ਅਫਗਾਨਿਸਤਾਨ ਵਿਚ ਸਿੱਖਾਂ ‘ਤੇ ਹੋਏ ਹਮਲੇ ਦੀ ਯੂਐਨਓ ਸਮੇਤ ਵਿਸ਼ਵ ਭਰ ‘ਚ ਕਰੜੀ ਨਿੰਦਾ

0
126

sikhs_03_5259

‘ਆਮ ਸ਼ਹਿਰੀਆਂ ਨੂੰ ਨਿਸ਼ਾਨਾ ਬਣਾਉਣਾ ਕੌਮਾਂਤਰੀ ਕਾਨੂੰਨ ਦੀ ਉਲੰਘਣਾ”
ਰੋਸ ਵਜੋਂ  ਸਿੱਖ ਜਥੇਬੰਦੀਆਂ ਵੱਲੋਂ ਅਫ਼ਗਾਨ ਦੂਤਘਰ ਤਕ ਰੋਸ ਮਾਰਚ

ਚੰਡੀਗੜ੍ਹ/ਬਿਊਰੋ ਨਿਊਜ਼ :
ਅਫਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ ਨਾਲ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਹਮਲੇ ਵਿਚ 19 ਲੋਕ ਮਾਰੇ ਗਏ ਜਿਹਨਾਂ ਵਿਚ 10 ਸਿੱਖ ਹਨ। ਮਾਰੇ ਗਏ ਸਿੱਖਾਂ ਵਿਚ ਅਵਤਾਰ ਸਿੰਘ ਖ਼ਾਲਸਾ ਵੀ ਸ਼ਾਮਿਲ ਹਨ ਜੋ ਅਫਗਾਨ ਸੰਸਦ ਵਿਚ ਘੱਟਗਿਣਤੀ ਸੀਟ ਲਈ ਚੋਣ ਲੜ੍ਹਨ ਵਾਲੇ ਸਨ।
ਯੂਐਨਓ ਸਮੇਤ ਵਿਸ਼ਵ ਭਰ ਦੀਆਂ ਸਿੱਖ ਸੰਸਥਾਵਾਂ ਵਲੋਂ ਇਸ ਹਮਲੇ ਦੀ ਨਿੰਦਾ ਕੀਤਾ ਗਈ ਹੈ। ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਅਫ਼ਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚ ਹੋਏ ਆਤਮਘਾਤੀ ਬੰਬ ਹਮਲੇ ਦੀ ਨਿਖੇਧੀ ਕੀਤੀ ਹੈ ਜਿਸ ਵਿਚ 19 ਜਣੇ ਮਾਰੇ ਗਏ ਸਨ ਜਿਨ੍ਹਾਂ ‘ਚੋਂ ਬਹੁਤੇ ਸਿੱਖ ਤੇ ਹਿੰਦੂ ਸਨ। ਉਨ੍ਹਾਂ ਕਿਹਾ ਕਿ ਸ਼ਹਿਰੀਆਂ ਨੂੰ ਨਿਸ਼ਾਨਾ ਮਿੱਥ ਕੇ ਕੀਤਾ ਕਿਸੇ ਵੀ ਤਰ੍ਹਾਂ ਦਾ ਹਮਲਾ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਹੈ। ਸਕੱਤਰ ਜਨਰਲ ਨੇ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਸਾਰੀਆਂ ਧਿਰਾਂ ਨੂੰ ਘੱਟਗਿਣਤੀਆਂ ਸਮੇਤ ਸਾਰੇ ਸ਼ਹਿਰੀਆਂ ਦੀ ਰਾਖੀ ਦਾ ਅਹਿਦ ਬੁਲੰਦ ਕਰਨ ਲਈ ਕਿਹਾ ਹੈ। ਇਸ ਹਮਲੇ ਵਿੱਚ ਸਿੱਖ ਭਾਈਚਾਰੇ ਦਾ ਇਕ ਪੁਰਾਣਾ ਆਗੂ ਅਵਤਾਰ ਸਿੰਘ ਖ਼ਾਲਸਾ ਵੀ ਮਾਰਿਆ ਗਿਆ ਜੋ ਅਕਤੂਬਰ ਮਹੀਨੇ ਹੋਣ ਵਾਲੀਆਂ ਸੰਸਦੀ ਚੋਣਾਂ ਲੜਨ ਦੀ ਤਿਆਰੀ ਕਰ ਰਿਹਾ ਸੀ। ਸੰਯੁਕਤ ਰਾਸ਼ਟਰ ਦੀ ਸਲਾਮਤੀ ਕੌਂਸਲ ਨੇ ਵੀ ਇਸ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਕੌਂਸਲ ਨੇ ਮੁੜ ਦ੍ਰਿੜਾਇਆ ਹੈ ਕਿ ਹਰ ਕਿਸਮ ਦਾ ਅਤਿਵਾਦ ਕੌਮਾਂਤਰੀ ਅਮਨ ਤੇ ਸੁਰੱਖਿਆ ਲਈ ਸਭ ਤੋਂ ਘਾਤਕ ਖ਼ਤਰਾ ਹੈ।
ਦਲ ਖ਼ਾਲਸਾ ਵਲੋਂ ਇਸ ਹਮਲੇ ਵਿਚ ਮਾਰੇ ਗਏ ਲੋਕਾਂ ਲਈ ਗਹਿਰੇ ਦੁੱਖ ਅਤੇ ਹਮਲਾਵਰਾਂ ਖਿਲਾਫ ਰੋਹ ਦਾ ਪ੍ਰਗਟਾਵਾ ਕਰਦਿਆਂ ਕਿਹਾ ਗਿਆ ਕਿ ਹਮਲਾਵਰਾਂ ਦੀ ਨਿਸ਼ਾਨਦੇਹੀ ਕਰਕੇ ਸਖਤ ਸਜ਼ਾ ਦਿੱਤੀ ਜਾਵੇ। ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਬੀਤੇ ਲੰਮੇ ਸਮੇਂ ਤੋਂ ਘੱਟਗਿਣਤੀ ਭਾਈਚਾਰੇ ਸਿੱਖ ਅਤੇ ਹਿੰਦੂ ਜ਼ਬਰ ਸਹਿ ਰਹੇ ਹਨ ਤੇ ਡਰ ਦੇ ਮਾਹੌਲ ਵਿਚ ਜੀਉਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਇਸੇ ਵਜ੍ਹਾ ਕਾਰਨ ਅਫਗਾਨ ਸਿੱਖਾਂ ਦਾ ਇਕ ਵੱਡਾ ਹਿੱਸਾ ਅਫਗਾਨਿਸਤਾਨ ਤੋਂ ਹਿਜਰਤ ਕਰਕੇ ਹੋਰ ਥਾਵਾਂ ‘ਤੇ ਵਸਣ ਲਈ ਮਜਬੂਰ ਹੋਇਆ ਹੈ।
ਕੰਵਰਪਾਲ ਸਿੰਘ ਨੇ ਅਫਗਾਨਿਸਤਾਨ ਦੀ ਰਾਜਨੀਤਕ ਸਥਿਤੀ ‘ਤੇ ਫਿਕਰ ਪ੍ਰਗਟ ਕਰਦਿਆਂ ਕਿਹਾ ਕਿ ਅਫਗਾਨਿਸਤਾਨ ਕਈ ਦਾਅਵੇਦਾਰਾਂ ਦੇ ਦਾਅਵਿਆਂ ਵਿਚਕਾਰ ਇਕ ਜੰਗ ਦਾ ਮੈਦਾਨ ਬਣ ਕੇ ਰਹਿ ਗਿਆ ਹੈ ਤੇ ਕਈ ਦੇਸ਼ਾਂ ਦੀ ਖੂਫੀਆ ਅਜੈਂਸੀਆਂ ਉੱਥੇ ਸਾਰੇ ਧਰਮਾਂ ਅਤੇ ਖਿੱਤਿਆਂ ਦੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਆਪਣੀ ਗੰਦੀ ਖੇਡ ਜ਼ਰੀਏ ਖਿਲਵਾੜ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਸਮਝਦੇ ਹਾਂ ਕਿ ਅਫਗਾਨਿਸਤਾਨ ਵਿਚ ਸਿਰਫ ਸਿੱਖ ਹੀ ਨਹੀਂ, ਬਲਕਿ ਹੋਰ ਧਰਮਾਂ ਦੇ ਲੋਕ ਵੀ ਸਮੇਤ ਮੁਸਲਮਾਨਾਂ ਦੇ ਹਮਲੇ ਦੇ ਸਾਏ ਹੇਠ ਜ਼ਿੰਦਗੀ ਜੀਅ ਰਹੇ ਹਨ।
ਦਲ ਖ਼ਾਲਸਾ ਨੇ ਦੁਨੀਆ ਭਰ ਦੇ ਮੁਸਲਿਮ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਤੇ ਅਫਗਾਨਿਸਤਾਨ ਵਿਚ ਸਿੱਖਾਂ ‘ਤੇ ਹੋ ਰਹੇ ਜ਼ੁਲਮਾਂ ਨੂੰ ਰੋਕਣ ਲਈ ਉਹ ਅੱਗੇ ਆਉਣ।
