂ ਉਸ ਦੇ ਹੱਕ ਖੋਹੇ ਜਾ ਰਹੇ ਹਨ।
ਗ਼ੌਰਤਲਬ ਹੈ ਕਿ ਤਕਰੀਬਨ 20 ਹਜ਼ਾਰ ਸਿੱਖ ਪਾਕਿਸਤਾਨ ਵਿੱਚ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗੜਬੜ ਵਾਲੇ ਉੱਤਰ-ਪੱਛਮੀ ਸੂਬਿਆਂ ਦੇ ਵਸਨੀਕ ਹਨ। ਇਹ ਭਾਈਚਾਰਾ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਇਸਲਾਮਿਕ ਕੱਟੜਵਾਦ ਦਾ ਸ਼ਿਕਾਰ ਰਿਹਾ ਹੈ। ਅਫ਼ਗਾਨ ਸਰਹੱਦ ਨਾਲ ਦੇ ਕਬਾਇਲੀ ਇਲਾਕਿਆਂ ਵਿੱਚ ਰਹਿੰਦੇ ਕਈ ਸਿੱਖਾਂ ਨੂੰ ਘਰ-ਬਾਰ ਛੱਡ ਕੇ ਪਿਸ਼ਾਵਰ ਸ਼ਹਿਰ ਵੱਲ ਕੂਚ ਕਰਨਾ ਪਿਆ ਹੈ। ਸ੍ਰੀ ਟੋਨੀ ਨੇ ਦੱਸਿਆ ਕਿ ਉਨ੍ਹਾਂ ਨੇ ਸਿੱਖ ਭਾਈਚਾਰੇ ਨੂੰ ਅਧਿਕਾਰਤ ਧਰਮ ਵਜੋਂ ਗਿਣੇ ਜਾਣ ਲਈ ਪਾਕਿਸਤਾਨ ਦੇ ਚੀਫ ਜਸਟਿਸ ਤੋਂ ਇਲਾਵਾ ਪਿਸ਼ਾਵਰ ਤੇ ਸਿੰਧ ਹਾਈ ਕੋਰਟ ਦੇ ਚੀਫ ਜਸਟਿਸਜ਼ ਨੂੰ ਬੇਨਤੀ ਪੱਤਰ ਲਿਖੇ ਹਨ।
ਹਬੀਬਉੱਲ੍ਹਾ ਨੇ ਕਿਹਾ-ਜਨਗਣਨਾ ਅਧਿਕਾਰੀਆਂ ਦੀ ਗਲਤੀ :
ਜਨਗਣਨਾ ਪ੍ਰਕਿਰਿਆ ਲਈ ਤਰਜਮਾਨ ਹਬੀਬਉੱਲ੍ਹਾ ਖਾਨ ਨੇ ਮੰਨਿਆ ਕਿ ਇਹ ਜਨਗਣਨਾ ਅਧਿਕਾਰੀਆਂ ਦੀ ਗਲਤੀ ਹੈ। ਉਨ੍ਹਾਂ ਨੇ ‘ਡਾਅਨ’ ਨੂੰ ਕਿਹਾ, ‘ਹਾਂ, ਸਿੱਖ ਦੀ ਵੱਡੀ ਵਸੋਂ ਪਾਕਿਸਤਾਨ ਵਿੱਚ ਰਹਿੰਦੀ ਹੈ। ਪਰ ਅਸੀਂ ਉਨ੍ਹਾਂ ਨੂੰ ਜਨਗਣਨਾ ਵਿੱਚ ਛੱਡ ਗਏ।’ ਉਨ੍ਹਾਂ ਦੱਸਿਆ ਕਿ ਜਨਗਣਨਾ ਫਾਰਮ ਸਾਲ 2007 ਵਿੱਚ ਛਪਵਾਏ ਗਏ ਸਨ ਅਤੇ 120 ਮੈਂਬਰੀ ਤਕਨੀਕੀ ਕਮੇਟੀ ਦੀਆਂ ਸਿਫ਼ਾਰਸ਼ਾਂ ਉਤੇ ਕੇਵਲ ਪੰਜ ਧਰਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਮੰਨਿਆ ਕਿ 2007 ਵਿੱਚ ਸਿੱਖ ਆਬਾਦੀ ਘੱਟ ਹੋ ਸਕਦੀ ਹੈ ਪਰ ਸਮੇਂ ਦੇ ਨਾਲ ਉਨ੍ਹਾਂ ਦੀ ਆਬਾਦੀ ਵਧੀ ਹੈ।