ਜਗਮੀਤ ਸਿੰਘ ਤੇ ਸਤਿੰਦਰ ਸਰਤਾਜ ਨੂੰ   50 ਉੱਘੇ ਏਸ਼ੀਅਨਾਂ ‘ਚ ਹੋਣ ਦਾ ਮਾਣ

0
264

satinder-sartaaj-ranked-28th-jpeg
ਵਾਸ਼ਿੰਗਟਨ/ਬਿਊਰੋ ਨਿਊਜ਼:
ਸੂਫ਼ੀ ਗਾਇਕੀ ਨੂੰ ਪ੍ਰਣਾਏ ਉੱਘੇ ਪੰਜਾਬੀ ਗਾਇਕ ਅਤੇ ਫਿਲਮ ਅਦਾਕਾਰ ਸਤਿੰਦਰ ਸਰਤਾਜ ਨੂੰ ਸਾਲ 2017 ਦੌਰਾਨ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ 50 ਉੱਘੇ ਏਸ਼ੀਅਨਾਂ ਦੀ ਸੂਚੀ ਵਿੱਚ 28ਵਾਂ ਸਥਾਨ ਪ੍ਰਾਪਤ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਇਸਦੇ ਨਾਲ ਹੀ ਕਨੇਡਾ ਦੀ ਰਾਜਨੀਤੀ ਵਿੱਚ ਧਮਾਕੇ ਨਾਲ ਚੋਟੀ ਵਲ ਵੱਧਣ ਵਾਲੇ ਨਿਊ ਡੈਮੋਕਰੇਟਿਕ ਪਾਰਟੀ ਦੇ ਮੁਖੀ ਤੇ ਸਿੱਖ ਅੰਮ੍ਰਿਤਧਾਰੀ ਨੌਜਵਾਨ ਜਗਮੀਤ ਸਿੰਘ ਦਾ 6ਵੇਂ ਸਥਾਨ ਉੱਤੇ ਹੋਣਾ ਸਿੱਖ ਭਾਈਚਾਰੇ ਲਈ ਵੱਡੀ ਪ੍ਰਾਪਤੀ ਹੈ। ਇਸ ਸਨਮਾਨ ਲਈ ਚੁਣੇ ਵਾਲੇ ਸਭਨਾਂ ਵਿਅਕਤੀਆਂ ਨੇ ਆਪੋ ਅਪਣੇ ਖੇਤਰਾਂ ਵਿੱਚ ਲੰਮੀ ਜਦੋ ਜ਼ਹਿਦ ਤੇ ਕਰੜੀਆਂ ਘਾਲਨਾਵਾਂ ਘਾਲ ਕੇ ਪ੍ਰਬੀਨਤਾ ਹਾਸਲ ਕੀਤੀ ਹੈ।
ਵਰਨਣਯੋਗ ਹੈ ਕਿ ਵਰ੍ਹਿਆਂ ਤੋਂ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣੇ ਆ ਰਹੇ ਸਤਿੰਦਰ ਸਰਤਾਜ ਨੇ ਪਿਛਲੇ ਸਾਲ ਸਿੱਖ ਰਾਜ ਦੇ ਆਖ਼ਰੀ ਮਹਾਰਜਾ ਦਲੀਪ ਸਿੰਘ ਦੀ ਜੀਵਨ ਕਹਾਣੀ ਉੱਤੇ ਬਣੀ ਬਹੁ ਚਰਚਿਤ ਹਾਲੀਵੁੱਡ ਇਤਿਹਾਸਕ ਫਿਲਮ ‘ਦ ਬਲੈਕ ਪ੍ਰਿੰਸ’ ਵਿੱਚ ਨਾਇਕ ਦਾ ਕਿਰਦਾਰ ਨਿਭਾਉਂਦਿਆਂ ਅਪਣੀ ਅਦਾਕਾਰੀ ਰਾਹੀਂ ਕਾਂਸ ਫਿਲਮ ਮੇਲੇ ਦੇ ਰੈੱਡ ਕਾਰਪਟ ਉੱਤੇ ਪਹੁੰਚਣ ਵਾਲੇ ਸਿੱਖ ਵਜੋਂ ਵੀ ਭਾਈਚਾਰੇ ਨੂੰ ਆਲਮੀ ਸਨਮਾਨ ਦਿਵਾਇਆ।
