ਨਸ਼ਿਆਂ ‘ਚ ਡੁੱਬ ਕੇ ਮਰਨ ਲੱਗੇ ਪੰਜ ਦਰਿਆਵਾਂ ਦੇ ਵਾਰਿਸ

0
193

punjab-s-village-of-drug-smugglers
ਪੰਜਾਬ ‘ਚ ਹਰ ਰੋਜ਼ ਨਸ਼ੇ ਕਾਰਨ ਹੋ ਰਹੀਆਂ ਹਨ ਨੌਜਵਾਨਾਂ ਦੀਆਂ ਮੌਤਾਂ
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਦਿਲ-ਕੰਬਾਊ ਵੀਡੀਓਜ਼
ਸਰਕਾਰ ਦੀ ਨੀਅਤ ਅਤੇ ਦਾਅਵਿਆਂ ‘ਤੇ ਚੁੱਕੇ ਜਾ ਰਹੇ ਹਨ ਸਵਾਲ
ਰੋਸ ਵੱਜੋਂ ੧ ਤੋਂ ੭ ਜੁਲਾਈ ਤਕ ਕਾਲਾ ਹਫਤਾ ਮਨਾਉਣ ਦੀਆਂ ਅਪੀਲਾਂ

ਚੰਡੀਗੜ੍ਹ/ਬਿਊਰੋ ਨਿਊਜ਼ :
ਗੁਰੂਆਂ ਦੇ ਨਾਂ ‘ਤੇ ਵਸਦੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਪਿਛਲੇ ਇੱਕ ਹਫ਼ਤੇ ਦੌਰਾਨ ਨਸ਼ਿਆਂ ਕਾਰਨ ਛੇ ਮੌਤਾਂ ਦਰਜ ਕੀਤੀਆਂ ਗਈਆਂ ਹਨ। ਨਿੱਤ ਦਿਨ ਇੱਕ ਮੌਤ ਸਿਰਫ਼ ਨਸ਼ੇ ਨਾਲ ਹੋ ਰਹੀ ਹੈ। ਪਿਛਲੇ ਦਿਨਾਂ ਵਿਚ ਪੰਜਾਬ ‘ਚ ਹੋਈਆਂ ਇਨ੍ਹਾਂ ਮੌਤਾਂ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਦੀ ਤਰਸਯੋਗ ਹਾਲਾਤ ਕਾਰਨ ਸਰਕਾਰ ਦੀ ਸੋਸ਼ਲ ਮੀਡੀਆ ‘ਤੇ ਜੰਮ ਕੇ ਨਿਖੇਧੀ ਕੀਤੀ ਜਾ ਰਹੀ ਹੈ। ਅਜਿਹੇ ਹਾਲਾਤ ‘ਚ ਸਰਕਾਰ ਦੀ ਨੀਅਤ ਤੇ ਦਾਅਵਿਆਂ ‘ਤੇ ਸਵਾਲ ਉੱਠਣੇ ਲਾਜ਼ਮੀ ਹਨ। ਇਸ ਦੇ ਰੋਸ ਵੱਜੋਂ ਪੰਜਾਬ ਦੇ ਲੋਕਾਂ ਨੇ ਆਪ ਮੁਹਾਰੇ ਇਕ ਜੁਲਾਈ ਤੋਂ ਸੱਤ ਜੁਲਾਈ ਤਕ ”ਕਾਲਾ ਹਫਤਾ” ਮਨਾਉਣ ਦੀਆਂ ਅਪੀਲਾਂ ਆ ਰਹੀਆਂ ਹਨ।
ਹਾਲ ਹੀ ਵਿਚ ਨਸ਼ੇ ਦੀ ਤੋਟ ਅਤੇ ਓਵਰ-ਡੋਜ਼ ਕਾਰਨ ਹੋਈਆਂ ਮੌਤਾਂ ਵਿਚ ਤਰਨਤਾਰਨ ਦੇ ਹਲਕੇ ਪੱਟੀ ਦੇ ਪਿੰਡ ਢੋਟੀਆਂ ਦੇ ਨੌਜਵਾਨ ਗੁਰਭੇਜ ਸਿੰਘ, ਭਿੱਖੀਵਿੰਡ ਵਿਚ ਦਿਲਬਾਗ਼ ਸਿੰਘ, ਅੰਮ੍ਰਿਤਸਰ ਦੇ ਪਿੰਡ ਵੇਰਕਾ ਵਿਚ ਤੀਹ ਸਾਲਾ ਨੌਜਵਾਨ ਹਰਭੇਜ ਸਿੰਘ ਅਤੇ ਛੇਹਰਟਾ ਇਲਾਕੇ ਵਿਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ।। ਇਕ ਹੋਰ ਨੌਜਵਾਨ ਹਰਜੀਤ ਸਿੰਘ ਨੂੰ ਗੰਭੀਰ ਹਾਲਤ ਵਿਚ ਬੀੜ ਬਾਬਾ ਬੁੱਢਾ ਸਾਹਿਬ ਹਸਪਤਾਲ ਦਾਖਲ ਕਰਾਇਆ ਗਿਆ ਹੈ।
ਪੰਜਾਬ ਵਿੱਚ ਨਸ਼ਿਆਂ ਦੇ ਘਿਨੌਣੇ ਪੱਖ ਨੂੰ ਉਜਾਗਰ ਕਰਦੀ ਕੋਟਕਪੂਰਾ ਦੀ ਇਕ ਹੋਰ ਘਟਨਾ ਹੈ, ਜਿਸ ਦੀ ਵੀਡੀਓ ਕਾਫੀ ਵਾਇਰਲ ਹੋਈ ਹੈ। ਕੋਟਕਪੂਰਾ ਦੇ ਪ੍ਰੇਮ ਨਗਰ ਵਿਚ ਹਲਵਾਈ ਦੀ ਦੁਕਾਨ ‘ਤੇ ਕੰਮ ਕਰਨ ਵਾਲੇ ਬਾਈ ਸਾਲਾ ਨੌਜਵਾਨ ਬਲਵਿੰਦਰ ਸਿੰਘ ਦੀ ਮੌਤ ਨਸ਼ਾ ਕਰਨ ਵਾਲੀ ਸਰਿੰਜ ਆਣੇ ਸ਼ਰੀਰ ਵਿਚ ਲਾਉਣ ਸਾਰ ਹੀ ਹੋ ਗਈ। ਜਦ ਇਸ ਘਟਨਾ ਦਾ ਪਤਾ ਉਸ ਦੀ ਮਾਂ ਨੂੰ ਲੱਗਾ ਤਾਂ ਉਸ ਦੇ ਕੀਰਨੇ ਅਸਿਹਣਯੋਗ ਸਨ। ਇਸ ਮੌਕੇ ਕਿਸੇ ਨੇ ਵੀਡੀਓ ਬਣਾਈ ਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ।
ਮੈਰਿਜ ਪੈਲੇਸ ਵਿਚ ਸੁਰੱਖਿਆ ਗਾਰਡ ਦਾ ਕੰਮ ਕਰਨ ਵਾਲੇ ਹਰਭੇਜ ਦੇ ਪਿਤਾ ਨੂੰ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਨਸ਼ੇ ਦਾ ਆਦੀ ਸੀ। ‘ਆਪ’ ਆਗੂ ਦਾ ਪੁੱਤਰ ਆਪਣੀ ਪਤਨੀ ਨਾਲ ਉਸ ਦੇ ਇਲਾਜ ਲਈ ਚੰਡੀਗੜ੍ਹ ਗਿਆ ਸੀ ਪਰ ਉਸ ਦੀ ਲਾਸ਼ ਹੀ ਮਿਲੀ। ਬਲਵਿੰਦਰ ਦੀ ਮਾਂ ਨੂੰ ਪਤਾ ਸੀ ਕਿ ਉਸ ਦਾ ਪੁੱਤ ਨਸ਼ਾ ਕਰਦਾ ਹੈ ਪਰ ਇਸ ਕਿਸਮ ਦੇ ਜਾਨਲੇਵਾ ਨਸ਼ੇ ਬਾਰੇ ਉਸ ਨੂੰ ਇਲਮ ਵੀ ਨਹੀਂ ਸੀ। ਸਾਰੇ ਮਾਪਿਆਂ ਨੇ ਸਰਕਾਰ ਨੂੰ ਇਹੋ ਅਪੀਲ ਕੀਤੀ ਹੈ ਉਨ੍ਹਾਂ ਨੇ ਤਾਂ ਆਪਣੇ ਪੁੱਤ ਗਵਾ ਲਏ ਪਰ ਕਿਸੇ ਹੋਰ ਪਰਿਵਾਰ ਨਾਲ ਅਜਿਹਾ ਦੁਖਾਂਤ ਵਾਪਰੇ, ਇਸ ਤੋਂ ਪਹਿਲਾਂ ਹੀ ਕੋਈ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਬਠਿੰਡੇ ਵਿਚ ਨਸ਼ਾ ਮੁਕਤੀ ਕੇਂਦਰ ਵਿਚ ਇਕ ਨੌਜਵਾਨ ਨੇ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ । ਬਠਿੰਡਾ ਦੇ ਅਮਰਪੁਰਾ ਬਸਤੀ ਵਿਚ ਰਹਿੰਦੇ 18 ਸਾਲਾ ਸੰਜੂ ਨੂੰ ਇੱਕ ਦਿਨ ਪਹਿਲਾਂ ਹੀ ਨਸ਼ਾ ਮੁਕਤੀ ਕੇਂਦਰ ਵਿੱਚ ਨਸ਼ਾ ਛੁਡਵਾਉਣ ਲਈ ਦਾਖਲ ਕਰਵਾਇਆ ਗਿਆ ਸੀ।
ਸੂਬੇ ਵਿਚ ਲਗਾਤਾਰ ਨਸ਼ੇ ਦੀ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਦੀ ਸੂਚੀ ਵਿਚ ਲੁਧਿਆਣਾ ਸ਼ਹਿਰ ਦੇ ਇਕ ਨੌਜਵਾਨ ਦੀ ਮੌਤ ਵੀ ਸ਼ਾਮਿਲ ਹੋ ਗਈ ਹੈ। ਨਸ਼ੇ ਦੀ ਓਵਰਡੋਜ਼ ਕਾਰਨ ਮਰਨ ਵਾਲੇ ਲੁਧਿਆਣਾ ਦੇ ਨੌਜਵਾਨ ਦੀ ਪਛਾਣ ਸਨਅਤੀ ਸ਼ਹਿਰ ਦੇ ਇਲਾਕੇ ਟਿੱਬਾ ਰੋਡ ਦੇ ਕੰਪਨੀ ਬਾਗ਼ ਕਲੋਨੀ ‘ਚ ਰਹਿਣ ਵਾਲੇ ਰਵੀ ਵਰਮਾ ਵਜੋਂ ਹੋਈ ਹੈ। ਉਸ ਨੂੰ ਮਾਪਿਆਂ ਨੇ ਹਸਪਤਾਲ ਦਾਖਲ ਕਰਵਾਇਆ, ਜਿਥੇ ਦੇਰ ਰਾਤ ਉਸ ਨੇ ਦਮ ਤੋੜ ਦਿੱਤਾ। ਰਵੀ ਦੇ ਪਿਤਾ ਨੇ ਉਸ ਦੀ ਪਤਨੀ ਉਤੇ ਰਵੀ ਨੂੰ ਨਸ਼ੇ ਦੀ ਓਵਰਡੋਜ਼ ਦੇਣ ਦੇ ਗੰਭੀਰ ਦੋਸ਼ ਲਾਏ ਹਨ।
