ਸਰਕਾਰ ਨਾਲ ਆਢਾ ਲਾਉਣ ਵਾਲਾ ਥਾਣੇਦਾਰ ਬਾਜਵਾ ਗ੍ਰਿਫ਼ਤਾਰ

0
292
SHO Mehatpur Inspector Parminder Bajwa (green T-shirt) arrested for obstructing the security staff at court from performing their duties.  He had gone to court to seek protection for himself. Tribune Photo Sarabjit Singh, with Deepkamal Story
ਮਹਿਤਪੁਰ ਦੇ ਐਸਐਚਓ ਰਹੇ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਨੂੰ ਗ੍ਰਿਫ਼ਤਾਰ ਕਰਕੇ ਲਿਜਾਂਦੀ ਹੋਈ ਪੁਲੀਸ। 

ਜਲੰਧਰ/ਬਿਊਰੋ ਨਿਊਜ਼ :
ਸ਼ਾਹਕੋਟ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਰੁੱਧ ਪਰਚਾ ਦਰਜ ਕਰਨ ਵਾਲੇ ਥਾਣੇਦਾਰ ਪਰਮਿੰਦਰ ਸਿੰਘ ਬਾਜਵਾ ਨੂੰ ਜਲੰਧਰ ਪੁਲੀਸ ਨੇ ਅਦਾਲਤੀ ਕੰਪਲੈਕਸ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ। ਥਾਣੇਦਾਰ ਬਾਜਵਾ ਖਿਲਾਫ਼ ਪੁਲੀਸ ਮੁਲਾਜ਼ਮਾਂ ਦੀ ਡਿਊਟੀ ‘ਚ ਵਿਘਨ ਪਾਉਣ ਦੇ ਮਾਮਲੇ ਵਿੱਚ ਥਾਣਾ ਬਾਰਾਂਦਰੀ ‘ਚ ਆਈ.ਪੀ.ਸੀ ਦੀ ਧਾਰਾ 353, 186 ਅਤੇ ਆਰਮਜ਼ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਮੈਡੀਕਲ ਕਰਵਾ ਕੇ ਥਾਣੇਦਾਰ ਬਾਜਵਾ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਬਾਜਵਾ ਨੂੰ 25 ਮਈ ਤੱਕ ਨਿਆਂਇਕ ਹਿਰਾਸਤ ‘ਚ ਕਪੂਰਥਲਾ ਜੇਲ੍ਹ ਭੇਜ ਦਿੱਤਾ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਬਾਰਾਂਦਰੀ ਦੇ ਮੁਖੀ ਬਲਬੀਰ ਸਿੰਘ ਨੇ ਦੱਸਿਆ ਕਿ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਸੁਖਵਿੰਦਰ ਸਿੰਘ ਅੱਜ ਅਦਾਲਤੀ ਕੰਪਲੈਕਸ ‘ਚ ਡਿਊਟੀ ਦੇ ਰਹੇ ਸਨ। ਸੁਖਵਿੰਦਰ ਸਿੰਘ ਨੇ ਅਦਾਲਤ ‘ਚ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਥਾਣੇਦਾਰ ਪਰਮਿੰਦਰ ਸਿੰਘ ਬਾਜਵਾ ਨੇ ਉਸ ਨੂੰ ਧੱਕਾ ਮਾਰਿਆ ਹੈ ਅਤੇ ਉਹ ਹਥਿਆਰ ਦਿਖਾ ਕੇ ਜਬਰਦਸਤੀ ਅਦਾਲਤ ‘ਚ ਦਾਖਲ ਹੋ ਗਿਆ।
