ਮਿਸ਼ਨ 2019: ਆਰਐਸਐਸ ਵੱਲੋਂ ਰਾਮ ਮੰਦਿਰ ਬਣਾਉਣ ਦੀ ਖਤਰਨਾਕ ਖੇਡ ਸ਼ੁਰੂ

0
29

ਧਰਮ ਸੰਸਦ ਵੱਲੋਂ ਸਰਕਾਰ ਤੋਂ ਰਾਮ ਮੰਦਰ ਬਾਰੇ ਆਰਡੀਨੈਂਸ ਲਿਆਉਣ ਦੀ ਮੰਗ

New Delhi: Spiritual guru Sri Sri Ravi Shankar  addresses at the 'Dharmadesh', a two-day meeting of Hindu seers organised for national integration, at Talkatora Stadium, in New Delhi, Sunday, Nov 4, 2018. (PTI Photo/Subhav Shukla)   (PTI11_4_2018_000051A)
ਹਿੰਦੂ ਧਰਮਗੁਰੂ ਸ੍ਰੀ ਸ੍ਰੀ ਰਵੀਸ਼ੰਕਰ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਚ ਐਤਵਾਰ ਨੂੰ ਕੌਮੀ ਏਕਤਾ ਲਈ ਸੱਦੀ ਦੋ ਦਿਨਾ ਹਿੰਦੂ ਸੰਸਦ ‘ਧਰਮਾਦੇਸ਼’ ਦੌਰਾਨ ਸੰਬੋਧਨ ਕਰਦੇ ਹੋਏ। 

ਨਵੀਂ ਦਿੱਲੀ/ਬਿਊਰੋ ਨਿਊਜ਼ :
ਜਿਉਂ-ਜਿਉਂ ਭਾਰਤ ਵਿਚ ਕੇਂਦਰੀ ਆਮ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ , ਤਿਉਂ-ਤਿਉਂ ਫਿਰਕਾਪ੍ਰਸਤ  ਤਾਕਤਾਂ ਵੋਟਾਂ ਦੇ ਧਰੁੱਵੀਕਰਨ ਦੀ ਰਾਜਨੀਤੀ ਨੂੰ ਤੇਜ਼ ਕਰਦੀਆਂ ਜਾ ਰਹੀਆਂ ਹਨ। ਸੁਪਰੀਮ ਕੋਰਟ ਵੱਲੋਂ ਅਯੁੱਧਿਆ ਮਾਮਲੇ ‘ਚ ਸੁਣਵਾਈ ਟਾਲਣ ਮਗਰੋਂ ਇਸ ਮੁੱਦੇ ‘ਤੇ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਹੈ। ਇੱਕ ਪਾਸੇ ਹਿੰਦੂ ਸੰਤ ਸਮਾਜ ਦਿੱਲੀ ‘ਚ ‘ਧਰਮਾਦੇਸ਼’ ਸਮਾਗਮ ਕਰਕੇ ਮੋਦੀ ਸਰਕਾਰ ‘ਤੇ ਰਾਮ ਮੰਦਰ ਦੀ ਉਸਾਰੀ ਲਈ ਆਰਡੀਨੈਂਸ ਲਿਆਉਣ ਦਾ ਦਬਾਅ ਬਣਾ ਰਿਹਾ ਹੈ ਤੇ ਭਾਜਪਾ ਆਗੂ ਵੀ ਇਸ ਦੀ ਹਮਾਇਤ ‘ਚ ਖੁੱਲ੍ਹ ਕੇ ਬੋਲ ਰਹੇ ਹਨ, ਦੂਜੇ ਪਾਸੇ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏਆਈਐੱਮਪੀਐੱਲਬੀ) ਨੇ ਇਸ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਉਸ ਨੇ ਆਰਐੱਸਐੱਸ ਦੇ ਸੰਨ1992 ਜਿਹਾ ਅੰਦੋਲਨ ਸ਼ੁਰੂ ਕਰਨ ਦੇ ਇਰਾਦੇ ਨੂੰ ਦੇਸ਼ ਲਈ ਖਤਰਨਾਕ ਦੱਸਿਆ ਹੈ।
ਤਾਜ਼ਾ ਘਟਨਾਕ੍ਰਮ ਵਿਚ ਨਵੀਂ ਦਿੱਲੀ ‘ਚ ਸੰਤਾਂ ਦੇ ਧਰਮਾਦੇਸ਼ ਸਮਾਗਮ ‘ਚ ਪਹੁੰਚੇ ਧਾਰਮਿਕ ਆਗੂ ਸ੍ਰੀਸ੍ਰੀ ਰਵੀਸ਼ੰਕਰ ਨੇ ਕਿਹਾ ਦੇਸ਼ ਦੇ ਲੱਖਾਂ ਲੋਕ ਚਾਹੁੰਦੇ ਹਨ ਕਿ ਅਯੁੱਧਿਆ ‘ਚ ਮੰਦਰ ਬਣੇ। ਦੋ ਰੋਜ਼ਾ ਧਰਮ ਸੰਸਦ ਦੇ ਆਖਰੀ ਦਿਨ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਸ਼ਬਰੀਮਾਲਾ ‘ਤੇ ਫ਼ੈਸਲਾ ਦਿੱਤਾ ਹੈ, ਉਸ ਨਾਲ ਲੋਕਾਂ ਨਾਲ ਦੁੱਖ ਹੋਇਆ ਅਤੇ ਅਯੁੱਧਿਆ ਬਾਰੇ ਫ਼ੈਸਲਾ ਨਹੀਂ ਦਿੱਤਾ ਤੇ ਇਸ ਨਾਲ ਵੀ ਲੋਕਾਂ ਨੂੰ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਮੰਦਰ ਦੀ ਉਸਾਰੀ ਲਈ ਉਹ ਪ੍ਰਾਰਥਨਾ ਤੇ ਕੋਸ਼ਿਸ਼, ਦੋਵੇਂ ਰਾਹ ਅਪਣਾਉਣਗੇ। ਧਰਮ ਸੰਸਦ ਦੇ ਆਗੂਆਂ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਅਯੁੱਧਿਆ ‘ਚ ਰਾਮ ਮੰਦਰ ਦੀ ਉਸਾਰੀ ਬਾਰੇ ਜਲਦੀ ਹੀ ਆਰਡੀਨੈਂਸ ਜਾਂ ਕਾਨੂੰਨ ਲਿਆਂਦਾ ਜਾਵੇ।
ਏਆਈਐੱਮਪੀਐੱਲਬੀ ਨੇ ਕਿਹਾ ਕਿ ਮੰਦਰ ਦੀ ਉਸਾਰੀ ਲਈ ਤੇਜ਼ ਹੋਈਆਂ ਗਤੀਵਿਧੀਆਂ ਸਿਆਸਤ ਤੋਂ ਪ੍ਰੇਰਿਤ ਹਨ। ਬੋਰਡ ਦੇ ਜਨਰਲ ਸਕੱਤਰ ਮੌਲਾਨਾ ਵਲੀ ਰਹਿਮਾਨੀ ਨੇ ਕਿਹਾ ਕਿ ਇਹ ਸਾਰਾ ਕੁਝ ਸੰਨ 2019 ਦੀਆਂ ਲੋਕ ਸਭਾ ਦੇ ਮੱਦੇਨਜ਼ਰ ਦਬਾਅ ਬਣਾਉਣ ਲਈ ਕੀਤਾ ਜਾ ਰਿਹਾ ਹੈ। ਮੰਦਰ ਦੇ ਨਿਰਮਾਣ ਲਈ ਸੰਨ 1992 ਵਰਗਾ ਅੰਦੋਲਨ ਸ਼ੁਰੂ ਕਰਨ ਦੇ ਸੰਘ ਦੇ ਇਰਾਦੇ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਸੰਘ ਅੰਦੋਲਨ ਸ਼ੁਰੂ ਕਰਦਾ ਹੈ ਤਾਂ ਇਹ ਬਹੁਤ ਖਤਰਨਾਕ ਹੋਵੇਗਾ ਤੇ ਇਸ ਨਾਲ ਦੇਸ਼ ਵਿੱਚ ਅਰਾਜਕਤਾ ਫੈਲੇਗੀ। ਉਨ੍ਹਾਂ ਕਿਹਾ, ”ਸੰਨ1992 ‘ਚ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਨਫਰਤ ਇੰਨੀ ਜ਼ਿਆਦਾ ਨਹੀਂ ਸੀ, ਜਿੰਨੀ ਹੁਣ ਹੈ। ਕੁਝ ਕਾਨੂੰਨ ਮਾਹਿਰਾਂ ਅਨੁਸਾਰ ਇਸ ਮਸਲੇ ‘ਤੇ ਹੁਣ ਕੋਈ ਆਰਡੀਨੈਂਸ ਜਾਂ ਸੰਸਦ ਦਾ ਕਾਨੂੰਨ ਨਹੀਂ ਆ ਸਕਦਾ। ਹੁਣ ਸਰਕਾਰ ਕੀ ਕਰੇਗੀ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।” ਇਸੇ ਦਰਮਿਆਨ ਜਮੀਅਤ ਉਲਮਾ-ਏ-ਹਿੰਦ ਦੀ ਉੱਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਮੌਲਾਨਾ ਅਸ਼ਹਦ ਰਸ਼ੀਦੀ ਨੇ ਕਿਹਾ ਕਿ ਮਾਮਲਾ ਅਦਾਲਤ ਵਿਚ ਹੈ। ਸਾਰਿਆਂ ਨੂੰ ਫ਼ੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ।
ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਕਿ ਜਦੋਂ ਵੀ ਸਮਾਂ ਆਵੇਗਾ ਅਯੁੱਧਿਆ ‘ਚ ਵੱਡਾ ਰਾਮ ਮੰਦਰ ਵੀ ਬਣਾਇਆ ਜਾਵੇਗਾ ਤੇ ਇਸ ਨੂੰ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਰਾਮ ਲੱਲਾ ਦੀ ਜਨਮ ਭੂਮੀ ‘ਤੇ ਬਾਬਰ ਦੇ ਨਾਂ ਦੀ ਇੱਕ ਇੱਟ ਵੀ ਨਹੀਂ ਲੱਗਣ ਦਿੱਤੀ ਜਾਵੇਗੀ।
ਕੇਂਦਰੀ ਮੰਤਰੀ ਉਮਾ ਭਾਰਤੀ ਨੇ ਕਿਹਾ ਕਿ ਹਿੰਦੂ ਦੁਨੀਆਂ ਦੇ ਸਭ ਤੋਂ ਵੱਧ ਸਹਿਣਸ਼ੀਲ ਲੋਕ ਹਨ, ਪਰ ਅਯੁੱਧਿਆ ‘ਚ ਰਾਮ ਮੰਦਰ ਦੀ ਪੈਰੀਫੇਰੀ ‘ਚ ਮਸਜਿਦ ਦੀ ਉਸਾਰੀ ਦੀ ਗੱਲ ਉਨ੍ਹਾਂ ਨੂੰ ਅਸਹਿਣਸ਼ੀਲ ਬਣਾ ਸਕਦੀ ਹੈ। ਉਮਾ ਭਾਰਤੀ ਨੇ ਕਾਂਗਰਸ ਮੁਖੀ ਰਾਹੁਲ ਗਾਂਧੀ ਨੂੰ ਵੀ ਸੱਦਾ ਦਿੱਤਾ ਕਿ ਉਹ ਵੀ ਉਨ੍ਹਾਂ ਨਾਲ ਆ ਕੇ ਰਾਮ ਮੰਦਰ ਦਾ ਨੀਂਹ ਪੱਥਰ ਰੱਖਣ।