ਕੁਝ ਸਮਾਂ ਪਹਿਲਾਂ ਤਰਨ ਤਾਰਨ ਦੇ ਗੋਇੰਦਵਾਲ ਸਥਿਤ ਨਸ਼ਾ ਛੁਡਾਊ ਕੇਂਦਰ ‘ਚ ਵੀ ਇਕ ਵਿਅਕਤੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ। ਮ੍ਰਿਤਕ ਨੂੰ ਜ਼ਿਆਦਾ ਸ਼ਰਾਬ ਪੀਣ ਦੇ ਚੱਲਦੇ ਪਰਿਵਾਰ ਵਾਲਿਆਂ ਨੇ ਕੁਝ ਦਿਨ ਪਹਿਲਾਂ ਹੀ ਇਸ ਕੇਂਦਰ ‘ਚ ਦਾਖਲ ਕਰਵਾਇਆ ਸੀ। ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਦੇ ਆਲਾ ਅਫਸਰਾਂ ਕੋਲ ਮਾਮਲੇ ਦੀ ਸ਼ਿਕਾਇਤ ਕਰ ਜਾਂਚ ਦੀ ਮੰਗ ਕੀਤੀ ਸੀ।
ਇਸੇ ਤਰ੍ਹਾਂ ਹੀ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਕਬੀਰਪੁਰ ਦਾ ਸਰਪੰਚ ਜਸਵੀਰ ਸਿੰਘ, ਜੋ ਕੁਝ ਸਮੇਂ ਤੋਂ ਜ਼ਿਆਦਾ ਸ਼ਰਾਬ ਪੀਣ ਲੱਗਾ ਸੀ, ਪਰਿਵਾਰ ਨੇ ਉਸ ਨੂੰ ਇਲਾਜ ਲਈ ਗੋਇੰਦਵਾਲ ਦੇ ਨਵ ਜੀਵਨ ਕੇਂਦਰ (ਨਸ਼ਾ ਛੁਡਾਊ ਕੇਂਦਰ) ‘ਚ ਦਾਖਲ ਕਰਵਾਇਆ ਪਰ 4 ਦਿਨ ਬਾਅਦ ਹੀ ਜਸਵੀਰ ਦੀ ਮੌਤ ਹੋ ਗਈ ਸੀ।
ਪੰਜਾਬ ਦੀਆਂ ਜੇਲ੍ਹਾਂ ਵੀ ਨਸ਼ਿਆਂ ਦੇ ਵਪਾਰ ਦਾ ਗੜ੍ਹ ਬਣੀਆਂ ਹੋਈਆਂ ਹਨ। ਨਿੱਤ ਦਿਨ ਜੇਲ੍ਹਾਂ ਵਿਚੋਂ ਨਸ਼ਾ ਬਰਾਮਦ ਹੋ ਰਿਹਾ ਹੈ ਤੇ ਅੰਦਰ ਬੈਠੇ ਡਰੱਗ ਤਸਕਰਾਂ ਦੀਆਂ ਤਾਰਾਂ ਬਾਹਰ ਹੋ ਰਹੀ ਨਸ਼ਾ ਤਸਕਰੀ ਨਾਲ ਜੁੜੀਆਂ ਮਿਲ ਰਹੀਆਂ ਹਨ। ਸੂਤਰ ਦੱਸਦੇ ਹਨ ਕਿ ਚੋਣਾਂ ਦੌਰਾਨ ਜੇਲ੍ਹਾਂ ‘ਚੋਂ ਵੋਟਰਾਂ ਨੂੰ ਵੀ ਫੋਨ ਖੜਕਦੇ ਰਹੇ ਹਨ। ਇਵੇਂ ਹੀ ਨਸ਼ਾ ਜੇਲ੍ਹ ਵਿਚ ਪੁੱਜਣ ਦੀ ਸੂਰਤ ਵਿਚ ਡੂੰਘਾਈ ਨਾਲ ਪੜਤਾਲ ਕਰਨ ਵਾਸਤੇ ਆਖਿਆ ਜਾਂਦਾ ਹੈ ਪਰ ਨਸ਼ਾ ਕਿਥੋਂ ਆਇਆ ਅਤੇ ਕਿਸ ਨੇ ਸਪਲਾਈ ਕੀਤਾ, ਤਲਾਸ਼ੀ ਲੈਣ ਵਾਲਾ ਕਿਹੜਾ ਮੁਲਾਜ਼ਮ ਸੀ ਆਦਿ ਨੁਕਤਿਆਂ ਉਤੇ ਮਿੱਟੀ ਹੀ ਪਾਈ ਜਾ ਰਹੀ ਹੈ।
