ਰਾਣਾ ਗੁਰਜੀਤ ਦੇ ਖਾਨੇਸਾਮੇ ਵਲੋਂ ਖੱਡ ਖ਼ਰੀਦਣ ਕਾਰਨ ਚਾਰੋਂ ਪਾਸੇ ਘਿਰੀ ਕੈਪਟਨ ਸਰਕਾਰ

0
470
File Photo: Power Minister Rana Gurjeet Singh at his place with a huge portrait of Punjab CM Capt Amarinder Singh at his back in Jalandhar Tribune File Photo Sarabjit Singh
ਕੈਪਸ਼ਨ-ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਮੀਡੀਆ ਨੂੰ ਸੰਬੋਧਨ ਕਰਦੇ ਹੋਏ। 

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਸਿੰਜਾਈ ਤੇ ਬਿਜਲੀ ਮੰਤਰੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਰਾਣਾ ਗੁਰਜੀਤ ਸਿੰਘ ਦੀ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਰੇਤੇ ਦੀਆਂ ਖੱਡਾਂ ਦੀ ਕਰੋੜਾਂ ਰੁਪਏ ਦੀ ਬੋਲੀ ਦੇਣ ਦਾ ਮਾਮਲਾ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਕੋਲ ਪੁੱਜ ਗਿਆ ਹੈ। ਇਹ ਮਾਮਲਾ ਉਜਾਗਰ ਹੋਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੱਧਰ ‘ਤੇ ਇਸ ਮੁੱਦੇ ਨੂੰ ਲੈ ਕੇ ਲੰਮੀ ਚਰਚਾ ਚਲਦੀ ਰਹੀ। ਸਰਕਾਰ ਇਸ ਮਾਮਲੇ ਵਿਚੋਂ ਆਪਣੇ ਆਪ ਨੂੰ ਕੱਢਣ ਲਈ ਰਾਹ ਲੱਭ ਰਹੀ ਹੈ। ਦੂਸਰੇ ਪਾਸੇ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ (ਆਪ) ਅਤੇ ਅਕਾਲੀ ਦਲ ਨੇ ਕੈਪਟਨ ਸਰਕਾਰ ਨੂੰ ਚੁਫੇਰਿਓਂ ਘੇਰ ਕੇ ਸ੍ਰੀ ਰਾਣਾ ਦਾ ਤੁਰੰਤ ਅਸਤੀਫ਼ਾ ਲੈਣ ਦੀ ਮੰਗ ਕੀਤੀ ਹੈ। ਸੂਤਰਾਂ ਅਨੁਸਾਰ ਕਾਂਗਰਸ ਪਾਰਟੀ ਵਿੱਚ ਵੀ ਇਸ ਮੁੱਦੇ ਨੂੰ ਲੈ ਕੇ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿਉਂਕਿ ਕਾਂਗਰਸ ਲੀਡਰਸ਼ਿਪ ਪਿਛਲੇ 10 ਸਾਲ ਜਿਹੜੇ ਦੋਸ਼ ਅਕਾਲੀਆਂ ਉਪਰ ਲਾਉਂਦੀ ਰਹੀ ਸੀ, ਉਹ ਮਹਿਜ਼ ਦੋ ਮਹੀਨੇ ਦੀ ਸਰਕਾਰ ਦੌਰਾਨ ਹੀ ਉਨ੍ਹਾਂ ਉਪਰ ਲੱਗ ਗਏ ਗਏ ਹਨ। ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਕੀਲ ਐਚ ਸੀ ਅਰੋੜਾ ਨੇ ਈਡੀ ਦੇ ਜੁਆਇੰਟ ਡਾਇਰੈਕਟਰ ਦਿੱਲੀ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਦੋਸ਼ ਲਾਇਆ ਹੈ ਕਿ ਇਹ ਬੇਨਾਮੀ ਜਾਇਦਾਦ ਦਾ ਮਾਮਲਾ ਬਣਦਾ ਹੈ। ਇਸ ਲਈ ਸ੍ਰੀ ਰਾਣਾ ਵਿਰੁੱਧ ਤੁਰੰਤ ਪੜਤਾਲ ਸ਼ੁਰੂ ਕੀਤੀ ਜਾਵੇ। ਸ੍ਰੀ ਅਰੋੜਾ ਨੇ ਮੰਤਰੀ ਵਿਰੁੱਧ ‘ਬੇਨਾਮੀ ਲੈਣ-ਦੇਣ (ਪਾਬੰਦੀ) ਸੋਧ ਐਕਟ-2016’ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਧਰ ‘ਆਪ’ ਦੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਐਚ ਐਸ ਫੂਲਕਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਅਜਿਹੇ ਮੰਤਰੀ ਜੋ ਗਲਤ ਤਰੀਕੇ ਨਾਲ ਸਰਕਾਰ ਤੋਂ ਬੇਨਾਮੀ ਠੇਕੇ ਪ੍ਰਾਪਤ ਕਰ ਰਹੇ ਹਨ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਸ੍ਰੀ ਰਾਣਾ ਨੂੰ ਮੰਤਰੀ ਮੰਡਲ ਵਿਚੋਂ ਬਾਹਰ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਅਜਿਹਾ ਨਹੀਂ ਕਰਦੇ ਤਾਂ ਇਸ ਤੋਂ ਸਿੱਧ ਹੋ ਜਾਏਗਾ ਕਿ ਉਹ ਖੁਦ ਕਥਿਤ ਤੌਰ ‘ਤੇ ਨਜਾਇਜ਼ ਧੰਦੇ ਵਿੱਚ ਸ਼ਾਮਲ ਹਨ। ਉਧਰ ਜਲੰਧਰ ਵਿਚ ‘ਆਪ’ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਬਿਉਰੋ, ਪੰਜਾਬ ਦੇ ਡੀਜੀਪੀ ਜਾਂ ਲੋਕਪਾਲ ਕੋਲੋਂ ਕਰਵਾਉਣ।
ਉਨ੍ਹਾਂ ਕਿਹਾ ਕਿ ਉਹ ਇਸ ਦੀ ਸ਼ਿਕਾਇਤ ਵਿਜੀਲੈਂਸ ਡਾਇਰੈਕਰ ਨੂੰ ਦੇਣਗੇ। ਫਿਰ ਵੀ ਜੇਕਰ ਰਾਣਾ ਗੁਰਜੀਤ ਸਿੰਘ ਅਸਤੀਫ਼ਾ ਨਹੀਂ ਦਿੰਦੇ ਹਨ ਤਾਂ ਪਾਰਟੀ ਅੰਦਰ ਸਲਾਹ ਮਸ਼ਵਰੇ ਤੋਂ ਬਾਅਦ ਮੁੱਖ ਮੰਤਰੀ ਜਾਂ ਬਿਜਲੀ ਮੰਤਰੀ ਦੇ ਦਫਤਰਾਂ ਦੇ ਬਾਹਰ ਧਰਨੇ ਦਿੱਤੇ ਜਾਣਗੇ।  ਇਸ ਦੌਰਾਨ ਅਕਾਲੀ ਦਲ ਦੇ ਵਿਧਾਨ ਸਭਾ ਵਿਚ ਵਿਪ੍ਹ ਪਵਨ ਟੀਨੂੰ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਕੇਂਦਰੀ ਏਜੰਸੀਆਂ ਤੋਂ ਨਿਰਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਰਾਣਾ ਗੁਰਜੀਤ ਸਿੰਘ ਖ਼ਿਲਾਫ਼ ਕਾਰਵਾਈ ਦੀ ਚੁਣੌਤੀ ਵੀ ਦਿੱਤੀ। ਉਨ੍ਹਾਂ ਅਮਿਤ ਬਹਾਦੁਰ ‘ਤੇ ਵੀ ਕਰੜੀ ਨਜ਼ਰ ਰੱਖਣ ਲਈ ਕਿਹਾ।
ਰਾਣਾ ਨੇ ਕਿਹਾ-ਮੇਰੇ ਪਰਿਵਾਰ ਜਾਂ ਕਿਸੇ ਮੁਲਾਜ਼ਮ ਦੀ ਰੇਤ ਵਪਾਰ ਵਿੱਚ ਕੋਈ ਹਿੱਸੇਦਾਰੀ ਨਹੀਂ :
ਪੰਜਾਬ ਦੇ ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਕੰਪਨੀ ਰਾਣਾ ਸ਼ੂਗਰ ਲਿਮਟਿਡ ਦੀ ਰੇਤ ਖਣਨ ਉਦਯੋਗ ਵਿੱਚ ਸਿੱਧੇ ਜਾਂ ਅਸਿੱਧੇ ਤੌਰ ‘ਤੇ ਕੋਈ ਹਿੱਸੇਦਾਰੀ ਨਹੀਂ ਹੈ। ਉਨ੍ਹਾਂ ਕੰਪਨੀ ਦੇ ਦੋ ਮੁਲਾਜ਼ਮਾਂ ਵੱਲੋਂ ਖੱਡਾਂ ਦੀ ਬੋਲੀ ਦੇਣ ਬਾਰੇ ਛਪੀ ਰਿਪੋਰਟ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਦੋਵੇਂ ਮੁਲਾਜ਼ਮ ਬਹੁਤ ਪਹਿਲਾਂ ਹੀ ਕੰਪਨੀ ਵਿਚੋਂ ਨੌਕਰੀ ਛੱਡ ਗਏ ਸਨ। ਉਨ੍ਹਾਂ ਕਿਹਾ ਕਿ ਹਜ਼ਾਰਾਂ ਲੋਕ ਕੰਪਨੀ ਵਿੱਚ ਕੰਮ ਕਰਕੇ ਗਏ ਹਨ ਪਰ ਨੌਕਰੀ ਛੱਡਣ ਤੋਂ ਬਾਅਦ ਕੀਤੀ ਗਈ ਕਿਸੇ ਵੀ ਗੱਲ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਵਾਜਬ ਨਹੀਂ ਜਾਪਦਾ। ਆਪਣੇ ਵਪਾਰ ਦਾ ਸਾਲਾਨਾ ਕਾਰੋਬਾਰ ਹਜ਼ਾਰਾਂ ਕਰੋੜ ਰੁਪਏ ਤੋਂ ਵੱਧ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਪਹਿਲਾਂ ਹੀ ਸੈਂਕੜੇ ਕਰੋੜ ਰੁਪਏ ਦਾ ਕਾਰੋਬਾਰ ਹੋਵੇ ਤਾਂ ਕੁੱਝ ਕਰੋੜ ਰੁਪਏ ਦੇ ਵਪਾਰ ਵਿੱਚ ਸ਼ਾਮਲ ਹੋਣ ਦੀ ਕੋਈ ਤੁੱਕ ਹੀ ਨਹੀਂ ਬਣਦੀ ਹੈ।