ਕਾਂਗਰਸੀ ਨੇਤਾ ਦੀ ਜਿੱਤ ਭਾਜਪਾ ਲਈ ਵੱਡਾ ਝਟਕਾ

0
682

599691-amit-shah-smriti-irani-ahmed-patel

ਅਮਿਤ ਸ਼ਾਹ, ਇਰਾਨੀ ਤੇ ਅਹਿਮਦ ਪਟੇਲ ਨੇ ਜਿੱਤੀ ਰਾਜ ਸਭਾ ਚੋਣ
ਪਹਿਲੀ ਵਾਰ ਰਾਤ ਡੇਢ ਵਜੇ ਤਕ ਰੁਕੀ ਰਹੀ ਰਾਜ ਸਭਾ ਚੋਣ ਦੀ ਵੋਟਿੰਗ, ਕਈ ਘੰਟੇ ਚੱਲਿਆ ਡਰਾਮਾ
4 ਘੰਟਿਆਂ ‘ਚ 3-3 ਵਾਰ ਚੋਣ ਕਮਿਸ਼ਨ ਕੋਲ ਗਏ ਦੋਵੇਂ ਧਿਰਾਂ ਦੇ 6-6 ਨੇਤਾ
40 ਸਾਲ ਬਾਅਦ ਫਿਰ ਪਟੇਲ ਨੇ ਜਿੱਤ ਕੇ ਕੀਤਾ ਹੈਰਾਨ
ਨਵੀਂ ਦਿੱਲੀ/ਅਹਿਮਦਾਬਾਦ/ਬਿਊਰੋ ਨਿਊਜ਼ :
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਕੱਤਰ ਅਹਿਮਦ ਪਟੇਲ ਨੇ ਫਿਰ ਦਿਖਾ ਦਿੱਤਾ ਕਿ ਗੁਜਰਾਤ ਦੀ ਸਿਆਸਤ ਦੇ ਅਸਲੀ ਚਾਨਕਯ ਉਹੀ ਹਨ। ਕਾਂਗਰਸ ਦੇ 57 ਵਿਚੋਂ 14 ਵਿਧਾਇਕਾਂ ਦੀ ਬਗ਼ਾਵਤ ਦੇ ਬਾਵਜੂਦ ਉਹ ਲਗਾਤਾਰ ਪੰਜਵੀਂ ਵਾਰ ਰਾਜ ਸਭਾ ਵਿਚ ਜਾਣ ਵਿਚ ਸਫਲ ਰਹੇ। ਪਟੇਲ ਨੂੰ 44 ਅਤੇ ਭਾਜਪਾ ਦੇ ਬਲਵੰਤ ਸਿੰਘ ਨੂੰ 38 ਵੋਟਾਂ ਮਿਲੀਆਂ। ਪਟੇਲ ਲਗਾਤਾਰ ਦੋਸ਼ ਲਗਾ ਰਹੇ ਸਨ ਕਿ ਉਨ੍ਹਾਂ ਨੂੰ ਹਰਾਉਣ ਵਿਚ ਅਮਿਤ ਸ਼ਾਹ ਨਿੱਜੀ ਦਿਲਚਸਪੀ ਲੈ ਰਹੇ ਹਨ। ਸ਼ਾਹ ਤੇ ਪਟੇਲ ਦਾ ਵਕਾਰ ਇਸ ਚੋਣ ਨਾਲ ਏਨ ਜੁੜਿਆ ਸੀ ਕਿ ਵੋਟਾਂ ਦੀ ਗਿਣਤੀ ਰਾਤ 1.40 ਵਜੇ ਜਾ ਕੇ ਸ਼ੁਰੂ ਹੋ ਸਕੀ। 8 ਵਿਧਾਇਕਾਂ ਦੀ ਕਰਾਸ ਵੋਟਿੰਗ ਤੋਂ ਘਬਰਾਈ ਕਾਂਗਰਸ ਰਿਸਕ ਨਹੀਂ ਲੈਣਾ ਚਾਹੁੰਦੀ ਸੀ। ਸ਼ਾਮ 4.00 ਵਜੇ ਗਿਣਤੀ ਸ਼ੁਰੂ ਹੁੰਦੇ ਹੀ ਪਾਰਟੀ ਨੇ ਦੋ ਬਾਗ਼ੀਆਂ ਦਾ ਵੋਟ ਰੱਦ ਕਰਨ ਦੀ ਮੰਗ ਕੀਤੀ। ਕਾਂਗਰਸ ਚੋਣ ਕਮਿਸ਼ਨ ਕੋਲ ਪਹੁੰਚੀ ਤਾਂ ਪਿਛੇ ਪਿਛੇ ਭਾਜਪਾ ਦੇ ਕੇਂਦਰੀ ਮੰਤਰੀਆਂ ਦਾ ਕਾਫ਼ਲਾ ਪਹੁੰਚਿਆ। ਫਿਰ 4 ਘੰਟੇ ਦੇ ਅੰਦਰ ਕਾਂਗਰਸ ਤੇ ਭਾਜਪਾ ਨੇਤਾ 3-3 ਵਾਰ ਕਮਿਸ਼ਨ ਕੋਲ ਪਹੁੰਚੇ। ਕਾਂਗਰਸ ਦੇ 6 ਨੇਤਾ ਪਹੁੰਚੇ। ਭਾਜਪਾ ਵਲੋਂ ਵੀ 6 ਨੇਤਾ ਗਏ। ਕਮਿਸ਼ਨ ਨੇ ਰਾਤ 11.40 ਵਜੇ ਦੋ ਵੋਟਾਂ ਰੱਦ ਕਰਕੇ ਗਿਣਤੀ ਸ਼ੁਰੂ ਕਰਨ ਦੇ ਆਦੇਸ਼ ਦਿੱਤਾ। 8 ਘੰਟੇ ਬਾਅਦ ਗਿਣਤੀ ਸ਼ੁਰੂ ਹੋਣ ਵਾਲੀ ਸੀ ਕਿ ਤਾਂ ਭਾਜਪਾ ਅੜ ਗਈ। 3 ਸੀਟਾਂ ‘ਤੇ ਹੋਈ ਚੋਣ ਵਿਚੋਂ ਬਾਕੀ ਦੋ ‘ਤੇ ਅਮਿਤ ਸ਼ਾਹ ਤੇ ਸਮ੍ਰਿਤੀ ਇਰਾਨੀ ਵੀ ਜਿੱਤੇ ਹਨ।
ਚੋਣ ਕਮਿਸ਼ਨ ਨੇ ਦੋ ਵਿਧਾਇਕਾਂ ਦੀਆਂ ਵੋਟਾਂ ਰੱਦ ਕਰਨ ਦਾ ਫ਼ੈਸਲਾ ਵੋਟ ਪਾਉਣ ਦੀ ਪ੍ਰਕਿਰਿਆ ਦੀ ਵੀਡੀਓ ਦੇਖਣ ਪਿੱਛੋਂ ਲਿਆ ਅਤੇ ਕਿਹਾ ਕਿ ਦੋ ਵਿਧਾਇਕਾਂ ਭੋਲਾਭਾਈ ਗੋਹਿਲ ਅਤੇ ਰਾਘਵਜੀਭਾਈ ਪਟੇਲ ਨੇ ਵੋਟ ਪਾਉਣ ਦੀ ਪ੍ਰਕਿਰਿਆ ਅਤੇ ਵੋਟਾਂ ਦੀ ਗੁਪਤਤਾ ਦੀ ਉਲੰਘਣਾ ਕੀਤੀ ਹੈ। ਭਾਜਪਾ ਮੰਗ ਕਰ ਰਹੀ ਸੀ ਕਿ ਵਾਇਰਲ ਵੀਡੀਓ ਦੀ ਜਾਂਚ ਕਰਵਾਈ ਜਾਵੇ।
ਕਾਂਗਰਸ ਦੇ ਇਤਰਾਜ਼ਾਂ ਨੂੰ ਨਿਰਾਧਾਰ ਦੱਸਦੇ ਹੋਏ ਭਾਜਪਾ ਨੇ ਵੋਟਾਂ ਦੀ ਗਿਣਤੀ ਜਲਦ ਸ਼ੁਰੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਕ ਵਾਰ ਡੱਬਿਆਂ ਵਿਚ ਪੈ ਜਾਣ ਤੋਂ ਬਾਅਦ ਵੋਟਾਂ ਨੂੰ ਰੱਦ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਸਬੰਧੀ ਪਾਰਟੀ ਆਗੂਆਂ ਦਾ ਵਫਦ, ਜਿਸ ਵਿਚ ਕੇਂਦਰੀ ਮੰਤਰੀ ਅਰੁਣ ਜੇਤਲੀ, ਰਵੀਸ਼ੰਕਰ ਪ੍ਰਸਾਦ ਤੇ ਪਿਯੂਸ਼ ਗੋਇਲ ਸ਼ਾਮਿਲ ਸਨ, ਨੇ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਸੀ। ਚੋਣ ਕਮਿਸ਼ਨ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿਯੂਸ਼ ਗੋਇਲ ਨੇ ਕਿਹਾ ਕਿ ਚੋਣ ਅਧਿਕਾਰੀ ਦਾ ਫੈਸਲਾ ਅੰਤਿਮ ਹੈ। ਉਨ੍ਹਾਂ ਕਿਹਾ ਕਿ ਜਦੋਂ ਵੋਟਾਂ ਪਾਈਆਂ ਜਾ ਰਹੀਆਂ ਸਨ ਤਾਂ ਉਸ ਵੇਲੇ ਨਾ ਤਾਂ ਕਾਂਗਰਸ ਤੇ ਨਾ ਹੀ ਚੋਣ ਨਿਰੀਖਕਾਂ ਨੇ ਕੋਈ ਇਤਰਾਜ਼ ਕੀਤਾ ਤਾਂ ਹੁਣ ਵੋਟਾਂ ਬਾਰੇ ਕੋਈ ਸਵਾਲ ਚੁੱਕਣ ਦਾ ਕੋਈ ਮਤਲਬ ਹੀ ਨਹੀਂ ਹੈ।