ਆਮ ਤੌਰ ਤੇ ਜਦੋਂ ਜੇਲ੍ਹ ‘ਚੋਂ ਨਸ਼ਾ ਜਾਂ ਮੋਬਾਈਲ ਫੋਨ ਫੜਿਆ ਜਾਂਦਾ ਹੈ ਤਾਂ ਬੰਦੀ ਖ਼ਿਲਾਫ਼ ਪੁਲੀਸ ਕਾਰਵਾਈ ਕਰਕੇ ਮਾਮਲਾ ਠੱਪ ਹੋ ਜਾਂਦਾ ਹੈ। ਜਦੋਂ ਵੀ ਜੇਲ੍ਹਾਂ ‘ਚੋਂ ਨਸ਼ੀਲੇ ਪਦਾਰਥ ਜਾਂ ਮੋਬਾਈਲ ਫੋਨ ਫੜੇ ਜਾਂਦੇ ਹਨ ਤਾਂ ਤਫ਼ਤੀਸ਼ੀ ਅਫਸਰ ਵਲੋਂ ਜੇਲ੍ਹ ਗਾਰਦ ਦੀ ਮਿਲੀਭੁਗਤ ਤਾਂ ਆਖੀ ਜਾਂਦੀ ਹੈ ਪ੍ਰੰਤੂ ਕਿਸੇ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਜੇਲ੍ਹ ਸਟਾਫ ਸਾਫ ਬਰੀ ਹੋ ਜਾਂਦਾ ਹੈ। ਪੁਲੀਸ ਦੇ ਤਫ਼ਤੀਸ਼ੀ ਅਫਸਰਾਂ ‘ਤੇ ਵੀ ਹੁਣ ਉਂਗਲ ਉੱਠ ਰਹੀ ਹੈ।
ਪੰਜਾਬ ‘ਚ ਨਸ਼ਿਆਂ ਦੀ ਭਰਮਾਰ ਉਤੇ ਸਿਆਸਤ ਵੀ ਲਗਾਤਾਰ ਜਾਰੀ ਹੈ। ਚਾਰ ਹਫ਼ਤਿਆਂ ਵਿਚ ਨਸ਼ੇ ਦੇ ਖ਼ਾਤਮੇ ਬਾਰੇ ਬਾਕਾਇਦਾ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਸਹੁੰ ਚੁੱਕਣ ਵਾਲੇ ਕੈਪਟਨ ਅਮਰਿੰਦਰ ਸਿੰਘ ਇਸ ਮਸਲੇ ‘ਤੇ ਕੁਝ ਖਾਸ ਕਰਦੇ ਵਿਖਾਈ ਨਹੀਂ ਦੇ ਰਹੇ। ਕੈਪਟਨ ਦੇ ਵਜ਼ੀਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਹਲਕੇ ਵਿਚ ਵਾਪਰੇ ਇਸ ਦੁਖਾਂਤ ਬਾਰੇ ਮੁੱਖ ਮੰਤਰੀ ਨੂੰ ਛੇਤੀ ਇਸ ਦਾ ਹੱਲ ਕਰਨ ਦੀ ਗੱਲ ਕਹੀ ਹੈ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਇੱਕ ਹਫ਼ਤੇ ਦੌਰਾਨ ਪੰਜ ਨੌਜਵਾਨਾਂ ਦੀ ਮੌਤ ਸਿਰਫ ਡਰੱਗ ਓਵਰਡੋਜ਼ ਨਾਲ ਹੋਣ ਦਾ ਦਾਅਵਾ ਕੀਤਾ ਹੈ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਹਿ ਰਹੀ ਹੈ ਕਿ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਸਾਲੇ ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ 6000 ਕਰੋੜ ਦੇ ਡਰੱਗ ਰੈਕੇਟ ਮਾਮਲੇ ‘ਚ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਗੰਭੀਰ ਇਲਜ਼ਾਮ ਐਸਆਈਟੀ ਵੱਲੋਂ ਡਰੱਗ ਰੈਕੇਟ ‘ਚ ਕੁਝ ਲੋਕਾਂ ਨੂੰ ਕਲੀਨ ਚਿਟ ਦਿੱਤੇ ਜਾਣ ਤੋਂ ਬਾਅਦ ਤੋਂ ਲਗਾਤਾਰ ਲਗਾਏ ਜਾ ਰਹੇ ਹਨ। ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਨਸ਼ੇ ਦੇ ਵੱਡੇ ਮੁੱਦੇ ਕਾਰਨ ਬੁਰੀ ਤਰ੍ਹਾਂ ਘਿਰ ਕੇ ਹਾਰ ਦਾ ਮੁੰਹ ਦੇਖਣ ਵਾਲੇ ਅਕਾਲੀ ਵੀ ਹੁਣ ਅਮਰਿੰਦਰ ਸਰਕਾਰ ਉਤੇ ਲਗਾਤਾਰ ਹਮਲੇ ਕਰ ਰਹੇ ਹਨ।

ਗੌਰਤਲਬ ਹੈ ਕਿ ਡਰੱਗ ਮਾਮਲੇ ‘ਚ ਵਿਸ਼ੇਸ਼ ਜਾਂਚ ਟੀਮ ਵੱਲੋਂ ਫਤਿਹਗੜ ਸਾਹਿਬ ਅਦਾਲਤ ਵਿਚ ਜਮਾਂ ਕੀਤੀ ਗਈ ਰਿਪੋਰਟ ‘ਚੋਂ ਕੈਨੇਡਾ ਆਧਾਰਿਤ ਤਿੰਨ ਡਰੱਗ ਤਸਕਰਾਂ ਸਤਪ੍ਰੀਤ ਸਿੰਘ ਸੱਤਾ, ਪਰਮਿੰਦਰ ਸਿੰਘ ਪਿੰਦਾ ਅਤੇ ਅਮਰਿੰਦਰ ਲਾਡੀ ਦੇ ਨਾਂਅ ਕੱਢ ਦਿੱਤੇ ਗਏ ਹਨ, ਜੋ ਕਿ ਕੌਮਾਂਤਰੀ ਡਰੱਗ ਤਸਕਰੀ ਵਿਚ ਸ਼ਾਮਿਲ ਦੱਸੇ ਜਾਂਦੇ ਸਨ। ਇਹ ਤਿੰਨੇ ਬਿਕਰਮ ਮਜੀਠੀਆ ਦੇ ਕਰੀਬੀ ਦੱਸੇ ਜਾਂਦੇ ਹਨ। ਐਸਆਈਟੀ ਰਿਪੋਰਟਾਂ ਦੇ ਮੁਤਾਬਿਕ ਜਗਦੀਸ਼ ਭੋਲਾ ਨੂੰ ਦੋ ਕੇਸਾਂ ਵਿਚ ਰਾਹਤ ਮਿਲ ਚੁੱਕੀ ਹੈ ਅਤੇ ਤੀਜੇ ਕੇਸ ਵਿਚ ਵੀ ਕਲੀਨ ਚਿਟ ਮਿਲ ਹੀ ਜਾਵੇਗੀ।
