ਸਰਬੱਤ ਖ਼ਾਲਸਾ ਅਣਮਿੱਥੇ ਸਮੇਂ ਲਈ ਮੁਲਤਵੀ

0
433

sarbatkhalsa
ਰਾਜਸਥਾਨ ਦੇ ਬੁੱਢਾ ਜੌਹੜ ਵਿਚ ਹੋਵੇਗਾ ਅਗਲਾ ਐਲਾਨ
ਮਾਨ ਨੇ ਹਾਈ ਕੋਰਟ ‘ਚ ਦਾਇਰ ਪਟੀਸ਼ਨ ਵਾਪਸ ਲਈ
ਚੰਡੀਗੜ੍ਹ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਯੂਨਾਈਟਡ ਅਕਾਲੀ ਦਲ ਨੇ ਨੇ 10 ਨਵੰਬਰ ਨੂੰ ਤਲਵੰਡੀ ਸਾਬੋ ਵਿਚ ਹੋਣ ਵਾਲੇ ਸਰਬੱਤ ਖ਼ਾਲਸਾ ਨੂੰ ਮੁਲਤਵੀ ਕਰ ਦਿੱਤਾ ਹੈ। ਇਹ ਫ਼ੈਸਲਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ, ਸੰਤ ਬਲਜੀਤ ਸਿੰਘ ਦਾਦੂਵਾਲ, ਸਰਬੱਤ ਖ਼ਾਲਸਾ ਵਲੋਂ ਐਲਾਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਹਰਿਆਣਾ ਵਿਚ ਕੀਤੀ ਗਈ ਗੁਪਤ ਮੀਟਿੰਗ ਵਿਚ ਲਿਆ। ਇਸ ਤੋਂ ਪਹਿਲਾਂ ਹਾਈ ਕੋਰਟ ਵਿਚ ਸਰਬੱਤ ਖ਼ਾਲਸਾ ਕਰਵਾਉਣ ਲਈ ਦਾਇਰ ਪਟੀਸ਼ਨ ਸਿਮਰਜੀਤ ਸਿੰਘ ਮਾਨ ਨਦੇ ਵਕੀਲ ਨੇ ਵਾਪਸ ਲੈ ਲਈ। ਹਾਲਾਂਕਿ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਹ ਫਿਰ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਪ੍ਰਬੰਧਕਾਂ ਨੇ ਸਿੱਖ ਸੰਗਤ ਨੂੰ ਆਪਣੇ ਆਪ ਨੂੰ ਕਿਸੇ ਵੀ ਜੋਖ਼ਮ ਵਿੱਚ ਨਾ ਪਾਉਣ ਤੇ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ।
ਅਕਾਲੀ ਦਲ (ਅੰੰਮ੍ਰਿਤਸਰ) ਦੇ ਜਨਰਲ ਸਕੱਤਰ ਗੋਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਜਥੇਦਾਰਾਂ ਦੀ ਮੀਟਿੰਗ ਰਾਜਸਥਾਨ ਦੇ ਪਿੰਡ ਬੁੱਡਾ ਜੌਹੜ ਵਿਖੇ ਹੋਵੇਗੀ ਤੇ ਉਥੋਂ ਅਗਲਾ ਪੰਥਕ ਐਲਾਨ ਹੋਵੇਗਾ।
ਪੰਥਕ ਆਗੂਆਂ ਨੇ ਆਖਿਆ ਕਿ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਧਿਆਨ ਸਿੰਘ ਮੰਡ ਦੀ ਸਲਾਹ ਨਾਲ ‘ਸਰਬੱਤ ਖ਼ਾਲਸਾ’ ਮੁਲਤਵੀ ਕੀਤਾ ਗਿਆ ਹੈ। ਪੰਥਕ ਆਗੂਆਂ ਨੇ ਆਖਿਆ ਕਿ ਬਾਦਲ ਸਰਕਾਰ ਨੇ ਕਥਿਤ ਤੌਰ ‘ਤੇ ਪੰਥ ਵਿਰੋਧੀ ਤਾਕਤਾਂ ਨੂੰ ਖੁਸ਼ ਕਰਨ ਖਾਤਰ ‘ਸਰਬੱਤ ਖ਼ਾਲਸਾ’ ਉਤੇ ਪਾਬੰਦੀ ਲਾਈ ਹੈ। ਮੁਤਵਾਜ਼ੀ ਜਥੇਦਾਰਾਂ ਨੇ ਆਖਿਆ ਕਿ ਜਦੋਂ 1737 ਵਿੱਚ ਭਾਈ ਮਨੀ ਸਿੰਘ ਨੇ ਦੀਵਾਲੀ ਮੌਕੇ ਅੰਮ੍ਰਿਤਸਰ ਵਿਖੇ ‘ਸਰਬੱਤ ਖ਼ਾਲਸਾ’ ਸੱਦਿਆ ਸੀ, ਉਦੋਂ ਜ਼ਕਰੀਆ ਖਾਨ ਨੇ ਸਿੱਖ ਕਤਲੇਆਮ ਦੀ ਵਿਉਂਤ ਬਣਾ ਲਈ ਸੀ। ਆਗੂਆਂ ਨੇ ਸਿੱਖ ਸੰਗਤ ਨੂੰ 10 ਨਵੰਬਰ ਨੂੰ ਵੱਡੀ ਗਿਣਤੀ ਵਿੱਚ ਬੁੱਢਾ ਜੌਹੜ ਪੁੱਜਣ ਦੀ ਅਪੀਲ ਕੀਤੀ ਹੈ।