ਨਵੀਂ ਦਿੱਲੀ/ਬਿਊਰੋ ਨਿਊਜ਼ : ਅਫ਼ਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਵਿਚ ਸਿੱਖ ਆਗੂਆਂ ਉੱਤੇ ਹੋਏ ਆਤਮਘਾਤੀ ਹਮਲੇ ਦੇ ਵਿਰੋਧ ਵਿੱਚ ਸਿੱਖ ਸੰਗਠਨਾਂ ਵੱਲੋਂ ਅਫ਼ਗਾਨ ਦੂਤਘਰ ਤੱਕ ਰੋਸ ਮਾਰਚ ਕੱਢਿਆ ਗਿਆ ਤੇ ਅਫ਼ਗਾਨਿਸਤਾਨ ਦੇ ਰਾਜਦੂਤ ਐਚ.ਈ.ਸੈਇਦਾ ਮੁਹੰਮਦ ਅਬਦਾਲੀ ਨਾਲ ਮੁਲਾਕਾਤ ਕਰਕੇ ਸਿੱਖ ਮਨਾਂ ਵਿੱਚ ਪੈਦਾ ਹੋਏ ਦੁੱਖ ਤੇ ਗੁੱਸੇ ਤੋਂ ਜਾਣੂ ਕਰਵਾਇਆ ਗਿਆ।
ਮੁਹੰਮਦ ਅਬਦਾਲੀ ਨੇ ਸਿੱਖ ਵਫ਼ਦ ਦੀਆਂ ਮੰਗਾਂ ਨੂੰ ਗੌਰ ਨਾਲ ਸੁਣਨ ਉਪਰੰਤ ਮੰਗਾਂ ਬਾਰੇ ਅਫ਼ਗਾਨ ਸਰਕਾਰ ਨੂੰ ਜਾਣੂ ਕਰਵਾਉਣ ਦਾ ਭਰੋਸਾ ਦਿੱਤਾ। ਜਨਾਬ ਅਬਦਾਲੀ ਨੇ ਘੱਟ ਗਿਣਤੀ ਕੋਟੇ ਦੀ ਸੰਸਦੀ ਸੀਟ ਲਈ ਕਿਸੇ ਸਿੱਖ ਆਗੂ ਨੂੰ ਨਾਮਜ਼ਦ ਕਰਨ, ਅਫ਼ਗਾਨੀ ਹਿੰਦੂਆਂ ਅਤੇ ਸਿੱਖਾਂ ਨੂੰ ਸੁਰੱਖਿਆ ਦੇਣ, ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਸਰਕਾਰ ਨਾਲ ਗੱਲਬਾਤ ਕਰਨ, ਸਥਾਨਕ ਪਾਸਪੋਰਟ ਦਫ਼ਤਰਾਂ ਵਿਚ ਸਿੱਖਾਂ ਅਤੇ ਹਿੰਦੂਆਂ ਨੂੰ ਦੇਣੀ ਪੈਂਦੀ ਫੀਸ ਨੂੰ ਹਟਾਉਣ ਸਣੇ ਅਫ਼ਗਾਨਿਸਤਾਨ ਜਾਣ ਦੇ ਇਛੁੱਕ ਵਫਦ ਨੂੰ ਵੀਜ਼ਾ ਦੇਣ ਦਾ ਭਰੋਸਾ ਦਿੱਤਾ ਹੈ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦੱਸਿਆ ਕਿ ਜਨਾਬ ਅਬਦਾਲੀ ਨੇ ਦੱਸਿਆ ਹੈ ਕਿ ਅਫ਼ਗਾਨਿਸਤਾਨ ਵਿਚ ਅਤਿਵਾਦ ਦਾ ਸ਼ਿਕਾਰ ਸਾਰੇ ਫਿਰਕੇ ਹੋ ਰਹੇ ਹਨ, ਮਰਨ ਵਾਲਿਆਂ ਵਿਚ ਮੁਸਲਮਾਨ ਵੀ ਸ਼ਾਮਲ ਹਨ। ਇਥੋਂ ਤੀਨ ਮੂਰਤੀ ਚੌਕ ਤੋਂ ਸ਼ੁਰੂ ਹੋਏ ਰੋਸ ਮਾਰਚ ਨੂੰ ਪੁਲੀਸ ਨੇ ਥਾਣਾ ਚਾਣਕਿਆਪੁਰੀ ਦੇ     ਬਾਹਰ ਰੋਕ ਦਿੱਤਾ। ਇਸ ਤੋਂ ਪਹਿਲਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਮਾਰਚ ਦੀ ਅਗਵਾਈ ਕੀਤੀ। ਸ੍ਰੀ ਜੀ.