ਅਪਰੇਸ਼ਨ ਬਲਿਊ ਸਟਾਰ ਦੇ ਖ਼ਤਰਿਆਂ ਬਾਰੇ ਜਾਣਦੀ ਸੀ ਇੰਦਰਾ : ਪ੍ਰਣਬ ਮੁਖਰਜੀ

0
189

pranab-mukherjee
ਨਵੀਂ ਦਿੱਲੀ/ਬਿਊਰੋ ਨਿਊਜ਼ :
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਫ਼ੈਸਲੇ ਲੈਣ ਦੀ ਫ਼ੁਰਤੀ ਤੇ ਦ੍ਰਿੜ੍ਹਤਾ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਬੀਬੀ ਗਾਂਧੀ 1984 ਵਿੱਚ ਦਰਬਾਰ ਸਾਹਿਬ ਵਿੱਚ ਕੀਤੇ ਗਏ ਅਪਰੇਸ਼ਨ ਬਲਿਊ ਸਟਾਰ ਦੇ ਖ਼ਤਰਿਆਂ ਤੋਂ ਵਾਕਫ਼ ਸੀ। ਮਰਹੂਮ ਪ੍ਰਧਾਨ ਮੰਤਰੀ ਦੀ 100ਵੀਂ ਜੈਅੰਤੀ ਮੌਕੇ ਇਕ ਸਮਾਗਮ ਨੂੰ ਸੰਬੋਧਨ ਕਰਦੇ ਸਮੇਂ ਉਨ੍ਹਾਂ 1971 ਦੀ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ 2 ਜਨਵਰੀ ਨੂੰ ਪਾਰਟੀ ਦੀ ਕਮਾਨ ਸੰਭਾਲੀ ਤੇ 6 ਮਾਰਚ ਤੱਕ ਸਮੁੱਚੇ ਪ੍ਰਧਾਨਾਂ ਦੀ ਟੀਮ ਬਣਾ ਕੇ ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਤੇ ਅਸਾਮ ਵਰਗੇ ਰਾਜਾਂ ਵਿੱਚ ਪਾਰਟੀ ਦੀ ਜਿੱਤ ਦੀ ਯਕੀਨੀ ਬਣਾ ਦਿੱਤੀ।
ਬਲਿਊ ਸਟਾਰ ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ (ਪ੍ਰਣਬ) ਨੇ ਅਪਰੇਸ਼ਨ ਦੇ ਫ਼ੈਸਲੇ ਦੇ ਅੰਜਾਮ ਬਾਰੇ ਬੀਬੀ ਗਾਂਧੀ ਨਾਲ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਇਸ ਦੇ ਨਿਕਲਣ ਵਾਲੇ ਸਿੱਟਿਆਂ ਤੋਂ ਵਾਕਫ਼ ਨਹੀਂ ਸੀ, ਪਰ ਵਕਤ ਦੀ ਨਜ਼ਾਕਤ ਨੂੰ ਸਮਝਦਿਆਂ ਉਨ੍ਹਾਂ ਇਹ ਫ਼ੈਸਲਾ ਲਿਆ ਸੀ। ਉਨ੍ਹਾਂ ਕਿਹਾ ਕਿ ਕੁਝ ਅਜਿਹੇ ਫ਼ੈਸਲੇ ਲੈਣੇ ਪੈਂਦੇ ਹਨ, ਜੋ ਅੱਗੇ ਜਾ ਕੇ ਗ਼ਲਤ ਸਾਬਤ ਹੁੰਦੇ ਹਨ ਪਰ ਉਹ ਸਮੇਂ ਦੀ ਮੰਗ ਹੁੰਦੇ ਹਨ। ਉਨ੍ਹਾਂ ਇੰਦਰਾ ਗਾਂਧੀ ਦੀ ਫੈਸਲੇ ਲੈਣ ਦੀ ਕਾਬਲੀਅਤ ਨੂੰ ਚੇਤੇ ਕੀਤਾ। ਉਨ੍ਹਾਂ ਇੰਦਰਾ ਗਾਂਧੀ ਦੀ ਯਾਦ ਵਿੱਚ ਪੁਸਤਕ ਜਾਰੀ ਕਰਨ ਮੌਕੇ ਕਾਂਗਰਸ ਲੀਡਰਸ਼ਿਪ ਨੂੰ ਗੁੱਝੇ ਸੁਨੇਹੇ ਵਿੱਚ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਕਾਰਜਪ੍ਰਣਾਲੀ ਨਾਲ ਸੂਬਾਈ ਚੋਣਾਂ ਵਿੱਚ ਪਾਰਟੀ ਨੂੰ ਜਿੱਤਾਂ ਮਿਲੀਆਂ ਸਨ।