ਕਾਂਗਰਸ ਦੀ ਆਪਣੀ ਉਮੀਦ ਨਾਲੋਂ ਵੀ ਵੱਡੀ ਜਿੱਤ

0
515

captain-patiala
‘ਆਪ’ ਬਣੀ ਦੂਜੀ ਧਿਰ, ਅਕਾਲੀਆਂ ਨੂੰ ਤੀਜੇ ਨੰਬਰ ‘ਤੇ ਕਰਨਾ ਪਿਆ ਸਬਰ
ਉਤਰ ਪ੍ਰਦੇਸ਼ ਵਿਚ ਭਾਜਪਾ ਦੀ ਹੂੰਝਾ ਫੇਰੂ ਜਿੱਤ
ਚੰਡੀਗੜ੍ਹ/ਬਿਊਰੋ ਨਿਊਜ਼ :
ਕਰੀਬ ਇਕ ਮਹੀਨੇ ਦੀ ਲੰਬੀ ਉਡੀਕ ਮਗਰੋਂ ਆਖ਼ਰ ਪੰਜਾਬ ਸਮੇਤ ਪੰਜ ਸੂਬਿਆਂ ਦਾ ਚੋਣ ਨਤੀਜਾ ਆ ਹੀ ਗਿਆ ਹੈ। ਪੰਜਾਬ ਵਿਚ ਕਾਂਗਰਸ ਨੇ ਆਪਣੀ ਉਮੀਦ ਨਾਲੋਂ ਵੀ ਕਿਤੇ ਵੱਧ ਚੰਗਾ ਪ੍ਰਦਰਸ਼ਨ ਕੀਤਾ ਹੈ। ਉਸ ਨੇ 77 ਸੀਟਾਂ ਨਾਲ ਵੱਡਾ ਬਹੁਮਤ ਹਾਸਲ ਕੀਤਾ ਹੈ। ਜਦਕਿ ਚੋਣ ਪ੍ਰਚਾਰ ਦੌਰਾਨ ਸਭ ਤੋਂ ਅੱਗੇ ਮੰਨੀ ਜਾ ਰਹੀ ਆਮ ਆਦਮੀ ਪਾਰਟੀ ਵੀ ਦੂਜੇ ਸਥਾਨ ‘ਤੇ ਸਿਮਟ ਗਈ ਹੈ। ਸਭ ਤੋਂ ਵੱਧ ਚਰਚਿਤ ਆਮ ਆਦਮੀ ਪਾਰਟੀ ਨੂੰ ਸਿਰਫ 20 ਸੀਟਾਂ ਮਿਲੀਆਂ ਹਨ। ਉਂਝ ‘ਆਪ’ ਨਾਲ ਗਠਜੋੜ ਕਰਨ ਵਾਲੀ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਵੀ ਦੋ ਸੀਟਾਂ ਲੈ ਗਈ ਹੈ।
ਚੋਣਾਂ ਵਿੱਚ ਸਭ ਤੋਂ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਾ ਹੈ। ਅਕਾਲੀ ਦਲ ਦੇ ਖਾਤੇ ਸਿਰਫ 14 ਸੀਟਾਂ ਪਈਆਂ ਹਨ। ਅਕਾਲੀ ਦਲ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਤਿੰਨ ਸੀਟਾਂ ‘ਤੇ ਕਾਬਜ਼ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਆਖਰੀ ਦਮ ਤੱਕ ਹੈਟ੍ਰਿਕ ਲਾਉਣ ਦੇ ਦਾਅਵੇ ਕਰਦਾ ਰਿਹਾ ਪਰ ਉਸ ਨੂੰ ਇਤਿਹਾਸਕ ਹਾਰ ਦਾ ਸਾਹਮਣਾ ਕਰਨਾ ਪਿਆ।