ਅਦਾਲਤ ਦੇ ਕਹਿਣ ‘ਤੇ ਵਾਪਸ ਲਈ ਪਟੀਸ਼ਨ :
ਚੰਡੀਗੜ੍ਹ : ਸਰਬੱਤ ਖ਼ਾਲਸਾ ਦੇ ਪ੍ਰਬੰਧਕਾਂ ਨੂੰ ਹਾਈ ਕੋਰਟ ਵਿਚੋਂ ਕੋਈ ਰਾਹਤ ਨਹੀਂ ਮਿਲੀ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਸਰਬੱਤ ਖ਼ਾਲਸਾ ਸਬੰਧੀ ਆਗਿਆ ਨਾ ਦਿੱਤੇ ਜਾਣ ਵਿਰੁੱਧ ਦਾਇਰ ਕੀਤੀ ਪਟੀਸ਼ਨ ਅਦਾਲਤ ਦੇ ਕਹਿਣ ‘ਤੇ ਵਾਪਸ ਲੈ ਲਈ ਗਈ, ਜਿਹੜੀ ਰੱਦ ਮੰਨੀ ਗਈ। ਇਸ ਤੋਂ ਇਲਾਵਾ ਸਰਬੱਤ ਖ਼ਾਲਸਾ ਨਾਲ ਸਬੰਧਤ ਵਿਅਕਤੀਆਂ ਨੂੰ ਕਥਿਤ ਤੌਰ ‘ਤੇ ਪੰਜਾਬ ਪੁਲੀਸ ਵੱਲੋਂ ਗ਼ੈਰਕਾਨੂੰਨੀ ਹਿਰਾਸਤ ਵਿੱਚ ਲੈਣ ਖ਼ਿਲਾਫ਼ ਸ੍ਰੀ ਮਾਨ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਇਸ ਦੀ ਸੁਣਵਾਈ 23 ਨਵੰਬਰ ‘ਤੇ ਪਾ ਦਿੱਤੀ ਹੈ। ਸ੍ਰੀ ਮਾਨ ਦੇ ਵਕੀਲ ਸਿਮਰਨਜੀਤ ਸਿੰਘ ਨੇ ਹਿਰਾਸਤ ਵਿੱਚ ਲਏ ਗਏ 156 ਵਿਅਕਤੀਆਂ ਦੀ ਸੂਚੀ ਜਸਟਿਸ ਜਤਿੰਦਰ ਚੌਹਾਨ ਦੇ ਬੈਂਚ ਅੱਗੇ ਰੱਖਦਿਆਂ ਕਿਹਾ ਕਿ ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਦੀ ਅਸਲ ਗਿਣਤੀ ਇਸ ਨਾਲੋਂ ਦੁੱਗਣੀ ਤੋਂ ਵੀ ਵੱਧ ਹੈ। ਉਨ੍ਹਾਂ ਕਿਹਾ ਕਿ ਪੂਰੀ ਸੂਚੀ ਇਸ ਲਈ ਤਿਆਰ ਨਹੀਂ ਕੀਤੀ ਜਾ ਸਕੀ ਕਿਉਂਕਿ ਪੁਲੀਸ ਕਾਰਵਾਈ ਕਾਰਨ ਸਰਬੱਤ ਖ਼ਾਲਸਾ ਨਾਲ ਸਬੰਧਤ ਆਗੂ ਜਾਣਕਾਰੀ ਮੁਹੱਈਆ ਨਹੀਂ ਕਰਵਾ ਸਕੇ।

ਸੁਖਬੀਰ ਬਾਦਲ ਬੋਲੇ- ਕਿਸੇ  ਨੂੰ ਮਾਹੌਲ ਖ਼ਰਾਬ ਨਹੀਂ ਕਰਨ ਦਿਆਂਗੇ :
ਬਠਿੰਡਾ : ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ‘ਸਰਬੱਤ ਖ਼ਾਲਸਾ’ ਦੇ ਪ੍ਰਬੰਧਕਾਂ ਵੱਲ ਇਸ਼ਾਰਾ ਕਰਦਿਆਂ ਆਖਿਆ ਕਿ ਪੰਜਾਬ ਵਿੱਚ ਕਿਸੇ ਨੂੰ ਵੀ ਧਰਮ ਦੇ ਨਾਮ ‘ਤੇ ਅਮਨ-ਸ਼ਾਂਤੀ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਕੁਝ ਲੋਕ ਧਰਮ ਦੇ ਨਾਮ ‘ਤੇ ਸਿਆਸਤ ਨਾਲ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ, ਪਰ ਸਰਕਾਰ ਅਜਿਹਾ ਨਹੀਂ ਹੋਣ ਦੇਵੇਗੀ।