ਸਿੱਕਿਮ ਸਰਕਾਰ ਨੂੰ ਗੁਰਦੁਆਰਿਆਂ ਦੀ ਸੰਭਾਲ ਕਰੇ : ਰਾਮ ਨਾਥ ਕੋਵਿੰਦ

0
297

ram-nath-kovind
ਨਵੀਂ ਦਿੱਲੀ/ਬਿਊਰੋ ਨਿਊਜ਼ :
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸਿੱਕਿਮ ਸਰਕਾਰ ਨੂੰ ਰਾਜ ਵਿਚਲੇ ਗੁਰਦੁਆਰਿਆਂ ਦੀ ਸੰਭਾਲ ਵਾਸਤੇ ਕਾਰਵਾਈ ਕਰਨ ਲਈ ਕਿਹਾ ਹੈ। ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੂੰ ਲਿਖੇ ਪੱਤਰ ਵਿੱਚ ਰਾਸ਼ਟਰਪਤੀ  ਦੇ ਡਿਪਟੀ ਸਕੱਤਰ ਜੇ. ਜੀ. ਸੁਬਰਾਮਨੀਅਮ ਨੇ ਦੱਸਿਆ ਕਿ ਸਿੱਕਿਮ ਦੇ ਮੁੱਖ ਸਕੱਤਰ ਨੂੰ ਕਿਹਾ ਗਿਆ ਹੈ ਕਿ ਉਹ ਇਸ ਮਾਮਲੇ ਵੱਲ ਧਿਆਨ ਦੇਣ। ਉਨ੍ਹਾਂ ਕਿਹਾ ਕਿ ਸੂਬੇ ਵਿਚਲੇ ਗੁਰਦੁਆਰੇ ਇਤਿਹਾਸਕ ਹਨ ਤੇ ਗੁਰੂ ਨਾਨਕ ਪਾਤਸ਼ਾਹ ਨਾਲ ਸਬੰਧਤ ਹਨ। ਹਾਲ ਹੀ ਵਿੱਚ ਵਿਧਾਇਕ ਸਿਰਸਾ ਨੇ ਰਾਸ਼ਟਰਪਤੀ ਨਾਲ ਇਸ ਮਾਮਲੇ ਸਬੰਧੀ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਉਹ ਗੁਰਦੁਆਰਿਆਂ ਦੀ ਰਾਖੀ ਵਾਸਤੇ  ਰਾਜ ਸਰਕਾਰ ਨੂੰ ਹਦਾਇਤਾਂ ਜਾਰੀ ਕਰਨ।
ਉਨ੍ਹਾਂ ਦੋਸ਼ ਲਾਇਆ ਸੀ ਕਿ ਸਥਾਨਕ ਅਧਿਕਾਰੀਆਂ ਦੀਆਂ ਕਾਰਵਾਈਆਂ ਕਾਰਨ ਗੁਰਦੁਆਰਿਆਂ ਦੀ ਹੋਂਦ ਨੂੰ ਖ਼ਤਰਾ ਬਣ ਗਿਆ ਹੈ। ਗੁਰਦੁਆਰਾ ਗੁਰੂ ਡਾਂਗਮਾਰ ਤੇ ਗੁਰਦੁਆਰਾ ਚੁੰਗਥਾਂਗ ਵੱਡੇ ਖਤਰੇ ਵਿੱਚ ਹਨ। ਸਥਾਨਕ ਅਧਿਕਾਰੀਆਂ ਨੇ ਗੁਰਦੁਆਰਾ ਚੁੰਗਥਾਂਗ ਦੀ ਮੈਨੇਜਮੈਂਟ ਨੂੰ ਨੋਟਿਸ ਜਾਰੀ ਕਰ ਕੇ ਗ਼ੈਰਕਾਨੂੰਨੀ ਉਸਾਰੀ ਅਤੇ ਕਬਜ਼ੇ ਦੇ ਦੋਸ਼ ਲਗਾਏ ਸਨ। ਪਹਿਲਾਂ ਗੁਰਦੁਆਰਾ ਗੁਰੂ ਡਾਂਗਮਾਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉਥੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਹੋਰ ਧਾਰਮਿਕ ਪੁਸਤਕਾਂ ਅਤੇ ਸਾਮਾਨ ਨੂੰ ਬਾਹਰ ਕਰ ਦਿੱਤਾ ਗਿਆ। ਇਨ੍ਹਾਂ ਘਟਨਾਵਾਂ ਕਾਰਨ ਦੁਨੀਆਂ ਭਰ ਦੇ ਸਿੱਖਾਂ ਵਿੱਚ ਰੋਸ ਹੈ।