ਇੰਗਲੈਂਡ ਦੀ ਫ਼ੌਜ ‘ਚ ਭਰਤੀ ਹੋ ਸਕਣਗੇ ਭਾਰਤੀ ਨੌਜਵਾਨ

0
75

british_armyਲੰਡਨ/ਬਿਊਰੋ ਨਿਊਜ਼ :
ਭਾਰਤ, ਆਸਟਰੇਲੀਆ, ਕੈਨੇਡਾ ਅਤੇ ਕੀਨੀਆ ਵਰਗੇ ਮੁਲਕਾਂ ਦੇ ਨੌਜਵਾਨ ਬਰਤਾਨਵੀ ਫ਼ੌਜ ‘ਚ ਭਰਤੀ ਲਈ ਦਰਖ਼ਾਸਤ ਦੇ ਸਕਣਗੇ। ਯੂਕੇ ਸਰਕਾਰ ਨੇ ਭਾਰਤ ਸਮੇਤ ਰਾਸ਼ਟਰਮੰਡਲ ਮੁਲਕਾਂ ਦੇ ਨਾਗਰਿਕਾਂ ਲਈ ਫ਼ੌਜ ‘ਚ ਭਰਤੀ ਲਈ ਮਾਪਦੰਡਾਂ ‘ਚ ਛੋਟ ਦੇਣ ਦਾ ਐਲਾਨ ਕੀਤਾ ਹੈ।ਹਥਿਆਰਬੰਦ ਬਲਾਂ ‘ਚ ਭਾਰੀ ਕਮੀ ਨੂੰ ਪੂਰਾ ਕਰਨ ਲਈ ਇੰਗਲੈਂਡ ਨੇ ਇਹ ਕਦਮ ਉਠਾਇਆ ਹੈ। ਨੈਸ਼ਨਲ ਆਡਿਟ ਆਫ਼ਿਸ ਦੀ ਰਿਪੋਰਟ ਮੁਤਾਬਕ ਇਸ ਸਾਲ ਅਪਰੈਲ ਤਕ ਯੂਕੇ ਦੀ ਫ਼ੌਜ ‘ਚ ਕਰੀਬ 8200 ਜਵਾਨਾਂ, ਨਾਵਿਕਾਂ ਅਤੇ ਹਵਾਈ ਸੈਨਿਕਾਂ ਦੀ ਘਾਟ ਹੈ।
ਰੱਖਿਆ ਮੰਤਰਾਲੇ ਨੇ ਸੰਸਦ ਮੂਹਰੇ ਲਿਖਤੀ ਤਜਵੀਜ਼ ਨੂੰ ਪੇਸ਼ ਕੀਤਾ ਹੈ ਜਿਸ ਰਾਹੀਂ ਜਾਣਕਾਰੀ ਦਿੱਤੀ ਗਈ ਕਿ ਥਲ, ਜਲ ਜਾਂ ਹਵਾਈ ਸੈਨਾ ‘ਚ ਭਰਤੀ ਹੋਣ ਲਈ ਇੰਗਲੈਂਡ ‘ਚ ਘੱਟੋ ਘੱਟ ਪੰਜ ਸਾਲ ਰਹਿਣ ਦੀ ਮੌਜੂਦਾ ਸ਼ਰਤ ‘ਚ ਰਾਹਤ ਦਿੱਤੀ ਜਾਵੇ।
ਰੱਖਿਆ ਮੰਤਰਾਲੇ ਦੇ ਬਿਆਨ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਰਾਸ਼ਟਰਮੰਡਲ ਮੁਲਕਾਂ ਦੇ ਨਾਗਰਿਕਾਂ ਲਈ ਪੰਜ ਸਾਲ ਪਰਵਾਸ ਦੀ ਸ਼ਰਤ ਨੂੰ ਹਟਾਉਣ ਦਾ ਫ਼ੈਸਲਾ ਲਿਆ ਹੈ ਤਾਂ ਜੋ ਰਾਇਲ ਨੇਵੀ, ਬ੍ਰਿਟਿਸ਼ ਆਰਮੀ ਅਤੇ ਰਾਇਲ ਏਅਰ ਫੋਰਸ ‘ਚ ਜਵਾਨਾਂ ਦੀ ਨਫ਼ਰੀ ਵਧਾਈ ਜਾ ਸਕੇ। ਮਈ 2016 ਤੋਂ ਰਾਸ਼ਟਰਮੰਡਲ ਮੁਲਕਾਂ ਦੇ 200 ਨੌਜਵਾਨਾਂ ਦੀ ਹਰ ਸਾਲ ਭਰਤੀ ਕੀਤੀ ਜਾਂਦੀ ਸੀ। ਭਰਤੀ ਲਈ ਅਗਲੇ ਸਾਲ ਦੇ ਸ਼ੁਰੂ ਤੋਂ ਅਮਲ ਸ਼ੁਰੂ ਹੋ ਜਾਵੇਗਾ।ਰਾਸ਼ਟਰਮੰਡਲ ਮੁਲਕਾਂ ਤੋਂ ਬਾਹਰਲੇ ਨਾਗਰਿਕਾਂ ਨੂੰ ਇਸ ਭਰਤੀ ਪ੍ਰਕਿਰਿਆ ‘ਚ ਸ਼ਾਮਲ ਨਹੀਂ ਕੀਤਾ ਜਾਵੇਗਾ।
ਆਇਰਲੈਂਡ ਅਤੇ ਨੇਪਾਲ ਦੇ ਗੋਰਖੇ ਨਾਗਰਿਕਾਂ ਨੂੰ ਬ੍ਰਿਟਿਸ਼ ਸੈਨਾ ‘ਚ ਭਰਤੀ ਕਰਨ ਲਈ ਪਹਿਲਾਂ ਹੀ ਵਿਸ਼ੇਸ਼ ਨੇਮ ਬਣਾਏ ਗਏ ਹਨ। ਰਾਸ਼ਟਰਮੰਡਲ ਦੇ ਨਾਗਰਿਕਾਂ ਨੂੰ ਫ਼ੌਜ ‘ਚ ਭਰਤੀ ਲਈ ਪੰਜ ਸਾਲ ਪਰਵਾਸ ਦੀ ਰਾਹਤ ਸੰਨ1998 ‘ਚ ਦਿੱਤੀ ਗਈ ਸੀ ਪਰ ਇਸ ਨੂੰ ਮੁੜ ਸੰਨ 2013 ‘ਚ ਲਾਗੂ ਕਰ ਦਿੱਤਾ ਗਿਆ ਸੀ।