ਡੇਰਾਵਾਦ ਖ਼ਿਲਾਫ ਸੰਘਰਸ਼ ਦੇ 4 ਸ਼ਹੀਦਾਂ ਨੂੰ ਸਮਰਪਿਤ ਪਹਿਲਾ ਸ਼ਹੀਦੀ ਸਮਾਗਮ

0
683

ਡੇਰਾਵਾਦ ਅਤੇ ਦੇਹਧਾਰੀ ਗੁਰੂਡੰਮ ਖ਼ਿਲਾਫ਼ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ

derawaad-khilaf-smagam

ਕੈਪਸ਼ਨ-ਸੰਗਰੂਰ ਵਿਚ ਸ਼ਹੀਦੀ ਸਮਾਗਮ ਦੌਰਾਨ ਸ਼ਹੀਦ ਭਾਈ ਕਮਲਜੀਤ ਸਿੰਘ ਦੇ ਪਰਿਵਾਰ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
ਸੰਗਰੂਰ/ਬਿਊਰੋ ਨਿਊਜ਼ :
ਡੇਰਾਵਾਦ ਅਤੇ ਗੁਰੂਡੰਮ ਖ਼ਿਲਾਫ਼ ਜੂਝਦਿਆਂ ਸ਼ਹੀਦ ਹੋਏ ਸਿੱਖ ਕੌਮ ਦੇ ਚਾਰ ਸ਼ਹੀਦਾਂ ਨੂੰ ਸਮਰਪਿਤ ਪਲੇਠਾ ਸਾਂਝਾ ਸ਼ਹੀਦੀ ਸਮਾਗਮ ਇਥੇ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਹੋਇਆ। ਸ਼ਹੀਦੀ ਸਮਾਗਮ ਦੌਰਾਨ ਹਾਜ਼ਰ ਸਿੱਖ ਸੰਗਤਾਂ ਵਲੋਂ ਜਿਥੇ ਡੇਰਾਵਾਦ ਅਤੇ ਦੇਹਧਾਰੀ ਗੁਰੂਡੰਮ ਖ਼ਿਲਾਫ਼ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ ਗਿਆ ਉਥੇ ਸਮੁੱਚੀ ਸਿੱਖ ਕੌਮ ਨੂੰ ਇੱਕ ਮੰਚ ‘ਤੇ ਇੱਕਜੁੱਟ ਹੋਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ।
ਸ਼ਹੀਦੀ ਸਮਾਗਮ ਵਿਚ ਪੰਜ ਤਖਤਾਂ ਦੇ ਜਥੇਦਾਰ, ਐਸਜੀਪੀਸੀ ਪ੍ਰਧਾਨ, ਮੁਤਵਾਜ਼ੀ ਜਥੇਦਾਰ ਅਤੇ ਅਕਾਲੀ ਦਲ ਦਾ ਕੋਈ ਆਗੂ ਨਹੀਂ ਪੁੱਜਿਆ। ਇਥੇ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਸ਼ਹੀਦ ਪਰਿਵਾਰਾਂ ਅਤੇ ਸਿੱਖ ਜਥੇਬੰਦੀਆਂ ਵਲੋਂ ਸ਼ਹੀਦ ਭਾਈ ਕਮਲਜੀਤ ਸਿੰਘ ਸੰਗਰੂਰ, ਭਾਈ ਹਰਮੰਦਰ ਸਿੰਘ ਡੱਬਵਾਲੀ, ਭਾਈ ਬਲਕਾਰ ਸਿੰਘ ਜਾਮਾਰਾਏ ਅਤੇ ਭਾਈ ਗੁਰਦੇਵ ਸਿੰਘ ਮਨਸੂਰਦੇਵ ਨੂੰ ਸਮਰਪਿਤ ਪਲੇਠਾ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਨੇ ਕਿਹਾ ਕਿ ਡੇਰਾਵਾਦ ਅਤੇ ਗੁਰੂਡੰਮ ਖ਼ਿਲਾਫ਼ ਇਨ੍ਹਾਂ ਸ਼ਹੀਦਾਂ ਵਲੋਂ ਦਿੱਤੀਆਂ ਸ਼ਹਾਦਤਾਂ ਕਦੇ ਵੀ ਅਜ਼ਾਈਂ ਨਹੀਂ ਜਾਣਗੀਆਂ ਅਤੇ ਡੇਰਾਵਾਦ ਦੇ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ।
