ਜੰਮੂ-ਕਸ਼ਮੀਰ ਦੇ ਬਾਲਾਕੋਟ ‘ਚ ਪਾਕਿ ਵੱਲੋਂ ਗੋਲਾਬਾਰੀ ਜਾਰੀ, 1700 ਲੋਕਾਂ ਨੂੰ ਸੁਰੱਖਿਅਤ ਥਾਂ ਪਹੁੰਚਾਇਆ

0
316

 

bala-sector-chon-hijrat

ਸ੍ਰੀਨਗਰ/ਬਿਊਰੋ ਨਿਊਜ਼ :
ਪਾਕਿਸਤਾਨ ਫੌਜ ਨੇ ਜੰਮੂ-ਕਸ਼ਮੀਰ ਦੇ ਬਾਲਾਕੋਟ ਸੈਕਟਰ ਵਿਚ ਇਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ। ਫੌਜੀ ਬੁਲਾਰੇ ਲੈਫ. ਕਰਨਲ ਮਨੀਸ਼ ਮਹਿਤਾ ਅਨੁਸਾਰ ਪਾਕਿਸਤਾਨ ਫੌਜ ਨੇ ਬਾਲਾਕੋਟ ਸੈਕਟਰ ਵਿਚ ਭਾਰਤ ਦੀਆਂ ਅਗਲੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਜਦਕਿ ਰਾਜੌਰੀ ਤੇ ਨੌਸ਼ਹਿਰਾ ਸੈਕਟਰ ਵਿਚ ਨਿਯੰਤਰਣ ਰੇਖਾ ਨਾਲ ਲੱਗਦੇ ਰਿਹਾਇਸ਼ੀ ਇਲਾਕਿਆਂ ਨਾਲ ਫੌਜੀ ਚੌਕੀਆਂ ਨੂੰ ਮੋਰਟਾਰ ਗੋਲਿਆਂ ਤੇ ਹਲਕੇ ਹਥਿਆਰਾਂ ਨਾਲ ਨਿਸ਼ਾਨਾ ਬਣਾਇਆ, ਜਿਸ ਦਾ ਭਾਰਤੀ ਫੌਜ ਨੇ ਵੀ ਢੁਕਵਾਂ ਜਵਾਬ ਦਿੱਤਾ। ਇਸ ਦੌਰਾਨ ਭਾਰਤ ਵਾਲੇ ਪਾਸੇ ਕਿਸੇ ਦੇ ਹਲਾਕ ਜਾਂ ਜ਼ਖ਼ਮੀ ਹੋਣ ਦੀ ਖਬਰ ਨਹੀਂ ਹੈ। ਨੌਸ਼ਹਿਰਾ ਸੈਕਟਰ ਨਾਲ ਲਗਦੀ ਨਿਯੰਤਰਣ ਰੇਖਾ ‘ਤੇ ਰਹਿੰਦੇ ਰਿਹਾਇਸ਼ੀ ਇਲਾਕਿਆਂ ਦੇ 1700 ਨਾਗਰਿਕਾਂ ਨੂੰ ਰਾਹਤ ਕੈਂਪਾਂ ਵਿਚ ਪਹੁੰਚਾਇਆ ਗਿਆ ਹੈ। ਰਾਜੌਰੀ ਦੇ ਡੀ.ਸੀ. ਅਨੁਸਾਰ 2694 ਪਰਿਵਾਰਾਂ ਦੇ 10, 042 ਮੈਂਬਰ ਕੰਟਰੋਲ ਰੇਖਾ ‘ਤੇ ਜਾਰੀ ਗੋਲੀਬਾਰੀ ਕਾਰਨ ਪ੍ਰਭਾਵਤ ਹੋਏ ਹਨ। ਪ੍ਰਸ਼ਾਸਨ ਨੇ ਪਾਕਿ ਗੋਲੀਬਾਰੀ ਨਾਲ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਵਾਸਤੇ ਤੁਰੰਤ 1-1 ਲੱਖ ਜਦਕਿ ਜ਼ਖ਼ਮੀਆਂ ਲਈ ਇਲਾਜ ਦੀ ਸਹਾਇਤਾ ਜਾਰੀ ਕੀਤੀ ਹੈ। ਪ੍ਰਸ਼ਾਸਨ ਨੇ ਪ੍ਰਭਾਵਤ ਲੋਕਾਂ ਲਈ ਹੋਰ ਰਾਹਤ ਕੈਂਪ ਸਥਾਪਤ ਕਰਨ ਲਈ 25 ਹੋਰ ਇਮਾਰਤਾਂ ਦੀ ਨਿਸ਼ਾਨਦੇਹੀ ਕੀਤੀ ਹੈ। ਸਿਵਲ ਪ੍ਰਸ਼ਾਸਨ ਨੇ ਸਥਿਤੀ ਵਿਚ ਸੁਧਾਰ ਤੋਂ ਬਾਅਦ ਇਸ ਹਫਤੇ ਸਕੂਲ ਮੁੜ ਖੁੱਲ੍ਹਣ ਦੀ ਸੰਭਾਵਨਾ ਪ੍ਰਗਟਾਈ ਹੈ। ਜ਼ਖ਼ਮੀਆਂ ਨੂੰ ਇਲਾਜ਼ ਲਈ ਤਬਦੀਲ ਕਰਨ ਲਈ 6 ਐਂਬੂਲੈਸਾਂ ਨੂੰ ਲਗਾਇਆ ਗਿਆ ਹੈ ਜਦਕਿ ਇਕ ਮੈਡੀਕਲ ਮੋਬਾਈਲ ਟੀਮ ਨੂੰ ਨੌਸ਼ਹਿਰਾਂ ਤੇ ਦੂਜੀ ਨੂੰ ਸਰਹੱਦ ਨੇੜੇ ਅਗਲੇਰੇ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ 2 ਸਾਲ ਵਿਚ ਪਾਕਿਸਤਾਨ ਵੱਲੋਂ ਜਾਰੀ ਗੋਲੀਬਾਰੀ ਦੀ ਉਲੰਘਣਾ ਵਿਚ 23 ਸੁਰੱਖਿਆ ਜਵਾਨ ਸ਼ਹੀਦ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਪਾਕਿਸਤਾਨੀ ਰੇਂਜਰਾਂ ਨੇ 15 ਤੇ 16 ਮਈ ਦੀ ਦਰਮਿਆਨੀ ਰਾਤ ਨੂੰ ਜ਼ਿਲ੍ਹਾ ਰਾਜੌਰੀ ਦੇ ਕਈ ਇਲਾਕਿਆ ‘ਤੇ ਭਾਰੀ ਗੋਲੇ ਵਰ੍ਹਾਏ ਸਨ। ਸਰਹੱਦ ਪਾਰੋਂ ਗੋਲਾਬਾਰੀ ਕਾਰਨ 10 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਤ ਹੋਏ ਹਨ। ਇਸੇ ਤਰ੍ਹਾਂ ਨੌਸ਼ਹਿਰਾਂ ਸੈਕਟਰ ਵਿਚ 13 ਮਈ ਨੂੰ ਪਾਕਿਸਤਾਨੀ ਗੋਲਾਬਾਰੀ ਵਿਚ 2 ਵਿਅਕਤੀਆਂ ਦੀ ਮੌਤ ਜਦਕਿ 3 ਜ਼ਖਮੀ ਹੋ ਗਏ ਸਨ। 15 ਮਈ ਨੂੰ ਹੀ ਨੌਸ਼ਹਿਰਾ ਸੈਕਟਰ ਵਿਚ ਪਾਕਿ ਗੋਲਾਬਾਰੀ ਵਿਚ 2 ਦੀ ਮੌਤ ਜਦਕਿ 5 ਜ਼ਖ਼ਮੀ ਹੋ ਗਏ ਹਨ।