ਨਰਿੰਦਰ ਮੋਦੀ ਤਨੋਂ ਮਨੋਂ ‘ਜਾਤੀਵਾਦੀ’ -ਰਾਹੁਲ ਗਾਂਧੀ

0
184
Congress party president Rahul Gandhi  sits with other party leaders as he observes a fast outside Raj Ghat, the memorial to the father of the  nation Mahatama Gandhi, in New Delhi on April 9, 2018. Rahul Gandhi start of his party's nation wide fast to protest against the  Prime Minister Narendra Modi government of disturbing social harmony in the country. Tribune Photo..Mukesh Aggarwal
ਦਿੱਲੀ ‘ਚ ਰਾਜਘਾਟ ਦੇ ਬਾਹਰ ਵਰਤ ‘ਤੇ ਬੈਠੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ।

ਨਵੀਂ ਦਿੱਲੀ/ਬਿਊਰੋ ਨਿਊਜ਼:
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਥੇ ਪਾਰਟੀ ਵੱਲੋਂ ਜਾਤੀਵਾਦੀ ਹਿੰਸਾ ਖ਼ਿਲਾਫ਼ ਕੀਤੇ ‘ਸਦਭਾਵਨਾ ਵਰਤ’ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਜਾਤੀਵਾਦੀ’ ਕਰਾਰ ਦਿੱਤਾ। ਦੂਜੇ ਪਾਸੇ ਭਾਜਪਾ ਨੇ ਉਨ੍ਹਾਂ ਦੇ ਰੋਸ ਮੁਜ਼ਾਹਰੇ ਨੂੰ ‘ਡਰਾਮਾ’ ਦੱਸਿਆ ਹੈ। ਕਾਂਗਰਸ ਨੇ ਸੋਮਵਾਰ ਨੂੰ ਦੇਸ਼ ਭਰ ਵਿੱਚ ‘ਸਦਭਾਵਨਾ ਵਰਤ’ ਰੱਖ ਕੇ ਦਲਿਤ ਭਾਈਚਾਰੇ ਵੱਲੋਂ ਬੀਤੀ ਦੋ ਅਪਰੈਲ ਨੂੰ ਕੀਤੇ ‘ਭਾਰਤ ਬੰਦ’ ਦੌਰਾਨ ਤੇ ਇਸ ਤੋਂ ਬਾਅਦ ਦਲਿਤਾਂ ਖ਼ਿਲਾਫ਼ ਹਿੰਸਾ ਵਧਣ, ਫ਼ਿਰਕਾਪ੍ਰਤੀ ਦੇ ਜ਼ੋਰ ਫੜਨ ਅਤੇ ਭਾਜਪਾ ਵੱਲੋਂ ਸੰਸਦ ਨੂੰ ਸਹੀ ਤਰੀਕੇ ਨਾਲ ਨਾ ਚਲਾਉਣ ਦਾ ਵਿਰੋਧ ਕੀਤਾ।
ਇਸ ਮੌਕੇ ਵੱਖ-ਵੱਖ ਸੂਬਾਈ ਰਾਜਧਾਨੀਆਂ ਅਤੇ ਜ਼ਿਲ੍ਹਾ ਸਦਰ ਮੁਕਾਮਾਂ ਉਤੇ ਵੀ ਵਰਤ ਰੱਖੇ ਗਏ। ਪਾਰਟੀ ਵੱਲੋਂ ਮੁੱਖ ਮੁਜ਼ਾਹਰਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਇਥੇ ਮਹਾਤਮਾ ਗਾਂਧੀ ਦੀ ਸਮਾਧੀ ‘ਰਾਜਘਾਟ’ ਨੇੜੇ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਕਮਲ ਨਾਥ, ਮਲਿਕਾਰਜੁਨ ਖੜਗੇ, ਸ਼ੀਲਾ ਦੀਕਸ਼ਿਤ, ਅਸ਼ੋਕ ਗਹਿਲੋਤ, ਅਜੈ ਮਾਕਨ ਤੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲ ਵੀ ਵਰਤ ‘ਤੇ ਬੈਠੇ। ਮੁਜ਼ਾਹਰੇ ਉਪਰ ਜਿਥੇ ਸਾਲ 1984 ਦੇ ਸਿੱਖ ਕਤਲੇਆਮ ਸਬੰਧੀ ਅਦਾਲਤੀ ਗੇੜ ਵਿੱਚ ਫਸੇ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਦੀ ਸ਼ਮੂਲੀਅਤ ਦਾ ਪਰਛਾਵਾਂ ਪਿਆ, ਉਥੇ ਦਿੱਲੀ ਕਾਂਗਰਸ ਦੇ ਆਗੂਆਂ ਵੱਲੋਂ ਵਰਤ ਤੋਂ ਪਹਿਲਾਂ ਛੋਲੇ-ਭਟੂਰਿਆਂ ਨਾਲ ਪੇਟ ਭਰਨ ਦੀਆਂ ਵਾਇਰਲ ਹੋਈਆਂ ਤਸਵੀਰਾਂ ਨੇ ਵੀ ਵਿਰੋਧੀਆਂ ਨੂੰ ਕਾਂਗਰਸੀਆਂ ‘ਤੇ ਨਿਸ਼ਾਨੇ ਸੇਧਣ ਦਾ ਮੌਕਾ ਦਿੱਤਾ।
ਪਾਰਟੀ ਤਰਜਮਾਨ ਰਣਦੀਪ ਸੁਰਜੇਵਾਲਾ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਵਿਚਾਰਧਾਰਾ ਦੀ ਲੜਾਈ ਹੈ, ਜਿਸ ਦੀ ਨੁਮਾਇੰਦਗੀ ਭਾਰਤ ਕਰਦਾ ਹੈ। ਵੋਟਾਂ ਖ਼ਾਤਰ ਨਫ਼ਰਤ ਤੇ ਵੰਡ ਦੀ ਰਾਜਨੀਤੀ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਆਗੂਆਂ ਮੁਤਾਬਕ ਇਹ ਵਰਤ ਭਾਜਪਾ ਦੀ ਸੰਸਦ ਨੂੰ ਸੁਚੱਜੇ ਢੰਗ ਨਾਲ ਨਾ ਚਲਾਉਣ, ਫਿਰਕੂ ਰਾਜਨੀਤੀ, ਪੀਐਨਬੀ ਘੁਟਾਲੇ, ਸੀਬੀਐਸਈ ਪਰਚਾ ਲੀਕ, ਐੱਸਸੀ-ਐੱਸਟੀ ਐਕਟ ਪੇਤਲਾ ਕਰਨ, ਆਂਧਰਾ ਪ੍ਰਦੇਸ਼ ਦੇ ਮੁੱਦੇ ਅਤੇ ਕਵੇਰੀ ਜਲ ਵਿਵਾਦ ਵਰਗੇ ਮੁੱਦਿਆਂ ਨੂੰ ਲੈ ਕੇ ਕੀਤਾ ਗਿਆ।
ਸ੍ਰੀ ਗਾਂਧੀ ਨੇ ਇਸ ਮੌਕੇ ਕਿਹਾ ਕਿ ਅੰਗਰੇਜ਼ਾਂ ਵਾਂਗ ਹੀ ਭਾਜਪਾ ਸਰਕਾਰ ਦੇਸ਼ ਨੂੰ ਵੰਡਣ ਦੀ ਨੀਤੀ ਉਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਲੋਕਾਂ ਨੂੰ ਧਰਮਾਂ ‘ਚ ਵੰਡਣਾ, ਭਾਈਚਾਰੇ ਵੰਡਣਾ, ਜਾਤਾਂ ਵੰਡਣਾ ਸ੍ਰੀ ਮੋਦੀ ਦੇ ਡੀਐਨਏਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ, ”ਪਹਿਲਾਂ ਸਰਕਾਰ ਨੇ ਦੇਸ਼ ਨੂੰ ਧਾਰਮਿਕ ਲੀਹਾਂ ‘ਤੇ ਵੰਡਿਆ ਅਤੇ ਹੁਣ ਦਲਿਤ-ਗ਼ੈਰ ਦਲਿਤ ਦਰਮਿਆਨ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ।” ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਦਲਿਤ ਐਮਪੀਜ਼ ਵੱਲੋਂ ਸ੍ਰੀ ਮੋਦੀ ਨੂੰ ਪੱਤਰ ਲਿਖੇ ਜਾਣ ਸਬੰਧੀ ਕਿਹਾ, ”ਜਦੋਂ ਤੁਸੀਂ ਸੰਸਦ ਵਿੱਚ ਉਨ੍ਹਾਂ (ਭਾਜਪਾ ਐਮਪੀਜ਼) ਨਾਲ ਗੱਲ ਕਰਦੇ ਹੋ, ਤਾਂ ਉਹ ਆਖਦੇ ਹਨ ਕਿ ਮੋਦੀ ਜੀ ਜਾਤੀਵਾਦੀ ਤੇ ‘ਦਲਿਤ ਵਿਰੋਧੀ’ ਹਨ। ਮੋਦੀ ਜੀ ਦੇ ਦਿਲ ਵਿੱਚ ਦਲਿਤਾਂ ਲਈ ਕੋਈ ਥਾਂ ਨਹੀਂ ਹੈ।”
ਦੂਜੇ ਪਾਸੇ ਭਾਜਪਾ ਨੇ ਮੋੜਵਾਂ ਵਾਰ ਕਰਦਿਆਂ ਕਾਂਗਰਸ ਦੇ ਰੋਸ ਮੁਜ਼ਾਹਰੇ ਨੂੰ ‘ਡਰਾਮਾ’ ਕਰਾਰ ਦਿੱਤਾ। ਭਾਜਪਾ ਦੇ ਅਧਿਕਾਰਤ ਟਵਿੱਟਰ ਹੈਂਡਲ ਉਤੇ ਟਵੀਟ ਵਿੱਚ ਪਾਰਟੀ ਨੇ ਕਿਹਾ ਹੈ, ”ਅਸੀਂ ਅੱਜ ਜੋ ਦੇਖਿਆ, ਉਸ ਮੁਤਾਬਕ ਇਹ ਰਾਹੁਲ ਗਾਂਧੀ ਦਾ ਵਰਤ ਨਹੀਂ, ਸਗੋਂ ਵਰਤ ਦਾ ਡਰਾਮਾ ਸੀ।” ਇਸ ਵਿੱਚ ਛੋਲੇ-ਭਟੂਰੇ ਖਾਂਦੇ ਕਾਂਗਰਸੀਆਂ ਦੀਆਂ ਫੋਟੋਆਂ ਵੀ ਨਸ਼ਰ ਕੀਤੀਆਂ ਗਈਆਂ ਹਨ। ਪਾਰਟੀ ਦੇ ਤਰਜਮਾਨ ਸੰਬਿਤ ਪਾਤਰਾ ਨੇ ਕਾਂਗਰਸ ਉਤੇ ‘ਦੋਹਰੇ ਮਿਆਰ’ ਅਪਣਾਉਣ ਤੇ ਦਲਿਤਾਂ ਦਾ ਮਜ਼ਾਕ ਉਡਾਉਣ ਦੇ ਦੋਸ਼ ਵੀ ਲਾਏ।

ਵਰਤ ਤੋਂ ਪਹਿਲਾਂ ਛੋਲੇ-ਭਟੂਰੇ ਛਕਦੇ ਫੜੇ ਗਏ ਕਾਂਗਰਸੀ….
ਨਵੀਂ ਦਿੱਲੀ/ਬਿਊਰੋ ਨਿਊਜ਼::
ਕਾਂਗਰਸ ਵੱਲੋਂ ਇਥੇ ‘ਸਦਭਾਵਨਾ ਵਰਤ’ ਰੱਖੇ ਜਾਣ ਤੋਂ ਪਹਿਲਾਂ ਦਿੱਲੀ ਦੇ ਕਾਂਗਰਸੀ ਆਗੂ- ਸੂਬਾ ਪ੍ਰਧਾਨ ਅਜੈ ਮਾਕਨ, ਅਰਵਿੰਦਰ ਸਿੰਘ ਲਵਲੀ, ਹਾਰੂਨ ਯੂਸਫ਼ ਤੇ ਦੂਸਰੇ ਆਗੂ ਚਾਂਦਨੀ ਚੌਕ ਸਥਿਤ ਛੋਲੇ-ਭਟੂਰਿਆਂ ਦੀ ਇਕ ਮਸ਼ਹੂਰ ਦੁਕਾਨ ਤੋਂ ਛੋਲੇ-ਭਟੂਰੇ ਖਾਣ ਪਿੱਛੋਂ ਹੀ ਵਰਤ ‘ਤੇ ਬੈਠਣ ਗਏ। ਇਨ੍ਹਾਂ ਆਗੂਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਕਾਰਨ ਕਾਂਗਰਸੀਆਂ ਨੂੰ ਜਿਥੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਉਥੇ ਭਾਜਪਾ ਦੀਆਂ ਟਿੱਚਰਾਂ ਵੀ ਸਹਿਣੀਆਂ ਪਈਆਂ। ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਇਸ ਸਬੰਧੀ ਆਪਣੀ ਟਵੀਟ ਵਿੱਚ ਕਿਹਾ: ”ਖਾਇਆ ਪੇਟ ਭਰ ਭਟੂਰਾ-ਛੋਲਾ, ਫਿਰ ਪਹੁੰਚ ਗਏ ਕਰਨ ਵਰਤ ਬਿਨ ਬਦਲੇ ਚੋਲਾ।” ਉਨ੍ਹਾਂ ਇਸ ਨੂੰ ਕਾਂਗਰਸ ਵੱਲੋਂ ਦਲਿਤਾਂ ਤੇ ਗ਼ਰੀਬਾਂ ਨਾਲ ਮਜ਼ਾਕ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਦਲਿਤਾਂ ‘ਤੇ ਬਹੁਤ ਜ਼ੁਲਮ ਕੀਤੇ ਹਨ। ਸ੍ਰੀ ਲਵਲੀ ਨੇ ਇਸ ਬਾਰੇ ਕਿਹਾ ਕਿ ਇਹ ਤਸਵੀਰਾਂ ਸਵੇਰੇ 8 ਵਜੇ ਦੀਆਂ ਹਨ, ਜਦੋਂਕਿ ਵਰਤ ਸਵੇਰੇ 10.30 ਵਜੇ ਤੋਂ 4.30 ਵਜੇ ਸ਼ਾਮ ਤੱਕ ਰੱਖਿਆ ਗਿਆ।

ਕਾਂਗਰਸ ਦੀ ਸਟੇਜ ਤੋਂ ਲਾਹੇ ਸੱਜਣ ਕੁਮਾਰ ਤੇ ਟਾਈਟਲਰ
ਨਵੀਂ ਦਿੱਲੀ/ਬਿਊਰੋ ਨਿਊਜ਼:
ਕਾਂਗਰਸ ਵੱਲੋਂ ਭਾਜਪਾ ਸਰਕਾਰ ਖ਼ਿਲਾਫ਼ ਰਾਜਘਾਟ ਵਿਖੇ ਰੱਖੇ ਗਏ ਸਦਭਾਵਨਾ ਵਰਤ ਦੌਰਾਨ ਨਵੰਬਰ 1984 ਦੇ ਸਿੱਖ ਕਤਲੇਆਮ ਸਬੰਧੀ ਮੁੱਕਦਮਿਆਂ ਵਿੱਚ ਨਾਮਜ਼ਦ ਪਾਰਟੀ ਆਗੂਆਂ ਸੱਜਣ ਕੁਮਾਰ ਤੇ ਜਗਦੀਸ਼ ਟਾਈਲਰ ਦੇ ਸ਼ਾਮਲ ਹੋਣ ਮਗਰੋਂ ਬਣ ਰਹੇ ਮੁੱਦੇ ਨੂੰ ਲੈ ਕੇ ਇਨ੍ਹਾਂ ਦੋਵਾਂ ਆਗੂਆਂ ਨੂੰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਪੁੱਜਣ ਤੋਂ ਪਹਿਲਾਂ ਹੀ ਮੰਚ ਤੋਂ ਉਤਰਨ ਲਈ ਆਖ ਦਿੱਤਾ ਗਿਆ। ਇਹ ਹਾਲਤ ਹੋਣ ਮਗਰੋਂ ਸੱਜਣ ਕੁਮਾਰ ਤਾਂ ਉੱਥੋਂ ਚੱਲੇ ਗਏ ਪਰ ਜਗਦੀਸ਼ ਟਾਈਟਲਰ ਆਪਣੇ ਸਾਥੀਆਂ ਨਾਲ ਮੰਚ ਤੋਂ ਹੇਠਾਂ ਪਾਰਟੀ ਕਾਰਕੁਨਾਂ ਵਿੱਚ ਬੈਠ ਗਏ। ਜਦੋਂ ਪਾਰਟੀ ਤਰਜਮਾਨ ਰਣਦੀਪ ਸਿੰਘ ਸੁਰਜੇਵਾਲਾ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਭਾਜਪਾ ਦੇ ਕੁਝ ‘ਸਾਜ਼ਿਸ਼ਕਾਰ ਹਰ ਛੋਟੀ ਜਾਂ ਵੱਡੀ ਗੱਲ ‘ਚੋਂ ਅਰਥ ਕੱਢਣ” ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਇਸ ਸਾਜ਼ਿਸ਼ ਖ਼ਿਲਾਫ਼ ਰਾਹੁਲ ਗਾਂਧੀ ਦੀ ਅਗਵਾਈ ਹੇਠ ਆਖ਼ਰੀ ਰਾਹ ਤੱਕ ਖ਼ੂਨ ਡੋਲ੍ਹ ਕੇ ਲੜਨਗੇ।