‘ਸੱਤਾ ਦੀ ਚਾਬੀ’ ਲਈ ਸ਼ੁਰੂ ਹੋਈਆਂ ਦਿਮਾਗ਼ੀ ਕਸਰਤਾਂ

0
471

punjab-polls-overview
ਜੋੜ-ਤੋੜ ਦੇ ਹਰ ਹੀਲੇ ਲਈ ਗੁਫ਼ਤਗੂ ਦੇ ਚੱਲ ਰਹੇ ਦੌਰ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਲਈ ਵੋਟਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਹਰ ਨੁੱਕੜ, ਮੁਹੱਲੇ, ਸੱਥਾਂ, ਘਰ-ਘਰ ‘ਕਿਸ ਦੀ ਹੋਵੇਗੀ ਸਰਕਾਰ’ ਬਾਰੇ ਚੁੰਝ-ਚਰਚਾ ਚੱਲ ਰਹੀ ਹੈ। ਹਾਲਾਂਕਿ 48 ਪੋਲਿੰਗ ਬੂਥਾਂ ‘ਤੇ ਈ.ਵੀ.ਐਮ. ਤੇ ਵੀ.ਵੀ.ਪੀ.ਏ.ਟੀ. ਮਸ਼ੀਨਾਂ ਵਿਚ ਖਰਾਬੀ ਕਾਰਨ ਮੁੜ ਵੋਟਾਂ 9 ਫਰਵਰੀ ਨੂੰ ਪੈਣੀਆਂ ਹੈ। ਪਰ ਸੱਤਾ ਦੀ ਚਾਬੀ ਕਿਸ ਹੱਥ ਆਏਗੀ, ਇਸ ਦਾ ਇੰਤਜ਼ਾਰ 11 ਮਾਰਚ ਤਕ ਕਰਨਾ ਪਏਗਾ। ਇਸ ਲੰਬੀ ਉਡੀਕ ਨੇ ਲੋਕਾਂ ਨੂੰ ਦਿਮਾਗ਼ੀ ਕਸਰਤ ਕਰਨ ਲਾ ਦਿੱਤਾ ਹੈ। ਇਸ ਵਾਰ 78.6 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ ਹੈ।
ਜਿਵੇਂ ਕਿ ਵੋਟਾਂ ਤੋਂ ਪਹਿਲਾਂ ਹੀ ਸਪਸ਼ਟ ਦਿਖਾਈ ਦੇ ਰਿਹਾ ਸੀ ਕਿ ਸੂਬੇ ਵਿਚ ਸੱਤਾ ਵਿਰੁੱਧ ਨਫ਼ਰਤੀ ਲਹਿਰ ਦੇ ਚਲਦਿਆਂ ਅਕਾਲੀ-ਭਾਜਪਾ ਗਠਜੋੜ ਤੀਜੇ ਥਾਂ ‘ਤੇ ਖਿਸਕ ਗਿਆ ਹੈ ਤੇ ਮੁੱਖ ਮੁਕਾਬਲਾ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਰਿਹਾ। ਪਰ ਐਨ ਆਖ਼ਰੀ ਮੌਕੇ ਡੇਰਾ ਸਿਰਸਾ ਵਲੋਂ ਅਕਾਲੀ-ਭਾਜਪਾ ਦੀ ਹਮਾਇਤ ਦੇ ਐਲਾਨ ਨਾਲ ਸੱਤਾ ਧਿਰ ਨਮੋਸ਼ੀਜਨਕ ਹਾਰ ਤੋਂ ਬਚਦੀ ਪ੍ਰਤੀਤ ਹੋ ਰਹੀ ਹੈ। ਕਈ ਥਾਈਂ ਮੁਕਾਬਲਾ ਤਿਕੋਣਾ ਹੋਣ ਦੇ ਆਸਾਰ ਹਨ। ਖ਼ੈਰ, ਇਹ ਤਾਂ 11 ਮਾਰਚ ਨੂੰ ਸਪਸ਼ਟ ਹੋ ਹੀ ਜਾਵੇਗਾ ਕਿ ਆਖ਼ਰ ਪੰਜਾਬੀਆਂ ਨੇ ਸੱਤਾ ਦੀ ਚਾਬੀ ਕਿਸ ਨੂੰ ਸੌਂਪੀ ਹੈ ਪਰ ਉਨ੍ਹਾਂ ਸੂਰਤਾਂ ‘ਤੇ ਚਰਚਾ ਕਰਦੇ ਹਾਂ ਕਿ ਕਿਸ ਦੀ ਸਰਕਾਰ ਬਣਦੀ ਹੈ? ਕੀ ਜੋੜ-ਤੋੜ ਹੋਣਗੇ?
ਜਿਸ ਤਰ੍ਹਾਂ ਦੇ ਸਰਵੇਖਣ ਸਾਹਮਣੇ ਆਏ ਹਨ, ਉਨ੍ਹਾਂ ਵਿਚ ਕਾਂਗਰਸ ਦਾ ਪੱਲਾ ਭਾਰੀ ਦੱਸਿਆ ਜਾ ਰਿਹਾ ਹੈ। ਹੁਣ ਜੇਕਰ ਕਾਂਗਰਸ 50 ਦੇ ਕਰੀਬ ਸੀਟਾਂ ਲੈ ਜਾਂਦੀ ਹੈ ਤਾਂ ਆਪਣਾ ਟੀਚਾ ਹਾਸਲ ਕਰਨ ਲਈ ਉਹ ਕੀ ਜੋੜ-ਤੋੜ ਕਰੇਗੀ। ਜ਼ਾਹਰ ਹੈ, ਸੌਦੇਬਾਜ਼ੀ ਦਾ ਦੌਰ ਚੱਲੇਗਾ। ਇਹ ਵੀ ਹੋ ਸਕਦਾ ਹੈ ਕਿ ਜਿਹੜੇ ਕਾਂਗਰਸ ਜਾਂ ਅਕਾਲੀ-ਭਾਜਪਾ ਛੱਡ ਕੇ ‘ਆਪ’ ਵਿਚ ਜਾ ਰਲੇ ਸਨ, ਉਹ ਜੇਤੂ ਉਮੀਦਵਾਰ ਮੁੜ ਆਪਣੀ ‘ਘਰ ਵਾਪਸੀ’ ਦੀ ਦੁਹਾਈ ਦਿੰਦਿਆਂ, ਮਨ-ਇਛੁਤ ਅਹੁਦਿਆਂ ਦੀ ਤਾਂਘ ਨਾਲ ਕਾਂਗਰਸ ਵਿਚ ਵਾਪਸੀ ਕਰ ਲੈਣ। ਜਾਂ ਇਹ ਵੀ ਹੋ ਸਕਦਾ ਹੈ ਕਿ ਆਪਣਾ ਵੱਖਰਾ ਧੜਾ ਬਣਾ ਕੇ ਕਾਂਗਰਸ ਨੂੰ ਸ਼ਰਤਾਂ ਨਾਲ ਹਮਾਇਤ ਦੇ ਦੇਣ। ਹਾਂ, ਇਸ ਗੱਲ ਦੀ ਵੀ ਚਿੰਤਾ ਜ਼ਰੂਰ ਹੁੰਦੀ ਹੈ ਕਿ ਜੇਕਰ ‘ਆਪ’ ਨੂੰ ਵਿਰੋਧੀ ਧਿਰ ਵਿਚ ਬੈਠਣਾ ਪੈ ਗਿਆ ਤੇ ਇਸ ਕੋਲ ਮੌਜੂਦ ਦੋ-ਚਾਰ ਧੜੱਲੇਦਾਰ ਆਗੂ ਜਿੱਤ ਨਾ ਸਕੇ ਤਾਂ ਹਕੂਮਤ ਨੂੰ ਜ਼ੋਰਦਾਰ ਢੰਗ ਨਾਲ ਡੱਕਣ ਵਾਲੀ ਵਿਰੋਧੀ ਧਿਰ ਦੀ ਕਮੀ ਵੀ ਪੰਜਾਬ ਲਈ ਚੰਗੀ ਨਹੀਂ ਹੋਵੇਗੀ।
ਦੂਜੇ ਪਾਸੇ ਪਿੰਡ-ਪਿੰਡ ਜਿਵੇਂ ‘ਆਪ’ ਦੀ ਆਪ ਮੁਹਾਰੀ ਹਨੇਰੀ ਚੱਲੀ ਹੈ, ਉਸ ਤੋਂ ‘ਆਪ’ ਦੇ ਵੀ ਸੱਤਾ ‘ਤੇ ਕਾਬਜ਼ ਹੋਣ ਦੇ ਕਾਫ਼ੀ ਆਸਾਰ ਨਜ਼ਰ ਆ ਰਹੇ ਹਨ। ਪਰ ਜੇਕਰ ‘ਆਪ’ ਬਹੁਮਤ ਨਾ ਲੈ ਕੇ, ਵੱਧ ਸੀਟਾਂ ਹੀ ਲੈ ਜਾਂਦੀ ਹੈ ਤਾਂ ਉਹ ਆਪਣੇ ਨਾਲ ਕਿਸ ਨੂੰ ਰਲਾਏਗੀ, ਇਹ ਸਵਾਲ ਵੀ ਪੰਜਾਬੀਆਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ‘ਆਪ’ ਲਈ ਤਾਂ ਇਹ ਸੰਕਟ ਹੋਵੇਗਾ ਹੀ ਪਰ ਜੇਕਰ ਉਹ ਪੂਰਨ ਬਹੁਮਤ ਨਾਲ ਜਿੱਤ ਜਾਂਦੀ ਹੈ ਤਾਂ ਉਸ ਲਈ ਵੱਡਾ ਸੰਕਟ ਮੁੱਖ ਮੰਤਰੀ ਦੀ ਦਾਅਵੇਦਾਰੀ ਦਾ ਖੜ੍ਹਾ ਹੋਵੇਗਾ। ਅਕਾਲੀ-ਭਾਜਪਾ ਦੇ ਜੇਤੂ ਉਮੀਦਵਾਰ ‘ਆਪ’ ਨਾਲ ਰਲਣੋਂ ਤਾਂ ਰਹੇ ਕਿਉਂਕਿ ਉਹ ਤਾਂ ‘ਆਪ’ ਦਾ ਰਾਹ ਰੋਕਣ ਲਈ ਜ਼ਾਹਰਾ ਤੌਰ ‘ਤੇ ਆਪਣੀ ‘ਹਮਖ਼ਿਆਲੀ’ ਕਾਂਗਰਸ ਨੂੰ ਹਮਾਇਤ ਦੇਣਗੇ।
ਜਿੱਤ ਭਾਵੇਂ ਕਿਸੇ ਇਕ ਧਿਰ ਦੀ ਹੋਵੇ ਜਾਂ ਰਾਸਸੀ ਜੋੜ-ਤੋੜ ਨਾਲ ਸਰਕਾਰ ਬਣੇ, ਹਾਰ ਤਾਂ ਹਰ ਸੂਰਤ ਪੰਜਾਬੀਆਂ ਦੀ ਹੋਣੀ ਹੈ। ਅੱਜ ਇਹ ਗੱਲ ਸ਼ਾਇਦ ਕਿਸੇ ਨੂੰ ਕੌੜੀ ਲੱਗ ਸਕਦੀ ਹੈ ਪਰ ਆਉਣ ਵਾਲੀਆਂ ਸਥਿਤੀਆਂ ਕੁਝ ਅਜਿਹੇ ਹੀ ਸੰਕੇਤ ਕਰ ਰਹੀਆਂ ਹਨ ਕਿ ਆਉਣ ਵਾਲਾ ਸਮਾਂ ਕੋਈ ਬਹੁਤਾ ਬਿਹਤਰ ਨਹੀਂ ਹੋਣ ਵਾਲਾ। ਜੜ੍ਹ-ਜੜ੍ਹ ਤਕ ਫੈਲੀਆਂ ਬਿਮਾਰੀਆਂ ਨੂੰ ਚੁਟਕੀ ਦੇ ਮੰਤਰ ਨਾਲ ਦੂਰ ਨਹੀਂ ਕੀਤਾ ਜਾ ਸਕਦਾ। ਸਥਾਪਤ ਧਿਰਾਂ ਨੂੰ ਬਰਾਬਰ ਦੀ ਟੱਕਰ ਦੇਣ ਵਾਲੀ ‘ਆਪ’ ਜੇਕਰ ਸੱਤਾ ਵਿਚ ਆਈ ਤਾਂ ਉਸ ਲਈ ਇਹ ਚੁਣੌਤੀ ਸਭ ਤੋਂ ਵੱਡੀ ਹੋਵੇਗੀ। ਲੋਕ ਪੱਖੀ ਨੀਤੀਆਂ ਘੜਨ, ਕੀਤੇ ਵਾਅਦੇ ਪੂਰੇ ਕਰਨ, ਬੁਨਿਆਦੀ ਢਾਂਚਾ ਦਰੁਸਤ ਕਰਨ ਲਈ ਕਾਫ਼ੀ ਸੂਝ-ਬੂਝ ਦੇ ਨਾਲ ਨਾਲ ਸਿਆਸੀ ਇੱਛਾ ਸ਼ਕਤੀ ਦੀ ਵੀ ਲੋੜ ਹੈ। ਇਹ ਵੀ ਡਰ ਨਾਲੋ-ਨਾਲ ਹੈ ਕਿ ਸੱਤਾ ਵਿਚ ਆਉਂਦਿਆਂ ਹੀ ਕਿਤੇ ਉਹ ਦਿੱਲੀ ਵਾਂਗ ਹੀ ਵਿਧਾਇਕਾਂ-ਮੰਤਰੀਆਂ ਦੀਆਂ ਤਨਖ਼ਾਹਾਂ-ਭੱਤੇ ਦੁੱਗਣੇ-ਤਿਗੁਣੇ ਨਾ ਕਰ ਦੇਵੇ ਤੇ ਆਮ ਲੋਕ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਰਹਿ ਜਾਣ। ਹੁਣ ਤਾਂ ਇਹੀ ਉਮੀਦ ਕੀਤੀ ਜਾ ਸਕਦੀ ਹੈ ਕਿ ਜਿਹੜੀ ਵੀ ਧਿਰ ਸੱਤਾ ਵਿਚ ਆਵੇ, ਪੰਜਾਬ ਦੀ ਬਿਹਤਰੀ ਲਈ ਕੰਮ ਕਰੇ। ਜੇ ਹੁਣ ਵੀ ਕਾਬਜ਼ ਹੋਣ ਵਾਲੀ ਧਿਰ ਇਸ ਤੋਂ ਖੁੰਝ ਗਈ ਤਾਂ ਪੰਜਾਬੀਆਂ ਲਈ ਸਿਰ ਚੁੱਕਣਾ ਮੁਸ਼ਕਲ ਹੋ ਜਾਵੇਗਾ।