ਪੰਜ ਜ਼ਿਲ੍ਹਿਆਂ ਦੇ 48 ਬੂਥਾਂ ‘ਤੇ ਮੁੜ ਹੋਈ ਵੋਟਿੰਗ

0
512

punjab-polling
ਮਜੀਠਾ ‘ਚ 76%, ਸਰਦੂਲਗੜ੍ਹ ‘ਚ 90.33% ਵੋਟਿੰਗ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਪੰਜ ਵਿਧਾਨ ਸਭਾ ਹਲਕਿਆਂ ਮਜੀਠਾ, ਮਾਨਸਾ, ਸੰਗਰੂਰ, ਮੁਕਤਸਰ, ਸਰਦੂਲਗੜ੍ਹ ਅਤੇ ਅੰਮ੍ਰਿਤਸਰ ਸੰਸਦੀ ਹਲਕੇ ਵਿੱਚ ਪੈਂਦੇ 48 ਪੋਲਿੰਗ ਬੂਥਾਂ ‘ਤੇ ਮੁੜ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਇਨ੍ਹਾਂ ਵਿਧਾਨ ਸਭਾ ਹਲਕਿਆਂ ਵਿੱਚ ਮੁੜ ਪਈਆਂ ਵੋਟਾਂ ਦੌਰਾਨ ਪ੍ਰਤੀਸ਼ਤ ਵਧ ਗਈ ਹੈ। ਸਭ ਤੋਂ ਜ਼ਿਆਦਾ ਸਰਦੂਲਗੜ੍ਹ ਦੇ ਪੋਲਿੰਗ ਬੂਥ ਵਿੱਚ 90.33 ਫੀਸਦੀ ਵੋਟਾਂ ਪਈਆਂ। ਮਹੱਤਵਪੂਰਨ ਤੱਥ ਇਹ ਹੈ ਕਿ ਅੰਮ੍ਰਿਤਸਰ ਸੰਸਦੀ ਹਲਕੇ ਵਿੱਚ 4 ਫਰਵਰੀ ਨੂੰ ਪਈਆਂ ਵੋਟਾਂ ਨਾਲੋਂ ਪ੍ਰਤੀਸ਼ਤ ਵਿੱਚ ਗਿਰਾਵਟ ਆਈ ਹੈ। ਜ਼ਿਕਰਯੋਗ ਹੈ ਕਿ ਚਾਰ ਫਰਵਰੀ ਨੂੰ ਪਈਆਂ ਵੋਟਾਂ ਦੌਰਾਨ ਇਲੈਕਟ੍ਰਾਨਿਕਸ ਵੋਟਿੰਗ ਮਸ਼ੀਨਾਂ ਨਾਲ ਲਾਈਆਂ ਵੀਵੀਪੀਏਟੀ ਮਸ਼ੀਨਾਂ ਵਿੱਚ ਖ਼ਰਾਬੀ ਕਾਰਨ ਵੋਟਰਾਂ ਨੂੰ ਵੋਟਾਂ ਪਾਉਣ ਲਈ ਘੱਟ ਸਮਾਂ ਮਿਲਣ ਅਤੇ ਮਸ਼ੀਨਾਂ ਖ਼ਰਾਬ ਹੋਣ ਕਾਰਨ ਕਮਿਸ਼ਨ ਨੇ ਅਚਨਚੇਤੀ ਮੁੜ ਵੋਟਾਂ ਪਵਾਉਣ ਦਾ ਫੈਸਲਾ ਲਿਆ ਸੀ।
ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਜ਼ਿਆਦਾਤਰ ਪੋਲਿੰਗ ਬੂਥਾਂ ‘ਤੇ 4 ਫਰਵਰੀ ਨੂੰ ਪਈਆਂ ਵੋਟਾਂ ਨਾਲੋਂ ਜ਼ਿਆਦਾ ਗਿਣਤੀ ਵਿੱਚ ਵੋਟਾਂ ਭੁਗਤੀਆਂ। ਸਰਦੂਲਗੜ੍ਹ ਅਤੇ ਮੁਕਤਸਰ ਵਿਧਾਨ ਸਭਾ ਹਲਕਿਆਂ ਦੇ ਪੋਲਿੰਗ ਬੂਥਾਂ ‘ਤੇ ਇਹ ਅੰਕੜਾ 90 ਫੀਸਦੀ ਤੱਕ ਪਹੁੰਚ ਗਿਆ ਹੈ। ਮਜੀਠਾ ਹਲਕੇ ਵਿੱਚ ਰਾਜਸੀ ਪਾਰਟੀਆਂ ਅਤੇ ਉਮੀਦਵਾਰਾਂ ਦਾ ਵੱਕਾਰ ਦਾਅ ‘ਤੇ ਲੱਗਿਆ ਹੋਣ ਕਾਰਨ ਸਾਰਾ ਦਿਨ ਸਥਿਤੀ ਤਣਾਅ ਵਾਲੀ ਬਣੀ ਰਹੀ। ਕਮਿਸ਼ਨ ਨੇ ਇਸ ਹਲਕੇ ਵਿੱਚ ਸਥਿਤੀ ਨੂੰ ਨਾਜ਼ੁਕ ਮੰਨਦਿਆਂ ਤਿੰਨ-ਤਿੰਨ ਪਿੰਡਾਂ ਦੇ ਜ਼ੋਨ ਬਣਾ ਕੇ ਸਿਵਲ ਅਤੇ ਪੁਲੀਸ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਹੋਈ ਸੀ। ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ, ਕਾਂਗਰਸ ਦੇ ਲਾਲੀ ਮਜੀਠੀਆ ਅਤੇ ਆਮ ਆਦਮੀ ਪਾਰਟੀ ਦੇ ਹਿੰਮਤ ਸਿੰਘ ਸ਼ੇਰਗਿੱਲ ਨੇ ਵੋਟਾਂ ਭੁਗਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਇਹੀ ਕਾਰਨ ਹੈ ਕਿ ਇਸ ਹਲਕੇ ਦੇ ਕੁੱਝ ਬੂਥਾਂ ‘ਤੇ ਪੋਲਿੰਗ 80 ਫੀਸਦੀ ਤੋਂ ਵੀ ਟੱਪ ਗਈ ਹੈ। ਇਸ ਤਰ੍ਹਾਂ ਸੰਗਰੂਰ, ਮੁਕਤਸਰ, ਸਰਦੂਲਗੜ੍ਹ ਅਤੇ ਮੋਗਾ ਵਿਧਾਨ ਸਭਾ ਅਤੇ ਅੰਮ੍ਰਿਤਸਰ ਸੰਸਦੀ ਹਲਕੇ ਦੇ ਪੋਲਿੰਗ ਬੂਥਾਂ ‘ਤੇ ਵੀ ਵੋਟਾਂ ਭੁਗਤਾਉਣ ਲਈ ਸਾਰੇ ਉਮੀਦਵਾਰਾਂ ਨੇ ਆਪਣੇ ਹਮਾਇਤੀਆਂ ਨੂੰ ਨਾਲ ਲੈ ਕੇ ਸਾਰਾ ਦਿਨ ਭੱਜ-ਨੱਠ ਕੀਤੀ ਤਾਂ ਜੋ ਬਾਜ਼ੀ ਜਿੱਤੀ ਜਾ ਸਕੇ।
