ਸਲਾਮਤੀ ਦਸਤਿਆਂ ਨੇ ਭੀੜ ਵਲੋਂ ਪਥਰਾਅ ਕਾਰਨ ਤਲਾਸ਼ੀ ਮੁਹਿੰਮ ਰੋਕੀ

0
359
Srinagar: A group of policemen chase students away who resorted to stone pelting during a clash outside Gandhi Memorial College at Babademb in Srinagar on Wednesday. PTI Photo by S Irfan(PTI5_17_2017_000121B)
ਕੈਪਸ਼ਨ-ਪੁਰਾਣੇ ਸ੍ਰੀਨਗਰ ਵਿੱਚ ਬੁੱਧਵਾਰ ਨੂੰ ਗਾਂਧੀ ਮੈਮੋਰੀਅਲ ਕਾਲਜ ਦੇ ਬਾਹਰ ਪੱਥਰਬਾਜ਼ੀ ਕਰਨ ਵਾਲੇ ਵਿਦਿਆਰਥੀਆਂ ਦਾ ਪਿੱਛਾ ਕਰਦੇ ਹੋਏ ਸੁਰੱਖਿਆ ਮੁਲਾਜ਼ਮ। 

ਸ੍ਰੀਨਗਰ/ਬਿਊਰੋ ਨਿਊਜ਼ :
ਸਲਾਮਤੀ ਦਸਤਿਆਂ ਨੇ ਕਸ਼ਮੀਰ ਦੇ ਦੱਖਣੀ ਜ਼ਿਲ੍ਹੇ ਸ਼ੋਪੀਆਂ ਵਿੱਚ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਦੌਰਾਨ ਦੂਜੀ ਵਾਰ ਜ਼ੋਰਦਾਰ ਘੇਰਾਬੰਦੀ ਤੇ ਤਲਾਸ਼ੀ ਅਪਰੇਸ਼ਨ ਚਲਾਇਆ ਪਰ ਇਸ ਦੌਰਾਨ ਕੋਈ ਦਹਿਸ਼ਤਗਰਦ ਨਾ ਮਿਲਣ ਅਤੇ ਭੀੜ ਵੱਲੋਂ ਪਥਰਾਅ ਕੀਤੇ ਜਾਣ ਕਾਰਨ ਅਪਰੇਸ਼ਨ ਰੋਕ ਦਿੱਤਾ ਗਿਆ। ਪੁਰਾਣੇ ਸ੍ਰੀਨਗਰ ਵਿੱਚ ਵੀ ਮਾਰਚ ਕੱਢਣ ਦੀ ਕੋਸ਼ਿਸ਼ ਕਰ ਰਹੇ ਵਿਦਿਆਰਥੀਆਂ ਦੀਆਂ ਸੁਰੱਖਿਆ ਦਸਤਿਆਂ ਨਾਲ ਝੜਪਾਂ ਹੋਈਆਂ।
ਇਕ ਫ਼ੌਜੀ ਅਫ਼ਸਰ ਨੇ ਦੱਸਿਆ ਕਿ ਘੇਰਾਬੰਦੀ ਤੇ ਤਲਾਸ਼ੀ ਅਪਰੇਸ਼ਨ ਦਹਿਸ਼ਤਗਰਦਾਂ ਦੀ ਮੌਜੂਦਗੀ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਸ਼ੋਪੀਆਂ ਜ਼ਿਲ੍ਹੇ ਦੇ ਜ਼ੈਨਾਪੋਰਾ ਇਲਾਕੇ ਦੇ ਪਿੰਡ ਹੈਫ਼ ਵਿੱਚ ਸਵੇਰਸਾਰ ਸ਼ੁਰੂ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਸੁਰੱਖਿਆ ਜਵਾਨ ਸ਼ਾਮਲ ਸਨ। ਇਕ ਪੁਲੀਸ ਅਫ਼ਸਰ ਨੇ ਕਿਹਾ ਕਿ ਇਸ ਦੌਰਾਨ ਵੱਡੀ ਗਿਣਤੀ ਲੋਕਾਂ ਵੱਲੋਂ ਪਥਰਾਅ ਕੀਤੇ ਜਾਣ ਤੋਂ ਬਾਅਦ ਅਪਰੇਸ਼ਨ ਰੋਕ ਦਿੱਤਾ ਗਿਆ। ਲੋਕਾਂ ਨੂੰ ਖਿੰਡਾਉਣ ਲਈ ਸੁਰੱਖਿਆ ਜਵਾਨਾਂ ਦੀ ਵਾਧੂ ਨਫ਼ਰੀ ਵੀ ਭੇਜੀ ਗਈ। ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।