ਕੈਨੇਡਾ ਬੇਸਡ ਐਨਆਰਆਈ ਅਨੂਪ ਸਿੰਘ ਕਾਹਲੋਂ ਨੂੰ ਫਤਹਿਗੜ ਸਾਹਿਬ ਪੁਲਿਸ ਵੱਲੋਂ 13 ਮਾਰਚ 2013 ਨੂੰ ਸਿੰਥੈਟਿਕ ਡਰੱਗ ਸਣੇ ਗ੍ਰਿਫਤਾਰ ਕੀਤਾ ਗਿਆ ਸੀ। ਕਾਹਲੋਂ ਵੱਲੋਂ ਕੀਤੇ ਗਏ ਕਬੂਲਨਾਮੇ ਵਿੱਚ ਜਗਦੀਸ਼ ਭੋਲਾ ਦਾ ਨਾਂਅ ਆਇਆ ਅਤੇ ਉਸ ਨੇ ਬਿਕਰਮ ਮਜੀਠੀਆ ਦਾ ਨਾਮ ਲੈ ਦਿਤਾ ਸੀ।। ਮਜੀਠੀਆ ਦਾ ਨਾਂਅ ਦੋ ਹੋਰ ਸਹਿ-ਦੋਸ਼ੀਆਂ ਮਨਜਿੰਦਰ ਸਿੰਘ ਉਰਫ ਬਿੱਟੂ ਔਲਖ ਅਤੇ ਜਗਜੀਤ ਸਿੰਘ ਚਹਿਲ ਵੱਲੋਂ ਵੀ ਲਿਆ ਗਿਆ ਸੀ, ਜੋ ਕਿ ਇੱਕ ਫਰਮਾ ਕੰਪਨੀ ਚਲਾਉਂਦੇ ਸਨ ਅਤੇ ਬਾਅਦ ਵਿਚ ਪੁਲਿਸ ਨੇ ਉਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ।
ਬਿੱਟੂ ਔਲਖ ਵੱਲੋਂ ਈਡੀ ਅੱਗੇ ਦਿੱਤੀ ਗਈ ਸਟੇਟਮੈਂਟ ‘ਚ ਕਿਹਾ ਗਿਆ ਸੀ ਕਿ“ਮਜੀਠੀਏ ਨੇ ਸੱਤੇ ਨਾਲ ਮੈਨੂੰ ਆਪਣਾ ਸਭ ਤੋਂ ਚੰਗਾ ਮਿੱਤਰ ਦੱਸ ਕੇ ਮਿਲਾਇਆਸੀ। ਸਤਪ੍ਰੀਤ ਸਿੰਘ ਸੱਤਾ ਅਤੇ ਪਰਮਿੰਦਰ ਸਿੰਘ ਪਿੰਦਾ ਦਾ ਨਾਂਅ ਬਨੂੜ ਪੁਲਿਸ ਥਾਣੇ ਵਿਚ 2013 ਦੀ ਐਫਆਈਆਰ ਨੰਬਰ 56 ਵਿਚ ਦਰਜ ਹੈ। ਡਰੱਗ ਕੇਸ ਵਿਚ ਉਨਾਂ ਦੇ ਨਾਂਅ ਦੀ ਪੁਲਿਸ ਵੱਲੋਂ ਕਦੇ ਜਾਂਚ ਨਹੀਂ ਕੀਤੀ ਗਈ।
ਐਸਐਸਪੀ ਹਰਦਿਆਲ ਸਿੰਘ ਮਾਨ, ਜੋ ਕਿ ਸਾਰੇ ਮਾਮਲੇ ਦੀ ਛਾਣਬੀਣ ਕਰ ਰਹੇ ਸਨ, ਨੂੰ ਦਸੰਬਰ 2014 ਦੇ ਪਹਿਲੇ ਹਫਤੇ ਫਿਰੋਜਪੁਰ ਤਬਦੀਲ ਕਰ ਦਿੱਤਾ ਗਿਆ ਅਤੇ ਕੇਸ ਤੋਂ ਹਟਾ ਦਿੱਤਾ ਗਿਆ ਸੀ।