ਜਥੇਦਾਰ ਕਾਲਾਬੂਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਕ੍ਰਿਪਾਲ ਸਿੰਘ ਬਡੂੰਗਰ ਤਰਫ਼ੋਂ ਹਾਜ਼ਰੀ ਲਗਾਉਂਦਿਆਂ ਕਿਹਾ ਕਿ ਪ੍ਰਧਾਨ ਬਡੂੰਗਰ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਸ਼ਹੀਦ ਦੇ ਪਰਿਵਾਰਾਂ ਦੀ ਮੰਗ ਨੂੰ ਪੂਰਾ ਕੀਤਾ ਜਾਵੇਗਾ। ਤਰਨਾ ਦਲ ਵਲੋਂ ਜਥੇਦਾਰ ਰਾਜਾ ਰਾਜ ਸਿੰਘ ਨੇ ਕਿਹਾ ਕਿ ਸਿੱਖ ਕੌਮ ਨੂੰ ਇੱਕ ਮੰਚ ‘ਤੇ ਇੱਕਜੁੱਟ ਹੋਣ ਦੀ ਲੋੜ ਹੈ ਅਤੇ ਇਹੋ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਬੁਲਾਰਿਆਂ ਨੇ ਖਾਲਸਾ ਰਾਜ ਦੀ ਸਥਾਪਨਾ ਬਾਰੇ ਵੀ ਆਪੋ ਆਪਣੇ ਵਿਚਾਰ ਰੱਖੇ। ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਨੇ ਕਿਹਾ ਕਿ ਜਦੋਂ ਤੱਕ ਅਕਾਲ ਤਖਤ ਤੋਂ ਖਾਲਸਾ ਰਾਜ ਦੀ ਗੱਲ ਨਹੀਂ ਹੁੰਦੀ ਉਦੋਂ ਤੱਕ ਖਾਲਸਾ ਰਾਜ ਬਣਨਾ ਸੰਭਵ ਨਹੀਂ ਹੈ। ਸ਼ਹੀਦ ਕਮਲਜੀਤ ਸਿੰਘ ਦੀ ਪਤਨੀ ਬੀਬੀ ਪਰਵਿੰਦਰ ਕੌਰ ਨੇ ਸ਼ਹੀਦਾਂ ਦੀਆਂ ਸ਼ਹਾਦਤਾਂ ਦੇ ਮਕਸਦ ਨੂੰ ਦੁਨੀਆ ਭਰ ਵਿਚ ਲਿਜਾਣ ਦਾ ਸੱਦਾ ਦਿੱਤਾ। ਇਸ ਮੌਕੇ ਚਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।
ਸਮਾਗਮ ਵਿਚ ਭਾਈ ਦਲਜੀਤ ਸਿੰਘ ਬਿੱਟੂ, ਭਾਈ ਮਨਧੀਰ ਸਿੰਘ, ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਭਾਈ ਜੈਵਿੰਦਰ ਸਿੰਘ ਚੀਮਾ, ਭਾਈ ਹਰਪ੍ਰੀਤ ਸਿੰਘ, ਭਾਈ ਬਚਿੱਤਰ ਸਿੰਘ, ਬੀਬੀ ਮਨਦੀਪ ਕੌਰ ਪਟਿਆਲਾ, ਬੀਬੀ ਸਿਮਰਜੀਤ ਕੌਰ ਪਤਨੀ ਬਾਬਾ ਦਲੇਰ ਸਿੰਘ ਖੇੜੀ ਵਾਲੇ, ਭਾਈ ਅਵਤਾਰ ਸਿੰਘ ਬਠਿੰਡਾ, ਡਾ. ਸ਼ਮਿੰਦਰ ਸਿੰਘ, ਭਾਈ ਅਵਤਾਰ ਸਿੰਘ ਮਸਤੂਆਣਾ, ਭਾਈ ਬਗੀਚਾ ਸਿੰਘ, ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ, ਭਾਈ ਅਮਰਜੀਤ ਸਿੰਘ ਦਮਦਮੀ ਟਕਸਾਲ, ਭਾਈ ਪੱਪਲਪ੍ਰੀਤ ਸਿੰਘ ਅੰਮ੍ਰਿਤਸਰ, ਬਾਬਾ ਹਰਬੰਸ ਸਿੰਘ ਜੈਨਪੁਰ, ਸੁਰਿੰਦਰਪਾਲ ਸਿੰਘ ਸਿਦਕੀ ਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੱਡੀ ਗਿਣਤੀ ਵਿਚ ਸ਼ਾਮਲ ਹੋਏ।