ਅਕਾਲੀ ਦਲ ਦੇ ਕਈ ਮੰਤਰੀ ਵੀ ਆਪਣੀਆਂ ਸੀਟਾਂ ਹਾਰ ਗਏ। ਉਂਝ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਆਪਣੀਆਂ ਸੀਟਾਂ ਬਚਾਉਣ ਵਿੱਚ ਕਾਮਯਾਬ ਰਹੇ।ਚੋਣ ਪੋਲ ਅਤੇ ਐਗਜ਼ਿਟ ਪੋਲਾਂ ਵਿਚ ਜਿੱਥੇ ਅਕਾਲੀ ਭਾਜਪਾ ਨੂੰ ਮਹਿਜ਼ 4-5 ਸੀਟਾਂ ਦਿੱਤੀਆਂ ਜਾ ਰਹੀਆਂ ਸਨ, ਉਹ ਵੀ 18 ਸੀਟਾਂ ਲੈਣ ਵਿਚ ਕਾਮਯਾਬ ਹੋ ਗਈ ਹੈ। ਹੁਣ ਤਕ ਆਏ ਨਤੀਜਿਆਂ ਮੁਤਾਬਕ ਕਾਂਗਰਸ ਨੇ 73 ਸੀਟਾਂ, ਆਮ ਆਦਮੀ ਪਾਰਟੀ ਨੇ 22 ਅਤੇ ਅਕਾਲੀ-ਭਾਜਪਾ ਗਠਜੋੜ ਨੇ 18 ਸੀਟਾਂ ‘ਤੇ ਜਿੱਤ ਹਾਸਲ ਕਰ ਲਈ ਹੈ। ਇਨ੍ਹਾਂ ਨਤੀਜਿਆਂ ਨੇ ਐਗਜ਼ਿਟ ਪੋਲਾਂ ਨੂੰ ਪੂਰੀ ਤਰ੍ਹਾਂ ਨਾਕਾਰ ਦਿੱਤਾ ਹੈ। ਐਗਜ਼ਿਟ ਪੋਲਾਂ ਨੇ ਜਿਵੇਂ ਉਤਰ ਪ੍ਰਦੇਸ਼ ਵਿਚ ਭਾਜਪਾ ਨੂੰ 160 ਤੋਂ 190 ਸੀਟਾਂ ਦਿੱਤੀਆਂ ਸਨ, ਉਥੇ ਭਾਜਪਾ ਨੇ 315 ਤੋਂ ਵੱਧ ਸੀਟਾਂ ਹਾਸਲ ਕਰ ਲਈਆਂ ਹਨ, ਜਦਕਿ ਹੁਣ ਤਕ ਆਏ ਨਤੀਜਿਆਂ ਮੁਤਾਬਕ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਗਠਜੋੜ ਦਾ 65 ਦਾ ਅੰਕੜਾ ਵੀ ਪਾਰ ਕਰਨਾ ਮੁਸ਼ਕਲ ਲੱਗ ਰਿਹਾ ਹੈ।
ਹੁਣ ਤਕ ਹਾਸਲ ਨਤੀਜਿਆਂ ਮੁਤਾਬਕ ਉਤਰ ਪ੍ਰਦੇਸ਼ ਤੋਂ ਉਤਰਾਖੰਡ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਾਦੂ ਪੂਰੀ ਤਰ੍ਹਾਂ ਚੱਲ ਗਿਆ ਹੈ। ਉਧਰ ਮਣੀਪੁਰ ਅਤੇ ਗੋਆ ਵਿਚ ਭਾਜਪਾ ਅਤੇ ਕਾਂਗਰਸ ਵਿਚਾਲੇ ਟੱਕਰ ਦਿਖਾਈ ਦੇ ਰਹੀ ਹੈ।
ਪੰਜਾਬ ਵਿਚ ਕਾਂਗਰਸ ਦੀ ਸ਼ਾਨਦਾਰ ਜਿੱਤ ਹੋ ਗਈ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਹਾਰ ਕਬੂਲਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿੱਤੀ ਹੈ। ਅਕਾਲੀ ਦਲ ਲਈ ਰਾਹਤ ਵਾਲੀ ਗੱਲ ਇਹ ਹੈ ਕਿ ਉਹ ਆਪਣੀਆਂ ਤਿੰਨ ਵੱਕਾਰੀ ਸੀਟਾਂ, ਲੰਬੀ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਜਲਾਲਾਬਾਦ ਤੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਮਜੀਠਾ ਤੋਂ ਬਿਕਰਮ ਸਿੰਘ ਮਜੀਠੀਆ ਚੋਣ ਜਿੱਤ ਗਏ ਹਨ। ਸੁਖਬੀਰ ਬਾਦਲ ਦੇ ਮੁਕਾਬਲੇ ‘ਆਪ’ ਤੇ ਭਗਵੰਤ ਮਾਨ ਅਤੇ ਕਾਂਗਰਸ ਦੇ ਰਵਣੀਤ ਸਿੰਘ ਬਿੱਟੂ ਚੋਣ ਹਾਰ ਗਏ ਹਨ। ਇਸ ਤੋਂ ਇਲਾਵਾ ਕੈਪਟਨ ਦੇ ਕਰੀਬੀ ਸੁਨੀਲ ਜਾਖੜ ਅਬੋਹਰ ਤੋਂ ਹਾਰ ਗਏ ਹਨ। ਲੰਬੀ ਤੋਂ ਕੈਪਟਨ ਅਮਰਿੰਦਰ ਸਿੰਘ ਭਾਵੇਂ ਚੋਣ ਹਾਰ ਗਏ ਹਨ ਪਰ ਪਟਿਆਲਾ ਤੋਂ ਉਹ 50000 ਵੋਟਾਂ ਨਾਲ ਜੇਤੂ ਰਹੇ ਹਨ। ਫਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਬੇਟੇ ਦਵਿੰਦਰ ਸਿੰਘ ਘੁਬਾਇਆ ਕਾਂਗਰਸ ਦੀ ਸੀਟ ਤੋਂ ਜੇਤੂ ਰਹੇ ਹਨ। ‘ਆਮ ਆਦਮੀ ਪਾਰਟੀ’ ਤੋਂ ਵੱਖ ਹੋ ਕੇ ਵੱਖਰੀ ਪਾਰਟੀ ‘ਆਪਣਾ ਪੰਜਾਬ ਪਾਰਟੀ’ ਬਣਾਉਣ ਵਾਲੇ ਸੁੱਚਾ ਸਿੰਘ ਛੋਟੇਪੁਰ ਚੋਣ ਹਾਰ ਗਏ ਹਨ। ਬਠਿੰਡਾ ਸ਼ਹਿਰੀ ਤੋਂ ਕਾਂਗਰਸ ਦੇ ਮਨਪ੍ਰੀਤ ਸਿੰਘ ਬਾਦਲ ਚੋਣ ਜਿੱਤ ਗਏ ਹਨ। ਲਹਿਰਾਗਾਗਾ ਤੋਂ ਰਜਿੰਦਰ ਕੌਰ ਭੱਠਲ 26815 ਵੋਟਾਂ ਨਾਲ ਹਾਰ ਗਏ ਹਨ। ‘ਆਪ’ ਦੇ ਵੱਡੇ ਨੇਤਾ ਭਗਵੰਤ ਮਾਨ, ਜਨਰੈਲ ਸਿੰਘ, ਹਿੰਮਤ ਸਿੰਘ ਸ਼ੇਰ ਗਿੱਲ ਅਤੇ ਪਾਰਟੀ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਚੋਣ ਹਾਰ ਗਏ ਹਨ। ਜਦਕਿ ਭੁੱਲਥ ਤੋਂ ‘ਆਪ’ ਦੇ ਸੁਖਪਾਲ ਸਿੰਘ ਖਹਿਰਾ ਅਤੇ ਐਚ.ਐਸ. ਫੂਲਕਾ ਚੋਣ ਜਿੱਤ ਗਏ ਹਨ। ਇਸ ਤੋਂ ਇਲਾਵਾ ਅਕਾਲੀ-ਭਾਜਪਾ ਦਾ ਸਾਥ ਛੱਡਣ ਵਾਲੇ ਪਰਗਟ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵੀ ਵੱਡੇ ਫ਼ਰਕ ਨਾਲ ਚੋਣ ਜਿੱਤ ਗਏ ਹਨ।