ਰਾਜ ਦੇ ਮੁੱਖ ਚੋਣ ਅਫ਼ਸਰ ਵੀ ਕੇ ਸਿੰਘ ਨੇ ਦੱਸਿਆ ਕਿ ਸਰਦੂਲਗੜ੍ਹ ਹਲਕੇ ਦੇ ਪੋਲਿੰਗ ਸਟੇਸ਼ਨ ਕੋਰੇਵਾਲਾ ਵਿੱਚ ਪੋਲਿੰਗ 90.33 ਫੀਸਦੀ ਰਹੀ। ਇਸ ਬੂਥ ‘ਤੇ 4 ਫਰਵਰੀ ਨੂੰ 89.80 ਫੀਸਦੀ ਵੋਟਾਂ ਪਈਆਂ ਸਨ। ਮੋਗਾ ਹਲਕੇ ਦੇ ਇਕ ਪੋਲਿੰਗ ਬੂਥ ‘ਤੇ 81.26 ਫੀਸਦੀ ਪੋਲਿੰਗ ਹੋਈ, ਇੱਥੇ 4 ਫਰਵਰੀ ਨੂੰ 76.84 ਫੀਸਦੀ ਵੋਟਾਂ ਭੁਗਤੀਆਂ ਸਨ। ਮਜੀਠਾ ਵਿਧਾਨ ਸਭਾ ਹਲਕੇ ਦੇ ਸਭ ਤੋਂ ਵੱਧ 12 ਪੋਲਿੰਗ ਬੂਥਾਂ ‘ਤੇ ਮੁੜ ਤੋਂ ਵੋਟਾਂ ਪਈਆਂ। ਇਨ੍ਹਾਂ 12 ਬੂਥਾਂ ‘ਤੇ 4 ਫਰਵਰੀ ਨੂੰ 80 ਫੀਸਦੀ ਵੋਟਾਂ ਪਈਆਂ ਸਨ ਤੇ ਅੱਜ ਇਨ੍ਹਾਂ ਬੂਥਾਂ ‘ਤੇ 80.80 ਫੀਸਦੀ ਵੋਟਾਂ ਪੈ ਗਈਆਂ। ਅੰਮ੍ਰਿਤਸਰ ਸੰਸਦੀ ਹਲਕੇ ਨਾਲ ਸਬੰਧਤ 16 ਪੋਲਿੰਗ ਬੂਥਾਂ ‘ਤੇ ਪੰਜ ਦਿਨ ਪਹਿਲਾਂ ਪਈਆਂ ਵੋਟਾਂ ਨਾਲੋਂ ਵੋਟ ਪ੍ਰਤੀਸ਼ਤ ਘਟ ਗਈ ਹੈ। ਇਨ੍ਹਾਂ ਪੋਲਿੰਗ ਬੂਥਾਂ ਉਪਰ 4 ਫਰਵਰੀ ਨੂੰ 79.47 ਫੀਸਦੀ ਵੋਟਾਂ ਪਈਆਂ ਸਨ ਤੇ ਅੱਜ 75.80 ਫੀਸਦੀ ਹੀ ਭੁਗਤ ਸਕੀਆਂ।
ਸੰਗਰੂਰ ਵਿਧਾਨ ਸਭਾ ਹਲਕੇ ਦੇ 9 ਪੋਲਿੰਗ ਬੂਥਾਂ ‘ਤੇ ਅੱਜ 85.68 ਫੀਸਦੀ ਵੋਟਾਂ ਪਈਆਂ। ਇੱਥੇ 4 ਫਰਵਰੀ ਨੂੰ 81.61 ਫੀਸਦੀ ਵੋਟਾਂ ਪਈਆਂ। ਇਸ ਤਰ੍ਹਾਂ ਮੁਕਤਸਰ ਹਲਕੇ ਦੇ ਨੌਂ ਬੂਥਾਂ ‘ਤੇ ਵੀ 89.55 ਫੀਸਦੀ ਰਿਕਾਰਡ ਮਤਦਾਨ ਹੋਇਆ। ਇਨ੍ਹਾਂ ਬੂਥਾਂ ‘ਤੇ 4 ਫਰਵਰੀ ਨੂੰ 86.31 ਫੀਸਦੀ ਵੋਟਾਂ ਪਈਆਂ ਸਨ।