ਕੇ. ਨੇ ਇਸ ਮੌਕੇ ਦੇਸ਼ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਹੋਈ ਗੱਲਬਾਤ ਤੋਂ ਹਾਜ਼ਰ ਲੋਕਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਵਿਦੇਸ਼ ਮੰਤਰੀ ਨੂੰ ਅਫ਼ਗਾਨਿਸਤਾਨ ਦੇ ਮੰਦਰਾਂ-ਗੁਰਦੁਆਰਿਆਂ ਅਤੇ ਲੋਕਾਂ ਦੀ ਸੁਰੱਖਿਆ ਲਈ ਅਫ਼ਗਾਨ ਸਰਕਾਰ ਨਾਲ ਗੱਲਬਾਤ ਕਰਨ, ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਭਾਰਤ ਸਰਕਾਰ ਵੱਲੋਂ ਮੁਆਵਜ਼ਾ ਦਿਵਾਉਣ, ਭਾਰਤ ਸਰਕਾਰ ਵੱਲੋਂ ਦਿੱਲੀ ਕਮੇਟੀ ਅਤੇ ਪੰਥਕ ਜਥੇਬੰਦੀਆਂ ਦਾ ਸਾਂਝਾ ਵਫ਼ਦ ਅਫ਼ਗਾਨਿਸਤਾਨ ਭੇਜਣ ਸਣੇ ਭਾਰਤ ਆਉਣ ਦੇ ਇਛੁੱਕ ਅਫ਼ਗਾਨੀ ਹਿੰਦੂ-ਸਿੱਖਾਂ ਬਾਰੇ ਸਰਕਾਰੀ ਨੀਤੀ ਦਾ ਖੁਲਾਸਾ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਾਂਝੇ ਵਫ਼ਦ ਅਤੇ ਮੁਆਵਜ਼ੇ ਨੂੰ ਲੈ ਕੇ ਵਿਦੇਸ਼ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਉਪਰੰਤ ਜਾਣਕਾਰੀ ਦੇਣ ਦੀ ਗੱਲ ਕਹੀ ਹੈ।
ਇਸ ਹਮਲੇ ਦੀ ਨਿੰਦਾ ਕਰਦਿਆਂ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਨੇ ਕਿਹਾ ਕਿ ਅਫਗਾਨਿਸਤਾਨ ਦੇ ਕਈ ਇਲਾਕਿਆਂ ਵਿਚ ਜੇ ਰਹਿਣ ਯੋਗ ਨਹੀਂ, ਤਾਂ ਬਹੁਤ ਔਖਾ ਸਮੇਂ ਦਾ ਸਿੱਖ ਅਤੇ ਹਿੰਦੂ ਭਾਈਚਾਰੇ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਵਿਚ ਸਦੀਆਂ ਤੋਂ ਰਹਿ ਰਹੇ ਸਿੱਖ ਅਤੇ ਹਿੰਦੂ ਭਾਈਚਾਰੇ ਦੀ ਗਿਣਤੀ ਹੁਣ ਘੱਟ ਕੇ ਮਹਿਜ਼ 1000-2000 ਦੇ ਕਰੀਬ ਰਹਿ ਗਈ ਹੈ। 1992 ਤੱਕ ਇਹ ਗਿਣਤੀ 200,000 ਤੋਂ ਵੱਧ ਸੀ। ਪਰ ਪਿਛਲੇ ਸਮੇਂ ਤੋਂ ਘੱਟਗਿਣਤੀਆਂ ‘ਤੇ ਹੋ ਰਹੇ ਜ਼ੁਲਮਾਂ ਕਾਰਨ ਸਿੱਖ ਅਤੇ ਹਿੰਦੂ ਅਫਗਾਨਿਸਤਾਨ ਛੱਡ ਕੇ ਜਾਣ ਲਈ ਮਜਬੂਰ ਹੋਏ ਹਨ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਨੇ ਕੈਨੇਡਾ ਸਰਕਾਰ ਨੂੰ ਅਫਗਾਨਿਸਤਾਨ ਦੇ ਸਿੱਖ ਅਤੇ ਹਿੰਦੂ ਭਾਈਚਾਰੇ ਦੀ ਮਦਦ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੇ ਸਿੱਖ ਅਤੇ ਹਿੰਦੂਆਂ ਲਈ ਅੰਤਰਰਾਸ਼ਟਰੀ ਪੱਧਰ ‘ਤੇ ਵਸੇਵੇ ਦਾ ਇੰਤਜ਼ਾਮ ਕਰਨਾ ਹੀ ਉਨ੍ਹਾਂ ਨੂੰ ਮੁਸ਼ਕਿਲਾਂ ਵਿਚੋਂ ਕੱਢਣ ਦਾ ਇਕ ਹੱਲ ਹੈ।
ਕੈਨੇਡਾ ਦੇ ਸਿੱਖ ਸੰਗਠਨ ਨੇ ਕਿਹਾ ਕਿ ਉਹ ਅਫਗਾਨਿਸਤਾਨ ਦੇ ਕੁਝ ਸਿੱਖ ਅਤੇ ਹਿੰਦੂ ਪਰਿਵਾਰਾਂ ਨੂੰ ਕੈਨੇਡਾ ਵਿਚ ਵਸਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ ਜੋ 2015 ਵਿਚ ਆਪਣੀ ਮੌਤ ਤੋਂ ਪਹਿਲਾਂ ਐਲਬਰਟਾ ਦੇ ਐਮਅਲਏ ਮਨਮੀਤ ਸਿੰਘ ਭੁੱਲਰ ਵਲੋਂ ਸ਼ੁਰੂ ਕੀਤੀਆਂ ਗਈਆਂ ਸਨ।
ਸਿੱਖ ਫੈਡਰੇਸ਼ਨ ਯੂਕੇ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਜਲਾਲਾਬਾਦ ਹਮਲੇ ਦੀ ਖਬਰ ਨੇ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਨੂੰ ਸੋਗ ਦੀ ਲਹਿਰ ਵਿਚ ਡੋਬ ਦਿੱਤਾ ਹੈ।
ਸਿੱਖ ਫੈਡਰੇਸ਼ਨ ਯੂਕੇ ਦੇ ਮੁਖੀ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਇਸ ਹਮਲੇ ਵਿਚ ਮਾਰੇ ਗਏ ਅਤੇ ਜ਼ਖਮੀ ਹੋਏ ਲੋਕਾਂ ਦੇ ਪਰਿਵਾਰਾਂ ਨਾਲ ਅਸੀਂ ਦੁੱਖ ਸਾਂਝਾ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ।
ਯੂਨਾਈਟਿਡ ਸਿੱਖਸ ਵਲੋਂ ਵੀ ਇਸ ਹਮਲੇ ਦੀ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਨੁਮਾਂਇੰਦਗੀ ਕਰਦੀ ਨਿੱਕੀ ਹੇਲੇ ਕੋਲ ਚੁੱਕਣਗੇ।
ਇਸੇ ਤਰ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਤੌਰ ਉੱਤੇ ਪ੍ਰਤੀ ਮ੍ਰਿਤਕ ਇੱਕ ਇੱਕ ਲੱਖ ਰੁਪਏ ਅਤੇ ਫੱਟੜਾਂ ਨੂੰ 50 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਅਤੇ ਯਤੀਮ ਹੋਏ ਬੱਚਿਆਂ ਨੂੰ ਦੋਵਾਂ ਕਮੇਟੀਆਂ ਵੱਲੋਂ ਭਾਰਤ ਵਿਚ ਮੁਫ਼ਤ ਵਿੱਦਿਅਕ ਸਹਾਇਤਾ ਦੇਣ ਦਾ ਫੈਸਲਾ ਲਿਆ ਗਿਆ ਹੈ।