ਸਾਕਾ ਨੀਲਾ ਤਾਰਾ ਗੈਲਰੀ ਲਈ ਦਮਦਮੀ ਟਕਸਾਲ ਨੇ ਕਾਰ ਸੇਵਾ ਆਰੰਭੀ

0
479

ਫ਼ੌਜੀ ਹਮਲੇ ‘ਚ ਮਾਰੇ ਗਏ ਲੋਕਾਂ ਦੀ ਯਾਦ ‘ਚ ਸ਼ਹੀਦੀ ਗੈਲਰੀ ਸਥਾਪਤ

punjab page;From right to left: Akal Takht jathedar Giani Gurbachan Singh, SGPC chief Kirpal Singh Badungar,  Damdami Taksal head Harnam Singh Khalsa and DSGMC chief Manjit Singh GK lead the 'Kar Sewa' of martyr gallery in Golden Temple complex  in Amritsar on Thursday.photo vishal kumar
ਕੈਪਸ਼ਨ-ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਝਪਾਲ ਸਿੰਘ ਬਡੂੰਗਰ, ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਅਤੇ ਦਿੱਲੀ ਕਮੇਟੀ ਦੇ ਮੁਖੀ ਮਨਜੀਤ ਸਿੰਘ ਜੀਕੇ ਸ਼ਹੀਦੀ ਗੈਲਰੀ ਦੀ ਕਾਰ ਸੇਵਾ ਦਾ ਆਗਾਜ਼ ਕਰਦੇ ਹੋਏ। 