ਅਧਿਕਾਰੀਆਂ ਮੁਤਾਬਕ ਇਸ ਮੌਕੇ ਸੁਰੱਖਿਆ ਦਸਤਿਆਂ ਨੂੰ ਕੋਈ ਦਹਿਸ਼ਤਗਰਦ ਜਾਂ ਛੁਪਣਗਾਹ ਨਹੀਂ ਮਿਲੀ, ਜਿਸ ਕਾਰਨ ਅਪਰੇਸ਼ਨ ਰੋਕਿਆ ਗਿਆ। ਗ਼ੌਰਤਲਬ ਹੈ ਕਿ ਦੱਖਣੀ ਕਸ਼ਮੀਰ ਵਿੱਚ ਹਾਲ ਹੀ ਵਿੱਚ ਦਹਿਸ਼ਤੀ ਘਟਨਾਵਾਂ ਵਿੱਚ ਭਾਰੀ ਵਾਧਾ ਹੋਣ ਤੋਂ ਬਾਅਦ ਅਜਿਹੇ ਅਪਰੇਸ਼ਨ ਸ਼ੁਰੂ ਕੀਤੇ ਗਏ ਸਨ। ਬੀਤੀ 4 ਮਈ ਨੂੰ ਅਜਿਹੇ ਅਪਰੇਸ਼ਨ ਵਿੱਚ ਕਰੀਬ 4000 ਜਵਾਨਾਂ ਨੇ ਸ਼ੋਪੀਆਂ ਜ਼ਿਲ੍ਹੇ ਦੇ ਦੋ ਦਰਜਨ ਪਿੰਡਾਂ ਦੀ ਤਲਾਸ਼ੀ ਲਈ ਸੀ। ਇਸ ਦੌਰਾਨ ਕੋਈ ਅਤਿਵਾਦੀ ਨਹੀਂ ਸੀ ਮਿਲਿਆ ਪਰ ਵਾਪਸ ਜਾਂਦੇ ਸੁਰੱਖਿਆ ਦਸਤਿਆਂ ‘ਤੇ ਹੋਏ ਅਤਿਵਾਦੀ ਹਮਲੇ ਵਿੱਚ ਇਕ ਟੈਕਸੀ ਡਰਾਈਵਰ ਮਾਰਿਆ ਗਿਆ ਸੀ ਤੇ ਕਈ ਜਵਾਨ ਜ਼ਖ਼ਮੀ ਹੋਏ ਸਨ।
ਇਸ ਦੌਰਾਨ ਸੀਨੀਅਰ ਆਈਪੀਐਸ ਅਧਿਕਾਰੀ ਮੁਖੀ ਮੁਨੀਰ ਅਹਿਮਦ ਖ਼ਾਨ ਨੇ ਜੰਮੂ-ਕਸ਼ਮੀਰ ਦੇ ਕਸ਼ਮੀਰ ਜ਼ੋਨ ਦੇ ਆਈਜੀਪੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਸਈਦ ਜਾਵੇਦ ਮੁਜਤਬਾ ਗਿਲਾਨੀ ਦੀ ਥਾਂ ਲਈ ਹੈ। ਗ਼ੌਰਤਲਬ ਹੈ ਕਿ ਉਨ੍ਹਾਂ ਇਹ ਅਹਿਮ ਜ਼ਿੰਮੇਵਾਰੀ ਉਦੋਂ ਸੰਭਾਲੀ ਹੈ ਜਦੋਂ ਕਸ਼ਮੀਰ ਵਾਦੀ ਵਿੱਚ ਲੋਕਾਂ ਵੱਲੋਂ ਵੱਡੇ ਪੱਧਰ ‘ਤੇ ਮੁਜ਼ਾਹਰੇ ਤੇ ਸਲਾਮਤੀ ਦਸਤਿਆਂ ਉਤੇ ਪਥਰਾਅ ਕੀਤੇ ਜਾ ਰਹੇ ਹਨ।
ਦੂਜੇ ਪਾਸੇ ਪੁਰਾਣੇ ਸ੍ਰੀਨਗਰ ਵਿੱਚ ਗਾਂਧੀ ਮੈਮੋਰੀਅਲ ਕਾਲਜ ਦੇ ਵਿਦਿਆਰਥੀਆਂ ਦੀ ਉਦੋਂ ਸਲਾਮਤੀ ਦਸਤਿਆਂ ਨਾਲ ਝੜਪ ਹੋ ਗਈ ਜਦੋਂ ਉਨ੍ਹਾਂ ਇਲਾਕੇ ਵਿੱਚ ਰੋਸ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ। ਜਦੋਂ ਜਵਾਨਾਂ ਨੇ ਰੋਕਿਆ ਤਾਂ ਉਹ ਪਥਰਾਅ ਕਰਨ ਲੱਗੇ। ਉਹ ਪਹਿਲਾਂ ਹੋਏ ਅਜਿਹੇ ਮੁਜ਼ਾਹਰਿਆਂ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ। ਇਹ ਵਿਦਿਆਰਥੀ ਦੁਪਹਿਰ ਵੇਲੇ ਆਪਣੀਆਂ ਜਮਾਤਾਂ ਦਾ ਬਾਈਕਾਟ ਕਰ ਕੇ ਸੜਕ ਉਤੇ ਆ ਗਏ ਤੇ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੂੰ ਉਨ੍ਹਾਂ ਨੂੰ ਖਿੰਡਾਉਣ ਲਈ ਹੰਝੂ ਗੈਸ ਦੇ ਦਰਜਨਾਂ ਗੋਲੇ ਦਾਗ਼ਣੇ ਪਏ ਤੇ ਲਾਠੀਚਾਰਜ ਵੀ ਕਰਨਾ ਪਿਆ।