ਮੋਦੀ ਜੀ! ਲਗਦਾ ਹੈ ਰਾਸ਼ਟਰਪਤੀ ਟਰੰਪ ਨੂੰ ਇਕ ਹੋਰ ਜੱਫੀ ਦੀ ਲੋੜ  : ਰਾਹੁਲ ਗਾਂਧੀ

0
253

rahul-gandhi
ਨਵੀਂ ਦਿੱਲੀ/ਬਿਊਰੋ ਨਿਊਜ਼ :
ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸ਼ਬਦੀ ਤੀਰਾਂ ਦਾ ਨਿਸ਼ਾਨਾ ਬਣਾਇਆ ਹੈ। ਰਾਹੁਲ ਗਾਂਧੀ ਨੇ ਅਮਰੀਕਾ ਦੇ ਰਾਸ਼ਟਰਪਤੀ ਵਲੋਂ ਅਚਾਨਕ ਪਾਕਿਸਤਾਨ ਲਈ ਵਰਤੇ ‘ਨਰਮ ਅਲਫਾਜ਼ਾਂ’ ‘ਤੇ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਦੀ ਵਿਦੇਸ਼ ਨੀਤੀ ‘ਤੇ ਸਵਾਲ ਉਠਾਇਆ ਹੈ। ਅਮਰੀਕਾ ਦੇ ਡੋਨਾਲਡ ਟਰੰਪ ਨੇ 14 ਅਕਤੂਬਰ ਨੂੰ ਇਕ ਟਵੀਟ ਵਿਚ ਪਾਕਿਸਤਾਨ ਨਾਲ ਸਬੰਧਾਂ ਦੇ ਮੁੜ ਜੁੜਾਵ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤੇ ਉਥੋਂ ਦੇ ਆਗੂਆਂ ਨੂੰ ਬਿਹਤਰ ਸਬੰਧ ਵਿਕਸਤ ਹੋਣੇ ਸ਼ੁਰੂ ਹੋ ਗਏ ਹਨ। ਟਰੰਪ ਨੇ ਉਨ੍ਹਾਂ (ਪਾਕਿਸਤਾਨੀ ਆਗੂਆਂ) ਦਾ ਕਈ ਮੋਰਚਿਆਂ ‘ਤੇ ਦਿੱਤੇ ਸਹਿਯੋਗ ਲਈ ਵੀ ਧੰਨਵਾਦ ਕੀਤਾ। ਰਾਹੁਲ ਗਾਂਧੀ ਨੇ ਟਰੰਪ ਦੇ ਟਵੀਟ ਦੇ ਨਾਲ ਵਿਅੰਗ ਕਰਦਿਆਂ ਕਿਹਾ ਕਿ ਮੋਦੀ ਜੀ! ਲਗਦਾ ਹੈ ਰਾਸ਼ਟਰਪਤੀ ਟਰੰਪ ਨੂੰ ਇਕ ਹੋਰ ਜੱਫੀ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਜੂਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੇ ਦੌਰੇ ਦੌਰਾਨ ਦੋਵੇਂ ਆਗੂਆਂ ਨੇ ਇਕ-ਦੂਜੇ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਕਈ ਮੌਕਿਆਂ ‘ਤੇ ਮੋਦੀ ਅਤੇ ਟਰੰਪ ਨੇ ਇਕ-ਦੂਜੇ ਨੂੰ ਜੱਫੀ ਪਾ ਕੇ ਆਪਸੀ ਨਿੱਘੇ ਸਬੰਧਾਂ ਦਾ ਸੰਦੇਸ਼ ਦਿੱਤਾ। ਪਰ ਸਨਿਚਰਵਾਰ ਨੂੰ ਪਾਕਿਸਤਾਨੀ ਫੌਜਾਂ ਨੇ ਅਫ਼ਗਾਨਿਸਤਾਨ ਦੇ ਹੱਤਾਮੀ ਦਹਿਸ਼ਤਗਰਦ ਧੜੇ ਤੋਂ ਇਕ ਅਮਰੀਕੀ-ਕੈਨੇਡੀਅਨ ਪਰਿਵਾਰ ਦੇ ਬਚਾਉਣ ਤੋਂ ਬਾਅਦ ਟਰੰਪ ਨੇ ਬਦਲੇ ਸੁਰਾਂ ਵਿਚ ਟਵੀਟ ਕਰਦਿਆਂ ਦੋਵਾਂ ਮੁਲਕਾਂ ਦੇ ਬਿਹਤਰ ਸਬੰਧਾਂ ਦਾ ਜ਼ਿਕਰ ਕੀਤਾ।