ਅੰਮ੍ਰਿਤਸਰ/ਬਿਊਰੋ ਨਿਊਜ਼ :
ਜੂਨ 1984 ਸਾਕਾ ਨੀਲਾ ਤਾਰਾ ਫੌਜੀ ਹਮਲੇ ਸਮੇਂ ਮਾਰੇ ਗਏ ਲੋਕਾਂ ਦੀ ਯਾਦ ਵਿਚ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਸ਼ਹੀਦੀ ਗੈਲਰੀ ਦੀ ਸਥਾਪਨਾ ਲਈ ਪੰਥਕ ਰਵਾਇਤਾਂ ਅਨੁਸਾਰ ਦਮਦਮੀ ਟਕਸਾਲ ਨੇ ਕਾਰ ਸੇਵਾ ਸ਼ੁਰੂ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ, ਦਮਦਮੀ ਟਕਸਾਲ ਅਤੇ ਦਿੱਲੀ ਕਮੇਟੀ ਦੇ ਆਗੂਆਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਸ਼ਹੀਦੀ ਗੈਲਰੀ ਬਣਾਉਣ ਦੇ ਕੀਤੇ ਵਿਰੋਧ ਦੀ ਸਖ਼ਤ ਆਲੋਚਨਾ ਕੀਤੀ ਗਈ।
ਇਹ ਗੈਲਰੀ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਸ੍ਰੀ ਅਕਾਲ ਤਖ਼ਤ ਨੇੜੇ 2012 ਵਿਚ ਸਥਾਪਤ ਕੀਤੀ ਸ਼ਹੀਦੀ ਯਾਦਗਾਰ ਦੇ ਜ਼ਮੀਨਦੋਜ਼ ਹਾਲ ਵਿਚ ਬਣਾਈ ਜਾ ਰਹੀ ਹੈ। ਲਗਪਗ 800 ਵਰਗ ਫੁੱਟ ਰਕਬੇ ਵਿਚ ਅਤਿ ਆਧੁਨਿਕ ਤਕਨਾਲੋਜੀ ਦੀ ਵਰਤੋਂ ਨਾਲ ਇਹ ਗੈਲਰੀ ਸਥਾਪਿਤ ਹੋਵੇਗੀ, ਜਿਥੇ ਫੌਜੀ ਹਮਲੇ ਵਿਚ  ਮਾਰੇ ਗਏ ਸਿੱਖ ਆਗੂਆਂ ਦੀਆਂ ਤਸਵੀਰਾਂ, ਐਲਸੀਡੀ ਰਾਹੀਂ ਸਾਕਾ ਨੀਲਾ ਤਾਰਾ ਦੇ ਵੇਰਵੇ ਅਤੇ ਕੰਪਿਊਟਰ ਦੀ ਮਦਦ ਰਾਹੀਂ ਸ਼ਹੀਦਾਂ ਦੇ ਵੇਰਵੇ ਦੇਖੇ ਜਾ ਸਕਣਗੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਹੇਠ ਅੰਤ੍ਰਿੰਗ ਕਮੇਟੀ ਵੱਲੋਂ ਫੈਸਲਾ ਕਰਕੇ ਇਹ ਕਾਰ ਸੇਵਾ ਦਮਦਮੀ ਟਕਸਾਲ ਨੂੰ ਸੌਂਪੀ ਗਈ। ਇਸ ਸਬੰਧ ਵਿਚ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਦੇ ਕੀਰਤਨ ਮਗਰੋਂ ਅਰਦਾਸ ਅਤੇ ਹੁਕਮਨਾਮਾ ਲਿਆ ਗਿਆ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਪੰਜ ਪਿਆਰਿਆਂ ਦੇ ਰੂਪ ਵਿਚ ਕਾਰ ਸੇਵਾ ਦੀ ਆਰੰਭਤਾ ਕੀਤੀ। ਉਹ ਸ੍ਰੀ ਅਕਾਲ ਤਖ਼ਤ ਤੋਂ ਬਾਲਟੀਆਂ ਵਿਚ ਟਾਇਲਾਂ ਲੈ ਕੇ ਆਏ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਜੂਨ 1984 ਵਿਚ ਕਾਂਗਰਸ ਸਰਕਾਰ ਵੱਲੋਂ ਫੌਜੀ ਹਮਲੇ ਰਾਹੀਂ ਸ੍ਰੀ ਅਕਾਲ ਤਖ਼ਤ ਨੂੰ ਢਹਿ ਢੇਰੀ ਕੀਤਾ ਗਿਆ ਸੀ ਅਤੇ ਵੱਡੀ ਗਿਣਤੀ ਵਿਚ ਲੋਕ ਸ਼ਹੀਦ ਹੋਏ ਸਨ। ਇਨ੍ਹਾਂ ਸ਼ਹੀਦਾਂ ਦੀ ਯਾਦਗਾਰ ਦਮਦਮੀ ਟਕਸਾਲ ਵਲੋਂ ਬਣਾਈ ਗਈ ਹੈ ਅਤੇ ਹੁਣ ਸ਼ਹੀਦੀ ਗੈਲਰੀ ਦਾ ਨਿਰਮਾਣ ਵੀ ਦਮਦਮੀ ਟਕਸਾਲ ਵੱਲੋਂ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦੀ ਗੈਲਰੀ ਦੇ ਕੀਤੇ ਵਿਰੋਧ ਬਾਰੇ ਉਨ੍ਹਾਂ ਕਿਹਾ ਕਿ ਕੈਪਟਨ ਉਹ ਵਿਅਕਤੀ ਹੈ, ਜਿਸ ਨੇ ਸਾਕਾ ਨੀਲਾ ਤਾਰਾ ਦੇ ਵਿਰੋਧ ਵਿਚ ਉਸ ਵੇਲੇ ਸੰਸਦ ਮੈਂਬਰ ਵਜੋਂ ਅਸਤੀਫਾ ਦਿੱਤਾ ਸੀ। ਹੁਣ ਇਥੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਗੈਲਰੀ ਦਾ ਵਿਰੋਧ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਗਲਤ ਫਹਿਮੀ ਪੈਦਾ ਕਰਨ ਦਾ ਯਤਨ ਨਾ ਕੀਤਾ ਜਾਵੇ ਸਗੋਂ ਇਸ ਨੂੰ ਸਦਭਾਵਨਾ ਵਾਲੀ ਦ੍ਰਿਸ਼ਟੀ ਨਾਲ ਦੇਖਿਆ ਜਾਵੇ। ਸਿੱਖਸ ਫਾਰ ਜਸਟਿਸ ਵੱਲੋਂ ਸਿੱਖ ਰਿਫਰੈਂਡਮ ਬਾਰੇ ਉਨ੍ਹਾਂ ਕਿਹਾ ਕਿ ਇਸ ਨੂੰ ਦੇਖਣਾ ਅਤੇ ਕਾਰਵਾਈ ਕਰਨਾ ਸਰਕਾਰ ਦਾ ਕੰਮ ਹੈ। ਸ਼੍ਰੋਮਣੀ ਕਮੇਟੀ ਨੇ ਸਿੱਖ ਰਿਫਰੈਂਡਮ ਨਾਲ ਨਾਤਾ ਜੋੜਣ ਤੋਂ ਗੁਰੇਜ਼ ਕੀਤਾ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਵੀ ਇਸ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਿਰੋਧ ਨੂੰ ਬੇਲੋੜਾ ਦੱਸਦਿਆਂ ਇਸ ਦੀ ਆਲੋਚਨਾ ਕੀਤੀ।  ਇਸ ਮੌਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਪਰਿਵਾਰ ਦੇ ਜੀਆਂ ਤੋਂ ਇਲਾਵਾ ਹੋਰ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਵੀ ਪੁੱਜੇ ਹੋਏ ਸਨ। ਸਮਾਗਮ ਬੁਲਾਰਿਆਂ ਦੇ ਬੋਲਣ ਤੋਂ ਬਿਨਾਂ ਹੀ ਸੰਪੰਨ ਹੋ ਗਿਆ।
ਸੰਤ ਭਿੰਡਰਾਂਵਾਲਿਆਂ ਨਮਿਤ ਅਖੰਡ ਪਾਠ ਰੱਖਿਆ :
ਸ਼ਹੀਦੀ ਯਾਦਗਾਰ ਵਿਖੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨਮਿਤ ਪਹਿਲਾ ਅਖੰਡ ਪਾਠ ਅਰੰਭ ਕੀਤਾ ਗਿਆ ਅਤੇ ਅਖੰਡ ਪਾਠਾਂ ਦੀ ਇਹ ਲੜੀ ਜਾਰੀ ਰਹੇਗੀ। ਦਲ ਖਾਲਸਾ ਵਲੋਂ 220 ਸ਼ਹੀਦਾਂ ਦੀ ਇਕ ਡਾਇਰੈਕਟਰੀ ਵੀ ਤਿਆਰ ਕੀਤੀ ਗਈ ਹੈ, ਜਿਸ ਮੁਤਾਬਕ ਲੜੀਵਾਰ ਸ਼ਹੀਦਾਂ ਨਮਿਤ ਅਖੰਡ ਪਾਠ ਦੇ ਭੋਗ ਪਾਏ ਜਾਣਗੇ।