50 ਉੱਘੇ ਏਸ਼ੀਅਨਾਂ ਦੀ ਹਾਲ ਵਿੱਚ ਵੀ ਜਾਰੀ ਹੋਈ ਇਸ ਅਹਿਮ ਸੂਚੀ ਵਿੱਚ ਸਭ ਤੋਂ ਚੋਟੀ ਉੱਤੇ ਬਾਲੀਬੁੱਡ ਤੋਂ ਹਾਲੀਬੁੱਡ ਤੱਕ ਦਾ ਲੰਮਾ ਸਫ਼ਰ ਕਰਨ ਵਾਲੀ ਫਿਲਮ ਐਕਟਰ ਪ੍ਰਿਯੰਕਾ ਚੋਪੜਾ ਹੈ ਜਦੋਂ ਕਿ ਐਮੀ ਅਵਾਰਡ ਜਿੱਤਣ ਵਾਲੇ ਪਹਿਲੇ ਮੁਸਲਿਮ ਤੇ ਦੱਖਣ-ਏਸ਼ੀਆਈ ਐਕਟਰ ਤੇ ਰੈਪਰ ਰਿਆਜ਼ ਅਹਿਮਦ ਨੂੰ ਇਸ ਸੂਚੀ ‘ਚ ਦੂਜੇ ਸਥਾਨ ਉੱਤੇ ਆਉਣ ਦਾ ਸ਼ੁਭਾਗ ਮਿਲਿਆ ਹੈ।
ਕ੍ਰਿਕਟ ਜਗਤ ਵਿੱਚ ਇਸ ਮੌਕੇ ਚੋਟੀ ਦੇ ਖਿਡਾਰੀ ਵਜੋਂ ਗੁੱਡੀ ਚਾੜ੍ਹੀ ਆ ਰਹੇ ਵਿਰਾਟ ਕੋਹਲੀ ਨੇ ਤੀਜੀ ਥਾਂ ਪੱਕੀ ਕੀਤੀ ।
ਭਾਰਤ ਦੇ ਹਰਿਆਣਾ ਸੂਬੇ ਦੀ ਜੰਮਪਲ ਤੇ ਮਿੱਸ ਵਰਲਡ 2017 ਦਾ ਖਿਤਾਬ ਜਿੱਤਣ ਵਾਲੀ ਮਾਨੁਸ਼ੀ ਛਿਲਰ, ਟੋਰਾਂਟੋ ਰਹਿੰਦੀ ਨੌਜਵਾਨ ਕਵਿਤਰੀ ਰੂਪੀ ਕੌਰ, ਨਿਊਜਰਸੀ ਦੇ ਹਬੋਕਨ ਸ਼ਹਿਰ ਦਾ ਪਹਿਲਾ ਮੇਅਰ ਬਣਨ ਦਾ ਸੁਭਾਗ ਪ੍ਰਾਪਤ ਕਰਨ ਵਾਲੇ ਰਵਿੰਦਰ ਸਿੰਘ ਭੱਲਾ, ਕਨੇਡਾ ਦੀ ਪਹਿਲੀ ਦਸਤਾਰਧਾਰੀ ਸਿੱਖ ਜੱਜ ਪਲਬਿੰਦਰ ਕੌਰ ਸ਼ੇਰਗਿੱਲ, ਯੂਬਾ ਸਿਟੀ ਸ਼ਹਿਰ ਦੀ ਪਹਿਲੀ ਅਮਰੀਕੀ ਸਿੱਖ ਮਹਿਲਾ ਮੇਅਰ ਪ੍ਰੀਤ ਡਿਡਬਾਲ, ਕੈਲੀਫੋਰਨੀਆਂ ਦੀ ਪਹਿਲੀ ਮਹਿਲਾ ਅਟਾਰਨੀ ਜਨਰਲ ਬਣਨ ਵਾਲੀ ਸੈਨੇਟਰ ਕਮਲਾ ਦੇਵੀ ਹੈਰਿਸ, ਅਮਰੀਕੀ ਸਿੱਖ ਫਿਲਮਕਾਰ ਵਲੇਰੀ ਸਿੰਘ, ਐਨ ਬੀ ਏ ਵਲੋਂ ਚੁਣੇ ਪੇਸ਼ਾਵਰ ਸਿੱਖ ਫੁਟਬਾਲ ਖਿਡਾਰੀ ਸਤਨਾਮ ਸਿੰਘ, ਇੰਗਲੈਂਡ ਵਿਚਲੇ ਗਰਾਫਿਕ ਕਲਾਕਾਰ ਅਮਨਦੀਪ ਸਿੰਘ, ਅਮਰੀਕਾ ‘ਚ ਜੰਮੇ  ਨੌਜਵਾਨ ਫਿਲਮ ਅਦਾਕਾਰ ਕਰਨ ਬਰਾੜ ਅਤੇ ਵਰਜੀਨੀਆ ਵਾਸੀ ਏਸ਼ੀਅਨ ਵਰਾਇਟੀ ਸ਼ੋਅ ਵਾਲੇ ਰਾਜੂ ਸੇਠੀ, ਬਹਾਦਰ ਟਰਾਂਸਜੈਡਰ ਨਿੱਕੀ ਬਰਾੜ ਇਨ੍ਹਾਂ ਸਨਮਾਨਯੋਗ ਏਸ਼ੀਅਨਾਂ ‘ਚ ਸ਼ਾਮਲ ਹਨ।