ਇਸ ਤੋਂ ਪਹਿਲਾਂ ਥਾਣੇਦਾਰ ਪਰਮਿੰਦਰ ਸਿੰਘ ਬਾਜਵਾ ਖ਼ੁਦ ਅਦਾਲਤ ‘ਚ ਪੇਸ਼ ਹੋਇਆ। ਬਾਜਵਾ ਅਦਾਲਤ ਦੇ ਬਿਲਕੁਲ ਸਾਹਮਣੇ ਹੋਟਲ ਵਿੱਚ ਹੀ ਰੁਕਿਆ ਹੋਇਆ ਸੀ। ਬਾਜਵਾ ਨੇ ਸੈਸ਼ਨ ਜੱਜ ਅੱਗੇ ਆਪਣੀ ਜਾਨ ਨੂੰ ਸਰਕਾਰ ਤੋਂ ਖਤਰਾ ਦੱਸਿਆ ਅਤੇ ਸੁਰੱਖਿਆ ਦੀ ਮੰਗ ਕੀਤੀ। ਥਾਣੇਦਾਰ ਬਾਜਵਾ ਅਦਾਲਤ ‘ਚ ਆਪਣਾ ਰਿਵਾਲਵਰ ਵੀ ਜੱਜ ਦੇ ਸਾਹਮਣੇ ਲੈ ਗਿਆ। ਇਸ ਮੌਕੇ ਬਾਜਵਾ ਨੇ ਆਪਣਾ ਹੁਲੀਆ ਬਦਲਣ ਲਈ ਕੈਪਰੀ ਪਾਈ ਹੋਈ ਸੀ ਤੇ ਸਿਰ ਨੂੰ ਵੀ ਅਜੀਬ ਤਰੀਕੇ ਨਾਲ ਢਕਿਆ ਹੋਇਆ ਸੀ। ਆਦਲਤ ਵਿੱਚ ਕੈਪਰੀ ਪਾ ਕੇ ਆਉਣ ਦੀ ਜੱਜ ਨੇ ਰੋਕ ਲਗਾਈ ਹੋਈ ਹੈ। ਜਾਣਕਾਰੀ ਅਨੁਸਾਰ ਅਦਾਲਤੀ ਕੰਪਲੈਕਸ ‘ਚ ਡਿਊਟੀ ਦੇ ਰਹੇ ਪੁਲੀਸ ਮੁਲਾਜ਼ਮਾਂ ਨੇ ਬਾਜਵਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਦੌੜ ਕੇ ਕੋਰਟ ਰੂਮ ਵਿੱਚ ਪੁੱਜ ਕੇ ਕਟਹਿਰੇ ‘ਚ ਖੜ੍ਹਾ ਹੋ ਗਿਆ। ਜੱਜ ਦੇ ਅੱਗੇ ਜਾ ਕੇ ਬਾਜਵਾ ਨੇ ਰਿਵਾਲਵਰ ਕੱਢ ਲਿਆ ਅਤੇ ਕਿਹਾ ਕਿ ਉਸ ਦੇ ਕੋਲ ਇਹੀ ਹਥਿਆਰ ਹੈ ਜਦਕਿ ਪੁਲੀਸ ਨੇ ਉਸ ਦੇ ਹਥਿਆਰ ਵਾਪਸ ਲੈ ਲਏ ਹਨ। ਜੱਜ ਨੇ ਬਾਜਵਾ ਦੀ ਅਪੀਲ ਸੁਣਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਸੁਰੱਖਿਆ ਮੁਹੱਈਆ ਕਰਵਾਉਣਾ ਉਨ੍ਹਾਂ ਦੇ ਅਧਿਕਾਰਾਂ ‘ਚ ਨਹੀਂ ਅਤੇ ਇਸ ਲਈ ਉਹ ਹਾਈ ਕੋਰਟ ਜਾ ਸਕਦੇ ਹਨ। ਇਸ ਤੋਂ ਬਾਅਦ ਬਾਜਵਾ ਅੰਦਰ ਹੀ ਬੈਠ ਗਿਆ ਅਤੇ ਹਾਈ ਕੋਰਟ ਪਹੁੰਚਣ ਤੱਕ ਸੁਰੱਖਿਆ ਦੇਣ ਦੀ ਮੰਗ ਕੀਤੀ। ਜੱਜ ਦੇ ਸਮਝਾਉਣ ਤੋਂ ਬਾਅਦ ਬਾਜਵਾ ਨੂੰ ਅਦਾਲਤ ਤੋਂ ਬਾਹਰ ਲਿਆਂਦਾ ਗਿਆ ਤਾਂ ਗੇਟ ਤੋਂ ਨਿਕਲਦਿਆਂ ਹੀ ਥਾਣਾ ਬਾਰਾਂਦਰੀ ਦੀ ਪੁਲੀਸ ਨੇ ਉਸ ਨੂੰ ਹਿਰਾਸਤ ‘ਚ ਲੈ ਲਿਆ ਅਤੇ ਥਾਣੇ ਲੈ ਗਏ।
ਗ੍ਰਿਫ਼ਤਾਰੀ ਤੋਂ ਪਹਿਲਾਂ ਥਾਣੇਦਾਰ ਬਾਜਵਾ ਨੇ ਐੱਸ.ਐੱਚ.ਓ ਬਲਬੀਰ ਸਿੰਘ ਨਾਲ ਕਾਫੀ ਬਹਿਸ ਕੀਤੀ ਅਤੇ ਉਸ ਵੱਲੋਂ ਦਿੱਤੀਆਂ ਸ਼ਿਕਾਇਤਾਂ ਬਾਰੇ ਵੀ ਪੁੱਛਿਆ। ਬਾਜਵਾ ਦੇ ਵਕੀਲ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਗੱਲ ਕੀਤੀ ਹੈ। ਥਾਣੇਦਾਰ ਬਾਜਵਾ ਨੂੰ ਅਦਾਲਤ ‘ਚ ਪੇਸ਼ ਕਰਨ ਸਮੇਂ ਉਸ ਦੇ ਪਰਿਵਾਰਕ ਮੈਂਬਰ ਅਤੇ ਵਕੀਲ ਵੀ ਅਦਾਲਤ ‘ਚ ਹਾਜ਼ਰ ਰਹੇ। ਵਕੀਲ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ ਥਾਣੇਦਾਰ ਬਾਜਵਾ ਮਾਨਸਿਕ ਤੌਰ ‘ਤੇ ਬਿਮਾਰ ਹੈ ਅਤੇ ਪਹਿਲਾਂ ਵੀ ਇਲਾਜ ਕਰਵਾ ਚੁੱਕਾ ਹੈ। ਵਕੀਲ ਨੇ ਮੰਗ ਕੀਤੀ ਕਿ ਉਸ ਨੂੰ ਜੇਲ੍ਹ ਦੀ ਥਾਂ ਇਲਾਜ ਲਈ ਹਸਪਤਾਲ ਭੇਜਿਆ ਜਾਵੇ।
ਅਦਾਲਤ ਨੇ ਦਲੀਲ ਸੁਣਨ ਤੋਂ ਬਾਅਦ ਥਾਣੇਦਾਰ ਨੂੰ ਕਪੂਰਥਲਾ ਜੇਲ੍ਹ ਵਿੱਚ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ। ਜੇਲ੍ਹ ਵਿੱਚ ਰੱਖਣ ਅਤੇ ਹਸਪਤਾਲ ਭੇਜਣ ਦਾ ਫੈਸਲਾ ਜੇਲ੍ਹ ਦੇ ਡਾਕਟਰ ਉੱਤੇ ਛੱਡ ਦਿੱਤਾ।