ਸ੍ਰੀਨਿਵਾਸ ਦੀ ਹੱਤਿਆ ਦੇ ਵਿਰੋਧ ਵਿੱਚ ਕੈਨਸਾਸ ‘ਚ ਸ਼ਾਂਤੀ ਮਾਰਚ

0
541

People march before a vigil for Srinivas Kuchibhotla, an Indian engineer who was shot and killed, at a conference center in Olathe, Kansas, U.S., February 26, 2017. REUTERS/Dave Kaup

ਸੈਂਕੜੇ ਲੋਕਾਂ ਨੇ ਕੀਤੀ ਸ਼ਮੂਲੀਅਤ
ਓਲੇਥ (ਕੈਨਸਾਸ)/ਬਿਊਰੋ ਨਿਊਜ਼ :
ਭਾਰਤੀ ਇੰਜਨੀਅਰ ਸ੍ਰੀਨਿਵਾਸ ਕੁਚੀਭੋਤਲਾ ਦੀ ਯਾਦ ਵਿਚ ਕੈਨਸਾਸ ਦੇ ਓਲੇਥ ਸਿਟੀ ਵਿੱਚ ਸ਼ਾਂਤੀ ਮਾਰਚ ਕੀਤਾ ਗਿਆ ਅਤੇ ਪ੍ਰਾਰਥਨਾ ਸਭਾ ਰੱਖੀ ਗਈ। ਇਸ ਵਿੱਚ ਸੈਂਕੜੇ ਲੋਕ ਸ਼ਾਮਲ ਹੋਏ। ਗ਼ੌਰਤਲਬ ਹੈ ਕਿ ਸ੍ਰੀਨਿਵਾਸ ਦੀ ਅਮਰੀਕਾ ਦੇ ਸਾਬਕਾ ਜਲ ਸੈਨਾ ਅਧਿਕਾਰੀ ਐਡਮ ਪੁਰਿੰਟਨ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਮਾਰਚ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੇ ਹੱਥਾਂ ਵਿਚ ਤਸਵੀਰਾਂ ਅਤੇ ਬੈਨਰ ਫੜੇ ਹੋਏ ਸਨ। ਉਨ੍ਹਾਂ ਨਾਅਰੇ ਲਾਏ, ‘ਅਸੀਂ ਸ਼ਾਂਤੀ ਚਾਹੁੰਦੇ ਹਾਂ’, ‘ਅਸੀਂ ਸ਼ਾਂਤੀ ਪਸੰਦ ਹਾਂ’, ‘ਏਕਤਾ ਭਾਈਚਾਰੇ ਦਾ ਹਿੱਸਾ ਹੈ, ‘ਇਕੱਠੇ ਅਸੀਂ ਖੜ੍ਹ ਸਕਦੇ ਹਾਂ, ਵੰਡੇ ਜਾਣ ਨਾਲ ਅਸੀਂ ਬਿਖਰ ਜਾਵਾਂਗੇ।’
ਮਾਰਚ ਕਰਨ ਵਾਲਿਆਂ ਦੇ ਹੱਥਾਂ ਵਿਚ ਮੋਮਬੱਤੀਆਂ ਸਨ ਅਤੇ ਤਖ਼ਤੀਆਂ ਉਤੇ ਲਿਖਿਆ ਸੀ, ‘ਅਸੀਂ ਨਫ਼ਰਤ ਵਾਲੀ ਸਿਆਸਤ ਦਾ ਸਮਰਥਨ ਨਹੀਂ ਕਰਦੇ।’ ਸ਼ਾਂਤੀ ਲਈ ਮਾਰਚ ਅਤੇ ਪ੍ਰਾਰਥਨਾ ਸਭਾ ਵਿੱਚ ਸ੍ਰੀਨਿਵਾਸ ਦੇ ਦੋਸਤ ਸ਼ਾਮਲ ਸਨ। ਆਲੋਕ ਮਦਸਾਣੀ, ਜੋ ਬੁੱਧਵਾਰ ਨੂੰ ਹੋਈ ਗੋਲੀਬਾਰੀ ਵਿੱਚ ਜ਼ਖ਼ਮੀ ਹੋਣ ਵਾਲਾ ਦੂਜਾ ਭਾਰਤੀ ਸੀ, ਵੀ ਫਹੁੜੀਆਂ ਸਹਾਰੇ ਪਹੁੰਚਿਆ ਹੋਇਆ ਸੀ। ਸ੍ਰੀਨਿਵਾਸ ਤੇ ਆਲੋਕ ਨੂੰ ਬਚਾਉਣ ਦੌਰਾਨ ਜ਼ਖ਼ਮੀ ਹੋਏ ਅਮਰੀਕੀ ਨੌਜਵਾਨ ਇਆਨ ਗ੍ਰਿੱਲਟ ਦੀਆਂ ਭੈਣਾਂ, ਕੈਨਸਾਸ ਦਾ ਲੈਫਟੀਨੈਂਟ ਗਵਰਨਰ ਜੈੱਫ ਕੋਲਯਰ, ਕਾਂਗਰਸ ਮੈਂਬਰ ਕੇਵਿਨ ਯੋਡਰ, ਓਲੇਥ ਮੇਅਰ ਮਾਈਕ ਕੋਪਲੈਂਡ, ਓਲੇਫ ਪੁਲੀਸ ਮੁਖੀ ਸਟੀਵਨ ਮੇਨਕੇ ਅਤੇ ਹੋਰ ਅਧਿਕਾਰੀ ਵੀ ਪ੍ਰਾਰਥਨਾ ਸਭਾ ਵਿੱਚ ਸ਼ਾਮਲ ਹੋਏ। ਕੈਨਸਾਸ ਸਿਟੀ ਦੇ ਹਿੰਦੂ ਮੰਦਿਰ ਅਤੇ ਸਭਿਆਚਾਰਕ ਕੇਂਦਰ ਵਿੱਚ ਕਈ ਧਰਮਾਂ ਦੇ ਆਗੂਆਂ ਨੇ ਪ੍ਰਾਰਥਨਾ ਕੀਤੀ। ਇਸ ਸਭਾ ਦੀ ਸ਼ੁਰੂਆਤ ਹਿੰਦੂ, ਸਿੱਖ, ਈਸਾਈ, ਯਹੂਦੀ ਅਤੇ ਮੁਸਲਿਮ ਪ੍ਰਾਰਥਨਾ ਨਾਲ ਹੋਈ ਅਤੇ ਸਮਾਪਤੀ ਜੌਹਨ ਲੈਨਨ ਦੇ ਗੀਤ ‘ਇਮੈਜਨ’ ਗਾ ਕੇ ਕੀਤੀ।
ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਆਲੋਕ ਨੇ ਸ੍ਰੀਨਿਵਾਸ ਨਾਲ ਆਪਣੇ ਨੌਂ ਸਾਲਾਂ ਦੀ ਦੋਸਤੀ ਨੂੰ ਯਾਦ ਕੀਤਾ। ਆਲੋਕ ਨੇ ਕਿਹਾ, ‘ਸ੍ਰੀਨਿਵਾਸ ਦੇ ਦਿਲ ਵਿਚ ਹਰੇਕ ਲਈ ਸਨੇਹ ਸੀ। ਉਹ ਕਦੇ ਇਕ ਵੀ ਨਫਰਤ ਵਾਲਾ ਸ਼ਬਦ ਨਹੀਂ ਬੋਲਦਾ ਸੀ। ਉਹ ਬੇਪ੍ਰਵਾਹ ਹੋ ਕੇ ਬੋਲਦਾ ਸੀ, ਉਹ ਹਰੇਕ ਦੀ ਦੇਖਭਾਲ ਕਰਦਾ ਸੀ।’
ਸ੍ਰੀਨਿਵਾਸ ਦਾ ਹੈਦਰਾਬਾਦ ‘ਚ ਸਸਕਾਰ
ਹੈਦਰਾਬਾਦ : ਸ੍ਰੀਨਿਵਾਸ ਦਾ ਹੈਦਰਾਬਾਦ ਵਿਚ ਸਸਕਾਰ ਕਰ ਦਿੱਤਾ ਗਿਆ। ਸ੍ਰੀਨਿਵਾਸ ਦੀ ਮ੍ਰਿਤਕ ਦੇਹ ਸੋਮਵਾਰ ਰਾਤ ਹੈਦਰਾਬਾਦ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਪੁੱਜ ਗਈ ਸੀ। ਮ੍ਰਿਤਕ ਦੇਹ ਨੂੰ ਵਿਸ਼ੇਸ਼ ਕਾਰਗੋ ਉਡਾਣ ਵਿਚ ਇਥੇ ਲਿਆਂਦਾ ਗਿਆ। ਸ੍ਰੀਨਿਵਾਸ ਦੀ ਮ੍ਰਿਤਕ ਦੇਹ ਨੂੰ ਬਾਚੂਪੱਲੀ ਇਲਾਕੇ ਵਿਚ ਸਥਿਤ ਉਸ ਦੀ ਰਿਹਾਇਸ਼ ‘ਤੇ ਲਿਜਾਇਆ ਗਿਆ। ਉਸ ਦੀ ਪਤਨੀ ਸੁਨੱਨਿਆ ਤੇ ਹੋਰ ਰਿਸ਼ਤੇਦਾਰ ਮ੍ਰਿਤਕ ਦੇਹ ਨੂੰ ਇਥੇ ਲਿਆਏ, ਜਿੱਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ।