ਭਾਜਪਾ ਦੀਆਂ ‘ਪਾੜੋ ਤੇ ਰਾਜ ਕਰੋ’ ਦੀ ਨੀਤੀਆਂ ਤੋਂ ਲੋਕ ਦੁਖੀ: ਰਾਹੁਲ ਗਾਂਧੀ

0
181

rahul-gandhi
ਸਿੰਗਾਪੁਰ/ਬਿਊਰੋ ਨਿਊਜ਼:
ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਇਥੇ ਕਿਹਾ ਕਿ ਭਾਰਤ ਵਿੱਚ ਇਸ ਵੇਲੇ ਲੋਕਾਂ ਨੂੰ ਪਾੜਨ ਦੀ ਰਾਜਨੀਤੀ ਚੱਲ ਰਹੀ ਹੈ। ਇਸ ਨੀਤੀ ਤਹਿਤ ਲੋਕਾਂ ਵਿੱਚ ਵਖਰੇਵੇਂ ਦੀ ਭਾਵਨਾ ਪੈਦਾ ਕਰਕੇ ਉਨ੍ਹਾਂ ਦੇ ਗੁੱਸੇ ਦਾ ਚੋਣਾਂ ਵਿੱਚ ਲਾਹਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਕ ਜਮਹੂਰੀ ਦੇਸ਼ ਹੈ ਜਿਥੇ ਬਹੁ ਭਾਸ਼ੀ ਅਤੇ ਬਹੁ ਧਰਮੀ ਲੋਕ ਰਹਿੰਦੇ ਹਨ ਪਰ ਹੁਣ ਇਨ੍ਹਾਂ ਲੋਕਾਂ ਨੂੰ ਗੁੱਟਾਂ ਵਿੱਚ ਵੰਡਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਜਿਸ ਕਾਰਨ ਦੇਸ਼ ਵਿੱਚ ਲੋਕਾਂ ਦਾ ਸਾਹ ਘੁਟਣ ਲੱਗਾ ਹੈ। ਉਹ ਇਥੇ ਇਕ ਸਕੂਲ ਦੀ ਪੈਨਲ ਡਿਸਕਸ਼ਨ ਵਿੱਚ ਆਪਣੇ ਵਿਚਾਰ ਪ੍ਰਗਟ ਕਰ ਰਹੇ ਸਨ। ਉਨ੍ਹਾਂ ਭਾਰਤ ਦੀ ਉੱਚ ਅਦਾਲਤ ਦੇ ਵਿਵਾਦ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਇਸ ਗੰਧਲੀ ਰਾਜਨੀਤੀ ਕਾਰਨ ਸੁਪਰੀਮ ਕੋਰਟ ਦੇ ਜੱਜਾਂ ਨੂੰ ਵੀ ਘੁਟਣ ਮਹਿਸੂਸ ਹੋਣ ਲੱਗੀ ਹੈ ਜਿਸ ਕਰਕੇ ਉਨ੍ਹਾਂ ਨੂੰ  ਪ੍ਰੈਸ ਕਾਨਫਰੰਸ ਕਰਕੇ ਆਪਣਾ ਦੁੱਖੜਾ ਦੱਸਣਾ ਪਿਆ। ਉਨ੍ਹਾਂ ਭਾਜਪਾ ਪ੍ਰਧਾਨ ‘ਤੇ ਵੀ ਕਈ ਹਮਲੇ ਕੀਤੇ। ਸ੍ਰੀ ਗਾਂਧੀ ਨੇ ਕਿਹਾ ਕਿ ਦੇਸ਼ ਦੀ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ‘ਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹਨ। ਉਨ੍ਹਾਂ ‘ਤੇ ਵੀ ਕਈ ਤਰ੍ਹਾਂ ਦੇ ਦੋਸ਼ ਲੱਗਦੇ ਰਹੇ ਹਨ।  ਉਨ੍ਹਾਂ ਕਿਹਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਕੁਝ ਆਪਣੇ ਹੱਥ ਲੈਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਸ੍ਰੀ ਮੋਦੀ ਨੇ ਕਾਨੂੰਨ ਬਣਾਉਣ ਵਾਲਿਆਂ ਨੂੰ, ਉੱਤਰ ਪ੍ਰਦੇਸ਼ ਪੁਲੀਸ ਨੂੰ, ਹਰਿਆਣਾ ਪੁਲੀਸ ਨੂੰ ਅਤੇ ਹਰ ਘਿਨਾਉਣੀ ਚੀਜ਼ ਨੂੰ ਆਪਣੇ ਕੰਟਰੋਲ ਹੇਠ ਕੀਤਾ ਹੋਇਆ ਹੈ ਤਾਂ ਜੋ ਚੋਣ ਪ੍ਰਕਿਰਿਆ ‘ਤੇ ਉਨ੍ਹਾਂ ਦਾ ਦਬਦਬਾ ਕਾਇਮ ਰਹੇ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਅਤੇ ਹੋਰ ਦੇਸ਼ ਭਗਤਾਂ ਦਾ ਮਕਸਦ ਅੱਜ ਪੂਰਾ ਹੁੰਦਾ ਦਿਖਾਈ ਨਹੀਂ ਦਿੰਦਾ।