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਦੁਨੀਆਂ ਦੀ ਕੋਈ ਵੀ ਤਾਕਤ ਅਯੁੱਧਿਆ ‘ਚ ਰਾਮ ਮੰਦਰ ਦੀ ਉਸਾਰੀ ਨਹੀਂ ਰੋਕ ਸਕਦੀ। ਉਨ੍ਹਾਂ ਕਿਹਾ ਕਿ ਸਰਕਾਰ ਤੇ ਅਦਾਲਤ ਨੂੰ ਅੱਗੇ ਆ ਕੇ ਇਸ ਮਸਲੇ ਨੂੰ ਸੁਲਝਾਉਣਾ ਚਾਹੀਦਾ ਹੈ। ਮੰਦਰ ਉਸਾਰੀ ‘ਚ ਹੋ ਰਹੀ ਦੇਰੀ ਨਾਲ ਲੋਕਾਂ ‘ਚ ਰੋਹ ਭਖ਼ ਰਿਹਾ ਹੈ।
ਅਯੁੱਧਿਆ ਦੇ ਤਪੱਸਵੀ ਚਾਵਨੀ ਮੰਦਰ ਦੇ ਮਹੰਤ ਸਵਾਮੀ ਪਰਮਹੰਸ ਦਾਸ ਨੇ ਚਿਤਾਵਨੀ ਦਿੱਤੀ ਕਿ ਜੇਕਰ ਰਾਮ ਮੰਦਰ ਦੀ ਉਸਾਰੀ ਬਾਰੇ ਅਧਿਕਾਰਤ ਐਲਾਨ ਨਾ ਕੀਤਾ ਗਿਆ ਤਾਂ ਉਹ ਛੇ ਦਸੰਬਰ ਨੂੰ ਆਤਮ ਦਾਹ ਕਰ ਲੈਣਗੇ। ਉਨ੍ਹਾਂ ਨੇ 6 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਵਰਤ ਰੱਖਿਆ ਹੋਇਆ ਹੈ। ਇਸੇ ਤਰ੍ਹਾਂ ਰਾਜਸਥਾਨ ਦੇ ਜੈਪੁਰ ‘ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਰਾਮ ਮੰਦਰ ਦੀ ਉਸਾਰੀ ਦਾ ਮਾਮਲਾ ਸੁਪਰੀਮ ਕੋਰਟ ਦੇ ਧਿਆਨ ‘ਚ ਹੈ ਅਤੇ ਜੇਕਰ ਅਯੁੱਧਿਆ ‘ਚ ਰਾਮ ਮੰਦਰ ਦੀ ਉਸਾਰੀ ਹੁੰਦੀ ਹੈ ਤਾਂ ਉਹ ਖੁਦ ਉੱਥੇ ਦੀਵਾ ਬਾਲਣ ਜਾਣਗੇ।
ਭਾਜਪਾ ਅਤੇ ਆਰਐਸਐਸ ਰਾਜਨੀਤਕ ਲਾਭ ਲਈ ਚੁੱਕ ਰਹੀ ਹੈ ਰਾਮ ਮੰਦਿਰ ਦਾ ਮੁੱਦਾ : ਸੀਨੀਅਰ ਕਾਂਗਰਸੀ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਐਤਵਾਰ ਨੂੰ ਕਿਹਾ ਕਿ ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਚੋਣਾਂ ਵੇਲੇ ਰਾਮ ਜਨਮ ਭੂਮੀ ਵਿਵਾਦ ਦਾ ਮੁੱਦਾ ਉਠਾਉਂਦੀ ਹੈ ਤੇ ਚੋਣਾਂ ਮੁੱਕਣ ਬਾਅਦ ਭਗਵਾਨ ਰਾਮ ਨੂੰ ਭੁੱਲ ਜਾਂਦੀ ਹੈ। ਉਨ੍ਹਾਂ ਸੱਤਾਧਾਰੀ ਭਾਜਪਾ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਰਾਜਨੀਤਕ ਲਾਭ ਲਈ ਇਸ ਮੁੱਦੇ ਦਾ ਇਸਤੇਮਾਲ ਕਰ ਕੇ ਪਾਰਟੀ ਨੇ ਭਗਵਾਨ ਦਾ ਅਪਮਾਨ ਕੀਤਾ ਹੈ।
ਆਪਣੇ ਮਨ ‘ਚ ਰਾਮ ਵਸਾਓ : ਅਯੁੱਧਿਆ ‘ਚ ਰਾਮ ਮੰਦਰ ਤੇ ਬਾਬਰੀ ਮਸਜਿਦ ਦੀ ਉਸਾਰੀ ਬਾਰੇ ਚੱਲ ਰਹੇ ਵਿਵਾਦ ਦਰਮਿਆਨ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਕੋਈ ਵੀ ਹਿੰਦੂ ਗ੍ਰੰਥ ਕੋਈ ਚੀਜ਼ ਹਾਸਲ ਕਰਨ ਲਈ ਹਿੰਸਾ ਦਾ ਰਾਹ ਅਖਤਿਆਰ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਤੇ ਸ਼ਾਸਤਰ ਕਹਿੰਦੇ ਹਨ ਕਿ ਰਾਮ ਨੂੰ ਆਪਣੇ ਮਨ ‘ਚ ਵਸਾਉਣਾ ਚਾਹੀਦਾ ਹੈ। ਸ੍ਰੀ ਥਰੂਰ ਨੇ ਕਿਹਾ, ”ਕਿ ਸ਼ਾਸਤਰ ਇਹ ਕਹਿੰਦੇ ਹਨ ਕਿ ਰਾਮ ਨੂੰ ਆਪਣੇ ਮਨ ‘ਚ ਵਸਾਓ ਅਤੇ ਜੇਕਰ ਲੋਕ ਰਾਮ ਨੂੰ ਆਪਣੇ ਮਨ ‘ਚ ਵਸਾ ਲੈਣ ਤਾਂ ਇਹ ਮਹੱਤਵ ਨਹੀਂ ਰੱਖਦਾ ਕਿ ਉਹ ਕਿੱਥੇ ਹਨ ਜਾਂ ਕਿੱਥੇ ਨਹੀਂ ਹਨ ਕਿਉਂਕਿ ਉਹ ਸਭ ਜਗ੍ਹਾ ਹਨ।” ਸ੍ਰੀ ਥਰੂਰ ਆਪਣੇ ਵੱਲੋਂ ਪਿੱਛੇ ਜਿਹੇ ਕੀਤੀ ਗਈ ਟਿੱਪਣੀ ਕਿ ਕੋਈ ਵੀ ਚੰਗਾ ਹਿੰਦੂ ਵਿਵਾਦਤ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਾਲੀ ਥਾਂ ‘ਤੇ ਰਾਮ ਮੰਦਰ ਨਹੀਂ ਚਾਹੇਗਾ, ਬਾਰੇ ਜਵਾਬ ਦੇ ਰਹੇ ਸਨ। ਸ੍ਰੀ ਥਰੂਰ ਨੇ ਕਿਹਾ, ”ਕਿ ਮੇਰਾ ਕਹਿਣਾ ਹੈ ਕਿ ਹਿੰਦੂ ਹਿੰਸਾ ਰਾਹੀਂ ਹਾਸਲ ਕੀਤੀ ਥਾਂ ‘ਤੇ ਇਹ ਪਵਿੱਤਰ ਥਾਂ ਨਹੀਂ ਉਸਾਰਨਾ ਚਾਹੁੰਦੇ। ਚੰਗਾ ਹਿੰਦੂ ਕਾਨੂੰਨ ਦੀ ਪਾਲਣਾ ਕਰਨ ਵਾਲਾ ਹੁੰਦਾ ਹੈ ਅਤੇ ਚੰਗਾ ਹਿੰਦੂ ਉਹ ਹੈ ਜਿਸ ‘ਚ ਇਨਸਾਨੀਅਤ ਹੋਵੇ।”